ਕਾਲਜ ਵਿਚ ਮੇਰੇ ਕਾਲੇ ਦਿਨ
ਅਕਤੂਬਰ ੧੯੯ਂ ਵਿਚ ਪ੍ਰੋ.ਸ.ਸ.ਪਦਮ ਸੇਵਾ-ਮੁਕਤ ਹੋ ਗਏ। ਉਹ ਪੰਜਾਬੀ ਵਿਭਾਗ ਦੇ ਮੁਖੀ ਵੀ ਸਨ ਅਤੇ ਮੇਰੇ ਵਰਗੇ ਬਹੁਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਤੇ ਸਰਪ੍ਰਸਤ ਵੀ। ਕਈ ਬੇ-ਅਸੂਲੇ ਅਧਿਆਪਕਾਂ ਨੂੰ ਉਹਨਾਂ ਦੀ ਅਸੂਲਪ੍ਰਸਤੀ ਭਾਉਂਦੀ ਨਹੀਂ ਸੀ। ਉਹਨਾਂ ਦੇ ਜਾਣ ਤੋਂ ਪਿੱਛੋਂ ਹੀ ਮੈਨੂੰ ਇਹ ਮਹਿਸੂਸ ਹੋਇਆ ਕਿ ਕਾਲਜ ਵਿਚ ਉਹਨਾਂ ਦੀ ਹੋਂਦ ਮੇਰੇ ਲਈ ਕਿੰਨੀ ਮਹੱਤਵਪੂਰਨ ਸੀ। ਜਿਸ ਅਸੁਖਾਵੇਂ ਅਧਿਆਇ ਨੂੰ ਮੈਂ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ, ਉਸ ਦੀ ਬੁਨਿਆਦ ਕਾਲਜ ਦੇ ਉਸ ਪ੍ਰਿੰਸੀਪਲ ਨਾਲ ਜੁੜੀ ਹੋਈ ਹੈ, ਜੋ ਨਾ ਅਧਿਆਪਕਾਂ ਲਈ ਹੀ ਬੁਰਾ ਸੀ ਤੇ ਨਾ ਵਿਦਿਆਰਥੀਆਂ ਲਈ, ਉਂਜ ਕੁਝ ਤਾਂ ਕੁਰਸੀ ਨੇ ਤੇ ਕੁਝ ਉਸ ਦੇ ਦਰਬਾਰੀਆਂ ਨੇ ਆਪਣੇ ਜਾਇਜ਼ ਨਜਾਇਜ਼ ਕੰਮ ਕਢਵਾਉਣ ਲਈ ਉਸ ਦੇ ਅੱਗੇ ਪਿੱਛੇ ਫਿਰਨਾ ਸ਼ੁਰੂ ਕਰ ਦਿੱਤਾ ਸੀ।
ਜੁਲਾਈ ੧੯੮੯ ਵਿਚ ਇਸ ਪ੍ਰਿੰਸੀਪਲ ਨੇ ਸਰਕਾਰੀ ਕਾਲਜ, ਮਾਲੇਰਕੋਟਲੇ ਦਾ ਚਾਰਜ ਸੰਭਾਲਿਆ ਸੀ। ਪਹਿਲਾਂ ਉਹ ਲੰਬਾ ਸਮਾਂ ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਚ ਪੰਜਾਬੀ ਦੇ ਅਧਿਆਪਕ ਤੇ ਕਾਫੀ ਸਮਾਂ ਪੰਜਾਬੀ ਵਿਭਾਗ ਦੇ ਮੁਖੀ ਰਹੇ ਸਨ। ਪ੍ਰੋ.ਪਦਮ ਉਹਨਾਂ ਦਿਨਾਂ ਵਿਚ ਇਥੇ ਪੰਜਾਬੀ ਵਿਭਾਗ ਦੇ ਮੁਖੀ ਸਨ ਤੇ ਸਨ ਵੀ ਸ਼ਾਇਦ ਉਹਨਾਂ ਤੋਂ ਸੀਨੀਅਰ। ਪ੍ਰਿੰਸੀਪਲ ਸਾਹਿਬ ਪੱਟੀ ਦਰਜ ਜਾਤੀ ਦੇ ਰਾਖਵੇਂਕਰਨ ਅਧੀਨ ਪ੍ਰਿੰਸੀਪਲ ਬਣੇ ਸਨ। ਸਾਡੇ ਕਾਲਜ ਵਿਚ ਵੀ ਤੇ ਪੰਜਾਬ ਵਿਚ ਹੋਰਾਂ ਥਾਵਾਂ 'ਤੇ ਵੀ ਸਭ ਜਾਤਾਂ ਤੇ ਜਮਾਤਾਂ ਨੇ ਰਾਖਵੇਂਕਰਨ ਦੇ ਇਸ ਵਰਤਾਰੇ ਨੂੰ ਮਾਨਸਿਕ ਪੱਧਰ 'ਤੇ ਪ੍ਰਵਾਨ ਕੀਤਾ ਹੋਇਆ ਹੈ। ਖਾਸ ਕਰਕੇ ਮੇਰੇ ਵਰਗੇ ਅਗਾਂਹਵਧੂ ਸਮਝ ਵਾਲੇ ਪੰਜਾਬੀ ਤਾਂ ਇਸ ਸਹੂਲਤ ਨੂੰ ਜਾਇਜ਼ ਸਮਝਦੇ ਸਨ। ਪ੍ਰਿੰਸੀਪਲ ਨੂੰ ਵੀ ਕਲਮ ਘਸਾਈ ਦਾ ਥੋੜ੍ਹਾ ਬਹੁਤ ਸ਼ੌਕ ਸੀ। ਉਹਨਾਂ ਨੇ ਇਕ ਕਹਾਣੀ ਵੀ ਲਿਖੀ ਸੀ ਤੇ ਕਈ ਛੋਟੀਆਂ ਵੱਡੀਆਂ ਕਵਿਤਾਵਾਂ ਤੇ ਰੁਬਾਈਆਂ ਵੀ, ਜਿਸ ਕਾਰਨ ਫਰਵਰੀ ੧੯੯੨ ਤੱਕ ਸਾਡੇ ਸਬੰਧ ਦੋਸਤਾਨਾ ਬਣੇ ਰਹੇ।
੨੧ ਤੋਂ ੨੩ ਮਾਰਚ ੧੯੯੨ ਨੂੰ ਦਿੱਲੀ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕੁੱਲ ਹਿੰਦ ਪੰਜਾਬੀ ਲੇਖਕ ਕਾਨਫਰੰਸ ਹੋਣੀ ਸੀ। ਮੈਨੂੰ ਕੇਂਦਰੀ ਸਭਾ ਦਾ ਜਨਰਲ ਸਕੱਤਰ ਹੋਣ ਕਾਰਨ ਕਾਨਫਰੰਸ ਤੋਂ ਦੋ ਤਿੰਨ ਹਫਤੇ ਪਹਿਲਾਂ ਤੇ ਦੋ ਦਿਨ ਬਾਅਦ ਛੁੱਟੀ ਦੀ ਲੋੜ ਸੀ। ਛੁੱਟੀ ਲੈਣ ਲਈ ਮੈਂ ਕਮਾਈ ਛੁੱਟੀ ਦਾ ਫਾਰਮ ਭਰ ਦਿੱਤਾ ਸੀ। ਪਰ ਫਰਵਰੀ ਦੇ ਆਖਰੀ ਹਫਤੇ ਪ੍ਰਿੰਸੀਪਲ ਸਾਹਿਬ ਕਾਲਜ ਇਕ ਦਿਨ ਵੀ ਨਹੀਂ ਸਨ ਆਏ। ਛੁੱਟੀ 'ਤੇ ਸਨ ਜਾਂ ਫਰਲੋ 'ਤੇ, ਇਸ ਗੱਲ ਦਾ ਮੈਨੂੰ ਪਤਾ ਨਹੀਂ। ਉਡੀਕ-ਉਡੀਕ ਕੇ ਮੈਂ ਆਪਣੀ ਅਰਜ਼ੀ ਉਸ ਸਮੇਂ ਦੇ ਪੰਜਾਬੀ ਵਿਭਾਗ ਦੇ ਮੁਖੀ ਨੂੰ ਦੇ ਗਿਆ। ਭਾਵੇਂ ਮੈਨੂੰ ਮੁਖੀ ਨੇ ਕਿਹਾ ਸੀ ਕਿ ਮੈਂ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੇ ਸ਼ਹਿਰ ਜਾ ਕੇ ਅਰਜ਼ੀ ਦੇ ਆਵਾਂ ਪਰ ਮੈਨੂੰ ਉਹਨਾਂ ਦਾ ਮਸ਼ਵਰਾ ਇਸ ਲਈ ਨਹੀਂ ਸੀ ਜਚਿਆ ਕਿ ਇਥੋਂ ੩੫ ਕਿਲੋਮੀਟਰ ਦੂਰ ਛੁੱਟੀ ਦੀ ਅਰਜ਼ੀ ਦੇਣ ਲਈ ਜਾਣ ਵਿਚ ਕੋਈ ਵਜ਼ਨ ਨਹੀਂ ਸੀ ਜਾਪਦਾ। ਇਸ ਤਰ੍ਹਾਂ ਜਾ ਕੇ ਚਾਪਲੂਸੀ ਤੇ ਮਿੰਨਤਖੁਸ਼ਾਮਦ ਤਾਂ ਕੀਤੀ ਜਾ ਸਕਦੀ ਸੀ, ਹੋਰ ਕੁਝ ਨਹੀਂ। ਇਸ ਤਰ੍ਹਾਂ ਦੀ ਚਮਚਾਖੋਰੀ ਮੈਂ ਜ਼ਿੰਦਗੀ ਵਿਚ ਨਾ ਪਹਿਲਾਂ ਕਦੇ ਕੀਤੀ ਸੀ ਤੇ ਨਾ ਭਵਿੱਖ ਵਿਚ। ਸਿੱਟਾ ਇਹ ਨਿਕਲਿਆ ਕਿ ਪ੍ਰਿੰਸੀਪਲ ਦੇ ਕਾਲਜ ਵਿਚ ਆਉਣ ਉਤੇ ਪੰਜਾਬੀ ਵਿਭਾਗ ਦੇ ਮੁਖੀ ਨਾਲ ਜੋ ਉਹਨਾਂ ਦੀ ਗੱਲ ਹੋਈ, ਉਸ ਕਾਰਨ ੬ ਮਾਰਚ ਨੂੰ ਮੇਰੀ ਪਤਨੀ ਸੁਦਰਸ਼ਨਾ ਦਾ ਫੋਨ ਆਇਆ ਕਿ ਛੁੱਟੀ ਮਨਜ਼ੂਰ ਨਹੀਂ ਹੋਈ, ਜਿਸ ਕਾਰਨ ਮੈਂ ਮਾਲੇਰਕੋਟਲਾ ਵਾਪਸ ਆ ਜਾਵਾਂ।
ਬਲਵੰਤ ਸਿੰਘ ਰਾਮੂਵਾਲੀਆ, ਜੋ ਦਿੱਲੀ ਵਿਖੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੇ ਗਤੀਸ਼ੀਲ ਸ਼ੀਂਸੀਅਤ ਵਜੋਂ ਦਿੱਲੀ ਦੇ ਪੰਜਾਬੀ ਜਗਤ ਉਤੇ ਛਾਏ ਹੋਏ ਸਨ, ਨੂੰ ਅਸੀਂ ਸੁਆਗਤੀ ਕਮੇਟੀ ਦਾ ਚੇਅਰਮੈਨ ਬਣਾ ਚੁੱਕੇ ਸੀ। ਇਸ ਸਬੰਧ ਵਿਚ ਦੋ ਇਕੱਤਰਤਾਵਾਂ ਵੀ ਹੋ ਚੁੱਕੀਆਂ ਸਨ, ਜਿਸ ਵਿਚ ਪੰਜਾਹ ਤੋਂ ਵੱਧ ਪੰਜਾਬ ਨਾਲ ਸਬੰਧਤ ਸਿਆਸੀ, ਸਮਾਜੀ ਅਤੇ ਪ੍ਰਬੰਧਕੀ ਦਾਇਰਿਆਂ ਦੀਆਂ ਸ਼ੀਂਸੀਅਤਾਂ ਭਾਗ ਲੈ ਚੁੱਕੀਆਂ ਸਨ। ਸੋ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਰਾਮੂਵਾਲੀਆ ਸਾਹਿਬ ਨਾਲ ਸਲਾਹ ਮਸ਼ਵਰਾ ਕਰਕੇ ਇਕ ਦੋ ਦਿਨ ਲਈ ਕਾਲਜ ਜਾ ਆਵਾਂ ਅਤੇ ਫੇਰ ਛੁੱਟੀ ਲੈ ਕੇ ਦਿੱਲੀ ਵਿਚ ਕਾਨਫਰੰਸ ਦੀ ਤਿਆਰੀ ਵਿਚ ਜੁਟ ਜਾਵਾਂ। ਕਮੇਟੀ ਦੇ ਚੇਅਰਮੈਨ ਰਾਮੂਵਾਲੀਆ ਇਕ ਤਾਂ ਮਲਵਈ ਹੋਣ ਕਾਰਨ ਤੇ ਦੂਜਾ ਇਕ ਵਾਰ ਸੰਗਰੂਰ ਪਾਰਲੀਮਾਨੀ ਹਲਕੇ ਤੋਂ ਐਮ.ਪੀ. ਚੁਣੇ ਜਾਣ ਕਾਰਨ ਮੇਰੇ ਨਾਲ ਆਪਣਿਆਂ ਵਾਂਗ ਹੀ ਗੱਲ ਕਰਦੇ। ਉਹਨਾਂ ਇਸ ਗੱਲ ਨੂੰ ਬਹੁਤੀ ਵਜ਼ਨਦਾਰ ਨਾ ਸਮਝ ਕੇ ਕਿਹਾ ਕਿ ਅੱਵਲੀ ਤਾਂ ਜਾਣ ਦੀ ਲੋੜ ਨਹੀਂ ਪਰ ਮਹਾਜਨ ਲੋਕ ਬੜਾ ਤੋਲ-ਮਿਣ ਕੇ ਕੰਮ ਕਰਦੇ ਹਨ, ਜਿਸ ਕਾਰਨ ਮੈਂ ਵਿਗਾੜ ਨੂੰ ਬਚਾਉਣ ਲਈ ਪ੍ਰਿੰਸੀਪਲ ਨੂੰ ਮਿਲ ਆਵਾਂ। ਜਦ ਮੈਂ ਅਗਲੇ ਦਿਨ ਕਾਲਜ ਪਹੁੰਚਿਆ, ਪ੍ਰਿੰਸੀਪਲ ਸਾਹਿਬ ਨੇ ਇਸ ਗੱਲ 'ਤੇ ਗਿਲਾ ਪ੍ਰਗਟ ਕੀਤਾ ਕਿ ਮੈਂ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਕਿਉਂ ਚਲਿਆ ਗਿਆ ਸੀ। ਮੈਂ ਜਵਾਬ ਵਿਚ ਕਿਹਾ, **ਪ੍ਰਿੰਸੀਪਲ ਸਾਹਿਬ, ਏਥੇ ਲੋਕ ਸਾਰਾ ਸਾਰਾ ਸਾਲ ਕਾਲਜ ਨਹੀਂ ਵੜਦੇ। ਕੋਈ ਛੁੱਟੀ ਵੀ ਨਹੀਂ ਲੈਂਦੇ। ਮਾਰਚ ਦੇ ਮਹੀਨੇ ਵਿਚ ਕਲਾਸਾਂ ਫਰੀ ਹੋ ਜਾਣ ਕਾਰਨ ਮੇਰੀ ਏਥੇ ਕੋਈ ਲੋੜ ਵੀ ਨਹੀਂ। ਤੁਸੀਂ ਮੈਨੂੰ ਇਥੇ ਵਾਪਸ ਬੁਲਾ ਕੇ ਕੋਈ ਵਧੀਆ ਗੱਲ ਨਹੀਂ ਕੀਤੀ।'' ਸਾਹਿਬ ਮੇਰੀ ਗੱਲ ਸੁਣ ਕੇ ਕੁਝ ਗਰਮੀ ਖਾ ਗਏ ਤੇ ਮੈਨੂੰ ਕਿਹਾ ਕਿ ਮੈਂ ਉਸ ਪ੍ਰੋਫੈਸਰ ਦਾ ਨਾਂ ਲਵਾਂ ਜੋ ਸਾਰਾ ਸਾਲ ਫਰਲੋ 'ਤੇ ਰਹਿੰਦਾ ਹੈ। ਮੈਂ ਬਿਨਾਂ ਕਿਸੇ ਹੇਰ-ਫੇਰ ਤੋਂ ਉਸ ਪ੍ਰੋਫੈਸਰ ਦਾ ਨਾਂ ਲੈ ਦਿੱਤਾ ਜੋ ਹੁਣ ਪਟਿਆਲੇ ਰਹਿਣ ਲੱਗ ਪਿਆ ਸੀ ਅਤੇ ਮਹੀਨੇ ਵਿਚ ਇਕ ਦੋ ਵਾਰ ਆ ਕੇ ਸਾਹਿਬ ਦੀ ਸੇਵਾ ਕਰ ਜਾਂਦਾ ਅਤੇ ਨਸ਼ੇ ਵਿਚ ਧੁੱਤ ਸਾਹਿਬ ਨੂੰ ਸ਼ਾਮ ਨੂੰ ਘਰ ਛੱਡ ਆਉਂਦਾ। ਸਾਹਿਬ ਲਈ ਇਹ ਇਕ ਹੋਰ ਵੱਡਾ ਚੈਲੰਜ ਸੀ। ਉਹਨਾਂ ਨੇ ਸ਼ਾਇਦ ਸੋਚਿਆ ਹੀ ਨਾ ਹੋਵੇ ਕਿ ਮੈਂ ਸਿੱਧਾ ਹੀ ਉਹਨਾਂ ਦੀ ਪੱਗ ਨੂੰ ਹੱਥ ਪਾ ਲਵਾਂਗਾ।
ਮੈਨੂੰ ਕੁਝ ਉ=ੱਚਾ-ਨੀਵਾਂ ਬੋਲਣ ਦੀ ਥਾਂ ਪ੍ਰਿੰਸੀਪਲ ਸਾਹਿਬ ਨੇ ਇਕ ਹੋਰ ਜੁਗਤ ਵਰਤੀ। ਵਾਈਸ ਪ੍ਰਿੰਸੀਪਲ ਨਾਲ ਸ਼ਾਇਦ ਉਹਨਾਂ ਦੀ ਪਹਿਲਾਂ ਗੱਲ ਹੋ ਚੁੱਕੀ ਸੀ। ਵਾਈਸ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਸਮਝੌਤੀ ਦਿੰਦੇ ਕਿਹਾ ਕਿ ਮੈਂ ਸਾਹਿਬ ਨੂੰ ਕਾਨਫਰੰਸ ਦਾ ਸੱਦਾ ਪੱਤਰ ਭੇਜਾਂ ਤੇ ਉਥੇ ਉਹਨਾਂ ਤੋਂ ਪ੍ਰਧਾਨਗੀ ਕਰਾਵਾਂ। ਪਰ ਮੈਂ ਸਾਫ ਕਹਿ ਦਿੱਤਾ ਕਿ ਜਿਸ ਕਾਨਫਰੰਸ ਵਿਚ ਦਸ ਤੋਂ ਵੱਧ ਮੁਲਕਾਂ ਦੇ ਪੰਜਾਬੀ ਲੇਖਕ ਆ ਰਹੇ ਹਨ ਅਤੇ ਭਾਰਤ ਦੇ ਹਰ ਸੂਬੇ ਤੋਂ ਪੰਜਾਬੀ ਲੇਖਕਾਂ ਦੀ ਸ਼ਮੂਲੀਅਤ ਯਕੀਨੀ ਹੈ, ਉਸ ਕਾਨਫਰੰਸ ਵਿਚ ਸੱਤ ਤੋਂ ਦਸ ਬੈਠਕਾਂ ਹੋਣੀਆਂ ਹਨ ਪਰ ਮੈਂ ਇਕ ਵੀ ਬੈਠਕ ਵਿਚ ਸਾਹਿਬ ਨੂੰ ਪ੍ਰਧਾਨਗੀ ਵਿਚ ਬਿਠਾ ਨਹੀਂ ਸਕਦਾ, ਕਿਉਂਕਿ ਅਜਿਹੀਆਂ ਬੈਠਕਾਂ ਵਿਚ ਪੰਜਾਬ ਨਾਲ ਸਬੰਧਤ ਯੂਨੀਵਰਸਿਟੀਆਂ ਦੇ ਉਪ-ਕੁਲਪਤੀ, ਕੱਦਾਵਰ ਲੇਖਕ ਅਤੇ ਭਾਰਤ ਸਰਕਾਰ ਦੇ ਚੋਟੀ ਦੇ ਮੰਤਰੀ ਆਦਿ ਪ੍ਰਧਾਨਗੀ ਮੰਡਲ ਵਿਚ ਬੈਠਣਗੇ। ਮੈਂਖੁਦ ਵੀ ਇਸ ਕਾਨਫਰੰਸ ਵਿਚ ਉਦਘਾਟਨੀ ਸਮਾਗਮ ਅਤੇ ਅੰਤਿਮ ਸਮਾਗਮ ਵਿਚ ਇਕ ਜਨਰਲ ਸਕੱਤਰ ਦੀ ਹੈਸੀਅਤ ਵਿਚ ਹੀ ਸਟੇਜ 'ਤੇ ਹੋਵਾਂਗਾ। ਇਹ ਕਿਸੇ ਸਥਾਨਕ ਸਾਹਿਤ ਸਭਾ ਦਾ ਸਮਾਗਮ ਤਾਂ ਹੈ ਨਹੀਂ ਸੀ ਕਿ ਇਕ ਕਹਾਣੀ ਤੇ ਵੀਹ-ਪੰਜਾਹ ਰਚਨਾਵਾਂ ਰਚਣ ਵਾਲੇ ਕਿਸੇ ਪ੍ਰਿੰਸੀਪਲ ਤੋਂ ਪ੍ਰਧਾਨਗੀ ਕਰਵਾਈ ਜਾਂਦੀ। ਮੈਂ ਵਾਈਸ ਪ੍ਰਿੰਸੀਪਲ ਨੂੰ ਇਹ ਵੀ ਕਿਹਾ ਕਿ ਇਕ ਡੈਲੀਗੇਟ ਦੇ ਤੌਰ 'ਤੇ ਪ੍ਰਿੰਸੀਪਲ ਸਾਹਿਬ ਨੂੰ ਕਾਨਫਰੰਸ ਵਿਚ ਬੁਲਾ ਲਵਾਂਗਾ ਤੇ ਪੰਜ ਦਿਨ ਲਈ ਉਹ ਕੇਂਦਰੀ ਸਭਾ ਦੇ ਮਹਿਮਾਨ ਹੋਣਗੇ। ਸੈਮੀਨਾਰ ਨਾਲ ਸਬੰਧਤ ਬੈਠਕਾਂ ਵਿਚ ਉਹਨਾਂ ਨੂੰ ਬਹਿਸ ਵਿਚ ਭਾਗ ਲੈਣ ਲਈ ਸਮਾਂ ਦਿਵਾ ਸਕਾਂਗਾ ਤੇ ਇਸ ਤੋਂ ਵੱਧ ਹੋਰ ਕਰਨ ਨਾਲ ਕੇਂਦਰੀ ਸਭਾ ਜਿਹੀ ਭਾਰਤ ਪੱਧਰ ਦੀ ਸਾਹਿਤਕ ਜਥੇਬੰਦੀ ਅਤੇ ਜਨਰਲ ਸਕੱਤਰ ਦੀ ਹੈਸੀਅਤ ਨੂੰ ਠੇਸ ਪਹੁੰਚਦੀ ਹੈ।
ਸਾਹਿਬ ਤੇ ਮੇਰੇ ਵਿਚਕਾਰ ਕੋਈ ਸਮਝੌਤਾ ਤਾਂ ਨਾ ਹੋ ਸਕਿਆ। ਪੂਰੀ ਛੁੱਟੀ ਦੇਣ ਦੀ ਥਾਂ ਉਹਨਾਂ ਟੁਕੜਿਆਂ ਵਿਚ ਇਤਫਾਕੀਆ ਛੁੱਟੀਆਂ ਲੈਣ ਦੀ ਸਹਿਮਤੀ ਦੇ ਦਿੱਤੀ, ਪਰ ਰੜਕ ਆਪਣੇ ਅੰਦਰ ਸਾਂਭ ਕੇ ਰੱਖ ਲਈ। ਮੈਂ ਆਪਣੇ ਵਾਅਦੇ ਅਨੁਸਾਰ ਸਾਹਿਬ ਨੂੰ ਸੱਦਾ ਪੱਤਰ ਭੇਜਿਆ ਪਰ ਉਹ ਕਾਨਫਰੰਸ ਵਿਚ ਸ਼ਾਮਲ ਨਾ ਹੋਏ। ੨੫ ਮਾਰਚ ਤੋਂ ਮੈਂ ਫੇਰ ਕਾਲਜ ਵਿਚ ਬਾਕਾਇਦਾ ਜਾਣਾ ਸ਼ੁਰੂ ਕਰ ਦਿੱਤਾ। ੩੧ ਮਾਰਚ ਨੂੰ ਕਾਲਜ ਦੀ ਕਨਵੋਕੇਸ਼ਨ ਤੇ ਇਨਾਮ ਵੰਡ ਸਮਾਗਮ ਸੀ, ਜਿਸ ਕਾਰਨ ਉਸ ਗੈਰ-ਹਾਜ਼ਰ ਰਹਿਣ ਵਾਲੇ ਪ੍ਰੋਫੈਸਰ ਨੇ ਵੀ ਆਉਣਾ ਸੀ। ਉਸ ਪ੍ਰੋਫੈਸਰ ਬਾਰੇ ਮੇਰੇ ਵੱਲੋਂ ਉਠਾਏ ਇਤਰਾਜ਼ ਸਬੰਧੀ ਸਾਹਿਬ ਨੇ ਸਭ ਕੁਝ ਉਸ ਨੂੰ ਦੱਸ ਦਿੱਤਾ ਸੀ ਤੇ ਸ਼ਾਇਦ ਮੈਨੂੰ ਡਰਪੋਕ ਬਾਣੀਆਂ ਸਮਝ ਕੇ ਉਸ ਨੇ ਦਬਕਾ ਮਾਰਨ ਦਾ ਹਥਿਆਰ ਵਰਤਣ ਦਾ ਫੈਸਲਾ ਘਰੋਂ ਹੀ ਕੀਤਾ ਹੋਇਆ ਸੀ। ੩੧ ਮਾਰਚ ਨੂੰ ੧ਂ ਕੁ ਵਜੇ ਦਾ ਸਮਾਂ ਸੀ, ਪ੍ਰੋਫੈਸਰ ਸਾਹਿਬ ਆਏ ਤੇ ਮੈਨੂੰ ਉਹਨਾਂ ਅਜਿਹੀ ਅਸ਼ਲੀਲ ਗਾਲ੍ਹ ਕੱਢੀ ਜੋ ਅਜਿਹੇ ਭ੍ਰਸ਼ਟ ਵਿਅਕਤੀ ਦੇ ਮੂੰਹੋਂ ਸੁਣ ਕੇ ਤੇ ਉਸ ਦੀ ਸੱਜੀ ਬਾਂਹ ਦੀ ਕੂਹਣੀ ਨੂੰ ਖੱਬੇ ਹੱਥ ਉਤੇ ਰੱਖ ਕੇ ਘੁਮਾਉਣ ਦੀ ਹਰਕਤ ਨੂੰ ਮੈਂ ਭਾਂਪ ਲਿਆ ਤੇ ਪੂਰੇ ਹੋਸ਼ੋ-ਹਵਾਸ ਵਿਚ ਹੁੰਦੇ ਹੋਏ ਤੱਤੀਆਂ-ਠੰਡੀਆਂ ਗਾਲ੍ਹਾਂ ਦੀ ਬਰਸਾਤ ਮੈਂ ਵੀ ਕਰ ਦਿੱਤੀ। ਕਿਉਂਕਿ ਅਜਿਹੇ ਮੌਕੇ ਉਤੇ ਸਾਹਿਬ ਕੋਲ ਉਸ ਪ੍ਰੋਫੈਸਰ ਦੀ ਸ਼ਿਕਾਇਤ ਕਰਨ ਦਾ ਕੋਈ ਲਾਭ ਨਹੀਂ ਸੀ ਹੋਣਾ, ਜਿਸ ਕਾਰਨ ਉਸ ਦੀ ਅਸ਼ਲੀਲ ਹਰਕਤ ਅਤੇ ਗਾਲ੍ਹ ਨੂੰ ਮੈਂ ਗਾਲ੍ਹਾਂ ਦੇ ਰੂਪ ਵਿਚ ਪ੍ਰਗਟ ਕਰਨ ਨੂੰ ਠੀਕ ਹੀ ਸਮਝਦਾ ਸੀ ਪਰ ਇਕ ਪ੍ਰੋਫੈਸਰ, ਜਿਸ ਦੀ ਗਰਦਨ ਵਿਚ ਜੱਟਵਾਦ ਦਾ ਕਿੱਲਾ ਸੀ ਅਤੇ ਦੋ ਹੋਰ ਪ੍ਰੋਫੈਸਰ ਜਿਹੜੇ ਉਸ ਦੇ ਦਾਰੂ-ਪਿਆਲੇ ਦੇ ਸੀਰੀ ਸਨ, ਉਹਨਾਂ ਪ੍ਰੋਫੈਸਰ ਨੂੰ ਵੀ ੂਂਬ ਚੁੱਕਿਆ ਤੇ ਪ੍ਰਿੰਸੀਪਲ ਸਾਹਿਬ ਨੂੰ ਵੀ। ਮੈਂ ਵੀ ਰਾਜਪਾਲ, ਮੁੱਖ ਮੰਤਰੀ, ਸਿਖਿਆ ਮੰਤਰੀ, ਸਿਖਿਆ ਸਕੱਤਰ ਅਤੇ ਡੀ.ਪੀ.ਆਈ. ਨੂੰ ਇਸ ਘਟਨਾ ਸਬੰਧੀ ਟੈਲੀਗ੍ਰਾਮਾਂ ਦੇ ਦਿੱਤੀਆਂ ਤੇ ਪੜਤਾਲ ਦੀ ਮੰਗ ਕਰ ਲਈ।
ਮੇਰੇ ਖਲਾਫ ਘੜੀ ਸਾਜ਼ਿਸ਼ ਦੇ ਪ੍ਰਤੀਕਰਮ ਵਿਚ ਟੈਲੀਗ੍ਰਾਮ ਦੇ ਸਾਰੇ ਮਜ਼ਮੂਨ ਸਬੰਧੀ ਡੀ.ਪੀ.ਆਈ. ਨੇ ਪ੍ਰਿੰਸੀਪਲ ਸਾਹਿਬ ਨਾਲ ਸ਼ਾਇਦ ਗੱਲ ਸਾਂਝੀ ਕੀਤੀ ਹੋਵੇ। ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ ਉਹ ਪ੍ਰੋਫੈਸਰ ਜੱਟ ਕਹਾਉਣ ਵਾਲੇ ਇਕ ਪ੍ਰੋਫੈਸਰ ਅਤੇ ਕੁਝ ਹੋਰ ਪ੍ਰੋਫੈਸਰਾਂ ਦੀ ਚੁੱਕ ਦੇ ਬਾਵਜੂਦ ਮੇਰੇ ਕੋਲ ਮੁਆਫੀ ਮੰਗਣ ਲਈ ਆ ਗਿਆ। ਮੈਂ ਵੀ ਗੱਲ ਨੂੰ ਹੋਰ ਤੂਲ ਦੇਣਾ ਨਹੀਂ ਸੀ ਚਾਹੁੰਦਾ। ਬੱਸ ਉਹਨਾਂ ਦੀ ਸਾਜ਼ਿਸ਼ ਦੀ ਗੱਡੀ ਨੂੰ ਲੀਹ ਤੋਂ ਲਾਹੁਣਾ ਚਾਹੁੰਦਾ ਸੀ। ਸੋ ਆਪਣੀ ਸਮਝ ਮੂਜਬ ਮੈਂ ਉਹਨਾਂ ਦੀ ਸਾਜ਼ਿਸ਼ ਦੀ ਗੱਡੀ ਲੀਹ ਤੋਂ ਲਾਹ ਦਿੱਤੀ ਸੀ। ਜਦ ਇਕ ਧਿਰ ਹਥਿਆਰ ਸੁੱਟਣ ਲਈ ਤਿਆਰ ਹੋਵੇ ਤਾਂ ਗੱਲ ਨੂੰ ਅੱਗੇ ਵਧਾਉਣਾ ਮੇਰੀ ਨਜ਼ਰ ਵਿਚ ਸਿਆਣਪ ਨਹੀਂ ਸੀ। ਪਰ ਅੰਦਰੋ-ਅੰਦਰੀ ਸਾਜ਼ਿਸ਼ ਕਿਸੇ ਹੋਰ ਰੂਪ ਵਿਚ ਧੁਖ ਰਹੀ ਸੀ। ਸਾਰੇ ਕਾਲਜਾਂ ਵਿਚ ਮੇਰੀਆਂ ਕੱਢੀਆਂ ਗਾਲ੍ਹਾਂ ਨੂੰ ਲੈ ਕੇ ਮੈਨੂੰ ਬਦਨਾਮ ਕਰਨ ਲਈ ਸਾਹਿਬ ਅਤੇ ਉਸ ਦੇ ਝੋਲੀ ਚੁੱਕਾਂ ਨੇ ਸਾਰਾ ਤਾਣ ਲਾ ਦਿੱਤਾ। ਮੇਰੇ ਨਾਲ ਅਸ਼ਲੀਲ ਤੇ ਭੱਦੀ ਹਰਕਤ ਕਰਨ ਅਤੇ ਗਾਲ੍ਹ ਕੱਢਣ ਵਾਲਾ ਪ੍ਰੋਫੈਸਰ ਗੱਲ ਵਧਾ ਕੇ ਇਸ ਲਈ ਰਾਜ਼ੀ ਨਹੀਂ ਸੀ, ਕਿਉਂਕਿ ਉਸ ਨੇ ਤਾਂ ਫੇਰ ਵੀ ਕਈ ਸਾਲ ਕਾਲਜ ਤੋਂ ਫਰਲੋ ਦਾ ਆਨੰਦ ਮਾਣਨਾ ਸੀ। ਪੜਤਾਲ ਹੋਣ ਦੀ ਹਾਲਤ ਵਿਚ ਉਸ ਦੀ ਗੈਰ-ਹਾਜ਼ਰੀ ਦੀ ਗੱਲ ਉਸ ਦੀ ਸਿਰਦਰਦੀ ਬਣ ਸਕਦੀ ਸੀ ਪਰ ਪ੍ਰਿੰਸੀਪਲ ਨੂੰ ਜਿਸ ਤਰ੍ਹਾਂ ਅੰਦਰੋ-ਅੰਦਰੀ ਚੁੱਕ ਚੁਕਾਈ ਹੋਈ ਤੇ ਮੇਰੀਆਂ ਭੇਜੀਆਂ ਤਾਰਾਂ ਘੁੰਮਦੀਆਂ-ਘੁੰਮਾਉਂਦੀਆਂ ਜਦ ਇਨਕੁਆਰੀ ਵਿਚ ਬਦਲਣੀਆਂ ਸ਼ੁਰੂ ਹੋਈਆਂ ਤਾਂ ਕੁਝ ਪ੍ਰੋਫੈਸਰ ਸਿੱਧੇ ਰੂਪ ਵਿਚ ਕੁਰਸੀ ਨਾਲ ਸਨ, ਕੁਝ ਚੁੱਪ ਸਨ ਅਤੇ ਦੋ ਪ੍ਰੋਫੈਸਰ ਜੋ ਮੈਨੂੰ ਦਰੁਸਤ ਸਮਝਦੇ ਸਨ, ਉਹਨਾਂ ਨੂੰ ਡਰਾ ਕੇ ਚੁੱਪ ਕਰਵਾ ਦਿੱਤਾ ਗਿਆ ਸੀ। ਜੋ ਰਤਾ ਭਰ ਵੀ ਮੇਰੇ ਨਾਲ ਹਮਦਰਦੀ ਰਖਦੇ ਸਨ, ਉਹਨਾਂ ਨੂੰ ਸਮੇਂ ਸਮੇਂ ਸਿਰ ਡਰਾਇਆ ਧਮਕਾਇਆ ਜਾਂਦਾ ਰਿਹਾ। ਢਾਈ ਸਾਲ ਵਿਚ ਪੰਜ ਪੜਤਾਲਾਂ ਹੋਈਆਂ। ਪ੍ਰਿੰਸੀਪਲ ਅਤੇ ਇਕ ਕਲਰਕ ਦੇ ਭ੍ਰਸ਼ਟਾਚਾਰ ਨੂੰ ਮੈਂ ਇਕ ਪੜਤਾਲ ਵਿਚ ਬਿਲਕੁਲ ਨੰਗਾ ਕਰ ਦਿੱਤਾ ਸੀ। ਪੰਜਾਬ ਦੇ ਕਾਲਜਾਂ ਦੇ ਡਾਇਰੈਕਟਰ ਦਾ ਦਲਿਤ ਹੋਣ ਕਾਰਨ ਇੀਂਲਾਕੀ ਤੌਰ 'ਤੇ ਆਪਣੇ ਦਲਿਤ ਪ੍ਰਿੰਸੀਪਲ ਦੀ ਮਦਦ ਕਰਨਾ ਧਰਮ ਸੀ। ਸੋ ਡਾਇਰੈਕਟਰ ਸਾਹਿਬ ਨੂੰ ਪ੍ਰਿੰਸੀਪਲ ਤੇ ਭ੍ਰਸ਼ਟ ਕਲਰਕ ਰਾਹੀਂ ਮਾਲੇਰਕੋਟਲਾ ਦੀ ਜੈਨ ਸਭਾ ਵੱਲੋਂ ਮੇਰੇ ਖਲਾਫ ਅਰਜ਼ੀ ਦਿਵਾਈ, ਜਿਸ ਵਿਚ ਮੈਨੂੰ ਧਰਮ ਵਿਰੋਧੀ ਕਿਹਾ ਗਿਆ। ਇਥੇ ਹੀ ਬੱਸ ਨਹੀਂ, ਜੈਨ ਸਭਾ ਦੀ ਸ਼ਿਕਾਇਤ ਵਿਚ ਮੇਰੇ ਵੱਲੋਂ ਜੈਨੀਆਂ ਨੂੰ ਗਾਲ੍ਹਾਂ ਕੱਢਣ ਦਾ ਇਲਜ਼ਾਮ ਵੀ ਲਾਇਆ ਗਿਆ ਜਦਕਿ ਇਸ ਤਰ੍ਹਾਂ ਦੀ ਕੋਈ ਘਟਨਾ ਉ=ੱਕਾ ਹੀ ਨਹੀਂ ਸੀ ਵਾਪਰੀ।
ਪ੍ਰਿੰਸੀਪਲ ਵੱਲੋਂ ਮੈਨੂੰ ਸ਼ਹਿਰ ਤੇ ਕਾਲਜ ਦੇ ਅਮਨ ਲਈ ਇਕ ੀਂਤਰਨਾਕ ਵਿਅਕਤੀ ਦੱਸ ਕੇ ਮੇਰੀ ਦੂਰ-ਦੁਰਾਡੇ ਕਾਲਜ ਵਿਚ ਬਦਲੀ ਦੀ ਮੰਗ ਕੀਤੀ ਗਈ। ਇਸ ਮੰਗ ਨੂੰ ਦਰੁਸਤ ਦਸਦਿਆਂ ਡਾਇਰੈਕਟਰ ਸਾਹਿਬ ਨੇ ਸਿਖਿਆ ਸਕੱਤਰ ਨੂੰ ਮੇਰੀ ਬਦਲੀ ਕਰਨ ਦੀ ਬੇਨਤੀ ਕੀਤੀ। ਪਰ ਸਿਖਿਆ ਸਕੱਤਰ ਨੇ ਮੈਨੂੰ ਸਿੱਧੇ ਘਰ ਪੱਤਰ ਲਿਖ ਕੇ ਉਹਨਾਂ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਜੋ ਪ੍ਰਿੰਸੀਪਲ, ਜੈਨ ਸਭਾ ਅਤੇ ਉਸ ਬਾਬੂ ਵੱਲੋਂ ਲਾਏ ਗਏ ਸਨ ਜੋ ਪ੍ਰਿੰਸੀਪਲ ਦੇ ਭ੍ਰਸ਼ਟਾਚਾਰ ਦਾ ਅਸਲੀ ਧੁਰਾ ਸੀ। ਮੈਂ ਜਵਾਬ-ਤਲਬੀ ਦਾ ਜਵਾਬ ਤੱਥਾਂ ਸਮੇਤ ਭੇਜ ਦਿੱਤਾ। ਇਕ ਤਾਂ ਮੇਰੇ ਦਿੱਤੇ ਜਵਾਬ ਵਿਚ ਕਾਫੀ ਵਜ਼ਨ ਸੀ ਅਤੇ ਦੂਜਾ ਨੇਤਰਹੀਣ ਹੋਣ ਕਾਰਨ ਮੇਰੀ ਬਦਲੀ ਕਰਨੀ ਏਨੀ ਸੌਖੀ ਨਹੀਂ ਸੀ, ਜਿਸ ਦੇ ਸਿੱਟੇ ਵਜੋਂ ਡਾਇਰੈਕਟਰ ਸਾਹਿਬ ਨੇ ਪੰਜਵੀਂ ਪੜਤਾਲ ਲਈ ਪੜਤਾਲ ਅਫਸਰ ਨੂੰ ਭੇਜਿਆ ਤੇ ਉਸ ਨੂੰ ਜ਼ੁਬਾਨੀ ਹੁਕਮ ਦਿੱਤਾ ਕਿ ਹਰ ਹਾਲਤ ਵਿਚ ਸਮਝੌਤਾ ਕਰਵਾ ਕੇ ਆਉਣਾ ਹੈ। ਉਹ ਪੜਤਾਲ ਅਫਸਰ ਪੰਜਾਬੀ ਦਾ ਪ੍ਰੋਫੈਸਰ ਹੋਣ ਕਾਰਨ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਉਸ ਨੇ ਸਾਫ ਸਾਫ ਲਫਜ਼ਾਂ ਵਿਚ ਸਮਝੌਤੇ ਦਾ ਪ੍ਰਸਤਾਵ ਮੇਰੇ ਸਾਹਮਣੇ ਰੱਖ ਦਿੱਤਾ। ਇਸ ਪ੍ਰਸਤਾਵ ਵਿਚ ਮੈਥੋਂ ਮਾਫੀ ਮੰਗਾਉਣ ਤੇ ਪ੍ਰਿੰਸੀਪਲ ਤੋਂ ਮਾਫੀ ਮੰਗਾਉਣ ਦੀ ਗੱਲ ਵੀ ਸੀ। ਮੈਨੂੰ ਦੋਵਾਂ ਗੱਲਾਂ ਵਿਚ ਹੀ ਨੈਤਿਕ ਤੇ ਪ੍ਰਸ਼ਾਸਕੀ ਆਧਾਰ ਉਤੇ ਜਿਹੜੀ ਕਮਜ਼ੋਰ ਕੜੀ ਮਹਿਸੂਸ ਹੋ ਰਹੀ ਸੀ, ਉਸ ਨੂੰ ਪੜਤਾਲ ਅਫਸਰ ਸਾਹਮਣੇ ਜਦੋਂ ਮੈਂ ਰੱਖਿਆ ਤਾਂ ਉਹ ਸਾਹਿਬ ਸੁਣ ਕੇ ਹੈਰਾਨ ਹੀ ਹੋ ਗਏ। ਮੇਰਾ ਪਹਿਲਾ ਜਵਾਬ ਇਹ ਸੀ ਕਿ ਮੈਂ ਪ੍ਰਿੰਸੀਪਲ ਸਾਹਿਬ ਤੋਂ ਮੁਆਫੀ ਨਹੀਂ ਮੰਗਵਾਉਣੀ, ਕਿਉਂਕਿ ਅਜਿਹਾ ਕਰਨ ਨਾਲ ਪ੍ਰਿੰਸੀਪਲ ਦਾ ਸਟਾਫ ਤੇ ਵਿਦਿਆਰਥੀਆਂ ਵਿਚ ਰੋਹਬ-ਦਾਬ ਚੁੱਕਿਆ ਜਾਵੇਗਾ। ਮੈਂਖੁਦ ਮੁਆਫੀ ਇਸ ਲਈ ਨਹੀਂ ਮੰਗਣੀ, ਕਿਉਂਕਿ ਮੇਰਾ ਕੋਈ ਕਸੂਰ ਹੀ ਨਹੀਂ ਹੈ। ਆੀਂਰ ਅੰਤਿਮ ਪੜਤਾਲ, ਪੜਤਾਲ ਅਫਸਰ ਦੀ ਸਿਆਣਪ ਤੇ ਨਿਮਰਤਾ ਕਾਰਨ ਸਮਝੌਤੇ ਵਿਚ ਬਦਲ ਗਈ ਅਤੇ ਪ੍ਰਿੰਸੀਪਲ ਸਾਹਿਬ ਨੇ ਮੇਰੇ ਵਿਰੁੱਧ ਲਿਖੀ ਗੁਪਤ ਰਿਪੋਰਟ ਵਾਪਸ ਲੈਣ ਦਾ ਲਿਖਤੀ ਭਰੋਸਾ ਦੇ ਦਿੱਤਾ। ਪਰ ਉਹਨਾਂ ਦੇ ਦਿਲ ਵਿਚੋਂ ਰੜਕ ੀਂਤਮ ਨਹੀਂ ਸੀ ਹੋਈ, ਜਿਸ ਕਾਰਨ ਉਹਨਾਂ ਦੇ ਇਕ ਸਿਆਸੀ ਕਾਰਕੁਨ ਨਾਲ ਪੇਚਾ ਪੈਣ ਉਤੇ ਜਿਹੜੀ ਬਦਲੀ ਹੋਈ, ਉਸ ਵਿਚ ਵੀ ਪ੍ਰੋਖ ਰੂਪ ਵਿਚ ਮੈਨੂੰ ਦੋਸ਼ੀ ਦੱਸਿਆ।
ਭਾਰਤ ਦੀ ਸਿਆਸਤ ਤੇ ਪ੍ਰਸ਼ਾਸਨ ਦੇ ਰੰਗ ਨਿਰਾਲੇ ਹਨ। ਦੋ ਮਹੀਨੇ ਪਿੱਛੋਂ ਪ੍ਰਿੰਸੀਪਲ ਸਾਹਿਬ ਦੀ ਉਹਨਾਂ ਦੇ ਸ਼ਹਿਰ ਹੀ ਬਦਲੀ ਹੋ ਗਈ। ਉਹਨਾਂ ਦੇ ਸਮਰਥਕਾਂ ਵੱਲੋਂ ਜਿਹੜੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਉਸ ਵਿਚ ਮੈਨੂੰ ਬੜਾ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਦੱਬੇ ਮੁਰਦੇ ਉਖਾੜ ਕੇ ਆਪਣੀ ਸ਼ਕਤੀ ਨੂੰ ਅਜਾਈਂ ਗਵਾਉਣਾ ਨਹੀਂ ਸੀ ਚਾਹੁੰਦਾ। ਉਂਜ ਵੀ ਪੰਜਾਬ ਦੇ ਸਾਹਿਤਕ ਤੇ ਵਿਦਿਅਕ ਹਲਕਿਆਂ ਵਿਚ ਸੱਚ ਜੱਗ ਜ਼ਾਹਿਰ ਸੀ। ਨਾਲੇ ਮੁਲਾਜ਼ਮਤ ਵਿਚ ਕਿਸੇ ਕਰਮਚਾਰੀ ਜਾਂ ਅਧਿਕਾਰੀ ਨੂੰ ਨੁਕਸਾਨ ਪਹੁੰਚਾਉਣ ਲਈ ਲੰਬੀ ਲੜਾਈ ਲੜਨ ਦੇ ਮੈਂ ਉਦੋਂ ਵੀ ਹੱਕ ਵਿਚ ਨਹੀਂ ਸੀ ਤੇ ਹੁਣ ਵੀ ਹੱਕ ਵਿਚ ਨਹੀਂ ਹਾਂ, ਕਿਉਂਕਿ ਮੈਂ ਸਮਝਦਾ ਹਾਂ ਕਿ ਸਾਡੀ ਲੜਾਈ ਸਥਾਪਤੀ ਵਿਰੁੱਧ ਹੈ, ਛੋਟੇ ਵੱਡੇ ਕਰਮਚਾਰੀਆਂ ਵਿਰੁੱਧ ਨਹੀਂ।
ਕਾਲੇ ਦਿਨ
੧੮ ਮਈ ੧੯੮੯ ਨੂੰ ਪੰਜਾਬੀ ਦੇ ਪ੍ਰਸਿੱਧ ਮਾਰਕਸਵਾਦੀ ਚਿੰਤਕ ਤੇ ਆਲੋਚਕ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਚਰਜ਼ ਐਸੋਸੀਏਸ਼ਨ ਅਰਥਾਤ ਪੂਟਾ ਦੇ ਰੂਹੇ-ਰਵਾਂ ਡਾ.ਰਵਿੰਦਰ ਸਿੰਘ ਰਵੀ ਨੂੰ ਅਤਿਵਾਦੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ। ਉਹ ਉਸ ਸਮੇਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਵੀ ਸਨ ਤੇ ਮੈਂ ਸੀ ਸਭਾ ਦਾ ਉਪ-ਪ੍ਰਧਾਨ।
ਮੈਂ ਆਪਣੇ ਸਹਾਇਕ ਤੇ ਭਾਣਜੇ ਕਮਲ ਕਾਂਤ ਨਾਲ ਪਟਿਆਲੇ ਪਹੁੰਚਿਆ। ਅਸੀਂ ਬਹੁਤ ਸਾਰੇ ਦੋਸਤ ਇਕ ਦੂਜੇ ਦੇ ਗਲ ਲੱਗ ਕੇ ਰੋ ਰਹੇ ਸੀ, ਜਿਵੇਂ ਸਾਡਾ ਜਹਾਨ ਹੀ ਉਜੜ ਗਿਆ ਹੋਵੇ। ਅਤਿਵਾਦੀਆਂ ਵੱਲੋਂ ਹੀਰੇ ਵਰਗੀ ਦੇਹ ਅਤੇ ਲੋਕਪੱਖੀ ਚਿੰਤਨ ਦੇ ਸੂਖਮ ਤੋਂ ਸੂਖਮ ਪੇਚਾਂ ਨੂੰ ਖੋਲ੍ਹਣ ਵਾਲੇ ਉਸ ਮਹਾਂ-ਮਨੁੱਖ ਦੇ ਵਿਚਾਰਧਾਰਕ ਪੱਧਰ 'ਤੇ ਤਾਂ ਦੁਸ਼ਮਣ ਹੋ ਸਕਦੇ ਸਨ ਪਰ ਇਸ ਮਿਠਬੋਲੜੀ ਸ਼ੀਂਸੀਅਤ ਦਾ ਪੰਜਾਬ ਵਿਚ ਸ਼ਾਇਦ ਹੀ ਕੋਈ ਦੁਸ਼ਮਣ ਹੋਵੇ। ਪਰ ਅਤਿਵਾਦ ਕੀ ਸੀ? ਇਸ ਨੇ ਤਾਂ ਸੰਨ ਸੰਤਾਲੀ ਵੀ ਮਾਤ ਪਾ ਦਿੱਤੀ ਸੀ। ਜਲੂਸ ਦੀ ਸ਼ਕਲ ਵਿਚ ਰਵੀ ਦੀ ਮਿਰਤਕ ਦੇਹ ਜਦ ਸ਼ਮਸ਼ਾਨ ਘਾਟ ਵਿਚ ਪਹੁੰਚੀ, ਕਾ.ਸਤਪਾਲ ਡਾਂਗ ਉਥੇ ਪਹਿਲਾਂ ਹੀ ਹਾਜ਼ਰ ਸਨ। ਕੁਝ ਹੀ ਪਲਾਂ ਵਿਚ ਉਥੇ ਪੁਲਿਸ ਹੀ ਪੁਲਿਸ ਦਿਸੇ। ਉਸ ਸਮੇਂ ਦੇ ਰਾਜਪਾਲ ਐਸ. ਐਸ. ਰੇਅ ਦੀ ਹਾਜ਼ਰੀ ਨਾਲ ਜਿਵੇਂ ਸਭ ਨੂੰ ਕੁਝ ਢਾਰਸ ਮਿਲਿਆ ਹੋਵੇ। ਅੀਂਬਾਰਾਂ ਵਿਚ ਮੇਰੇ ਸਮੇਤ ਅਨੇਕਾਂ ਲੇਖਕਾਂ ਤੇ ਸਿਆਸਤਦਾਨਾਂ ਦੇ ਬਿਆਨ ਛਪੇ। *ਸੂਰਜ ਕਦੇ ਮਰਦਾ ਨਹੀਂ' ਸਿਰਲੇਖ ਅਧੀਨ ਇਕ ਕਿਤਾਬਚਾ ਵੀ ਛਪਿਆ। ਮੇਰਾ ਦੁੱਖ ਵੀ ਸ਼ਬਦਾਂ ਰਾਹੀਂ ਇਸ ਕਿਤਾਬਚੇ ਵਿਚ ਦਰਜ ਸੀ।
ਸ਼ਰਧਾਂਜਲੀ ਸਮਾਗਮ ਦੇ ਤੀਜੇ ਦਿਨ ਘਰ ਦੇ ਪਤੇ 'ਤੇ ਇਕ ਲਿਫਾਫਾ ਮਿਲਿਆ। ਡਾਕ ਰਾਹੀਂ ਇਕ ਪੋਸਟਕਾਰਡ ਮੇਰੀ ਭੈਣ ਦੇ ਘਰ ਵੀ ਪਹੁੰਚਿਆ। ਮੇਰੇ ਵਾਲੇ ਲਿਫਾਫੇ ਵਿਚ ਮੈਨੂੰ ਸੋਧਣ ਅਤੇ ਭੈਣ ਦੇ ਘਰ ਪਹੁੰਚਣ ਵਾਲੇ ਪੋਸਟਕਾਰਡ ਉਤੇ ਮੇਰੇ ਭਾਣਜੇ ਅਜੈ ਕੁਮਾਰ ਨੂੰ ਸੋਧਣ ਦੀ ਧਮਕੀ ਸੀ। ਨਾਲ ਇਹ ਵੀ ਲਿਖਿਆ ਹੋਇਆ ਸੀ ਕਿ ਸਾਨੂੰ ਪਤਾ ਹੈ ਬਈ ਮੁੰਡਾ ਕਿਸ ਟਾਈਮ ਰੋਜ਼ ਖੰਨੇ ਵਾਲੀ ਬਸ ਚੜ੍ਹਦਾ ਹੈ। ਭੈਣ ਚਿੱਠੀ ਲੈ ਕੇ ਸਾਡੇ ਘਰ ਆਈ। ਦੋਵੇਂ ਚਿੱਠੀਆਂ ਤੋਂ ਇਹ ਪਤਾ ਲਗਦਾ ਸੀ ਕਿ ਇਹ ਅਤਿਵਾਦੀ ਸਾਡੇ ਦੋਵਾਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਹਨਾਂ ਦਾ ਥਹੁ-ਟਿਕਾਣਾ ਵੀ ਮਾਲੇਰਕੋਟਲੇ ਦਾ ਹੀ ਹੈ।
ਪੁਲਿਸ ਨੂੰ ਦੋਵੇਂ ਚਿੱਠੀਆਂ ਦੇ ਕੇ ਉਸ ਦੀ ਇਕ ਕਾਪੀ ਰਾਜਪਾਲ ਅਤੇ ਇਕ ਕਾਪੀ ਸੀ.ਪੀ.ਆਈ. ਦੇ ਸੂਬਾ ਸਕੱਤਰ ਕਾ.ਪਿਆਰਾ ਸਿੰਘ ਦਿਉਸੀ ਨੂੰ ਭੇਜ ਦਿੱਤੀ। ਦਰਵਾਜ਼ਾ ਖੋਲ੍ਹਣ ਤੇ ਬੰਦ ਕਰਨ ਵਿਚ ਅਸੀਂ ਅਤਿ ਚੌਕਸੀ ਵਰਤਦੇ। ਕੁੱਤਾ ਅਸੀਂ ਰੋਜ਼ਾਨਾ *ਨਵਾਂ ਜ਼ਮਾਨਾ' ਵਿਚ ਛਪੀ ਹਦਾਇਤ ਮੁਤਾਬਕ ਪਹਿਲਾਂ ਹੀ ਰੱਖਿਆ ਹੋਇਆ ਸੀ। ਕਾਲਜ ਵਿਚ ਛੁੱਟੀਆਂ ਹੋਣ ਕਾਰਨ ਮੈਂ ਘਰ ਵਿਚ ਹੀ ਰਹਿਣਾ ਸ਼ੁਰੂ ਕਰ ਦਿੱਤਾ। ਪਰ ਲਗਾਤਾਰ ਦੋ ਹਫਤਿਆਂ ਦੇ ਅੰਦਰ ਅੰਦਰ ਦੋ ਦੋ ਹੋਰ ਧਮਕੀ ਪੱਤਰ ਡਾਕ ਰਾਹੀਂ ਆ ਗਏ। ਸੋ ਅਸੀਂ ਬੱਚਤ ਲਈ ਕੁਝ ਸਮੇਂ ਵਾਸਤੇ ਮਾਲੇਰਕੋਟਲਾ ਛੱਡ ਦੇਣ ਦਾ ਫੈਸਲਾ ਕੀਤਾ। ਪਤਨੀ ਛੋਟੇ ਬੇਟੇ ਬੌਬੀ ਨੂੰ ਲੈ ਕੇ ਬਰਨਾਲੇ ਚਲੀ ਗਈ। ਮੈਨੂੰ ਕਹਾਣੀਕਾਰ ਗੁਰਮੀਤ ਹੇਅਰ ਆ ਕੇ ਤਲਵਾੜੇ ਲੈ ਗਿਆ। ਭਾਵੇਂ ਹੇਅਰ ਦੀ ਪਤਨੀ ਗੁਰਮੀਤ, ਦੋਵੇਂ ਕੁੜੀਆਂ ਅਤੇ ਹੇਅਰ ਦਾ ਬੇਟਾ ਜੇ.ਡੀ. ਮੈਨੂੰ ਬੇਹੱਦ ਸਤਿਕਾਰ ਦਿੰਦੇ। ਰੋਟੀ ਤੋਂ ਲੈ ਕੇ ਮੇਰੇ ਕੱਪੜਿਆਂ ਅਤੇ ਸੌਣ ਦਾ ਵੀ ਬਹੁਤ ਖਆਿਲ ਰਖਦੇ ਪਰ ਮੈਂ ਅੰਦਰੋ-ਅੰਦਰੀ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਮੈਂ ਉਹਨਾਂ 'ਤੇ ਭਾਰ ਹੋਵਾਂ। ਦੋਵੇਂ ਕੁੜੀਆਂ ਤੇ ਜੇ.ਡੀ. ਮੇਰਾ ਦਿਲ ਲਵਾਉਣ ਲਈ ਮੈਨੂੰ ਵਧੀਆ ਤੋਂ ਵਧੀਆ ਕਿਤਾਬਾਂ ਪੜ੍ਹ ਕੇ ਸੁਣਾਉਂਦੇ। *ਕਬਹੂੰ ਨਾ ਛਾਡੇ ਖੇਤ', *ਮਾਂ', *ਅਸਲੀ ਇਨਸਾਨ ਦੀ ਕਹਾਣੀ' ਤੇ *ਅਲਵਿਦਾ ਗੁਲਸਾਰੀ'--ਇਹ ਚਾਰੇ ਨਾਵਲ ਮੈਂ ਦੁਬਾਰਾ ਤਲਵਾੜੇ ਵਾਸ ਦੌਰਾਨ ਪੜ੍ਹੇ। ਛੋਟੀ ਕੁੜੀ ਕਮਲ ਤਾਂ ਨਾਵਲ ਪੜ੍ਹਨ ਸਮੇਂ ਥਕਦੀ ਹੀ ਨਹੀਂ ਸੀ। ਵਿਚ-ਵਿਚ ਦੀ ਝੁੱਟ ਜੇਡੀ ਵੀ ਲਾ ਜਾਂਦਾ। ਨਿੱਕੀਆਂ ਨਿੱਕੀਆਂ ਕਹਾਣੀਆਂ ਗੁਰਮੀਤ ਹੇਅਰ ਪੜ੍ਹ ਕੇ ਸੁਣਾਉਂਦਾ। ਜਦੋਂ ਵੀ ਕੋਈ ਸ਼ਿਅਰ ਉਤਰਦਾ, ਮੈਂ ਜੇ.ਡੀ. ਜਾਂ ਕਮਲ ਨੂੰ ਸੱਦ ਕੇ ਨੋਟ ਕਰਵਾ ਦਿੰਦਾ।
ਗੁਰਮੀਤ ਹੇਅਰ ਨੇ ਕਿਸੇ ਦੋਸਤ ਜਾਂ ਕਿਸੇ ਲੇਖਕ ਨੂੰ ਉ=ੱਕਾ ਹੀ ਮੇਰੇ ਤਲਵਾੜੇ ਰਹਿਣ ਬਾਰੇ ਨਹੀਂ ਸੀ ਦੱਸਿਆ। ਜੇ ਕੋਈ ਲੇਖਕ ਆ ਜਾਂਦਾ, ਹੇਅਰ ਕਹਿੰਦਾ---ਅੱਜ ਈ ਆਏ ਐ, ਕੱਲ੍ਹ ਨੂੰ ਚਲੇ ਜਾਣਗੇ। ਮਹਿਮਾਨ ਜਾਂ ਲੇਖਕ ਦੋਸਤ ਦੇ ਚਲੇ ਜਾਣ 'ਤੇ ਮੈਂ ਹੇਅਰ ਦੀ ਗੱਲਬਾਤ ਕਰਨ ਦੀ ਸ਼ੈਲੀ ਸਬੰਧੀ ਬੜਾ ਹਸਦਾ। ਉਹਨੇ ਕਹਿਣਾ ਕਿ ਡਾਕਟਰ ਸਾਹਿਬ ਤੁਸੀਂ ਬਿਲਕੁਲ ਹਵਾ ਨੀਂ ਨਿਕਲਣ ਦੇਣੀ ਕਿ ਤੁਹਾਨੂੰ ਕੋਈ ਧਮਕੀ ਪੱਤਰ ਆਇਆ ਹੈ।
ਮੇਰੇ ਜ਼ਿੱਦ ਕਰਨ 'ਤੇ ਦੋ ਹਫਤਿਆਂ ਪਿੱਛੋਂ ਮਦਨਵੀਰੇ ਨਾਲ ਮੈਨੂੰ ਭੇਜ ਦਿੱਤਾ। ਮੈਂ ਮਾਲੇਰਕੋਟਲਾ ਜਾਣ ਦੀ ਥਾਂ ਮੇਰੇ ਭਾਣਜੇ ਸੁਦਰਸ਼ਨ ਕੋਲ ਜਗਰਾਉਂ ਗਿਆ। ਉਹ ਕਿਤੇ ਗਿਆ ਹੋਇਆ ਸੀ। ਘਰ ਉਸ ਦੀ ਪਤਨੀ ਕਾਂਤਾ ਸੀ। ਵੀਰਾ ਤੇ ਮੈਂ ਦੋ ਘੰਟੇ ਬੈਠੇ ਰਹੇ, ਕਾਂਤਾ ਨੇ ਸਾਨੂੰ ਚਾਹ ਪਾਣੀ ਨੂੰ ਵੀ ਨਹੀਂ ਸੀ ਪੁੱਛਿਆ। ਮੈਂ ਅੰਦਰੋ-ਅੰਦਰੀ ਬੜਾ ਸ਼ਰਮਸਾਰ ਸੀ ਕਿ ਮਦਨਵੀਰਾ ਕੀ ਸੋਚੇਗਾ। ਕਾਂਤਾ ਨੂੰ ਸ਼ਾਇਦ ਮਾਲੇਰਕੋਟਲੇ ਤੋਂ ਮੇਰੀ ਭੈਣ ਚੰਦਰ ਕਾਂਤਾ ਅਤੇ ਮੇਰੀ ਭਾਣਜੀ ਬਾਵੀ ਤੋਂ ਧਮਕੀ ਪੱਤਰਾਂ ਬਾਰੇ ਪਤਾ ਲੱਗ ਚੁੱਕਿਆ ਹੋਵੇਗਾ---ਉਸ ਦੀ ਬੇਰੀਂੀ ਤੋਂ ਮੈਂ ਇਹ ਅੰਦਾਜ਼ਾ ਲਾਇਆ। ਅੰਦਾਜ਼ਾ ਮੇਰਾ ਠੀਕ ਵੀ ਸੀ। ਮੇਰੀ ਭੈਣ ਨੇ ਟੇਢੇ ਢੰਗ ਨਾਲ ਤੇ ਮੇਰੀ ਭਾਣਜੀ ਨੇ ਸਿੱਧੇ ਤੌਰ 'ਤੇ ਹੀ ਮੇਰੀ ਪਤਨੀ ਤੇ ਬੱਚਿਆਂ ਨੂੰ ਉਹਨਾਂ ਦੇ ਘਰ ਆਉਣ-ਜਾਣ ਤੋਂ ਰੋਕ ਦਿੱਤਾ ਸੀ।
ਸੁਦਰਸ਼ਨ ਦੇ ਘਰ ਆਉਣ 'ਤੇ ਮੈਂ ਉਸ ਨੂੰ ਇਹ ਜ਼ਾਹਰ ਨਹੀਂ ਸੀ ਹੋਣ ਦਿੱਤਾ ਕਿ ਅਸੀਂ ਦੋ ਘੰਟੇ ਦੇ ਆਏ ਹੋਏ ਹਾਂ ਤੇ ਹਾਂ ਵੀ ਭੁੱਖੇ। ਸ਼ਾਮ ਦੀ ਚਾਹ ਤਾਂ ਕੀ, ਰਾਤ ਦੀ ਰੋਟੀ ਦਾ ਵੇਲਾ ਵੀ ਹੋਣ ਵਾਲਾ ਸੀ। ਪਰ ਉਸ ਨੇ ਆਪ ਹੀ ਸਾਰਾ ਅੰਦਾਜ਼ਾ ਲਾ ਲਿਆ ਸੀ। ਛੇਤੀ ਚਾਹ ਪਾਣੀ ਪਿਆਉਣ ਪਿੱਛੋਂ ਉਸ ਨੇ ਰੋਟੀ ਲਈ ਕਾਂਤਾ ਨੂੰ ਕਹਿ ਦਿੱਤਾ। ਧਮਕੀ ਪੱਤਰਾਂ ਦਾ ਉਸ ਨੂੰ ਪਤਾ ਸੀ ਤੇ ਬਾਕੀ ਸਾਰੀ ਕਹਾਣੀ ਮੈਂ ਉਸ ਨੂੰ ਦੱਸ ਦਿੱਤੀ। ਮੈਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਹੁਣ ਤਾਂ ਬਰਨਾਲੇ ਵਾਲਿਆਂ ਨੂੰ ਛੱਡ ਕੇ ਕੋਈ ਰਿਸ਼ਤੇਦਾਰ ਵੀ ਸਾਡੇ ਆਉਣ-ਜਾਣ ਨੂੰ ਇਸ ਤਰ੍ਹਾਂ ਸਮਝਦਾ ਹੈ ਜਿਵੇਂ ਮੁਸਲਮਾਨ ਸੂਰ ਨੂੰ। ਉਸ ਕੋਲ ਗੱਲਾਂ ਕਰਦੇ ਕਰਦੇ ਮੇਰਾ ਮਨ ਵੀ ਭਰ ਆਇਆ ਸੀ। ਇਹ ਗੱਲਾਂ ਚਾਹ ਪਾਣੀ ਪੀਣ ਪਿੱਛੋਂ ਅਸੀਂ ਦੂਜੇ ਕਮਰੇ ਵਿਚ ਬੈਠ ਕੇ ਕੀਤੀਆਂ ਸਨ। ਮੈਂ ਉਹਨੂੰ ਇਹ ਵੀ ਕਹਿ ਦਿੱਤਾ ਸੀ ਕਿ ਜੇ ਤੁਹਾਨੂੰ ਵੀ ਕੋਈ ਡਰ ਹੈ ਤਾਂ ਅਸੀਂ ਚਲੇ ਜਾਂਦੇ ਹਾਂ, ਕਿਉਂਕਿ ਅਜੇ ਲੁਧਿਆਣੇ ਵਾਲੀ ਗੱਡੀ ਨੇ ਆਉਣਾ ਹੈ ਅਤੇ ਲੁਧਿਆਣੇ ਤੋਂ ਮੈਨੂੰ ਮਾਲੇਰਕੋਟਲੇ ਵਾਲੀ ਗੱਡੀ ਮਿਲ ਜਾਣੀ ਹੈ। ਮਾਲੇਰਕੋਟਲੇ ਗੁਰੂ ਨਾਨਕ ਕਾਲੋਨੀ ਵਾਲੀ ਕੋਠੀ ਦੀਆਂ ਕੁੰਜੀਆਂ ਦਾ ਇਕ ਸੈ=ੱਟ ਮੇਰੇ ਕੋਲ ਸੀ ਤੇ ਦੂਜਾ ਪਤਨੀ ਕੋਲ। ਇਸ ਲਈ ਰਾਤ ਕੱਟਣ ਦੀ ਕੋਈ ਮੁਸ਼ਕਲ ਨਹੀਂ ਸੀ ਆਉਣੀ। ਪਰ ਜਿਸ ਤਰ੍ਹਾਂ ਦੀ ਅਪਣੱਤ ਸੁਦਰਸ਼ਨ ਨੇ ਵਿਖਾਈ, ਮੈਂ ਰਾਤ ਉਥੇ ਹੀ ਕੱਟਣ ਦਾ ਮਨ ਬਣਾ ਲਿਆ।
ਜਦੋਂ ਸਵੇਰੇ ਅਸੀਂ ਜਾਣ ਦੀ ਕਾਹਲ ਕੀਤੀ, ਕੱਲ੍ਹ ਸ਼ਾਮ ਵਾਲੀ ਕਾਂਤਾ ਕਾਫੀ ਬਦਲੀ ਹੋਈ ਦਿਖਾਈ ਦੇ ਰਹੀ ਸੀ। ਲਗਦਾ ਸੀ ਜਿਵੇਂ ਉਸ ਨੂੰ ਸੁਦਰਸ਼ਨ ਨੇ ਮੇਰੇ ਪ੍ਰਤੀ ਦਿਖਾਏ ਵਿਵਹਾਰ ਕਾਰਨ ਚੰਗੀ ਘੂਰ-ਘੱਪ ਕੀਤੀ ਹੋਊ। ਪਰ ਮੇਰੇ ਦਿਲ ਵਿਚ ਪਿਛਲੇ ਦਿਨ ਵਾਲੇ ਕਾਂਤਾ ਦੇ ਸਲੂਕ ਕਾਰਨ ਜੋ ਗੁੱਸਾ ਸੀ, ਉਸ ਲਈ ਮੈਂ ਉਸ ਦੇ ਬਦਲੇ ਵਰਤਾਉ ਦੇ ਬਾਵਜੂਦ ਵੀ ਉਥੇ ਰਹਿਣਾ ਨਹੀਂ ਸੀ ਚਾਹੁੰਦਾ।
ਮੇਰੇ ਮਾਲੇਰਕੋਟਲਾ ਆਉਣ 'ਤੇ ਮਦਨਵੀਰੇ ਦੇ ਚਲੇ ਜਾਣ ਪਿੱਛੋਂ ਟੈਲੀਫੋਨ ਉਤੇ ਬੜੀ ਸੀਂਤ ਧਮਕੀ ਆਈ। ਮੈਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਹ ਕੋਈ ਕੱਚਾ ਅਤਿਵਾਦੀ ਹੈ ਤੇ ਰਹਿੰਦਾ ਵੀ ਸਾਡੇ ਘਰ ਦੇ ਨੇੜੇ-ਤੇੜੇ ਹੀ ਹੈ, ਪਰ ਫੇਰ ਵੀ ਘਰੋਂ ਬਾਹਰ ਨਿਕਲ ਕੇ ਮੈਂ ਕੋਈ ੀਂਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਫੋਨ ਕਰਕੇ ਕਮਲ ਕਾਂਤ ਨੂੰ ਵੀ ਇਸ ਲਈ ਬੁਲਾਇਆ ਸੀ ਤਾਂ ਜੋ ਮੈਂ ਆਪਣੇ ਰਾਤ ਤੱਕ ਦੇ ਖਾਣ ਪੀਣ ਦਾ ਪ੍ਰਬੰਧ ਕਰ ਲਵਾਂ। ਸ਼ੁਕਰ ਹੈ ਕਿ ਕਮਲ ਦੇ ਆਉਣ ਤੇ ਜਾਣ ਸਬੰਧੀ ਉਹਨਾਂ ਅਤਿਵਾਦੀਆਂ ਨੂੰ ਕੋਈ ੀਂਬਰ ਨਹੀਂ ਸੀ ਲੱਗੀ। ਅਗਲੇ ਹੀ ਦਿਨ ਐਸ.ਐਸ.ਪੀ. ਵੱਲੋਂ ਦੋ ਬਾਡੀਗਾਰਡਾਂ ਦੀ ਨਿਯੁਕਤੀ ਸਬੰਧੀ ਚਿੱਠੀ ਵੀ ਆ ਗਈ ਸੀ। ਮੈਂ ਸਮਝਦਾ ਸੀ ਕਿ ਏਨੀ ਛੇਤੀ ਪੁਲਿਸ ਦਾ ਹਰਕਤ ਵਿਚ ਆ ਜਾਣ ਦਾ ਕਾਰਨ ਸੀ.ਪੀ.ਆਈ. ਦੇ ਸਕੱਤਰ ਵੱਲੋਂ ਕੀਤੀ ਕਾਰਵਾਈ ਦਾ ਸਿੱਟਾ ਵੀ ਹੋ ਸਕਦਾ ਹੈ ਅਤੇ ਪੰਜਾਬ ਦੇ ਗਵਰਨਰ ਨਾਲ ਮੇਰੀ ਸਿੱਧੀ ਜਾਣ-ਪਛਾਣ ਦਾ ਕਾਰਨ ਵੀ। ਪਰ ਮੈਂ ਕਮਲ ਨੂੰ ਸੱਦ ਕੇ ਤਾਲਾ ਲਾਉਣ ਪਿੱਛੋਂ ਬਰਨਾਲੇ ਵਾਲੀ ਸਿੱਧੀ ਬਸ ਚੜ੍ਹ ਗਿਆ ਸੀ। ਮੈਂ ਕਿਸੇ ਤਰ੍ਹਾਂ ਵੀ ਕਮਲ ਨੂੰ ਚੱਕਰ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਬਸ 'ਤੇ ਚੜ੍ਹਨ ਪਿੱਛੋਂ ਉਤਰਨਾ, ਰਿਕਸ਼ਾ ਲੈਣਾ ਤੇ ਆਪਣੇ ਸਹੁਰਿਆਂ ਦੇ ਘਰ ਪਹੁੰਚਣਾ ਭਾਵੇਂ ਮੇਰੇ ਲਈ ਕੁਝ ਔਖਾ ਜ਼ਰੂਰ ਸੀ ਪਰ ਮੈਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਨੂੰ ਬਿਪਤਾ ਵਿਚ ਪਾਉਣ ਤੋਂ ਬਹੁਤ ਡਰਦਾ ਸਾਂ।
ਸਹੁਰੇ ਘਰ ਜਾਣ 'ਤੇ ਪਤਾ ਲੱਗਾ ਕਿ ਰਾਤ ਗੁਰਮੀਤ ਹੇਅਰ ਆਇਆ ਸੀ ਪਰ ਮੇਰੇ ਸਹੁਰਿਆਂ ਨੇ ਉਸ ਨੂੰ ਸਰਦਾਰ ਸਮਝ ਕੇ ਵਾਪਸ ਮੋੜ ਦਿੱਤਾ ਤੇ ਪਿੱਛੋਂ ਪਤਾ ਲੱਗਿਆ ਕਿ ਉਹ ਕਿਸੇ ਜਾਣ-ਪਛਾਣ ਵਾਲੇ ਲੇਖਕ ਦੇ ਘਰ ਠਹਿਰਿਆ, ਜਿਥੇ ਮੇਰੇ ਇਸ ਪਿਆਰੇ ਮਿੱਤਰ ਨੂੰ ਦੋ ਬੇਹੀਆਂ ਰੋਟੀਆਂ ਖਾ ਕੇ ਹੀ ਰਾਤ ਕੱਟਣੀ ਪਈ। ਇਸ ਗੱਲ 'ਤੇ ਮੈਨੂੰ ਮੇਰੇ ਸਹੁਰਿਆਂ ਉਤੇ ਬੜਾ ਗੁੱਸਾ ਆ ਰਿਹਾ ਸੀ ਕਿ ਮੇਰੀ ਪਤਨੀ ਵੱਲੋਂ ਗੁਰਮੀਤ ਹੇਅਰ ਦੀ ਸ਼ਨੀਂਤ ਕਰਨ ਦੇ ਬਾਵਜੂਦ ਰਾਤ ਵੇਲੇ ਉਸ ਨੂੰ ਇਸ ਤਰ੍ਹਾਂ ਵਾਪਸ ਕਿਉਂ ਮੋੜ ਦਿੱਤਾ। ਪਰ ਬਿਪਤਾ ਦੇ ਮਾਰੇ ਅਸੀਂ ਮੀਆਂ ਬੀਵੀ ਉਹਨਾਂ ਨੂੰ ਕੁਝ ਵੀ ਨਾ ਕਹਿ ਸਕੇ। ਬਾਕੀ ਰਿਸ਼ਤੇਦਾਰ ਤੇ ਭੈਣ ਭਰਾ ਤਾਂ ਸਾਨੂੰ ਬੁਲਾਉਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਸਨ। ਜੇ ਬਰਨਾਲੇ ਵਾਲਿਆਂ ਨਾਲ ਵੀ ਵਿਗਾੜ ਲਈ ਤਾਂ ਸਾਡਾ ਇਕ ਵੀ ਰਿਸ਼ਤੇਦਾਰ ਨਹੀਂ ਰਹਿਣਾ---ਇਹ ਸੋਚ ਕੇ ਅਸੀਂ ਚੁੱਪ-ਚਾਪ ਉਹਨਾਂ ਦੇ ਰੋਕਣ ਦੇ ਬਾਵਜੂਦ ਬਰਨਾਲੇ ਤੋਂ ਮਾਲੇਰਕੋਟਲੇ ਲਈ ਚੱਲ ਪਏ।
ਅਗਲੇ ਦਿਨ ਆਪਣੇ ਇਕ ਵਿਦਿਆਰਥੀ ਨੂੰ ਨਾਲ ਲੈ ਕੇ ਮੈਂ ਤਾਂ ਮੁੜ ਤਲਵਾੜੇ ਚਲਾ ਗਿਆ ਤੇ ਪਤਨੀ ਨੇ ਫੋਨ ਕਰਕੇ ਆਪਣੇ ਭਰਾਵਾਂ ਨੂੰ ਇਸ ਸਬੰਧੀ ਦੱਸ ਦਿੱਤਾ। ਪਤਾ ਨਹੀਂ ੂਂਨ ਦਾ ਰਿਸ਼ਤਾ ਸੀ ਜਾਂ ਸ਼ਰਮੋ-ਸ਼ਰਮੀ ਜਵਾਬ ਨਹੀਂ ਸੀ ਦੇ ਸਕੇ, ਸੁਦਰਸ਼ਨਾ ਦਾ ਭਰਾ ਹਰਬੰਸ ਦੋ ਬੱਚਿਆਂ ਨੂੰ ਆਪਣੀ ਭੈਣ ਕੋਲ ਛੱਡ ਗਿਆ ਸੀ। ਦਿਨ ਛਿਪੇ ਪਤਨੀ ਨੂੰ ਫੋਨ ਆਇਆ ਕਿ ਇਹਨਾਂ ਬੱਚਿਆਂ ਨਾਲ ਕੀ ਰਿਸ਼ਤਾ ਹੈ। ਫੋਨ ਰਾਹੀਂ ਇਹ ਗੱਲ ਮੈਨੂੰ ਸੁਦਰਸ਼ਨਾ ਨੇ ਤਲਵਾੜੇ ਦੱਸੀ। ਅਜਿਹੀ ਹਾਲਤ ਵਿਚ ਮੈਂ ਤਲਵਾੜੇ ਰਹਿ ਕੇ ਬੁਜ਼ਦਿਲਾਂ ਵਾਂਗ ਲੁਕਣਾ ਨਹੀਂ ਸੀ ਚਾਹੁੰਦਾ। ਭਾਵੇਂ ਗੁਰਮੀਤ ਹੇਅਰ ਨੇ ਮੈਨੂੰ ਲੱਖ ਸਮਝਾਇਆ ਤੇ ਉਸ ਦੀ ਬੀਵੀ ਨੇ ਵੀ। ਬੱਚਿਆਂ ਨੇ ਵੀ ਬੜਾ ਰੋਕਿਆ ਪਰ ਮੈਂ ਇਕੋ ਲੱਤ 'ਤੇ ਹੀ ਗਿਆ। ਅਗਲੇ ਦਿਨ ਗੁਰਮੀਤ ਹੇਅਰ ਤੇ ਮੈਂ ਮਾਲੇਰਕੋਟਲੇ ਲਈ ਚੱਲ ਪਏ। ਮੇਰੇ ਬੋਲਣ ਦੇ ਸੁਭਾਅ ਕਾਰਨ ਬਸ ਵਿਚ ਹੇਅਰ ਨੇ ਕਈ ਵਾਰ ਮੇਰੇ ਪੱਟ ਉਤੇ ਦੋ ਉਂਗਲਾਂ ਦਾ ਦਬਾ ਪਾਇਆ। ਤੀਜੇ ਕੁ ਵਾਰ ਮੈਂ ਇਸ ਇਸ਼ਾਰੇ ਤੋਂ ਸਮਝ ਗਿਆ। ਜਦੋਂ ਅਸੀਂ ਜਲੰਧਰ ਜਾ ਕੇ ਉਤਰੇ, ਹੇਅਰ ਨੇ ਮੈਨੂੰ ਕਿਹਾ ਕਿ ਤੁਹਾਨੂੰ ਗੁਪਤਵਾਸ ਜ਼ਿੰਦਗੀ ਗੁਜ਼ਾਰਨ ਦਾ ਤਜਰਬਾ ਨਹੀਂ। ਮੈਂ ਸਮਝ ਗਿਆ ਕਿ ਉਹ ਮੇਰੇ ਬਸ ਵਿਚ ਬੋਲਣ ਸਬੰਧੀ ਟੇਢੇ ਢੰਗ ਨਾਲ ਮੇਰੀ ਨਾਲਾਇਕੀ ਵੱਲ ਇਸ਼ਾਰਾ ਕਰ ਰਿਹਾ ਹੈ। ਉਸ ਦੇ ਸਬਕ ਨੂੰ ਮੈਂ ਅਜਿਹਾ ਪੱਲੇ ਬੰਨ੍ਹਿਆ ਕਿ ਮਾਲੇਰਕੋਟਲੇ ਘਰ ਵੜਨ ਤੱਕ ਇਕ ਵੀ ਸ਼ਬਦ ਨਹੀਂ ਸੀ ਬੋਲਿਆ।
ਸੁਦਰਸ਼ਨਾ ਦੇਵੀ ਨੇ ਕੱਲ੍ਹ ਵਾਪਰੀ ਜਿਹੜੀ ਕਹਾਣੀ ਸੁਣਾਈ, ਉਹ ਉਸ ਦੀ ਬਹਾਦਰੀ ਅਤੇ ਲਿਆਕਤ ਦੀ ਇਕ ਅਜਿਹੀ ਗੌਰਵ-ਗਾਥਾ ਹੈ, ਜਿਸ ਨਾਲ ਉਸ ਦੇ ਮੇਰੇ ਨਾਲੋਂ ਸਦੀਵੀ ਵਿਛੋੜੇ ਦੇ ਲਗਭਗ ਦਸ ਵਰ੍ਹੇ ਬੀਤਣ 'ਤੇ ਵੀ ਉਸ ਦੇ ਹੌਸਲੇ ਤੇ ਬੀਰਤਾ ਅੱਗੇ ਮੇਰਾ ਸਿਰ ਝੁਕ ਜਾਂਦਾ ਹੈ।
ਮੇਰੇ ਘਰ ਦੇ ਦਰਵਾਜ਼ੇ ਉਤੇ ਡਾ.ਐ=ੱਸ.ਤਰਸੇਮ ਦੇ ਨਾਂ ਦੀ ਨੇਮ ਪਲੇਟ ਲੱਗੀ ਹੋਈ ਸੀ। ਮੇਰੇ ਘਰ ਦੀ ਪਛਾਣ ਲਈ ਅਤਿਵਾਦੀਆਂ ਵਾਸਤੇ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਸੀ। ਪਤਨੀ ਨੇ ਦੱਸਿਆ, ਕੱਲ੍ਹ ਦੁਪਹਿਰ ਵੇਲੇ ਨਾਮਧਾਰੀਆਂ ਦੇ ਪਹਿਰਾਵੇ ਵਿਚ ਦੋ ਮੁੰਡੇ ਆਏ ਤੇ ਤਰਸੇਮ ਸਿੰਘ ਕਹਿ ਕੇ ਦਰਵਾਜ਼ਾ ਖੋਲ੍ਹਣ ਲਈ ਕਿਹਾ। ਸੁਦਰਸ਼ਨਾ ਨੇ ਵਿਰਲਾਂ ਵਿਚ ਦੀ ਦੇਖ ਲਿਆ ਸੀ ਕਿ ਇਕ ਨੇ ਕੱਪੜੇ ਦੀ ਬੁੱਕਲ ਮਾਰੀ ਹੋਈ ਸੀ। ਦੋਹਾਂ ਦੇ ਘੋਨੀਆਂ ਜੁੱਤੀਆਂ ਸਨ। ਜਦੋਂ ਭੋਲੇਪਣ ਵਿਚ ਉਸ ਨੇ ਮਾੜਾ ਜਿਹਾ ਦਰਵਾਜ਼ਾ ਖੋਲ੍ਹਿਆ, ਉਹਨਾਂ ਵਿਚੋਂ ਇਕ ਅੰਦਰ ਵੜਨ ਲੱਗਿਆ। ਸੁਦਰਸ਼ਨਾ ਨੇ ਉਸ ਨੂੰ ਧੱਕਾ ਮਾਰਿਆ ਤੇ ਉਹ ਅਜਿਹਾ ਡਿੱਗਿਆ ਕਿ ਉਸ ਦੀ ਏ.ਕੇ. ੪੭ ਵੀ ਉਸ ਦੇ ਵਸ ਵਿਚ ਨਾ ਰਹੀ। ਸੁਦਰਸ਼ਨਾ ਨੇ ਤੁਰੰਤ ਦਰਵਾਜ਼ਾ ਬੰਦ ਕਰ ਲਿਆ। ਪਤਾ ਨਹੀਂ ਕਿਹੜੇ ਵੇਲੇ ਦੋਵੇਂ ਮੁੰਡੇ ਰਫੂ ਚੱਕਰ ਹੋ ਗਏ। ਇਸ ਘਟਨਾ ਤੋਂ ਇਹ ਵੀ ਲਗਦਾ ਹੈ ਕਿ ਅਤਿਵਾਦੀਆਂ ਨੇ ਮੈਨੂੰ ਮਾਰਨ ਦੀ ਪੱਕੀ ਧਾਰੀ ਹੋਈ ਸੀ। ਪਰ ਵੇਲੇ ਸਿਰ ਚੌਕਸ ਹੋ ਜਾਣ ਕਾਰਨ ਰਵੀ ਦੀ ਸ਼ਹੀਦੀ ਪਿੱਛੋਂ ਮੇਰੇ ਵਿਰੁੱਧ ਘੜੀ ਗਈ ਸਾਜ਼ਿਸ਼ ਦੇ ਬਾਵਜੂਦ ਮੈਂ ਬਚ ਗਿਆ ਸੀ। ਡੇਢ ਸਾਲ ਬਾਡੀਗਾਰਡ ਰਹੇ। ਮੇਰੀ ਜਿਹੜੀ ਉਹਨਾਂ ਰੱਖਿਆ ਕੀਤੀ, ਸੋ ਕੀਤੀ ਪਰ ਮੇਰੇ ਘਰ ਦਾ ਸਮਾਨ ਜਿਹੜਾ ਮਸਾਂ ਬਣਾਇਆ ਸੀ, ਉਹਨਾਂ ਇਕ ਇਕ ਕਰਕੇ ਸਾਰਾ ਢੋ ਲਿਆ। ਛੇ ਮਹੀਨੇ ਪਿੱਛੋਂ ਹੀ ਮੈਂ ਤਾਂ ਪੰਜਾਬ ਸਰਕਾਰ ਨੂੰ ਇਹਨਾਂ ਬਾਡੀਗਾਰਡਾਂ ਨੂੰ ਵਾਪਸ ਬੁਲਾਉਣ ਲਈ ਕਹਿ ਦਿੱਤਾ ਸੀ। ਪਰ ਉਹ ਆਪਣੀ ਤਨਖਾਹ ਲਈ ਪੁਲਿਸ ਦੀ ਮਿਲੀਭੁਗਤ ਨਾਲ ਡੇਢ ਸਾਲ ਕੱਟ ਗਏ। ਉਂਜ ਜੇ ਸੱਚ ਪੁੱਛੋਂ ਤਾਂ ਇਹਨਾਂ ਅੰਗ ਰੱਖਿਅਕਾਂ ਦਾ ਉ=ੱਕਾ ਹੀ ਕੋਈ ਲਾਭ ਨਹੀਂ ਸੀ, ਸਗੋਂ ਥਿਰੀ-ਨਟ-ਥਿਰੀ ਦੀਆਂ ਸੋਟਿਆਂ ਵਰਗੀਆਂ ਬੰਦੂਕਾਂ ਨਾਲ ਲੈਸ ਇਹ ਮੁਲਾਜ਼ਮ ਤਾਂ ਮੇਰੀ ਸਿੱਧੀ ਪਛਾਣ ਦਾ ਕਾਰਨ ਬਣ ਰਹੇ ਸਨ ਤੇ ਇਹ ਬੰਦੂਕਾਂ ਏ.ਕੇ. ੪੭ ਵਰਗੇ ਆਧੁਨਿਕ ਹਥਿਆਰਾਂ ਸਾਹਮਣੇ ਕੋਈ ਅਰਥ ਨਹੀਂ ਸਨ ਰਖਦੀਆਂ। ਉਂਜ ਵੀ ਇਕ ਮੁਲਾਜ਼ਮ ਤਾਂ ਏਨਾ ਮੂਰਖ ਸੀ ਕਿ ਮੇਰੇ ਰੋਕਣ ਦੇ ਬਾਵਜੂਦ ਵੀ ਉਹ ਬੰਦੂਕ ਨਾਲ ਲੈ ਕੇ ਜਾਂਦਾ। ਇਸ ਤਰ੍ਹਾਂ ਕਾਲਜ ਵਿਚ ਬਹੁਤ ਸਾਰੇ ਅਧਿਆਪਕ ਸਾਥੀਆਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਅਤਿਵਾਦੀਆਂ ਦੀ ਹਿੱਟ ਲਿਸਟ 'ਤੇ ਹਾਂ ਤੇ ਸਰਕਾਰ ਵੱਲੋਂ ਮੈਨੂੰ ਦੋ ਹਥਿਆਰਬੰਦ ਮੁਲਾਜ਼ਮ ਮਿਲੇ ਹੋਏ ਹਨ। ਇਕ ਪ੍ਰੋਫੈਸਰ ਨੇ ਤਾਂ ਪੁੱਛ ਹੀ ਲਿਆ ਸੀ ਕਿ ਇਹ ਨੌਜਵਾਨ ਤੁਹਾਡਾ ਬਾਡੀਗਾਰਡ ਹੈ? ਮੈਂ ਗੋਲ-ਮੋਲ ਜਵਾਬ ਦੇ ਕੇ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਮੇਰੀ ਗੱਲ ਜਚੀ ਨਹੀਂ ਸੀ।
ਅੰਮ੍ਰਿਤਸਰ ਵਿਚ ਮੇਰੇ ਦੋ ਨੇਤਰਹੀਣ ਦੋਸਤ ਹਰਿਮੰਦਰ ਸਾਹਿਬ ਵਿਚ ਰਾਗੀ ਸਨ। ਧਮਕੀ ਪੱਤਰਾਂ ਦੇ ਆਉਣ ਦੇ ਚਾਰ ਕੁ ਮਹੀਨੇ ਪਿੱਛੋਂ ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਦੀ ਇਕ ਮੀਟਿੰਗ ਵਿਚ ਮੈਨੂੰ ਉਹ ਮਿਲ ਗਏ। ਮੈਂ ਇਹ ਪਤਾ ਲਾਉਣ ਲਈ ਕਿ ਕੀ ਇਹ ਧਮਕੀ ਪੱਤਰ ਅੰਮ੍ਰਿਤਸਰ ਵਾਲੇ ਘੜੇ ਵਿਚੋਂ ਚੁੱਕੀ ਪਰਚੀ ਦਾ ਨਤੀਜਾ ਹਨ ਜਾਂ ਇਹਨਾਂ ਦੀ ਬੁਨਿਆਦ ਕੋਈ ਹੋਰ ਹੈ, ਸਾਰੀ ਕਹਾਣੀ ਉਹਨਾਂ ਵਿਚੋਂ ਇਕ ਸੀਨੀਅਰ ਰਾਗੀ ਨੂੰ ਦੱਸ ਦਿੱਤੀ ਸੀ। ਰਾਗੀ ਨੇ ਦੋ ਕੁ ਹਫਤਿਆਂ ਦੀ ਪੜਤਾਲ ਪਿੱਛੋਂ ਮੈਨੂੰ ਫੋਨ ਕੀਤਾ ਕਿ ਕੋਈ ਸਥਾਨਕ ਜਥੇਬੰਦੀ ਨਾਲ ਸਬੰਧਤ ਮੁੰਡਿਆਂ ਦੀ ਕਾਰਵਾਈ ਹੈ। ਅੰਮ੍ਰਿਤਸਰ ਵਾਲੀ ਹਿੱਟ ਲਿਸਟ ਵਿਚ ਮੇਰਾ ਨਾਂ ਕਿਤੇ ਨਹੀਂ ਬੋਲਦਾ। ਰਾਗੀ ਦੇ ਸੁਨੇਹੇ ਨਾਲ ਮੇਰਾ ਅੱਧੇ ਤੋਂ ਵੱਧ ਡਰ ਤਾਂ ਲਹਿ ਗਿਆ ਸੀ ਪਰ ਕੁਝ ਡਰ ਇਸ ਲਈ ਬਣਿਆ ਰਿਹਾ, ਕਿਉਂਕਿ ਅਤਿਵਾਦੀਆਂ ਦੇ ਭੇਸ ਵਿਚ ਇਲਾਕੇ ਦਾ ਗੁੰਡਾ ਅਨਸਰ ਕੁਝ ਵੀ ਕਰ ਸਕਦਾ ਸੀ। ਉਹਨਾਂ ਦਿਨਾਂ ਵਿਚ ਮੈਂ ਆਪਣੀਆਂ ਬਹੁਤ ਸਾਰੀਆਂ ਕਾਵਿ-ਰਚਨਾਵਾਂ ਅਤਿਵਾਦ ਤੇ ਫਿਰਕਾਪ੍ਰਸਤੀ ਦੇ ਵਿਰੁੱਧ ਲਿਖੀਆਂ। ਚੰਗੇ ਚੰਗੇ ਅੀਂਬਾਰਾਂ ਤੇ ਰਸਾਲਿਆਂ ਵਿਚ ਛਪੀਆਂ ਵੀ। ਦੂਜੇ ਮੈਂ ਜਨਤਕ ਇਕੱਠਾਂ ਤੇ ਕਈ ਵਾਰ ਕਾਲਜ ਵਿਚ ਗੁਰਬਾਣੀ ਜਾਂ ਸੂਫੀ ਕਵਿਤਾ ਪੜ੍ਹਾਉਣ ਸਮੇਂ ਸਿੱਖ ਫਿਲਾਸਫੀ ਨੂੰ ਫਿਰਕਾਪ੍ਰਸਤੀ ਅਤੇ ਅਤਿਵਾਦ ਦੀ ਵਿਰੋਧੀ ਦੱਸ ਕੇ ਸਰਕਾਰ, ਪੁਲਿਸ ਅਤੇ ਅਤਿਵਾਦ ਵਿਰੁੱਧ ਡਟ ਕੇ ਬੋਲਦਾ ਸੀ। ਕਲਾਸਾਂ ਵਿਚ ਪੜ੍ਹਾਉਣ ਸਮੇਂ ਜਿਵੇਂ ਮੈਂ ਕਈ ਵਾਰ ਭੁੱਲ ਹੀ ਜਾਂਦਾ ਸੀ ਕਿ ਮੈਂ ਕਿਸੇ ਸਰਕਾਰੀ ਕਾਲਜ ਵਿਚ ਪੜ੍ਹਾ ਰਿਹਾ ਹਾਂ। ਕੁਝ ਸ਼ਰਾਰਤੀ ਮੁੰਡੇ ਮੇਰੇ 'ਤੇ ਔਖੇ ਵੀ ਸਨ, ਕਿਉਂਕਿ ਮੈਂ ਕਈ ਵਾਰ ਕਲਾਸਾਂ ਵਿਚ ਤੇ ਕਈ ਵਾਰ ਬਾਹਰ ਬੁਲਾ ਕੇ ਉਹਨਾਂ ਦੀਆਂ ਗਲਤ ਹਰਕਤਾਂ ਵਿਰੁੱਧ ਡਾਂਟਦਾ ਸੀ। ਮੈਨੂੰ ਸ਼ੱਕ ਸੀ ਕਿ ਇਹਨਾਂ ਮੁੰਡਿਆਂ ਵਿਚੋਂ ਹੀ ਸ਼ਾਇਦ ਇਹ ਕੋਈ ਕਾਰਵਾਈ ਕਰ ਰਿਹਾ ਹੋਵੇ। ਪੁਲਿਸ ਵੱਲੋਂ ਤੇ ਖਾਸ ਕਰਕੇ ਮਾਲੇਰਕੋਟਲਾ ਦੇ ਡੀ.ਐਸ.ਪੀ. ਦਫਤਰ ਵੱਲੋਂ ਮੇਰੇ ਵਿਰੁੱਧ ਅਜਿਹਾ ਪ੍ਰਚਾਰ ਸੁਣਿਆ ਗਿਆ, ਜਿਸ ਤੋਂ ਮੈਨੂੰ ਸਪਸ਼ਟ ਹੋ ਗਿਆ ਕਿ ਕਾਲਜ ਜਾਂ ਕਾਲਜ ਤੋਂ ਬਾਹਰਲੇ ਮੁੰਡਿਆਂ ਨੂੰ ਪੁਲਿਸ ਦੀ ਸ਼ਹਿ ਹੈ। ਇਹ ਵੀ ਗੱਲ ਸੁਣਨ ਨੂੰ ਮਿਲੀ ਕਿ ਡਾ.ਰਵੀ ਦੇ ਕਤਲ ਪਿੱਛੋਂ ਉਸ ਦੇ ਕਾਤਲ ਸਾਡੇ ਘਰ ਦੇ ਪਿਛਲੇ ਮੁਹੱਲੇ ਵਿਚ ਆ ਕੇ ਠਹਿਰੇ ਸਨ ਅਤੇ ਉਹਨਾਂ ਦੀ ਹੀ ਵਿਉਂਤ ਕਾਰਨ ਸ਼ਾਇਦ ਮਾਲੇਰਕੋਟਲਾ ਦੇ ਮੁੰਡਿਆਂ ਨੇ ਮੈਨੂੰ ਸੋਧਣ ਲਈ ਧਮਕੀ ਪੱਤਰ ਲਿਖੇ ਹੋਣ। ਉਂਜ ਸਾਲ ਕੁ ਪਿੱਛੋਂ ਟੈਲੀਫੋਨਾਂ ਤੇ ਧਮਕੀ ਪੱਤਰਾਂ ਦਾ ਸਿਲਸਿਲਾ ਬੰਦ ਹੋ ਗਿਆ ਸੀ ਤੇ ਮੈਂ ਆਪਣੀਆਂ ਰੋਜ਼ਮੱਰ੍ਹਾ ਦੀਆਂ ਸਾਹਿਤਕ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ ਸਨ।
੧੯੯੧-੯੩ ਦੌਰਾਨ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦਾ ਜਨਰਲ ਸਕੱਤਰ ਚੁਣਿਆ ਗਿਆ, ਜਿਸ ਨਾਲ ਮੇਰੀਆਂ ਸਾਹਿਤਕ ਸਰਗਰਮੀਆਂ ਦਾ ਸਿਲਸਿਲਾ ਸਾਰੇ ਪੰਜਾਬ ਤੱਕ ਹੀ ਨਹੀਂ, ਸਗੋਂ ਦਿੱਲੀ ਦੱਖਣ ਤਕ ਵਧ ਗਿਆ ਸੀ। ਇਸ ਸਮੇਂ ਦੇ ਦੌਰਾਨ ਕਮਲ ਕਾਂਤ ਮੇਰਾ ਪੱਕਾ ਸਹਾਇਕ ਸੀ। ਕਈ ਵਾਰ ਦੂਰੋਂ ਵਾਪਸੀ ਸਮੇਂ ਲੁਧਿਆਣੇ ਤੱਕ ਦੀ ਹੀ ਬਸ ਮਿਲਦੀ। ਲੁਧਿਆਣੇ ਤੋਂ ਘਰ ਪਹੁੰਚਣ ਲਈ ਸਾਨੂੰ ਕਿਸੇ ਟਰੱਕ ਜਾਂ ਸਬਜ਼ੀ ਵਾਲੇ ਕਿਸੇ ਟੈਂਪੂ ਵਿਚ ਬੈਠਣਾ ਪੈਂਦਾ। ਦੋ ਵਾਰ ਤਾਂ ਅਸੀਂ ਪੱਕੇ ਅਤਿਵਾਦੀਆਂ ਦੇ ਨਿਸ਼ਾਨੇ ਤੋਂ ਰੱਬ-ਸਬੱਬੀ ਹੀ ਬਚ ਗਏ ਸਾਂ। ਜੇ ਇਹ ਕਾਰਵਾਈ ਹੋ ਜਾਂਦੀ ਤਾਂ ਇਸ ਦਾ ਕਾਰਨ ਇਹ ਨਹੀਂ ਸੀ ਹੋਣਾ ਕਿ ਮੈਂ ਉਹਨਾਂ ਦੀ ਹਿੱਟ ਲਿਸਟ 'ਤੇ ਹਾਂ, ਸਗੋਂ ਕਾਰਨ ਇਹ ਸੀ ਕਿ ਜਿਹੜੇ ਵੀ ਮੋਨੇ ਬਸ ਜਾਂ ਕਿਸੇ ਹੋਰ ਸਫਰ ਦੌਰਾਨ ਇਹਨਾਂ ਅਤਿਵਾਦੀਆਂ ਦੇ ਅੜਿੱਕੇ ਆ ਜਾਂਦੇ, ਉਹਨਾਂ ਨੂੰ ਉਹ ਪਾਰ ਬੁਲਾ ਦਿੰਦੇ। ਪਰ ਕਮਲ ਦੀ ਹੁਸ਼ਿਆਰੀ ਤੇ ਤੇਜ਼ ਤਰਾਰ ਨਜ਼ਰ ਕਾਰਨ ਦੋਵੇਂ ਵਾਰ ਅਸੀਂ ਬਚ ਗਏ ਸਾਂ।
੧੯੯ਂ ਦੇ ਅੱਧ ਵਿਚ ਸੁਦਰਸ਼ਨਾ ਅੱਖਾਂ ਦੇ ਇਕ ਦੀਰਘ ਰੋਗ ਦੀ ਸ਼ਿਕਾਰ ਹੋ ਗਈ। ਉਸ ਨੂੰ ਸ਼ੱਕਰ ਰੋਗ ਸੀ। ਉਂਜ ਵੀ ਉਸ ਦੀਆਂ ਦੋਵਾਂ ਅੱਖਾਂ ਦੀ ਦੂਰ ਦੀ ਨਜ਼ਰ ਏਨੀ ਘੱਟ ਸੀ ਕਿ ਐਨਕ ਦੇ ਸ਼ੀਸ਼ੇ ਮਾਈਨਸ ਬਾਰਾਂ ਅਤੇ ਮਾਈਨਸ ਤੇਰਾਂ ਦੇ ਲੱਗੇ ਹੋਏ ਸਨ। ਇਹ ਹਾਈ ਮਾਇਓਪੀਆ ਤਾਂ ਸੀ ਹੀ ਪਰ ਉਸ ਦਾ ਰੈਟੀਨਾ ਸ਼ੱਕਰ ਰੋਗ ਕਾਰਨ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ। ਪਟਿਆਲਾ ਤੇ ਲੁਧਿਆਣਾ ਦੇ ਡਾਕਟਰਾਂ ਨੇ ਰੈਟੀਨਾ ਡੀਟੈਚਮੈਂਟ ਦੱਸ ਕੇ ਸਾਨੂੰ ਅੰਮ੍ਰਿਤਸਰ ਜਾਣ ਦੀ ਸਲਾਹ ਦਿੱਤੀ। ਤਿੰਨ ਮਹੀਨਿਆਂ ਵਿਚ ਸਾਨੂੰ ਅੰਮ੍ਰਿਤਸਰ ਨੌਂ ਵਾਰ ਜਾਣਾ ਪਿਆ। ਉਹਨਾਂ ਦਿਨਾਂ ਵਿਚ ਮੇਰਾ ਵੱਡਾ ਪੁੱਤਰ ਰਾਜੇਸ਼ ਕ੍ਰਾਂਤੀ ਸੋਵੀਅਤ ਦੇਸ਼ ਦੇ ਸ਼ਹਿਰ ਸਿੰਫਰਾਪੋਲ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਤੇ ਛੋਟਾ ਪੁੱਤਰ ਬੌਬੀ ਅਲੱਗ ਰਹਿ ਰਿਹਾ ਸੀ। ਇਸ ਲਈ ਮੈਨੂੰ ਆਪਣੇ ਨਾਲ ਆਪਣੇ ਅੰਗ ਰੱਖਿਅਕਾਂ ਵਿਚੋਂ ਗੋਪਾਲ ਸ਼ਰਮਾ ਨੂੰ ਹੀ ਲਿਜਾਣਾ ਪੈਂਦਾ ਸੀ। ਹਸਪਤਾਲ ਵਿਚ ਦੁਪਹਿਰ ਤੋਂ ਪਿੱਛੋਂ ਲੇਜ਼ਰ ਨਾਲ ਰੈਟੀਨਾ ਨੂੰ ਜੋੜਨ ਦਾ ਕੰਮ ਕੀਤਾ ਜਾਂਦਾ ਸੀ, ਜਿਸ ਕਾਰਨ ਅਕਸਰ ਚਾਰ-ਪੰਜ ਵੱਜ ਜਾਂਦੇ। ਮਸਾਂ ਭੱਜ-ਦੌੜ ਵਿਚ ਅਸੀਂ ਇਕ ਪ੍ਰਾਈਵੇਟ ਬਸ ਫੜਦੇ ਜੋ ਅਕਸਰ ਸਿੱਧੀ ਮਾਲੇਰਕੋਟਲੇ ਆਉਂਦੀ। ਉਂਜ ਉਹਨਾਂ ਦਿਨਾਂ ਵਿਚ ਰਾਤ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਬਸਾਂ ਆਪਣੇ ਟਿਕਾਣੇ 'ਤੇ ਪਹੁੰਚ ਜਾਂਦੀਆਂ। ਗੋਪਾਲ ਸ਼ਰਮਾ ਜਾਣ ਵੇਲੇ ਨੰਗੇ ਸਿਰ ਹੁੰਦਾ, ਦਿਨ ਛਿਪਣ ਨਾਲ ਹੀ ਉਹ ਇਕ ਟੋਪੀ ਸਿਰ 'ਤੇ ਲੈ ਲੈਂਦਾ। ਤੀਜੇ ਗੇੜੇ ਸੁਦਰਸ਼ਨਾ ਨੇ ਮੇਰੇ ਨਾਲ ਗੱਲ ਕੀਤੀ ਕਿ ਏਨੀ ਠੰਡ ਤਾਂ ਹੈ ਨਹੀਂ, ਗੋਪਾਲ ਦਿਨ ਛਿਪਣ ਨਾਲ ਹੀ ਟੋਪੀ ਕਿਉਂ ਲੈ ਲੈਂਦਾ ਹੈ? ਮੈਂ ਉਸ ਦੇ ਸਿਰ 'ਤੇ ਹੱਥ ਫੇਰ ਕੇ ਵੇਖਿਆ, ਬਰੀਕ ਧਾਗੇ ਨਾਲ ਬੁਣੀ ਗਲੀਆਂ ਵਾਲੀ ਟੋਪੀ ਨਮਾਜ਼ੀ ਤਾਂ ਪੱਕੇ ਤੌਰ 'ਤੇ ਹੀ ਲੈਂਦੇ ਹਨ। ਉਂਜ ਮਾਲੇਰਕੋਟਲੇ ਦੇ ਕਈ ਮੁਸਲਮਾਨ ਇਹ ਟੋਪੀ ਲੈਂਦੇ ਹਨ, ਮੈਨੂੰ ਇਸ ਗੱਲ ਦਾ ਪਤਾ ਸੀ। ਗਰੇਵਾਲ ਚੌਕ ਤੋਂ ਜਦ ਆਪਣੇ ਘਰ ਵੱਲ ਮੁੜ ਰਹੇ ਸੀ ਤਾਂ ਮੈਂ ਹਸਦੇ-ਹਸਦੇ ਗੋਪਾਲ ਨੂੰ ਟੋਪੀ ਬਾਰੇ ਪੁੱਛ ਹੀ ਲਿਆ। ਉਹਨੇ ਕਿਹਾ, **ਅੰਕਲ ਜੀ, ਇਹਦੇ ਨਾਲ ਥੋਡੀ ਵੀ ਬੱਚਤ ਹੈ ਤੇ ਮੇਰੀ ਵੀ। ਮੈਂ ਸ਼ਾਮ ਛੇ ਵਜੇ ਤੋਂ ਪਿੱਛੋਂ ਬਾਹਰ ਗਾਜ਼ੀ ਸੁਲੇਮਾਨ ਬਣ ਜਾਂਦਾ ਹਾਂ।'' ਅਸੀਂ ਮੀਆਂ-ਬੀਵੀ ਉਸ ਦੀ ਹੁਸ਼ਿਆਰੀ ਉਤੇ ੂਂਬ ਹੱਸੇ। ਸੱਚਮੁੱਚ ਉਹਨਾਂ ਦਿਨਾਂ ਵਿਚ ਜਦ ਵੀ ਬਸ ਕਿਸੇ ਥਾਂ ਰੁਕਦੀ ਤੇ ਕੁਝ ਨਵੀਆਂ ਸਵਾਰੀਆਂ ਚੜ੍ਹਦੀਆਂ, ਅਸੀਂ ਮੀਆਂ-ਬੀਵੀ ਸਹਿਮ ਜਾਂਦੇ। ਮੈਨੂੰ ਆਪਣੀ ਜਾਨ ਦਾ ਫਿਕਰ ਨਹੀਂ ਸੀ। ਡਰ ਸੀ ਕਿ ਕਿਤੇ ਇਹ ਗਰੀਬ ਹੀ ਨਾ ਮਾਰਿਆ ਜਾਵੇ, ਕਿਉਂਕਿ ਉਹਨਾਂ ਦਿਨਾਂ ਵਿਚ ਅਕਸਰ ਬਸ ਰੋਕ ਕੇ ਮੋਨੀਆਂ ਸਵਾਰੀਆਂ ਨੂੰ ਉਤਾਰ ਲਿਆ ਜਾਂਦਾ ਤੇ ਠੂਹ-ਠਾਹ ਕਰ ਦਿੱਤੀ ਜਾਂਦੀ।
ਸਾਡੇ ਲਈ ਅਤਿਵਾਦ-ਵੱਖਵਾਦ ਦੀ ਇਹ ਕੁੜੱਤਣ ਨਵੀਂ ਨਹੀਂ ਸੀ। ੧੯੮੫ ਵਿਚ ਮੇਰੇ ਗਿਆਰ੍ਹਵੀਂ ਵਿਚ ਪੜ੍ਹਦੇ ਵੱਡੇ ਬੇਟੇ ਕ੍ਰਾਂਤੀ ਦੇ ਨਵੇਂ-ਨਵੇਂ ਅੰਮ੍ਰਿਤਧਾਰੀ ਮੁੰਡੇ ਨੇ ਜਦੋਂ ਬਿਨਾਂ ਕਿਸੇ ਕਾਰਨ ਮੋਢੇ ਵਿਚ ਕਿਰਪਾਨ ਗੱਡ ਦਿੱਤੀ ਸੀ ਅਤੇ ਇਸ ਕਾਰਨ ਡੇਢ ਇੰਚ ਚੌੜਾ ਤੇ ਤਿੰਨ ਇੰਚ ਡੂੰਘਾ ਜ਼ੀਂਮ ਹੋ ਗਿਆ ਸੀ, ਉਸ ਜ਼ੀਂਮ ਦਾ ਅਹਿਸਾਸ ਅੱਜ ਵੀ ਮੇਰੇ ਅੰਦਰ ਇਸ ਲਹਿਰ ਦੇ ਨਾਂਹ-ਪੱਖੀ ਰੁਝਾਨ ਕਾਰਨ ਅਜੀਬ ਜਿਹੀ ਨਫਰਤ ਭਰ ਦਿੰਦਾ ਹੈ। ਪਰ ਮੈਂ ਸੰਤੁਲਿਤ ਵਿਸ਼ਲੇਸ਼ਣ ਪਿੱਛੋਂ ਇਸ ਸਿੱਟੇ 'ਤੇ ਪਹੁੰਚਦਾ ਹਾਂ ਕਿ ਇਹ ਕਾਲੇ ਦਿਨ ਕੁਰਸੀਆਂ ਦੀ ਲੜਾਈ ਸੀ, ਲੋਕਾਂ ਦੀ ਨਹੀਂ, ਧਰਮਾਂ ਦੀ ਨਹੀਂ।
ਕਾਲ ਚੱਕਰ
ਕਾਲ ਚੱਕਰ ਮੇਰੇ ਲਈ ਮੌਤਾਂ ਦਾ ਉਹ ਚੱਕਰ ਹੈ, ਜੋ ਮੇਰੇ ਜਨਮ ਪਿੱਛੋਂ ਛੇਤੀ ਹੀ ਸ਼ੁਰੂ ਹੋ ਗਿਆ ਸੀ ਅਤੇ ਮੈਂ ਇਕ ਸਦਮੇ ਵਿਚੋਂ ਬੜੀ ਮੁਸ਼ਕਿਲ ਨਾਲ ਨਿਕਲਦਾ ਕਿ ਮੌਤ ਦਾ ਕੋਈ ਹੋਰ ਡੰਗ ਮੈਨੂੰ ਬੇਹੋਸ਼ ਕਰ ਦਿੰਦਾ। ਜਿਵੇਂ ਮੈਂ ਬਚਪਨ ਤੋਂ ਜੁਆਨੀ ਤੱਕ ਹੌਲੀ ਹੌਲੀ ਸਵੇਰੇ ਤੋਂ ਹਨੇਰੇ ਵੱਲ ਧੱਕਿਆ ਗਿਆ ਹਾਂ ਅਤੇ ਹੁਣ ਮੈਨੂੰ ਬਾਹਰੀ ਹਨੇਰਾ ਓਨਾ ਤੰਗ ਨਹੀਂ ਕਰਦਾ, ਜਿੰਨਾ ਲੋਕ ਸੋਚਦੇ ਹਨ, ਬਿਲਕੁਲ ਉਸੇ ਤਰ੍ਹਾਂ ਮੇਰੇ ਸਕੇ-ਸਬੰਧੀਆਂ ਤੋਂ ਲੈ ਕੇ ਮੇਰੇ ਬਹੁਤ ਕਰੀਬੀ ਮਿੱਤਰਾਂ ਤੱਕ ਦੀਆਂ ਮੌਤਾਂ ਦੀਆਂ ਸੱਟਾਂ ਨੂੰ ਝੱਲਣ ਦਾ ਹੁਣ ਮੈਂ ਆਦੀ ਹੋ ਗਿਆ ਹਾਂ।
ਮੈਨੂੰ ਵੇਖਣ ਆਈ ਭੈਣ ਰਾਮ ਪਿਆਰੀ ਦੀ ਕੋਠੇ ਤੋਂ ਡਿਗ ਕੇ ਰੀੜ੍ਹ ਦੀ ਹੱਡੀ ਟੁੱਟਣ ਕਾਰਨ ਡੇਢ-ਦੋ ਸਾਲ ਦੁੱਖ ਕੱਟ ਕੇ ਤੁਰ ਜਾਣ ਦੀ ਕਹਾਣੀ ਮਾਂ ਨੇ ਕਈ ਵਾਰ ਰੋ ਰੋ ਕੇ ਸੁਣਾਈ ਸੀ। ਮੈਂ ਪੰਜ ਸਾਲ ਦਾ ਹੀ ਸੀ ਜਦੋਂ ਪਿਤਾ ਜੀ ਤੁਰ ਗਏ ਤੇ ਇਹ ਉਹਨਾਂ ਦੀ ਮੌਤ ਹੀ ਸੀ ਜੋ ਮੇਰੇ ਲਈ ਮੇਰੇ ਭਵਿੱਖ ਨੂੰ ਆਪ ਬਣਾਉਣ ਲਈ ਸਾਰੀ ਉਮਰ ਮੈਨੂੰ ਸੰਘਰਸ਼ਸ਼ੀਲ ਬਣਨ ਦਾ ਇਕ ਕਾਰਨ ਬਣੀ। ਭੈਣ ਸੀਤਾ ਦੀ ਮੌਤ ਤਾਂ ਉਦੋਂ ਹੋਈ ਜਦੋਂ ਦਸਵੀਂ ਕਰਕੇ ਮੈਂ ਘਰ ਦੀ ਕਮਜ਼ੋਰ ਆਰਥਿਕ ਹਾਲਤ ਨੂੰ ਠੁੰਮ੍ਹਣਾ ਦੇਣ ਲਈ ਨਾਬਾਲਗ ਹੋਣ ਦੇ ਬਾਵਜੂਦ ਵੀ ਸਕੂਲ ਵਿਚ ਨੌਕਰੀ ਕਰ ਲਈ ਸੀ। (ਭੈਣ ਰਾਮ ਪਿਆਰੀ, ਪਿਤਾ ਜੀ ਅਤੇ ਭੈਣ ਸੀਤਾ ਦੀ ਮੌਤ ਦੀ ਪੂਰੀ ਕਹਾਣੀ ਮੈਂ ਆਪਣੀ ਆਤਮ ਕਥਾ *ਕੱਚੀ ਮਿੱਟੀ ਪੱਕਾ ਰੰਗ' ਵਿਚ ਦਿੱਤੀ ਹੈ)
ਭੈਣ ਦੀ ਮੌਤ ਪਿੱਛੋਂ ਮੈਂ ਕਈ ਮਹੀਨੇ ਅੰਦਰ ਬੈਠ ਬੈਠ ਰੋਂਦਾ ਰਿਹਾ। ਮਾਂ ਨੂੰ ਮੇਰੇ ਰੋਣ ਦਾ ਪਤਾ ਸੀ। ਉਹ ਮੇਰੀ ਘਟ ਰਹੀ ਨਿਗਾਹ ਨੂੰ ਰੋਣ ਨਾਲ ਜੋੜ ਕੇ ਬਹੁਤ ਝੁਰਦੀ। ਮੈਨੂੰ ਬਹੁਤ ਸਮਝਾਉਂਦੀ। ਕਹਿੰਦੀ, **ਜਦੋਂ ਮੈਂ ਨਹੀਂ ਰੋਂਦੀ, ਉਹਦੀ ਉਮਰ ਹੀ ਏਨੀ ਲਿਖੀ ਹੋਈ ਸੀ।'' ਪਰ ਮੇਰੇ ਰੋਣ ਵਿਚ ਵੀ ਜਿਵੇਂ ਕੋਈਖੁਦਗਰਜ਼ੀ ਹੋਵੇ। ਉਸ ਸਮੇਂ ਮੇਰੇ ਭਵਿੱਖ ਬਾਰੇ ਸੋਚਣ ਵਾਲੀ ਮੈਨੂੰ ਇਕੋ-ਇਕ ਭੈਣ ਸੀਤਾ ਹੀ ਲਗਦੀ ਸੀ ਤੇ ਉਹ ਤੁਰ ਗਈ। ਮੈਨੂੰ ਲਗਦਾ ਸੀ ਜਿਵੇਂ ਉਹ ਮੇਰਾ ਭਵਿੱਖ ਵੀ ਨਾਲ ਲੈ ਗਈ ਹੋਵੇ।
ਮੇਰੀ ਉਦਾਸੀ ਨੂੰ ਮੇਰੇ ਰਿਸ਼ਤੇਦਾਰਾਂ ਵਿਚੋਂ ਜੇ ਕੋਈ ਭਾਂਪਦਾ ਸੀ ਤੇ ਮੇਰੇ ਨਾਲ ਚਿੱਤੋਂ ਹਮਦਰਦੀ ਰਖਦਾ ਸੀ, ਉਹ ਸੀ ਮੇਰਾ ਮਾਲੇਰਕੋਟਲੇ ਵਾਲਾ ਭਣੋਈਆ---ਗੁੱਜਰ ਲਾਲ ਮੋਦੀ। ਇਸ ਲਈ ਮੇਰੀ ਜ਼ਿੰਦਗੀ ਵਿਚ ਜਦ ਵੀ ਕੋਈ ਸਮੱਸਿਆ ਆਉਂਦੀ, ਮੈਂ ਮਾਲੇਰਕੋਟਲੇ ਭੱਜਦਾ। ਗੁੱਜਰ ਲਾਲ ਜੀਜਾ ਜੀ ਨੇ ਹੀ ਮੇਰੀਆਂ ਅੱਖਾਂ ਦੇ ਇਲਾਜ ਬਾਰੇ ਸਭ ਤੋਂ ਵੱਧ ਤਰੱਦਦ ਕੀਤਾ। ਲੁਧਿਆਣੇ ਦਾ ਅੱਖਾਂ ਦਾ ਇਕ ਡਾਕਟਰ ਬੇਰੀ ਹਰ ਸ਼ਨੀਵਾਰ ਨੂੰ ਮਾਲੇਰਕੋਟਲੇ ਆਉਂਦਾ। ਜੀਜਾ ਜੀ ਦੇ ਕਹਿਣ ਉਤੇ ਮੈਂ ਹਰ ਸ਼ਨੀਵਾਰ ਮਾਲੇਰਕੋਟਲੇ ਆਉਣਾ ਸ਼ੁਰੂ ਕਰ ਦਿੱਤਾ ਸੀ। ਇਹ ਸਾਲ ੧੯੬੭-੬੮ ਦੀਆਂ ਗੱਲਾਂ ਹਨ। ਉਸ ਨੇ ਪਲੈਸੈਂਟਾ ਐਕਸਟ੍ਰੈਕਟ (ਔਲ ਦਾ ਨਿਚੋੜ) ਦੇ ਟੀਕੇ ਮੇਰੀਆਂ ਅੱਖਾਂ ਵਿਚ ਲਾਉਣੇ ਸ਼ੁਰੂ ਕਰ ਦਿੱਤੇ ਸਨ। ਜਦੋਂ ਉਸ ਡਾਕਟਰ ਨੇ ਮਾਲੇਰਕੋਟਲੇ ਆਉਣਾ ਬੰਦ ਕਰ ਦਿੱਤਾ, ਜੀਜਾ ਜੀ ਮੈਨੂੰ ਆਪ ਲੁਧਿਆਣੇ ਲੈ ਕੇ ਜਾਂਦੇ ਤੇ ਅੱਖਾਂ ਵਿਚ ਟੀਕੇ ਲਗਵਾ ਕੇ ਲਿਆਉਂਦੇ। ਆਸ ਇਹ ਸੀ ਕਿ ਜੇ ਨਜ਼ਰ ਵਧੇਗੀ ਨਹੀਂ ਤਾਂ ਘੱਟੋ-ਘੱਟ ਘਟੇਗੀ ਵੀ ਨਹੀਂ। ਇਹ ਸਿਲਸਿਲਾ ਡੇਢ ਸਾਲ ਤੱਕ ਚਲਦਾ ਰਿਹਾ। ਮੇਰੇ ਸਭ ਤੋਂ ਵੱਡੇ ਹਿਤੈਸ਼ੀ ਇਮਾਨਦਾਰੀ ਤੇ ਨਿਮਰਤਾ ਦੇ ਪੁੰਜ ਗੁੱਜਰ ਲਾਲ ਜੀਜਾ ਜੀ ਨਾਲ ਮੌਤ ਨੇ ਜੋ ਛਲ ਖੇਡਿਆ, ਉਸ ਨੇ ਫੇਰ ਭੈਣ ਸੀਤਾ ਦੀ ਮੌਤ ਦਾ ਜ਼ੀਂਮ ਹਰਾ ਕਰ ਦਿੱਤਾ। ਕੁੱਤੇ ਦੇ ਬੁਰੀ ਤਰ੍ਹਾਂ ਕੱਟਣ ਕਾਰਨ ਟੀਕੇ ਲਗਵਾਉਣ ਦੇ ਬਾਵਜੂਦ ਵੀ ਇਕ ਮਹੀਨੇ ਪਿੱਛੋਂ ਰੈਬੀਜ਼ ਮੌਤ ਬਣ ਕੇ ਉਹਨਾਂ ਦੇ ਸਿਰ 'ਤੇ ਆ ਲਟਕੀ, ਆੀਂਰ ਦਿੱਲੀ ਦੇ ਇਕ ਹਸਪਤਾਲ ਵਿਚ ਟੀਕਾ ਲੱਗਣ ਪਿੱਛੋਂ ਉਹ ਸਾਨੂੰ ਸਦਾ ਲਈ ਛੱਡ ਗਏ। ਇਹ ਘਟਨਾ ਵੀ ਮਾਰਚ ਦੀ ਹੈ, ਭੈਣ ਸੀਤਾ ਵੀ ਮਾਰਚ ੧੯੫੯ ਨੂੰ ਪੂਰੀ ਹੋਈ ਸੀ। ਜੀਜਾ ਜੀ ਦਾ ਇੰਤਕਾਲ ੨੮ ਮਾਰਚ ੧੯੭੭ ਨੂੰ ਹੋਇਆ। ਸਾਡੇ ਵਿਚੋਂ ਤਾਂ ਕੋਈ ਉਹਨਾਂ ਦੀ ਮਿਜਾਜ਼-ਪੁਰਸੀ ਵਾਸਤੇ ਵੀ ਨਾ ਪਹੁੰਚ ਸਕਿਆ। ਡਾਕਟਰਾਂ ਦੀ ਹਦਾਇਤ ਅਨੁਸਾਰ ਦਿੱਲੀ ਹੀ ਉਹਨਾਂ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ, ਕਿਉਂਕਿ ਲਾਸ਼ ਦੇ ਫਟਣ ਦਾ ੀਂਤਰਾ ਸੀ। ਭੈਣ ਚੰਦਰ ਕਾਂਤਾ ਤੇ ਉਹਨਾਂ ਦੇ ਵੱਡੇ ਦਿਓਰ ਆਯੁਧਿਆ ਪ੍ਰਸਾਦ ਨੇ ਜੀਜਾ ਜੀ ਦੇ ਫੁੱਲ ਜਲ ਪ੍ਰਵਾਹ ਕਰਕੇ ਮਾਲੇਰਕੋਟਲੇ ਪਹੁੰਚਣਾ ਸੀ। ਮੈਂ ਕੁਝ ਘੰਟੇ ਪਹਿਲਾਂ ਮਾਲੇਰਕੋਟਲੇ ਪਹੁੰਚ ਗਿਆ। ਘਰ ਦਾ ਸਾਰਾ ਵਾਤਾਵਰਣ ਬੜਾ ਸੋਗਮਈ ਸੀ। ਸਭ ਧਾਹਾਂ ਮਾਰ ਮਾਰ ਇਕ ਦੂਜੇ ਦੇ ਗਲ ਲੱਗ ਰਹੇ ਸਨ। ਮਾਲੇਰਕੋਟਲੇ ਜੀਜਾ ਜੀ ਦੇ ਭਰਾਵਾਂ ਤੇ ਮੇਰੇ ਭਾਣਜੇ-ਭਾਣਜੀਆਂ ਤੋਂ ਬਿਨਾਂ ਬਾਹਰੋਂ ਸਿਰਫ ਮੈਂ ਹੀ ਸੀ। ਜੀਜਾ ਜੀ ਦਾ ਸ਼ਰੀਕਾ-ਕਬੀਲਾ, ਉਹਨਾਂ ਤੇ ਮੇਰੇ ਵਿਚ ਮੋਹ ਦੀਆਂ ਪੱਕੀਆਂ-ਪੀਡੀਆਂ ਤੰਦਾਂ ਤੋਂ ਭਲੀ-ਭਾਂਤ ਜਾਣੂੰ ਸੀ। ਸਭ ਮੈਨੂੰ ਗਲ ਲਾ ਕੇ ਦਿਲਾਸਾ ਦੇ ਰਹੇ ਸਨ ਪਰ ਮੇਰੇ ਲਈ ਤਾਂ ਜਿਵੇਂ ਮੇਰੀ ਦੁਨੀਆਂ ਹੀ ਉਜੜ ਗਈ ਹੋਵੇ। ਭੈਣ ਦੀ ਗੁੰਮ-ਸੁੰਮ ਹਾਲਤ ਝੱਲੀ ਨਹੀਂ ਸੀ ਜਾ ਰਹੀ। ਹੁਣ ਤੱਕ ਵੀ ਉਹਨਾਂ ਦਾ ਵਿਛੋੜਾ ਮੇਰੇ ਲਈ ਬਹੁਤ ਵੱਡਾ ਵਿਗੋਚਾ ਹੈ। ਹੁਣ ਜਦਕਿ ਮੈਂ ਪਿਛਲੇ ਛੱਬੀ-ਸਤਾਈ ਸਾਲ ਤੋਂ ਇਸ ਸ਼ਹਿਰ ਵਿਚ ਰਹਿ ਰਿਹਾ ਹਾਂ, ਮੇਰੇ ਲਈ ਜੀਜਾ ਜੀ ਤੋਂ ਬਿਨਾਂ ਮਾਲੇਰਕੋਟਲਾ ਜਿਵੇਂ ਬਹੁਤ ਅਧੂਰਾ ਹੋਵੇ।
੨੯ ਮਈ ੧੯੯ਂ ਵਿਚ ਮਾਂ ਪੂਰੀ ਹੋ ਗਈ। ਉਦੋਂ ਮਾਂ ਦੀ ਉਮਰ ਨੱਬੇ ਵਰ੍ਹਿਆਂ ਤੋਂ ਉਪਰ ਹੋਵੇਗੀ। ਮਾਂ ਦੀ ਮੌਤ ਤਪੇ ਹੋਈ ਸੀ। ਰਾਤ ਨੂੰ ਮਾਂ ਪੂਰੀ ਹੋਈ। ਸਵੇਰੇ ਇਕ ਜੀਪ ਆਈ, ਵਿਚੋਂ ਮੇਰੇ ਮਾਮੇ ਦਾ ਛੋਟਾ ਪੋਤਾ ਉਤਰਿਆ। ਇਕ ਜਣਾ ਉਹਦੇ ਨਾਲ ਕੋਈ ਹੋਰ ਵੀ ਸੀ। ਉਹ ਮੈਨੂੰ ਬੜੇ ਢੰਗ ਸਿਰ ਇਹ ੀਂਬਰ ਦੱਸ ਰਿਹਾ ਸੀ। ਮਾਂ ਦਾ ਤੁਰ ਜਾਣਾ ਕੋਈ ਅਣਹੋਣੀ ਨਹੀਂ ਸੀ। ਇਸ ਉਮਰ ਵਿਚ ਬਜ਼ੁਰਗ ਜਾਂਦੇ ਹੀ ਹਨ। ਪਰ ਜਿਸ ਤਰ੍ਹਾਂ ਉਸ ਦੀ ਮੌਤ ਪਿੱਛੋਂ ਮੇਰੇ ਭਰਾ ਵੱਲੋਂ ਮੈਨੂੰ ਬੁਲਾਇਆ ਗਿਆ ਸੀ, ਉਹ ਕੁਝ ਇਸ ਤਰ੍ਹਾਂ ਹੀ ਸੀ, ਜਿਵੇਂ ਮੇਰੇ ਨਾਲ ਮਾਂ ਦਾ ਕੋਈ ਰਿਸ਼ਤਾ ਹੀ ਨਾ ਹੋਵੇ ਜਾਂ ਸਿਰਫ ਦੁਨੀਆਦਾਰੀ ਨਿਭਾਉਣ ਲਈ ਹੀ ਮੇਰੀ ਹਾਜ਼ਰੀ ਜ਼ਰੂਰੀ ਸਮਝੀ ਗਈ ਹੋਵੇ। ਅਸੀਂ ਦੋਵੇਂ ਪਤੀ ਪਤਨੀ ਉਹਨੀਂ ਪੈਰੀਂ ਤੁਰ ਪਏ। ਜਦ ਬਰਨਾਲਾ-ਬਠਿੰਡਾ ਸੜਕ ਤੋਂ ਜੀਪ ਤਪੇ ਦੀ ਲਿੰਕ ਰੋਡ ਵੱਲ ਮੁੜੀ, ਤੇ ਫੇਰ ਲਿੰਕ ਰੋਡ ਤੋਂ ਸ਼ਮਸ਼ਾਨ ਭੂਮੀ ਵੱਲ, ਮੇਰੀ ਪਤਨੀ ਨੇ ਵਿਲਕਦਿਆਂ ਦੱਸਿਆ ਕਿ ਅਰਥੀ ਤਾਂ ਅਹੁ ਪਈ ਐ। ਉਸ ਦੇ ਦੱਸਣ ਅਨੁਸਾਰ ਅਰਥੀ ਪੂਰੀ ਸਜੀ ਹੋਈ ਸੀ। ਬਮਾਨ ਕੱਢਿਆ ਸੀ, ਮੇਰੇ ਭਰਾ ਨੇ ਮੇਰੀ ਮਾਂ ਦਾ। ਇਹ ਮੇਰੇ ਜਜ਼ਬਾਤ ਦਾ ਦੂਜੀ ਵਾਰ ਬੁਰੀ ਤਰ੍ਹਾਂ ਕਤਲ ਕੀਤਾ ਗਿਆ ਸੀ। ਮੱਥਾ ਟੇਕਣ ਪਿੱਛੋਂ ਮਾਂ ਦੀ ਦੇਹ ਲੱਕੜਾਂ ਉਤੇ ਰੱਖ ਦਿੱਤੀ ਗਈ। ਸਭ ਰਸਮਾਂ ਮੇਰੇ ਵੱਡੇ ਭਤੀਜੇ ਸੁਰੇਸ਼ ਨੇ ਕੀਤੀਆਂ ਤੇ ਚਿਤਾ ਨੂੰ ਅਗਨ ਭੇਂਟ ਕਰਨ ਦਾ ਕੰਮ ਵੱਡੇ ਪੁੱਤਰ ਹੋਣ ਦੇ ਨਾਤੇ ਮੇਰੇ ਭਰਾ ਨੇ ਕੀਤਾ। ਇਹ ਉਸ ਨੇ ਕਰਨਾ ਹੀ ਸੀ। ਇਹ ਉਸ ਦਾ ਹੱਕ ਸੀ, ਧਰਮ ਸੀ। ਮਾਤਮ ਵਿਚ ਮੇਰੀ ਹਾਜ਼ਰੀ ਇਸ ਤਰ੍ਹਾਂ ਸੀ ਜਿਵੇਂ ਕੋਈ ਸ਼ਰੀਕੇ-ਕਬੀਲੇ ਵਿਚੋਂ ਮਰੀ ਬੁੜ੍ਹੀ ਦੇ ਦਾਹ ਸੰਸਕਾਰ ਉਤੇ ਆਇਆ ਹੋਵੇ। ਪਰ ਅਕਲ ਨੇ ਮੇਰਾ ਸਾਥ ਦਿੱਤਾ। ਮਨ ਦਾ ਦੁੱਖ ਮਨ ਵਿਚ ਹੀ ਲੈ ਕੇ ਮੈਂ ਤਪੇ ਉਸ ਘਰ ਵਿਚ ਚਲਾ ਗਿਆ, ਜਿਥੋਂ ਮਾਂ ਦੀ ਅਰਥੀ ਉ=ੱਠੀ ਸੀ। ਮੇਰਾ ਜਨਮ ਵੀ ਇਸੇ ਘਰ ਵਿਚ ਹੋਇਆ ਸੀ। ਪਰ ਹੁਣ ਇਹ ਮੇਰਾ ਘਰ ਨਹੀਂ ਸੀ, ਮੇਰੇ ਭਰਾ ਦਾ ਘਰ ਸੀ। ਮੇਰੀ ਪਤਨੀ ਤੇ ਮੈਂ ਬੜੇ ਦੁਖੀ ਹਿਰਦੇ ਨਾਲ ਉਥੇ ਇਸ ਤਰ੍ਹਾਂ ਬੈਠੇ ਸੀ, ਜਿਵੇਂ ਕੋਈ ਅਣਚਾਹੇ ਵਿਅਕਤੀ ਸੱਥਰ ਉਤੇ ਬੈਠੇ ਹੋਣ, ਮੇਰੀਆਂ ਅੱਖਾਂ ਵਿਚੋਂ ਹੰਝੂ ਤਾਂ ਵਗਣੇ ਹੀ ਸਨ। ਮੇਰਾ ਦਿਲ ਉਸ ਤੋਂ ਵੱਧ ਰੋ ਰਿਹਾ ਸੀ।
ਮੇਰੀ ਮਾਂ ਕਹਿੰਦੀ ਹੁੰਦੀ ਸੀ ਬਈ ਤੂੰ ਰੱਬ ਨੂੰ ਨਹੀਂ ਮੰਨਦਾ, ਤੂੰ ਨਾ ਜਾਈਂ ਹਰਿਦੁਆਰ ਮੇਰੇ ਫੁੱਲ ਪਾਉਣ। ਪਰ ਉਸ ਨੂੰ ਕੀ ਪਤਾ ਸੀ ਕਿ ਮੈਂ ਮਾਂ ਲਈ ਹਰ ਅਸੂਲ ਨੂੰ ਤਿਲਾਂਜਲੀ ਦੇ ਸਕਦਾ ਹਾਂ। ਫੁੱਲ ਪਾਉਣ ਲਈ ਮੈਂ ਇੱਛਾ ਜ਼ਾਹਰ ਕੀਤੀ। ਭਰਾ ਨੇ ਕੋਈ ਹੀਲ-ਹੁੱਜਤ ਨਹੀਂ ਸੀ ਕੀਤੀ। ਫੁੱਲਾਂ ਦੀ ਪੋਟਲੀ ਗਲ ਵਿਚ ਪਾ ਕੇ ਸੁਰੇਸ਼ ਅੱਗੇ-ਅੱਗੇ ਸੀ, ਨਾਲ ਮੇਰਾ ਛੋਟਾ ਭਤੀਜਾ ਨਰੇਸ਼ ਸੀ। ਮੈਂ ਤੇ ਮੇਰਾ ਛੋਟਾ ਪੁੱਤਰ ਬੌਬੀ ਤਾਂ ਪਿੱਛੇ ਪਿੱਛੇ ਸੀ। ਬੱਸ ਇਸ ਤਰ੍ਹਾਂ ਜਿਵੇਂ ਕੋਈ ਓਪਰਿਆਂ ਨੂੰ ਨਾਲ ਲਿਜਾਣਾ ਭਰਾ ਦੇ ਪਰਿਵਾਰ ਦੀ ਮਜਬੂਰੀ ਹੋਵੇ।
ਹਰਿਦੁਆਰ ਸਭ ਰਸਮਾਂ ਵੀ ਸੁਰੇਸ਼ ਨੇ ਕੀਤੀਆਂ। ਆਪਣੇ ਖਾਣ ਪੀਣ ਤੇ ਪੰਡਤ ਨੂੰ ਦੇਣ ਵਾਲੀ ਰੋਟੀ ਤੇ ਦਾਨ ਦਕਸ਼ਣਾ ਦਾ ਸਾਰਾ ਕੰਮ ਸੁਰੇਸ਼ ਨੇ ਨਿਭਾਇਆ। ਉਪਰਲਾ ਵੱਡਾ ਖਰਚ ਸਾਰਾ ਨਰੇਸ਼ ਕਰਦਾ ਰਿਹਾ। ਜਦੋਂ ਮੈਂ ਪੈਸੇ ਦੇਣ ਦੀ ਗੱਲ ਕਰਦਾ, ਮੇਰਾ ਛੋਟਾ ਭਤੀਜਾ ਨਰੇਸ਼ ਕਹਿੰਦਾ, **ਆਹ ਜੋ ਪੈਸੇ ਮੇਰੇ ਕੋਲ ਐ, ਇਹ ਵੀ ਥੋਡੇ ਈ ਐ, ਮੈਂ ਤਾਂ ਐਵੇਂ ਦੇ ਰਿਹਾ ਹਾਂ। ਚਾਚਾਫ ਪੈਸੇ ਤਾਂ ਸਭ ਥੋਡੇ ਈ ਐ।'' ਬੱਸ ਇਸ ਤਰ੍ਹਾਂ ਅਸੀਂ ਹਰਿਦੁਆਰ ਤੋਂ ਵਾਪਸ ਵੀ ਆਏ, ਭੋਗ ਦੀਆਂ ਰਸਮਾਂ ਵੀ ਨਿਭਾਈਆਂ। ਮੰਡੀ ਵਿਚ ਪੂਰੇ ਪ੍ਰਚਾਰ ਦੇ ਬਾਵਜੂਦ ਭਰਾ ਦੇ ਸਭ ਨਿਕਟਵਰਤੀ ਤੇ ਯਾਰ ਦੋਸਤ ਅਸਲੀਅਤ ਜਾਣਦੇ ਸਨ। ਮੇਰੇ ਦੱਸਣ ਤੋਂ ਬਿਨਾਂ ਹੀ ਉਹ ਮਾਤਮ ਵਿਚ ਵੀ ਇਸ ਤਰ੍ਹਾਂ ਦੀ ਸਾਜ਼ਿਸ਼ ਸਬੰਧੀ ਭਰਾ ਨੂੰ ਕੋਸ ਰਹੇ ਸਨ। ਉਹਨਾਂ ਦਾ ਇਕ ਮਿੱਤਰ ਤਾਂ ਕਹਿ ਰਿਹਾ ਸੀ, **ਬਈ ਗੋਇਲ ਸਾਹਿਬ ਦੀ ਚਲਦੀ ਨਹੀਂ ਅੱਜ-ਕੱਲ੍ਹ। ਤਰਸੇਮ ਦੇ ਵਿਆਹ ਪਿੱਛੋਂ ਤਾਂ ਭਾਬੀ ਨੇ ਜਮਾ ਈ ਸਭ ਕੁਝ ਚੌੜ ਚਪੱਟ ਕਰ ਦਿੱਤੈ। ਮਾਤਾ ਜੀ ਦੋ ਦਿਨ ਤਾਂ ਬੀਮਾਰ ਰਹੇ ਸੀ ਸਿਰਫ। ਉਦੋਂ ਤਰਸੇਮ ਨੂੰ ਬੁਲਾਉਣਾ ਚਾਹੀਦਾ ਸੀ।'' ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੀ ਆ ਕੇ ਭਰਾ ਦੇ ਸਾਢੂ ਕੇਦਾਰ ਨਾਥ ਗੋਇਲ ਨੇ ਕੀਤੀਆਂ ਸੀ।
ਤਪਾ ਮੰਡੀ ਨਾਲ ਉਸ ਸਮੇਂ ਸਮਝੋ ਰਿਸ਼ਤਾ ਅੱਧਾ ਹੀ ਰਹਿ ਗਿਆ ਜਦ ਮੇਰੇ ਭਰਾ ਹਰਬੰਸ ਲਾਲ ਗੋਇਲ ਦਾ ੮ ਜੂਨ ੧੯੯੮ ਨੂੰ ਇੰਤਕਾਲ ਹੋਇਆ। ਇੰਤਕਾਲ ਦਾ ਕਾਰਨ ਦਿਲ ਦਾ ਦੌਰਾ ਸੀ। ਸੀ.ਐਮ.ਸੀ. ਲੁਧਿਆਣਾ ਵਾਲੇ ਵੀ ਉਸ ਨੂੰ ਬਚਾ ਨਾ ਸਕੇ। ਬੱਸ ਇਹ ਕਹਿ ਕੇ ਤੋਰ ਦਿੱਤਾ ਕਿ ਵੱਧ ਤੋਂ ਵੱਧ ੨੪ ਘੰਟੇ ਹੋਰ ਹਨ। ਮੌਤ ਉਹਨਾਂ ਦੀ ਭੁੱਚੋ ਮੰਡੀ ਹੋਈ ਸੀ, ਜਿਥੇ ਮੇਰਾ ਛੋਟਾ ਭਤੀਜਾ ਡਾ.ਨਰੇਸ਼ ਰਹਿੰਦਾ ਸੀ। ਪਰ ਦਾਹ ਸੰਸਕਾਰ ਤਪੇ ਕਰਨ ਕਾਰਨ ਮੈਨੂੰ ਤਪੇ ਪਹੁੰਚਣ ਲਈ ਹੀ ਫੋਨ ਆਇਆ ਸੀ। ਲੁਧਿਆਣੇ ਸੀ.ਐਮ.ਸੀ. ਵਿਚ ਨਾ ਪਹੁੰਚਣ ਦੀ ਹਦਾਇਤ ਮੈਨੂੰ ਹੁਣ ਤੱਕ ਸਮਝ ਨਹੀਂ ਆਈ। ਭਾਵੇਂ ਵੰਡ-ਵੰਡਾਰੇ ਕਾਰਨ ਸਾਡੇ ਸਬੰਧਾਂ ਵਿਚ ਉਹ ਤਿਉਹ ਤਾਂ ਨਹੀਂ ਸੀ, ਜੋ ਸਕੇ ਭਰਾਵਾਂ ਵਿਚ ਹੁੰਦਾ ਹੈ। ਪਰ ਪੁਲਾਂ ਹੇਠੋਂ ਪਾਣੀ ਏਨਾ ਲੰਘ ਗਿਆ ਸੀ ਕਿ ਮੈਂ ਪਿਛਲਾ ਸਭ ਕੁਝ ਭੁਲਾ ਦਿੱਤਾ ਸੀ। ਸਰਕਾਰੀ ਕਾਲਜ, ਮਾਲੇਰਕੋਟਲਾ ਵਿਚ ਮੇਰੀ ਗੁਜ਼ਾਰੇ ਜੋਗੀ ਤਨਖਾਹ ਸੀ। ਦੋਵੇਂ ਬੱਚੇ ਪੜ੍ਹ ਲਿਖ ਕੇ ਆਪਣੇ ਕੰਮੀਂ ਲੱਗ ਗਏ ਸਨ। ਬੌਬੀ ਦੇ ਵਿਆਹ ਵਿਚ ਭਾਵੇਂ ਭਰਾ ਨਹੀਂ ਸੀ ਆਇਆ ਤੇ ਉਸ ਦਾ ਇਹ ਕਹਿਣਾ ਕਿਸੇ ਹੱਦ ਤੱਕ ਸਹੀ ਵੀ ਹੋਵੇਗਾ ਕਿ ਉਸ ਨੂੰ ਹਰਿਆਣਾ ਦੇ ਕਸਬੇ ਸਢੌਰੇ ਸਮੇਂ ਸਿਰ ਵਿਆਹ ਦਾ ਸੱਦਾ ਪੱਤਰ ਨਹੀਂ ਮਿਲਿਆ ਪਰ ਕ੍ਰਾਂਤੀ ਦੇ ਵਿਆਹ ਵਿਚ ਤਾਂ ਵੱਡਾ ਹੋਣ ਕਾਰਨ ਮੈਂ ਉਸ ਨੂੰ ਮੂਹਰੇ ਰੱਖਿਆ ਸੀ; ਜਿਵੇਂ ਸਾਰੇ ਵਿਆਹ ਦਾ ਕਰਤਾ-ਧਰਤਾ ਉਹ ਹੀ ਹੋਵੇ। ਇਸ ਲਈ ਹੁਣ ਪੁਰਾਣੇ ਜ਼ੀਂਮ ਕਿਸੇ ਹੱਦ ਤੱਕ ਭਰ ਚੁੱਕੇ ਸਨ। ਦੂਜੇ ਇਹ ਕਿ ਉਸ ਦੇ ਸੁਖ ਦੇਖਣ ਦੇ ਦਿਨ ਸਨ। ਤੀਜੀ ਗੱਲ ਇਹ ਵੀ ਸੀ ਕਿ ਹੁਣ ਉਹ ਮੈਨੂੰ ਲੋੜੀਂਦਾ ਮੋਹ ਵੀ ਕਰਨ ਲੱਗ ਪਿਆ ਸੀ ਤੇ ਉਹ ਸਮਝ ਗਿਆ ਸੀ ਕਿ ਪਰਾਏ ੂਂਨ ਨੇ ਜੋ ਗਲਤੀ ਉਸ ਤੋਂ ਕਰਵਾਈ ਸੀ, ਜੇ ਉਹ ਉਸ ਤਰ੍ਹਾਂ ਦਾ ਸਲੂਕ ਮੇਰੇ ਨਾਲ ਨਾ ਕਰਦਾ ਤਾਂ ਸਾਡੀ ਰਾਮ-ਲਛਮਣ ਦੀ ਜੋੜੀ ਦੀ ਲੋਕ ਮਿਸਾਲ ਦਿਆ ਕਰਦੇ। ਇਸ ਲਈ ਭਰਾ ਦੀ ਮੌਤ ਵੀ ਹੁਣ ਮੈਨੂੰ ਇਕ ਵੱਡਾ ਸਦਮਾ ਲਗਦਾ ਸੀ। ਫੁੱਲ ਪਾਉਣ ਮੈਂ ਤੇ ਬੌਬੀ ਨਾਲ ਗਏ। ਭਰਾ ਦੇ ਦੋਵੇਂ ਸਾਲਿਆਂ ਨੇ ਮੈਨੂੰ ਲੋੜ ਤੋਂ ਵੱਧ ਸਤਿਕਾਰ ਦਿੱਤਾ। ਭੋਗ ਤੇ ਸ਼ਰਧਾਂਜਲੀ ਸਮਾਗਮ ਤੱਕ ਮੈਂ ਤਪਾ ਮੰਡੀ ਹੀ ਰਿਹਾ। ਇਹ ਮੇਰਾ ਧਰਮ ਸੀ। ਮੈਂ ਧਰਮ ਨੂੰ ਇਹਨਾਂ ਅਰਥਾਂ ਵਿਚ ਹੀ ਪਰਿਭਾਸ਼ਤ ਕਰਦਾ ਹਾਂ।
੮ ਅਕਤੂਬਰ ੧੯੯੮ ਨੂੰ ਹੀ ਸੁਦਰਸ਼ਨਾ ਤੁਰ ਗਈ। ਕਿਡਨੀ ਰੋਗ ਏਨਾ ਵਧ ਚੁੱਕਿਆ ਸੀ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ। ਆੀਂਰ ਪੰਦਰਾਂ ਦਿਨ ਲਗਾਤਾਰ ਦੁੱਖ ਭੋਗ ਕੇ ਕਰਵਾ ਚੌਥ ਦੀ ਰਾਤ ਨੂੰ ਚੰਦ ਚੜ੍ਹਨ ਤੋਂ ਪਹਿਲਾਂ ਹੀ ਉਹ ਤੁਰ ਗਈ। ਮੇਰੀਆਂ ਦੋਹਾਂ ਨੂੰਹਾਂ ਨੇ ਪਤਾ ਨਹੀਂ ਵਰਤ ਖੋਲ੍ਹ ਲਿਆ ਸੀ ਜਾਂ ਨਹੀਂ। ਉਸ ਦਿਨ ਸੁਦਰਸ਼ਨਾ ਦਾ ਛੋਟਾ ਭਰਾ ਰਮੇਸ਼ (ਬੱਬੂ) ਆਇਆ ਹੋਇਆ ਸੀ। ਪਿਛਲੇ ਪੰਦਰਾਂ ਦਿਨਾਂ ਤੋਂ ਬਰਨਾਲੇ ਤੋਂ ਕਦੇ ਹਰਬੰਸ ਆ ਜਾਂਦਾ ਤੇ ਕਦੇ ਬੱਬੂ। ਸਾਰੀ ਸਾਰੀ ਰਾਤ ਜਾਗਦੇ ਰਹਿੰਦੇ-ਸ਼ਸ਼ਕ੍ਰਾਂਤੀ, ਮੇਰੀ ਨੂੰਹ ਨਮਿਤਾ, ਹਰਬੰਸ ਜਾਂ ਬੱਬੂ ਤੇ ਮੈਂ। ਦੇਸੀ ਟੋਟਕਿਆਂ ਤੋਂ ਲੈ ਕੇ ਧਾਰਮਿਕ ਸੁੱਖਾਂ ਤੱਕ ਕੋਈ ਵੀ ਰੰਗ ਨਾ ਲਿਆਈ। ਅਜਿਹੇ ਕੰਮਾਂ ਵਿਚ ਮੈਂ ਕਿਸੇ ਨੂੰ ਕੀ ਰੋਕ ਸਕਦਾ ਸੀ। ਮੇਰੀ ਤਾਂ ਇਹ ਬੇਬਸੀ ਦੇ ਦਿਨ ਸਨ, ਘੋਰ ਸੰਤਾਪ ਦੇ ਦਿਨ। ਸੁਦਰਸ਼ਨਾ ਨੂੰ ਸਿਰਫ ੪੯ਵਾਂ ਸਾਲ ਹੀ ਲੱਗਿਆ ਹੋਇਆ ਸੀ ਤੇ ਮੈਨੂੰ ੫੬ਵਾਂ। ਭੋਗ ਵਾਲੇ ਦਿਨ ਦੂਰੋਂ-ਨੇੜਿਓਂ ਸਾਰੇ ਰਿਸ਼ਤੇਦਾਰ ਆਏ, ਦੋਸਤ ਆਏ, ਕਾਮਰੇਡ ਆਏ, ਲੇਖਕ ਆਏ। ਮੇਰੀ ਪਤਨੀ ਦੇ ਇਸਤਰੀ ਸਭਾ ਵਿਚ ਕੰਮ ਕਰਨ ਕਾਰਨ ਕੁਝ ਔਰਤ ਆਗੂ ਆਈਆਂ ਤੇ ਕੁਝ ਦੇ ਸ਼ੋਕ ਸੁਨੇਹੇ ਆਏ। ਗਰੁੜ ਪੁਰਾਣ, ਜਿਸ ਦਾ ਮੈਂ ਮਜ਼ਾਕ ਉਡਾਇਆ ਕਰਦਾ ਸੀ, ਸੁਦਰਸ਼ਨਾ ਦੇ ਮਾਪਿਆਂ ਦੀ ਤਸੱਲੀ ਲਈ ਉਹ ਵੀ ਖੁਲ੍ਹਵਾਇਆ ਤੇ ਭੋਗ ਵੀ ਪਾਇਆ। ਏਨੀ ਵੱਡੀ ਹਾਜ਼ਰੀ ਸੀ ਕਿ ਤਿਲ ਸੁੱਟਣ ਨੂੰ ਵੀ ਹਨੂੰਮਾਨ ਮੰਦਰ ਦੀ ਧਰਮਸ਼ਾਲਾ ਦੇ ਹਾਲ ਵਿਚ ਥਾਂ ਨਹੀਂ ਸੀ ਪਰ ਸੁਦਰਸ਼ਨਾ ਦੇ ਜਾਣ ਨਾਲ ਤਾਂ ਜਿਵੇਂ ਮੇਰਾ ਇਕ ਜਹਾਨ ਹੀ ਉਜੜ ਗਿਆ ਹੋਵੇ। ਉਸ ਦੀਆਂ ਬੀਮਾਰੀਆਂ ਤੇ ਉਸ ਦੀਆਂ ਅੱਖਾਂ ਦੀ ਘਟ ਰਹੀ ਜੋਤ ਦੇ ਬਾਵਜੂਦ ਵੀ ਮੈਂ ਚਾਹੁੰਦਾ ਸੀ ਕਿ ਉਹ ਬੈਠੀ ਰਹੇ। ਉਸ ਦੀ ਹਾਜ਼ਰੀ ਹੀ ਘਰ ਲਈ ਕਾਫੀ ਸੀ। ਮੇਰਾ ਜਹਾਨ ਸਭ ਉਸ ਦੇ ਨਾਲ ਸੀ। ਮਰਨਾ ਚਾਹ ਕੇ ਵੀ ਹੁਣ ਤੱਕ ਜਿਉਂਦਾ ਫਿਰਦਾ ਹਾਂ। ਬੱਚਿਆਂ ਦੇ ਉਜਲੇ ਭਵਿੱਖ ਲਈ ਅਜੇ ਵੀ ਦਿਨ ਰਾਤ ਇਕ ਕਰਦਾ ਹਾਂ। ਇਹ ਸਭ ਕੁਝ ਮੈਂ ਉਸ ਦੇ ਬੋਲ ਪੁਗਾਉਣ ਲਈ ਕਰ ਰਿਹਾ ਹਾਂ। ਉਂਜ ਇਕ ਪਹੀਏ ਦੇ ਸਾਈਕਲ ਵਾਲੀ ਹਾਲਤ ਹੈ। ਮੈਨੂੰ ਲਗਦਾ ਹੈ ਕਿ ਮੈਂ ਉਹ ਸਾਈਕਲ ਵੀ ਹਾਂ ਤੇ ਸਾਈਕਲ ਚਲਾਉਣ ਵਾਲਾ ਵੀ ਤੇ ਉਹ ਵੀ ਬਿਨਾਂ ਅੱਖਾਂ ਤੋਂ।
ਮੈਥੋਂ ਵੱਡੀ ਭੈਣ ਤਾਰਾ, ਜਿਸ ਦੀ ਨਜ਼ਰ ਮੇਰੇ ਵਾਂਗ ਹੀ ਘਟਦੀ ਘਟਦੀ ੀਂਤਮ ਹੋਈ, ਉਹ ਵਿਚਾਰੀ ਵੀ ੨੩ ਮਾਰਚ ੧੯੯੯ ਨੂੰ ਪਤੀ ਦੇ ਸੁਖ ਤੋਂ ਵਿਰਵੀ ਹੋ ਗਈ। ਮਦਨ ਲਾਲ ਜੀਜਾ ਜੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਤੁਰ ਗਏ। ਮੈਂ ਤਾਂ ਤੁਰ ਫਿਰ ਕੇ ਵਕਤ ਲੰਘਾ ਲੈਂਦਾ ਹਾਂ ਪਰ ਮਦਨ ਲਾਲ ਜੀ ਤੋਂ ਬਿਨਾਂ ਭੈਣ ਤਾਰਾ ਦੀ ਜ਼ਿੰਦਗੀ ਦੀ ਦਿੱਕਤ ਸੋਚ ਕੇ ਮੈਂ ਕੰਬ ਜਾਂਦਾ ਹਾਂ। ਭਾਵੇਂ ਵੱਡੇ ਅਨੁਪਮ ਮੈਡੀਕਲ ਸਟੋਰ ਤੇ ਛੋਟੇ ਡਾ.ਅਰਸ਼ ਦੀ ਛਾਤੀ ਦੇ ਰੋਗਾਂ ਦੇ ਮਾਹਿਰ ਵਜੋਂ ਰਾਮਪੁਰਾ ਫੂਲ ਦੇ ਇਲਾਕੇ ਵਿਚ ਬੱਲੇ ਬੱਲੇ ਹੈ। ਦੋਵੇਂ ਕੁੜੀਆਂ ਦੇ ਘਰ ਲਹਿਰ-ਬਹਿਰ ਹੈ। ਭੈਣ ਨੂੰ ਜੀਜਾ ਜੀ ਦੀ ਚੰਗੀ ਖਾਸੀ ਪੈਨਸ਼ਨ ਆਉਂਦੀ ਹੈ। ਉਹ ਡਿਪਟੀ ਕੰਟਰੋਲਰ ਫਾਇਨਾਂਸ ਦੀ ਉਚ ਪਦਵੀ ਤੋਂ ਸੇਵਾ ਮੁਕਤ ਹੋਏ ਸਨ। ਪਰ ਭੈਣ ਦੀ ਇਕੱਲਤਾ ਦਾ ਜੋ ਇਲਾਜ ਉਸ ਨੇ ਅਧਿਆਤਮਵਾਦੀ ਹੋਣ ਵਿਚ ਲੱਭਿਆ ਹੈ, ਉਹ ਉਸ ਦੇ ਅੰਧਲੇ ਤੇ ਰੋਗੀ ਸਰੀਰ ਨੂੰ ਬਹੁਤ ਢਾਰਸ ਨਹੀਂ ਦੇ ਸਕਦਾ।
ਸੁਦਰਸ਼ਨਾ ਤੇ ਮਦਨ ਲਾਲ ਜੀ ਦੀ ਮੌਤ ਪਿੱਛੋਂ ਆਪਣੇ ਭਾਣਜੇ ਸੁਦਰਸ਼ਨ ਦੀ ਮੌਤ ਨੇ ਤਾਂ ਮੈਨੂੰ ਬਿਲਕੁਲ ਹੀ ਕੁੱਬਾ ਕਰ ਦਿੱਤਾ। ਉਹ ਮੇਰੇ ਦੁੱਖ ਸੁਖ ਦਾ ਸਭ ਤੋਂ ਵੱਡਾ ਸੀਰੀ ਸੀ। ਜਦੋਂ ਵੀ ਮੇਰਾ ਮਨ ਉਚਾਟ ਹੁੰਦਾ, ਮੈਂ ਅਕਸਰ ਉਸ ਨੂੰ ਫੋਨ ਕਰ ਲੈਂਦਾ। ਉਹ ਹਥਲਾ ਕੰਮ ਵਿਚੇ ਛੱਡ ਕੇ ਮਾਲੇਰਕੋਟਲੇ ਆ ਜਾਂਦਾ। ਉਹਦਾ ਦਿਲਾਸਾ ਮੇਰੇ ਲਈ ਕਾਫੀ ਸੀ। ਉਹ ਸਭ ਰਿਸ਼ਤੇਦਾਰਾਂ ਤੇ ਖਾਸ ਤੌਰ 'ਤੇ ਮੇਰੇ ਪ੍ਰਤੀ ਏਨਾ ਸੁਹਿਰਦ ਸੀ ਕਿ ਉਸ ਕਾਰਨ ਸਾਨੂੰ ਸਾਡੀ ਭੈਣ ਰਾਮ ਪਿਆਰੀ ਦੀ ਘਾਟ ਵੀ ਮਹਿਸੂਸ ਨਹੀਂ ਸੀ ਹੁੰਦੀ। ਉਂਜ ਵੀ ਰਾਮ ਪਿਆਰੀ ਦੀ ਥਾਂ ਵਿਆਹੀ ਸਾਡੀ ਭੈਣ ਲਕਸ਼ਮੀ ਤੇ ਉਹਦੇ ਵੱਡੇ ਬੇਟੇ ਡਾ.ਸੁਰਿੰਦਰ ਕੁਮਾਰ ਗੁਪਤਾ ਨਾਲ ਸਾਡਾ ਏਨਾ ਮੋਹ ਹੈ ਕਿ ਅਸੀਂ ਕਦੇ ਭੈਣ ਰਾਮ ਪਿਆਰੀ ਬਾਰੇ ਹੁਣ ਸੋਚਿਆ ਹੀ ਨਹੀਂ। ਸੁਦਰਸ਼ਨ ਏਨਾ ਬੀਬਾ ਕਾਢੂ ਤੇ ਸਿਆਣਾ ਮਨੁੱਖ ਸੀ ਕਿ ਮੈਥੋਂ ਪੰਜ ਸਾਲ ਵੱਡਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਮਾਮਾ ਜੀ ਕਹਿ ਕੇ ਹੀ ਬੁਲਾਉਂਦਾ। ਪਰ ਗਦੂਦਾਂ ਦੇ ਕੈਂਸਰ ਨੇ ਮੇਰਾ ਇਹ ਸਹਾਰਾ ਵੀ ਖੋਹ ਲਿਆ। ਮੈਂ ਉਸ ਦਾ ਪਤਾ ਲੈਣ ਕਦੇ ਲੁਧਿਆਣੇ ਜਾਂਦਾ ਤੇ ਕਦੇ ਜਗਰਾਉਂ ਪਰ ਨਾਮੁਰਾਦ ਬੀਮਾਰੀ ਦਾ ਕੀ ਕਰਦੇ।
ਮੌਤ ਤੋਂ ਪਿੱਛੋਂ ਸੁਪਨੇ ਵਿਚ ਜੋ ਕੰਮ ਉਹ ਮੇਰੇ ਜ਼ਿੰਮੇ ਲਾ ਗਿਆ ਸੀ, ਉਹ ਮੈਂ ਪੂਰਾ ਕਰ ਦਿੱਤਾ ਹੈ। ਪਰ ਇਹ ਤਿਫਲ-ਤਸੱਲੀਆਂ ਹਨ। ਬੱਸ ਸੁਦਰਸ਼ਨ ਦੀ ਗੈਰ-ਹਾਜ਼ਰੀ ਦਾ ਘਾਟਾ ਜੇ ਪੂਰਾ ਹੋਇਆ ਸਮਝਦਾ ਹਾਂ ਤਾਂ ਉਸ ਤੋਂ ਛੋਟੇ ਸੁਰਿੰਦਰ ਦੇ ਸਤਿਕਾਰ ਤੇ ਪਿਆਰ ਵਿਚੋਂ ਲਭਦਾ ਹਾਂ ਤੇ ਉਹ ਅੱਜ ਕੱਲ੍ਹ ਸਿਵਲ ਸਰਜਨ ਹੈ ਤੇ ਮੇਰੇ ਹਰ ਦੁੱਖ ਸੁਖ ਵਿਚ ਸਭ ਤੋਂ ਵੱਧ ਉਹੀ ਕੰਮ ਆਉਂਦਾ ਹੈ।
੧੬ ਅਕਤੂਬਰ ੨ਂਂ੩ ਦਾ ਦਿਨ ਤਾਂ ਸਾਡੇ ਪਰਿਵਾਰ ਲਈ ਅਸਮਾਨੀ ਬਿਜਲੀ ਸਾਬਤ ਹੋਇਆ। ਮੇਰੇ ਵੱਡੇ ਭਤੀਜੇ ਸੁਰੇਸ਼ ਦੀ ਮੌਤ ਦੇ ਸੁਨੇਹੇ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਫੋਨ ਸੁਣਦਿਆਂ ਹੀ ਅੱਖਾਂ ਵਿਚੋਂ ਹੰਝੂ ਵਹਿ ਤੁਰੇ, ਉਸ ਤਰ੍ਹਾਂ ਤਾਂ ਮੈਂ ਭੈਣ ਸੀਤਾ ਤੇ ਗੁੱਜਰ ਲਾਲ ਜੀਜਾ ਜੀ ਦੀ ਮੌਤ ਸਮੇਂ ਹੀ ਰੋਇਆ ਸੀ। ਫੋਨ ਬੜਾਖਤਰਨਾਕ ਸੀ। ਮੈਨੂੰ ਸਿੱਧੇ ਸ਼ਮਸ਼ਾਨ ਭੂਮੀ ਵਿਚ ਪਹੁੰਚਣ ਦੀ ਹਦਾਇਤ ਸੀ। ਮੈਂ ਤਾਂ ਫੋਨ ਸੁਣ ਕੇ ਇਕ ਮਿੰਟ ਦੀ ਵੀ ਢਿੱਲ ਨਹੀਂ ਸੀ ਕੀਤੀ। ਜਦੋਂ ਅਸੀਂ ਪਹੁੰਚੇ ਸੁਰੇਸ਼ ਦਾ ਮ੍ਰਿਤਕ ਸਰੀਰ ਸ਼ਮਸ਼ਾਨ ਭੂਮੀ ਵਿਚ ਲੱਕੜਾਂ ਉਤੇ ਰੱਖਿਆ ਹੋਇਆ ਸੀ। ਭਰਾ-ਭਰਜਾਈ ਵੱਲੋਂ ਵੰਡ-ਵੰਡਾਰੇ ਵਿਚ ਕੀਤੇ ਧੱਕੇ ਸਮੇਂ ਮੇਰਾ ਕੀਤਾ ਗੁੱਸਾ ਮੈਨੂੰ ਮੇਰੀ ਮੂਰਖਤਾ ਜਾਪ ਰਿਹਾ ਸੀ। ਉਸ ਦੀ ਦੇਹ ਨੂੰ ਮੇਰੇ ਹੱਥਾਂ ਦੀ ਛੋਹ ਪਿੱਛੋਂ ਤੁਰੰਤ ਅਗਨੀ ਭੇਟ ਕਰ ਦਿੱਤਾ ਗਿਆ। ਮੈਂ ਮੇਰੇ ਭਤੀਜੇ ਨਰੇਸ਼, ਸੁਰੇਸ਼ ਦੇ ਬੇਟੇ ਰਾਹੁਲ ਤੇ ਸੁਰੇਸ਼ ਦੀ ਬਹੂ ਸੁਮਨ ਨਾਲ ਫੁੱਲ ਪਾਉਣ ਵੀ ਗਿਆ। ਭੋਗ ਵਾਲੇ ਦਿਨ ਜਿਸ ਤਰ੍ਹਾਂ ਦਾ ਮਾਤਮੀ ਮਾਹੌਲ ਸੀ, ਉਸ ਤਰ੍ਹਾਂ ਦਾ ਸੋਗੀ ਵਾਤਾਵਰਨ ਸਾਡੇ ਪਰਿਵਾਰ ਵਿਚ ਜੇ ਕਦੇ ਵਾਪਰਿਆ ਸੀ ਤਾਂ ਉਹ ਸਿਰਫ ਭੈਣ ਸੀਤਾ ਤੇ ਗੁੱਜਰ ਲਾਲ ਜੀਜਾ ਜੀ ਦੀਆਂ ਕਾਣਾਂ-ਮਕਾਣਾਂ ਸਮੇਂ ਮਹਿਸੂਸ ਹੋਇਆ ਸੀ। ਸੁਮਨ ਦੀ ਫੋਨ 'ਤੇ ਉਦਾਸ ਆਵਾਜ਼ ਸੁਣ ਕੇ ਹੁਣ ਵੀ ਮਨ ਭਰ ਆਉਂਦਾ ਹੈ। ਛੋਟੀ ਬੇਟੀ ਰੁਚੀ ਤੇ ਛੋਟਾ ਬੇਟਾ ਮਨੀ, ਜਿੰਨ੍ਹਾਂ ਲਈ ਸੁਰੇਸ਼ ਨੇ ਪਤਾ ਨਹੀਂ ਕੀ ਕੀ ਸੁਪਨੇ ਬੁਣੇ ਸਨ, ਉਹਨਾਂ ਦੇ ਭਵਿੱਖ ਬਾਰੇ ਸੋਚ ਕੇ ਮੈਂ ਕੰਬ ਜਾਂਦਾ ਹਾਂ। ਮੈਂ ਚਾਹੁੰਦਾ ਹੋਇਆ ਵੀ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ। ਜ਼ਮਾਨੇ ਤੋਂ ਬਹੁਤ ਡਰਦਾ ਹਾਂ। ਇਸ ਕਲਯੁਗ ਵਿਚ ਤਾਂ ਲੋਕ ਐਵੇਂ ਹੀ ਖੰਭਾਂ ਤੋਂ ਡਾਰਾਂ ਬਣਾ ਲੈਂਦੇ ਹਨ।
ਸੁਰੇਸ਼ ਦੀ ਮੌਤ ਪਿੱਛੋਂ ਭਾਬੀ ਨੇ ਆਪਣੇ ਟਰੰਕ ਵਿਚਲੀਆਂ ਕੁਝ ਐਫ.ਡੀਆਂ ਤੇ ਸੋਨੇ ਬਾਰੇ ਜਿਹੜਾ ਰੌਲਾ ਪਾਇਆ, ਉਸ ਬਾਰੇ ਮੈਂ ਕੀ ਕਹਾਂ? ਉਸ ਦਾ ਵੱਡਾ ਪੁੱਤਰ ਤੁਰ ਗਿਆ ਸੀ। ਛੋਟੇ ਨੂੰ ਟਰੰਕ ਵਿਚੋਂ ਉਸ ਦੇ ਕੀਮਤੀ ਸਮਾਨ ਦੇ ਹਥਿਆਉਣ ਸਬੰਧੀ ਜਿਸ ਤਰ੍ਹਾਂ ਗਾਲ੍ਹਾਂ ਕੱਢ ਰਹੀ ਸੀ, ਉਸ ਨੂੰ ਸੁਣ ਕੇ ਸਾਰੇ ਉਸ ਦੀ ਬੇਅਕਲੀ 'ਤੇ ਦੁਖੀ ਸਨ। ਮੈਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਉਸ ਦਾ ਕੁਝ ਵੀ ਨਹੀਂ ਸੀ ਲਗਦਾ। ਜੋ ਮੇਰੇ ਭਰਾ ਤੋਂ ਮੇਰੇ ਨਾਲ ਧੱਕਾ ਕਰਵਾਇਆ ਸੀ, ਉਸ ਦੇ ਮੁਕਾਬਲੇ ਤਾਂ ਟਰੰਕ ਵਾਲੀ ਗੱਲ ਨੂੰ ਲੈ ਕੇ ਨਰੇਸ਼ ਨੂੰ ਕੱਢੀਆਂ ਗਾਲ੍ਹਾਂ ਬਹੁਤ ਵੱਡੀ ਗੱਲ ਸਨ। ਪਤੀ ਨਹੀਂ ਰਿਹਾ, ਵੱਡਾ ਪੁੱਤਰ ਭੰਗ ਦੇ ਭਾਣੇ ਤੁਰ ਗਿਆ ਹੈ। ਇਕੋ ਇਕ ਪੁੱਤਰ ਦੇ ਮੁਕਾਬਲੇ ਉਤੇ ਉਹ ਧਨ ਤੇ ਸੋਨੇ ਨੂੰ ਤਰਜੀਹ ਦੇ ਰਹੀ ਹੈ। ਹੁਣ ਘਰ ਵਿਚ ਉਸ ਦੀ ਗੱਲ ਨੂੰ ਕੋਈ ਡੇਲਿਆਂ ਵੱਟੇ ਨਹੀਂ ਸੀ ਸਿਆਣਦਾ। ਉਂਜ ਕੋਈ ਬੋਲਦਾ ਵੀ ਕੁਝ ਨਹੀਂ ਸੀ। ਭਰਾ ਦੇ ਇਕ ਬਹੁਤ ਨਜ਼ਦੀਕੀ ਦੋਸਤ ਤੇ ਰਿਸ਼ਤੇਦਾਰਾਂ ਦੀਆਂ ਸਮਝੌਤੀਆਂ ਦਾ ਵੀ ਉਸ ਉਤੇ ਕੋਈ ਅਸਰ ਨਹੀਂ ਸੀ।
ਦੋ ਕੁ ਮਹੀਨਿਆਂ ਪਿੱਛੋਂ ਭਾਬੀ ਤੁਰ ਗਈ। ਘਰ ਵਿਚ ਜਿਸ ਨੇ ਚੰਮ ਦੀਆਂ ਚਲਾਈਆਂ ਸਨ, ਉਸ ਦੀ ਮੌਤ ਉਤੇ ਰਸਮੀ ਫੁੱਲ ਪਾਉਣ ਤੇ ਰਸਮੀ ਕਾਣਾਂ-ਮਕਾਣਾਂ ਤੇ ਭੋਗ ਤੋਂ ਬਿਨਾਂ ਸ਼ਾਇਦ ਉਸ ਦੀ ਮੌਤ ਕਾਰਨ ਕਿਸੇ ਦੀ ਵੀ ਅੱਖ 'ਚ ਹੰਝੂ ਨਹੀਂ ਸੀ ਵਗਿਆ, ਜੇ ਹੰਝੂ ਵਗ ਰਹੇ ਸਨ ਤਾਂ ਮੇਰੇ ਭਰਾ ਤੇ ਖਾਸ ਤੌਰ 'ਤੇ ਸੁਰੇਸ਼ ਦੇ ਤੁਰ ਜਾਣ ਕਾਰਨ।
ਮੌਤਾਂ ਮੇਰੇ ਆਪਣੇ ਪਰਿਵਾਰ ਵਿਚ ਵੀ ਤੇ ਸਹੁਰਿਆਂ ਦੇ ਪਰਿਵਾਰ ਵਿਚ ਵੀ ਅਣਗਿਣਤ ਹੋਈਆਂ---ਮੇਰੀ ਧਰਮ ਮਾਤਾ ਤੇ ਧਰਮ ਪਿਤਾ (ਸੱਸ-ਸਹੁਰਾ) ਸਭ ਤੋਂ ਵੱਡੇ ਜੀਜਾ ਜੀ ਖਰੈਤੀ ਲਾਲ ਤੇ ਉਸ ਤੋਂ ਛੋਟੇ ਫਤਿਹ ਚੰਦ, ਮੇਰੇ ਪਤਿਉਹਰੇ ਬਸੰਤ ਲਾਲ ਦੇ ਬੇਟੇ ਡਾ.ਓਮ ਅਤੇ ਵੱਡੀ ਭੈਣ ਰਾਮ ਪਿਆਰੀ ਤੋਂ ਛੋਟੀ ਸ਼ੀਲਾ ਤੇ ਭੈਣ ਸੀਤਾ ਦੇ ਵਿਚਕਾਰਲੇ ਜੁਆਈ ਇੰਜ. ਇੰਦਰਸੈਨ ਬਾਂਸਲ ਦੀ ਅਤੇ ਬਹੁਤ ਸਾਰੀਆਂ ਹੋਰ ਪਰ ਇਹਨਾਂ ਵਿਚੋਂ ਜੁਆਨੀ ਤੇ ਤਰੱਕੀ ਦੇ ਸਿਖਰਲੇ ਟੰਬੇ ਨੂੰ ਛੁੰਹਦੇ ਹੋਏ ਡਾ.ਓਮ ਪ੍ਰਕਾਸ਼ ਸਿੰਗਲਾ ਅਤੇ ਇੰਜ.ਇੰਦਰਸੈਨ ਦੀ ਮੌਤ ਵੀ ਮੇਰੇ ਲਈ ਵੱਡਾ ਸੱਲ ਹਨ। ਇੰਦਰਸੈਨ ਨੇ ਆਪਣੀਆਂ ਅੱਖਾਂ ਦਾਨ ਕੀਤੀਆਂ ਹੋਈਆਂ ਸਨ। ਸ਼ਾਇਦ ਇਹ ਕੰਮ ਉਸ ਨੇ ਮੇਰੀ ਭੈਣ ਤਾਰਾ ਤੇ ਮੇਰੀ ਨੇਤਰਹੀਣਤਾ ਨੂੰ ਦੇਖ ਕੇ ਕੀਤਾ ਹੋਵੇ।
ਮੇਰੇ ਮਿੱਤਰ ਗੁਰਮੀਤ ਹੇਅਰ ਅਤੇ ਉਸ ਦੇ ਪੁੱਤਰ ਜੇ.ਡੀ.--ਦੋਹਾਂ ਦੀਆਂ ਮੌਤਾਂ ਵੀ ਮੇਰੇ ਲਈ ਅਜਿਹੇ ਸੱਲ ਹਨ ਜਿਹੜੇ ਮੈਨੂੰ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਮੈਂ ਉਸ ਪਰਿਵਾਰ ਨੂੰ ਯਾਦ ਕਰਕੇ ਦੁਖੀ ਤਾਂ ਹੁੰਦਾ ਰਹਿੰਦਾ ਹਾਂ ਪਰ ਕੁਝ ਕਰਨ ਤੋਂ ਜਿਵੇਂ ਅਸਮਰੱਥ ਹੋਵਾਂ। ਮੇਰੀ ਇਹ ਹਾਲਤ ਮੈਨੂੰ ਹੋਰ ਵੀ ਦੁਖੀ ਕਰਦੀ ਰਹਿੰਦੀ ਹੈ।
...ਚਲਦਾ...