ਚੜ੍ਹ ਚੜ੍ਹ ਚੜ੍ਹ ਨਵੇਂ ਸਾਲ ਦਿਆ ਸੂਰਜਾ ਵੇ
ਸੁੱਖ ਦਾ ਸੁਨੇਹਾ ਕੋਈ ਲਿਆ।
ਦੂਰ ਕਰ ਨ੍ਹੇਰੇ ਲੱਭ ਨਵਿਆਂ ਸਵੇਰਿਆਂ ਨੂੰ
ਸ਼ਗਨਾ ਦੇ ਗੀਤ ਕੋਈ ਗਾ।
ਨਫਰਤਾਂ ਦਾ ਬੀਜ ਜਿਹੜੇ ਬੀਜਦੇ ਨੇ ਰਾਹਾਂ ਵਿਚ
ਪਿਆਰ ਵਾਲੀ ਵੰਜਲੀ ਵਜਾ।
ਭੁੱਲ ਜਾ ਅਤੀਤ ਦੀਆਂ ਯਾਦਾਂ ਲਹੂ ਪੀਣੀਆਂ ਨੂੰ
ਸੁਪਨੇ ਭਵਿੱਖ ਦੇ ਸਜਾ।
ਚੜ੍ਹ ਚੜ੍ਹ ਚੜ੍ਹ,,,,,,,,,,,,,,,,,,,,
ਕੁੱਖ ਵਿਚ ਹੋਈਆਂ ਨੇ ਸ਼ਹੀਦ ਜੋ ਮਸੂਮ ਜਿੰਦਾਂ
ਦੱਸ ਜਾਈ ਊਹਨਾ ਦਾ ਕਸੂਰ ਵੇ
ਹੁੰਦੇ ਨੇ ਜ਼ੁਲਮ ਜਿਹੜੇ ਰਾਤਾਂ ਦੇ ਹਨ੍ਹੇਰਿਆਂ 'ਚ
ਸੱਚ ਦੱਸ ਕਿਹੜਾ ਦਸਤੂਰ ਵੇ।
ਅੱਖਾਂ ਉੱਤੇ ਬੰਨ੍ਹ ਪੱਟੀ ਬੈਠੇ ਨੇ ਸਮਾਜ ਸੇਵੀ
ਕਰਦੇ ਨੇ ਕਿਹੜੀ ਉਹ ਦੁਆ।
ਚੜ੍ਹ ਚੜ੍ਹ ਚੜ੍ਹ,,,,,,,,,,,,,,,,,,,,,,,,
ਬੇਈਮਾਨੀ , ਠੱਗੀ ਠੋਰੀ ਲੁੱਟਾਂ ਖੋਹਾਂ ਹੌਣ ਇਥੇ
ਕੀਤਾ ਮਹਿੰਗਾਈ ਬੁਰਾ ਹਾਲ ਵੇ।
ਚੋਰ ਹੈ ਉਚੱਕਾ ਰੰਨ ਗੁੰਡੀ ਪ੍ਰਧਾਨ ਜਿੱਥੇ
ਕਿਵੇਂ ਆਊ ਦੱਸ ਨਵਾਂ ਸਾਲ ਵੇ।
ਭੁੱਖੇ ਢਿੱਡੀਂ ਰੋਟੀ ਅਤੇ ਮਿਹਨਤਾਂ ਦਾ ਪਾਈ ਮੁੱਲ
ਹੱਕ ਸੱਚ ਨਾਲ ਕਰੀਂ ਨਿਆਂ।
ਚੜ੍ਹ ਚੜ੍ਹ ਚੜ੍ਹ,,,,,,,,,,,,,,,,,,,,,,,
ਰੱਬੀ ਮਿਹਰ ਕਰੀਂ ਸਦਾ ਰੱਬ ਦਿਆਂ ਬੰਦਿਆਂ ਤੇ
ਮੰਨੀ ਸਾਡੀ ਕ ਅਰਦਾਸ ਵੇ।
ਲੋਕ ਰਾਜ ਵਾਲੀ ਸਦਾ ਹੋਵੇ ਜੈ ਜੈ ਕਾਰ ਇਥੇ
ਦੱਬੀਂ ਨਾ ਲੋਕਾਈ ਦੀ ਆਵਾਜ਼ ਵੇ।
ਸੋਨ ਤੇ ਸੁਨਹਿਰੀ ਜੇਹੀਆਂ ਕਿਰਨਾ ਨੂੰ ਜੀ ਆਇਆਂ
ਦਿੱਤਾ ' ਕਾਉਂਕੇ' ਤੇਲ ਹੈ ਚੁਆ।
ਚੜ੍ਹ ਚੜ੍ਹ ਚੜ੍ਹ ਨਵੇਂ ਸਾਲ ਦਿਆ ਸੂਰਜਾ ਵੇ
ਸੁੱਖ ਦਾ ਸੁਨੇਹਾ ਕੋਈ ਲਿਆ।