ਖਿੜੀ ਸੂਰਜ ਦੀ ਲੋਅ,ਦਿਨ ਚੜ੍ਹਿਆ ਹੁਸੀਨ
ਲਵੇ ਸੂਹੀ ਅੰਗੜਾਈ, ਮੁਟਿਆਰੜੀ ਜ਼ਮੀਨ
ਹਵਾ ਹੋ ਗਈ ਨਿਹਾਲ,ਉੱਡੀ ਪੰਖੀਆਂ ਦੀ ਡਾਰ
ਘੜੀ ਜਾਂਵਦਾ ਨਜ਼ਾਰੇ,ਖ਼ੁਦਾ ਹੋਇਆ ਕਲਾਕਾਰ
ਵਿੱਚ ਰੱਬ ਦੀ ਰਜ਼ਾ ਦੇ,ਅਦਭੁੱਤ ਹੋਏ ਮੇਲ
ਘਾਹਾਂ ਕੱਚਿਆਂ ਵਿਆਹਲੀ,ਟਿਕੀ ਰਾਤ ਦੀ ਤ੍ਰੇਲ
ਤੇਰੇ ਗੋਟਿਆਂ 'ਚ ਤਾਰੇ,ਸੌਂ ਗਏ ਆਣਕੇ ਤਮਾਮ
ਤੇਰੇ ਕੋਕੇ ਵਿੱਚ ਜਿਵੇਂ,ਚੰਦ ਕਰੇ ਵਿਸ਼ਰਾਮ
ਇਹਨਾਂ ਅੱਖੀਆਂ 'ਚ ਕਰੇ,ਅਠਖੇਲੀਆਂ ਸਰੂਰ
ਉੱਤੋਂ ਗਿੱਠ ਗਿੱਠ ਛਾਇਆ,ਬੁੱਧਵਾਰ ਉੱਤੇ ਨੂਰ
ਨਿੱਘੀ ਰੌਸ਼ਨੀ 'ਚ ਮਿੱਟੀ,ਕੀਤੇ ਪੰਜ ਇਸ਼ਨਾਨ
ਖੇਤਾਂ ਵਿੱਚ ਵੱਟਾਂ ਉੱਤੇ,ਘੁੰਮੀ ਜਾਂਵਦੇ ਕਿਸਾਨ
ਵੇਖ ਚੜ੍ਹਦੀਆਂ ਚਾਦਰਾਂ,ਤੇ ਅਦਾ-ਏ-ਨਮਾਜ਼
ਨਾਲੇ ਗੁੰਬਦਾਂ 'ਚ ਗੂੰਜਦਾ,ਜੈਕਾਰਿਆਂ ਦਾ ਨਾਦ
ਚੱਲੇ ਚੱਕਰ ਸਮੇਂ ਦਾ,ਗਤੀਸ਼ੀਲ ਨੇ ਵਜੂਦ
ਕੀਤੀ ਕਾਦਰ ਨੇ ਸੋਹਣੀ,ਹੈ ਕਸੀਦਾਕਾਰੀ ਖ਼ੂਬ