ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ (ਲੇਖ )

    ਦਰਸ਼ਨ ਸਿੰਘ ਆਸ਼ਟ (ਡਾ.)   

    Email: dsaasht@yahoo.co.in
    Phone: +91 175 2287745
    Cell: +91 98144-23703
    Address: ਈ-ਟਾਈਪ ਪੰਜਾਬੀ ਯੂਨੀਵਰਸਿਟੀ ਕੈਂਪਸ
    ਪਟਿਆਲਾ India
    ਦਰਸ਼ਨ ਸਿੰਘ ਆਸ਼ਟ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਕਬੂਲ ਲੋਕ ਕਵੀ ਉਸਤਾਦ ਦਾਮਨ ਦਾ ਕੌਲ ਹੈ :
    ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ
    ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ।
    ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤਾਂ ਸਹੀ
    ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
    ਦਾਮਨ ਦਾ ਇਹ ਕਾਵਿ-ਬੰਦ ਪੰਜਾਬੀ,ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਦੇ ਗਿਆਤਾ, ਪ੍ਰਮਾਣਿਕ ਖੋਜਕਾਰ ਅਤੇ ਹਰਮਨਪਿਆਰੇ ਸਾਧੂ-ਸੁਭਾਅ ਪੰਜਾਬੀ ਅਧਿਆਪਕ ਡਾ. ਗੁਰਦੇਵ ਸਿੰਘ ਸਿੱਧੂ ਉਪਰ ਸੌ ਫ਼ੀਸਦੀ ਢੁੱਕਦਾ ਹੈ ਜਿਨ੍ਹਾਂ ਨੇ ਆਪਣੇ ਬਚਪਨ ਵਿਚ ਤੰਗੀਆਂ ਤੁਰਸ਼ੀਆਂ,ਮਿਹਨਤ-ਮੁਸ਼ੱਕਤ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆਂ ਨਾਂ ਕਮਾਇਆ ਹੈ।ਮਾਂ ਬੋਲੀ ਪੰਜਾਬੀ ਦੇ ਇਸ ਸਪੂਤ ਦਾ 17 ਦਸੰਬਰ, 2016 ਨੂੰ ਦਿਹਾਂਤ ਹੋ ਗਿਆ ਸੀ।

    ਡਾ. ਗੁਰਦੇਵ ਸਿੰਘ ਸਿੱਧੂ 
    15 ਸਤੰਬਰ 1931 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਦੀਦਾਰੇ ਵਾਲਾ ਦੇ ਜੰਮਪਲ ਡਾ. ਗੁਰਦੇਵ ਸਿੰਘ ਸਿੱਧੂ ਦੇ ਸਾਹਿਤਕ ਜ਼ਖ਼ੀਰੇ ਵਿਚ ਝਾਤ ਮਾਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ ਇਕ ਸੰਸਥਾ ਵਾਲੇ ਕਾਰਜਾਂ ਨੂੰ ਇਕੱਲਿਆਂ ਹੀ ਕਿਵੇਂ ਅੰਜ਼ਾਮ ਦਿੱਤਾ। ਡਾ. ਗੁਰਦੇਵ ਸਿੰਘ ਸਿੱਧੂ ਦੀ ਬਚਪਨ ਵਿਚ ਹੀ ਸੰਘਰਸ਼ ਕਰਨ ਨਾਲ ਸਾਂਝ ਪੈ ਗਈ ਸੀ। ਉਹਨਾਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੰਜਵੀਂ, ਪੱਤੋ ਹੀਰਾ ਸਿੰਘ ਦੇ ਸਕੂਲ ਵਿਚੋਂ ਦਸਵੀਂ (ਪੂਰੇ ਪੰਜਾਬ ਵਿਚੋਂ ਅੱਵਲ), ਡੀ.ਐਮ.ਸੀ.ਕਾਲਜ ਮੋਗਾ ਤੋਂ ਬੀ.ਏ.ਫਿਰ ਬੀ.ਟੀ. ਕਰਕੇ ਸਕੂਲ ਅਧਿਆਪਕ ਵਜੋਂ ਨੌਕਰੀ ਪ੍ਰਾਪਤ ਕੀਤੀ। ਸ੍ਰੀਮਤੀ ਦਲੀਪ ਕੌਰ ਨਾਲ ਵਿਆਹ ਉਪਰੰਤ ਵੀ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਉਹਨਾਂ ਐਮ.ਏ.ਪੰਜਾਬੀ ਉਪਰੰਤ ਉਹਨਾਂ ਨੇ ਪੰਜਾਬੀ ਵਿਚ ਰਚੇ ਕਿੱਸਾ ਸਾਹਿਤ, ਸੂਫ਼ੀ-ਸਾਹਿਤ ਅਤੇ ਭਾਸ਼ਾ ਦੇ ਸਮੁੰਦਰ ਅੰਦਰ ਡੂੰਘੀਆਂ ਚੁੱਭੀਆਂ ਲਗਾ ਕੇ ਆਪਣੇ ਸਮਿਆਂ ਦੇ ਪ੍ਰਸਿੱਧ ਕਿੱਸਾਕਾਰਾਂ ਅਤੇ ਸੂਫ਼ੀ ਸ਼ਾਇਰਾਂ ਦੇ ਕਲਾਮ ਰੂਪੀ ਮੋਤੀਆਂ ਨੂੰ ਆਲੋਚਨਾਤਮਕ ਨਜ਼ਰੀਏ ਤੋਂ ਲਿਸ਼ਕਾ ਕੇ ਆਉਣ ਵਾਲੀ ਪੀੜ੍ਹੀ ਦੇ ਸਪੁਰਦ ਕੀਤਾ। ਇਹ ਹਕੀਕਤ ਹੈ ਕਿ ਪੰਜਾਬੀ ਕਿੱਸਾ-ਪਿੜ ਵਿਚ ਜਿਹੜਾ ਠੁੱਕ ਦਮੋਦਰ ਅਤੇ ਵਾਰਿਸ ਨੇ ਬੰਨ੍ਹਿਆ ਸੀ,ਸਿੱਖ ਰਾਜ ਦੇ ਚਲੇ ਜਾਣ ਉਪਰੰਤ ਉਹ ਪ੍ਰਭਾਵ ਮੱਧਮ ਪੈਣਾ ਸ਼ੁਰੂ ਹੋ ਗਿਆ ਸੀ। ਇਸ ਕਾਲ ਦੌਰਾਨ ਭਾਵੇਂ ਬਹੁਤੇ ਕਿੱਸਾਕਾਰ ਕੇਵਲ ਗਿਣਾਤਮਕ ਪੱਖ ਤੋਂ ਹੀ ਵਾਧਾ ਕਰਦੇ ਰਹੇ ਹਨ ਪਰੰਤੂ ਜਿਨ੍ਹਾਂ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਤਤਕਾਲੀਨ ਸਮਾਜਿਕ ਅਤੇ ਰਾਜਸੀ ਹਾਲਾਤਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ, ਡਾ. ਗੁਰਦੇਵ ਸਿੰਘ ਸਿੱਧੂ ਨੇ ਉਹਨਾਂ ਦਾ ਖ਼ਾਸ ਨੋਟਿਸ ਲੈ ਕੇ ਗੰਭੀਰ ਵਿਸ਼ਲੇਸ਼ਣ ਸਾਹਮਣੇ ਲਿਆਂਦਾ ਅਤੇ ਇਕ ਡੂੰਘੇ ਖੋਜੀ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਉਹਨਾਂ ਵੱਲੋਂ ਪੰਜਾਬੀ ਕਿੱਸਾ-ਕਾਵਿ ਸਬੰਧੀ ਇਕ ਖ਼ਾਸ ਸਿਲਸਿਲੇ ਵਿਚ ਪ੍ਰੋਈ ਹੋਈ ਨਵੀਨਤਮ ਖੋਜ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਦੀ ਖੋਜ ਅਤੇ ਸਮਾਲੋਚਨਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ।ਆਪਣੀ ਪਹਿਲੀ ਖੋਜ-ਪੁਸਤਕ ‘ਹਾਸ਼ਮ ਦੀ ਕਾਵਿ ਰਚਨਾ` (1969) ਤੋਂ ਲੈ ਕੇ ‘ਹੀਰ ਦਮੋਦਰ`,‘ਸੱਸੀ ਹਾਸ਼ਮ`,‘ਕਿਤਾਬ-ਇ-ਇਸ਼ਕ ਉਰਫ਼ ਹੀਰ ਵਾਰਿਸ`,‘ਭਗਵਾਨ ਸਿੰਘ ਰਚਨਾਵਲੀ`,‘ਵਜੀਦ ਦੇ ਸਲੋਕ`,‘ਕਲਾਮ ਬੁੱਲ੍ਹੇ ਸ਼ਾਹ`,‘ਕਲਾਮ ਸ਼ਾਹ ਹੁਸੈਨ`,‘ਸੋਹਣੀ ਫ਼ਜ਼ਲ ਸ਼ਾਹ` ਆਦਿ ਪੁਸਤਕਾਂ ਵਿਚ ਉਹਨਾਂ ਨੇ ਨਾ ਕੇਵਲ ਇਹਨਾਂ ਕਿੱਸਾਕਾਰਾਂ ਦੀ ਤਕਨੀਕ,ਨਵੀਨਤਾ, ਅਲੰਕਾਰਕ-ਸ਼ੈਲੀ,ਕਾਫ਼ੀਏ ਦੀ ਚੁਸਤੀ ਆਦਿ ਗੁਣਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਸਗੋਂ ਉਹਨਾਂ ਪੱਖਾਂ ਨੂੰ ਵੀ ਪਹਿਲੀ ਵਾਰੀ ਸਾਹਮਣੇ ਲਿਆਂਦਾ ਜਿਨ੍ਹਾਂ ਨੂੰ ਉਹਨਾਂ ਤੋਂ ਪੂਰਵਲੇ ਸਮਾਲੋਚਕਾਂ ਵੱਲੋਂ ਅਣਗੌਲਿਆ ਕੀਤਾ ਹੋਇਆ ਸੀ।ਉਹਨਾਂ ‘ਕਲਾਮ ਅਲੀ ਹੈਦਰ, ‘ਫ਼ਰਦ ਫ਼ਕੀਰ ਦਾ ਕਲਾਮ`,‘ਹਾਮਿਦ ਸ਼ਾਹ ਅੱਬਾਸੀ`,‘ਸੂਫ਼ੀ ਜੀਵਨੀਆਂ`,‘ਹਾਸ਼ਮ ਸ਼ਾਹ ਰਚਨਾਵਲੀ`,‘ਜੀਵਨੀਆਂ ਸੂਫ਼ੀ ਦਰਵੇਸ਼ਾਂ ਦੀਆਂ`,‘ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ` ਤੋਂ ਇਲਾਵਾ ਸ਼ੇਖ਼ ਸਾਅਦੀ ਰਚਿਤ ਦੋਵੇਂ ਕ੍ਰਿਤਾਂ ‘ਗੁਲਿਸਤਾਂ` ਅਤੇ ‘ਬੋਸਤਾਂ` ਦਾ ਡੂੰਘਾ ਮੁਤਾਲਿਆ ਕਰਕੇ ਪ੍ਰਕਾਸ਼ਿਤ ਕਰਵਾਇਆ। ਪੰਜਾਬੀ ਯੂਨੀਵਰਸਿਟੀ ਸੇਵਾ ਦੌਰਾਨ ਹੀ ਉਹਨਾਂ ਨੇ ‘ਪੰਜਾਬੀ ਸੂਫ਼ੀ ਸਾਹਿਤ ਸੰਦਰਭ ਕੋਸ਼` (1989) ਤਿਆਰ ਕੀਤਾ ਜੋ ਸੂਫ਼ੀ ਰਵਾਇਤ ਅਤੇ ਸ਼ਾਇਰੀ ਬਾਰੇ ਮੁੱਲਵਾਨ ਵਾਕਫ਼ੀਅਤ ਪ੍ਰਦਾਨ ਕਰਨ ਵਾਲਾ ਆਪਣੀ ਕਿਸਮ ਦਾ ਪਹਿਲਾ ਪ੍ਰਮਾਣਿਕ ਹਵਾਲਾ ਗ੍ਰੰਥ ਹੈ।ਉਹਨਾਂ ਦੀ ਖੋਜ ਅੱਜ ਵੀ ਨਵੀਂ ਪੀੜ੍ਹੀ ਦੇ ਖੋਜਾਰਥੀਆਂ ਦੀ ਅਗਵਾਈ ਕਰ ਰਹੀ ਹੈ। ਇਸੇ ਦੌਰਾਨ ਉਹਨਾਂ ਨੇ ਸੰਤ ਦਾਸ ਛਿੱਬਰ ਹੁਰਾਂ ਵੱਲੋਂ ਰਚਿਤ ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਸ਼ਾਹ` ਦਾ ਮੁਲਾਂਕਣ ਵੀ ਪ੍ਰਸਤੁੱਤ ਕੀਤਾ। 
    ਡਾ. ਗੁਰਦੇਵ ਸਿੰਘ ਸਿੱਧੂ ਨੇ 1964 ਵਿਚ ਉਘੇ ਵਿਦਵਾਨ ਡਾ. ਸੁਰਿੰਦਰ ਸਿੰਘ ਕੋਹਲੀ ਦੇ ਪਹਿਲੇ ਪੀ.ਐਚ-ਡੀ. ਖੋਜਾਰਥੀ ਵਜੋਂ ‘ਪੰਜਾਬੀ ਕਵਿਤਾ ਵਿਚ ਪ੍ਰਕਿਰਤੀ ਚਿੱਤ੍ਰਣ` ਵਿਸ਼ੇ `ਤੇ ਦੀ ਡਿਗਰੀ ਹਾਸਲ ਕੀਤੀ।ਇਸ ਦੌਰਾਨ ਉਹ ਪਹਿਲਾਂ ਸਰਕਾਰੀ ਕਾਲਜ ਮੁਕਤਸਰ ਅਤੇ ਫਿਰ 1966 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਪੰਜਾਬੀ ਲੈਕਚਰਾਰ ਚੁਣੇ ਗਏ। 1985 ਵਿਚ ਉਹਨਾਂ ਇਸੇ ਯੂਨੀਵਰਸਿਟੀ ਦੇ ਹੀ ਪੰਜਾਬੀ ਵਿਭਾਗ ਵਿਚ ਬਤੌਰ ਰੀਡਰ ਜੁਆਇਨ ਕੀਤਾ ਜਿੱਥੋਂ ਉਹ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ।ਛੱਬੀ ਵਰ੍ਹੇ ਪੰਜਾਬੀ ਅਧਿਆਪਨ ਨਾਲ ਜੁੜੇ ਰਹੇ ਇਸ ਦਾਨਿਸ਼ਵਰ ਨੇ ਮਕਬੂਲ ਵਿਦਵਾਨ ਅਤੇ ਅਧਿਆਪਕ ਪ੍ਰੋਫ਼ੈਸਰ ਗੁਲਵੰਤ ਸਿੰਘ ਤੋਂ ਉਰਦੂ-ਫ਼ਾਰਸੀ ਦੀ ਤਾਲੀਮ ਵੀ ਹਾਸਲ ਕੀਤੀ।   
    ਡਾ. ਗੁਰਦੇਵ ਸਿੰਘ ਸਿੱਧੂ ਦੀ ਪਹਿਲੀ ਪੁਸਤਕ ‘ਵੇਦਨਾ` (1978) ਸੀ ਜਿਸ ਦਾ ਪੋਲਿਸ਼ ਭਾਸ਼ਾ ਵਿਚ ‘ਐਗੋਨੀਆ` (1982) ਨਾਂ ਹੇਠ ਅਨੁਵਾਦ ਵੀ ਹੋਇਆ। ਉਹਨਾਂ ‘ਜੰਗਨਾਮਾ ਸਰੂਪ, ਸਿੱਧਾਂਤ ਤੇ ਵਿਕਾਸ` ਖੋਜ ਪੁਸਤਕ ਦੀ ਰਚਨਾ ਕੀਤੀ ਜੋ ਪੰਜਾਬੀ ਅਦਬ ਦੇ ਇਕ ਮਾਇਆਨਾਜ਼ ਸਰਮਾਏ ਦਾ ਦਰਜ਼ਾ ਰੱਖਦੀ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਰਾਹੀਂ ਪੰਜਾਬੀ ਦੇ ਬਹੁਤ ਸਾਰੇ ਅਣਗੌਲੇ ਜੰਗਨਾਮਿਆਂ ਨੂੰ ਪਹਿਲੀ ਵਾਰੀ ਸਾਹਮਣੇ ਲਿਆਂਦਾ ਗਿਆ। ਇਸ ਕ੍ਰਿਤ ਬਾਰੇ ਡਾ. ਅਤਰ ਸਿੰਘ ਦਾ ਮਤ ਸੀ ਕਿ ਕਾਵਿ-ਰੂਪ ਵਜੋਂ ਜੰਗਨਾਮੇ ਦੀ ਪਰਿਭਾਸ਼ਾ ਨੂੰ ਸਥਾਪਤ ਕਰਨ ਤੇ ਹੋਰਨਾਂ, ਨਾਲ ਲੱਗਦੇ ਰੂਪਾਂ ਤੋਂ ਨਿਖੇੜਨ ਲਈ, ਇਹ ਪੁਸਤਕ ਆਪਣੀ ਭਾਂਤ ਦਾ ਪਹਿਲਾ ਉਦਮ ਹੈ..। ਇਹ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਇਕ ਬਹੁਤ ਵੱਡੇ ਖੱਪੇ ਨੂੰ ਪੂਰਾ ਕਰਨ ਵਾਲੀ ਕਿਤਾਬ ਹੈ।
    ਕਿਉਂਕਿ ਡਾ. ਗੁਰਦੇਵ ਸਿੰਘ ਸਿੱਧੂ ਪੰਜਾਬੀ ਭਾਸ਼ਾ ਦੇ ਅਧਿਆਪਕ ਸਨ, ਇਸ ਲਈ ਉਹਨਾਂ ਨੇ ਪੱਛਮ ਦੇ ਭਾਸ਼ਾ ਵਿਗਿਆਨੀਆਂ ਨਿਊਟਨ,ਟਿਸਡਲ ਕਲੇਅਰ, ਗ੍ਰਾਹਮ ਬੇਲੀ ਅਤੇ ਜੌਹਨ ਬੀਮਜ਼ ਦੇ ਵੱਲੋਂ ਤਿਆਰ ਕੀਤੇ ਪੰਜਾਬੀ ਵਿਆਕਰਣਾਂ ਦਾ ਮੁਤਾਲਿਆ ਕਰਦਿਆਂ ਆਪਣੀ ਪੁਸਤਕ ‘ਗੁਰਮੁਖੀ ਲਿੱਪੀ` ਵਿਚ ਗੁਰਮੁਖੀ ਲਿਪੀ ਬਾਰੇ ਕੁਝ ਭ੍ਰਾਂਤੀਆਂ ਅਤੇ ਭੁਲੇਖਿਆਂ ਨੂੰ ਦਲੀਲਾਂ ਨਾਲ ਸਪੱਸ਼ਟ ਕੀਤਾ ਅਤੇ ਸਿੱਧ ਕੀਤਾ ਕਿ ਗੁਰਮੁਖੀ ਲਿਪੀ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ ਅਤੇ ਗੁਰਮੁਖੀ ਲਿਪੀ ਸੰਬੰਧੀ ਹੋਰ ਖੋਜ-ਉਪਰਾਲੇ ਨਿਰੰਤਰ ਹੁੰਦੇ ਰਹਿਣੇ ਚਾਹੀਦੇ ਹਨ।ਭਾਸ਼ਾ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਅੰਗ੍ਰੇਜ਼ੀ ਪੰਜਾਬੀ ਡਿਕਸ਼ਨਰੀ` ਅਤੇ ਅਕਾਦਮਿਕ ਖੇਤਰ ਨਾਲ ਸੰਬੰਧਤ ਵੀਹ ਤੋਂ ਜ਼ਿਆਦਾ ਪੰਜਾਬੀ ਪਾਠ ਪੁਸਤਕਾਂ ਵਿਚ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਤੇ ਕਾਵਿ ਕਲਾ ਬਾਰੇ ਖੋਜ ਭਰਪੂਰ ਪੁਸਤਕ ਲਿਖਣ ਤੋਂ ਬਿਨਾਂ ਪ੍ਰੋਫੈਸਰ ਪੂਰਨ ਸਿੰਘ ਅਤੇ ਪ੍ਰਿੰਸੀਪਲ ਤੇਜਾ ਸਿੰਘ ਰਚਿਤ ਸਾਹਿਤ ਬਾਰੇ ਵੀ ਖੋਜ ਕਾਰਜ ਕੀਤਾ। 
    ਡਾ. ਗੁਰਦੇਵ ਸਿੰਘ ਸਿੱਧੂ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨਾਲ ਵੀ ਬਤੌਰ ਬਾਹਰੀ ਪ੍ਰੀਖਿਅਕ ਜੁੜੇ ਹੋਏ ਸਨ ਅਤੇ ਸ਼ਾਹਮੁੱਖੀ ਲਿੱਪੀ ਵਿਚ ਰਚੇ ਗਏ ਪੰਜਾਬੀ ਸਾਹਿਤ ਅਤੇ ਖੋਜ-ਥੀਸਿਸਾਂ ਸੰਬੰਧੀ ਵੇਰਵੇ ਪੂਰਣ ਅਧਿਐਨ ਨੂੰ ਗੁਰਮੁਖੀ ਲਿਪੀ ਵਿਚ ਸਾਂਝਾ ਕਰਦੇ ਰਹਿੰਦੇ ਸਨ।
    ਡਾ. ਗੁਰਦੇਵ ਸਿੰਘ ਭਾਵੇਂ ਭਾਸ਼ਾ ਵਿਭਾਗ, ਪੰਜਾਬ ਦੇ ਸ਼੍ਰੋਮਣੀ ਪੁਰਸਕਾਰ ਤੋਂ ਮਹਿਰੂਮ ਰਹੇ ਪਰੰਤੂ  ਭਾਰਤੀ ਸਾਹਿਤ ਅਕਾਦਮੀ ਵੱਲੋਂ ਉਤਰੀ ਖੇਤਰੀ ਭਾਸ਼ਾਵਾਂ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਜੋਂ ਉਹਨਾਂ ਨੂੰ ਪਹਿਲਾ ਸਾਹਿਤਕ ਪੁਰਸਕਾਰ 2010 ਵਿਚ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ` ਅਤੇ ਕੁਝ ਹੋਰ ਪੁਰਸਕਾਰ ਵੀ ਉਹਨਾਂ ਨੂੰ ਪ੍ਰਾਪਤ ਹੋਏ। ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਸ੍ਰੀ ਜੀ.ਕੇ.ਸਿੰਘ, ਆਈ.ਏ.ਐਸ. ਨੇ ਉਚੇਚੇ ਤੌਰ ਤੇ ਉਹਨਾਂ ਦੇ ਘਰ ਪੁੱਜ ਕੇ ਸਨਮਾਨਿਤ ਕੀਤਾ ਸੀ। ਡਾ. ਸਿੱਧੂ ਦੇ ਦੋਵੇਂ ਸਪੁੱਤਰ ਡਾ.ਪਰਮਜੀਤ ਸਿੰਘ ਸਿੱਧੂ ਅਤੇ ਡਾ. ਇੰਦਰਜੀਤ ਸਿੰਘ ਸਿੱਧੂ ਕ੍ਰਮਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਅਤੇ ਅਰਥ ਸ਼ਾਸਤਰ ਵਿਸ਼ਿਆਂ ਦੇ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ ਜਦੋਂ ਕਿ ਬੇਟੀ ਰਵਿੰਦਰਜੀਤ ਕੌਰ ਮੁਹਾਲੀ ਰਹਿ ਰਹੀ ਹੈ।
    ਪੰਜਾਬੀ ਮਾਂ ਬੋਲੀ ਦੀ ਬਗੀਚੀ ਵਿਚੋਂ ਗਿਆਨ-ਕਥੂਰੀ ਵੰਡਣ ਵਾਲੀ ਇਸ ਮਹਾਨ ਸ਼ਖ਼ਸੀਅਤ ਦੇ ਬਹੁਪੱਖੀ ਕਾਰਜਾਂ ਦੀ ਮਹਿਕ ਹਮੇਸ਼ਾ ਆਉਂਦੀ ਰਹੇਗੀ।