ਅਸੀਂ ਜੋ ਕੁਝ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਨੱਕ ਨਾਲ ਸੁੰਘਦੇ ਹਾਂ ਜਾਂ ਬਾਕੀ ਸਰੀਰ ਨਾਲ ਸਪਰਸ਼ ਕਰਦੇ ਹਾਂ, ਉਸ 'ਤੇ ਜ਼ਿਆਦਾ ਯਕੀਨ ਕਰਦੇ ਹਾਂ। ਭਾਵ ਉਹ ਅਸਲ ਵਿਚ ਸਾਹਮਣੇ ਪ੍ਰਤੱਖ ਰੂਪ ਵਿਚ ਹੁੰਦਾ ਹੈ ਪਰ ਇਸ ਤੋਂ ਇਲਾਵਾ, ਇਸ ਤੋਂ ਅੱਗੇ ਵੀ ਬਹੁਤ ਕੁਝ ਹੁੰਦਾ ਹੈ ਜਿਸ ਨੂੰ ਅਸੀਂ ਦੇਖ, ਸੁਣ ਜਾਂ ਸਪਰਸ਼ ਨਹੀਂ ਕਰ ਸਕਦੇ। ਜਦੋਂ ਮਨੁੱਖ ਦੀ ਪਹਿਲੀ ਪੀੜ੍ਹੀ ਇਸ ਧਰਤੀ ਤੇ ਹੋਂਦ ਵਿਚ ਆਈ ਸੀ ਤਾਂ ਉਸ ਆਦਿ ਮਨੁੱਖ ਦਾ ਦਾਇਰਾ ਵੀ ਬਹੁਤ ਹੀ ਸੀਮਤ ਸੀ। ਉਹ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਵੀ ਧਰਤੀ ਦੇ ਬਹੁਤ ਥੋੜ੍ਹੇ ਜਹੇ ਦਾਇਰੇ ਵਿਚ ਹੀ ਪੂਰੀਆਂ ਕਰ ਲੈਂਦਾ ਹੋਵੇਗਾ। ਉਸ ਦਾਇਰੇ ਤੋਂ ਬਾਹਰ ਜਾਣ ਦਾ ਸ਼ੁਰੂ ਸ਼ੁਰੂ ਵਿਚ ਉਸ ਦਾ ਹੌਸਲਾ ਨਹੀਂ ਪੈਂਦਾ ਹੋਵੇਗਾ ਕਿਉਂਕਿ ਬਾਹਰ ਦੇ ਹਲਕੇ ਦਾ ਉਸ ਨੂੰ ਗਿਆਨ ਨਹੀਂ ਸੀ ਹੁੰਦਾ। ਉਸ ਨੂੰ ਆਪਣੀ ਜਾਨ ਦਾ ਜੰਗਲੀ ਜਾਨਵਰਾਂ ਅਤੇ ਗੈਬੀ ਤਾਕਤਾਂ ਤੋਂ ਖ਼ਤਰਾ ਸੀ। ਪਰ ਮਨੁੱਖ ਨੇ ਆਪਣੇ ਆਪ ਨੂੰ ਇਕ ਛੋਟੇ ਜਹੇ ਇਲਾਕੇ ਵਿਚ ਹਮੇਸ਼ਾਂ ਲਈ ਨਹੀਂ ਸੀਮਤ ਕਰ ਲਿਆ। ਉਸ ਅੰਦਰ ਇਕ ਹੋਰ ਗਿਆਨ ਇੰਦਰੀ ਹੈ ਜੋ ਉਸ ਨੂੰ ਟਿਕ ਕੇ ਇਕ ਥਾਂ ਨਹੀਂ ਬੈਠਣ ਦਿੰਦੀ । ਇਹ ਹੈ ਮਨੁੱਖੀ ਦਿਮਾਗ ਅਤੇ ਉਸ ਦੀ ਕਲਪਨਾ ਸ਼ਕਤੀ। ਮਨੁੱਖੀ ਦਿਮਾਗ ਹਰ ਸਮੇ ਕੰਮ ਕਰਦਾ ਰਹਿੰਦਾ ਹੈ ਅਤੇ ਉਸ ਵਿਚ ਹਰ ਸਮੇਂ ਇਹ ਜਾਣਨ ਦੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੈ? ਜਾਂ ਹੋਰ ਕੀ ਹੈ? ਉਹ ਆਪਣੀ ਕਲਪਨਾ ਸ਼ਕਤੀ ਦੇ ਸਹਾਰੇ ਆਪਣੇ ਮਨ ਵਿਚ 'ਅੱਗੇ ਕੀ' ਦੀਆਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ ਅਤੇ ਇਨ੍ਹਾਂ ਮਨ ਲੁਭਾਉਣੇ ਚਿੱਤਰਾਂ ਦੀ ਹਕੀਕਤ ਜਾਣਨ ਲਈ ਉਹ ਸਦਾ ਉਤਸਕ ਰਹਿੰਦਾ ਹੈ। ਇਸ ਲਈ ਉਹ ਆਪਣੀ ਜਾਨ ਵੀ ਜੋਖਿਮ ਵਿਚ ਪਾ ਲੈਂਦਾ ਹੈ। ਉਹ ਹਰ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਇਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਹੈ। ਇਸ ਤਰ੍ਹਾਂ ਆਦਿ ਮਨੁੱਖ ਨੇ ਵੀ ਹੌਸਲਾ ਕਰ ਕੇ ਆਪਣੇ ਇਲਾਕੇ ਤੋਂ ਬਾਹਰ ਕਦਮ ਰੱਖਣੇ ਸ਼ੁਰੂ ਕੀਤੇ ਹੋਣਗੇ ਅਤੇ ਨਿੱਤ ਨਵੀਂਆਂ ਲੱਭਤਾਂ ਲੱਭੀਆਂ ਹੋਣਗੀਆਂ ਜਿਸ ਨਾਲ ਉਸ ਦੀਆਂ ਅੱਖਾਂ ਚੁੰਧਿਆ ਗਈਆਂ ਹੋਣਗੀਆਂ। ਇਨ੍ਹਾਂ ਉਪਲੱਭਦੀਆਂ ਨਾਲ ਉਸ ਨੂੰ ਬੇਅੰਤ ਖ਼ੁਸ਼ੀ ਮਿਲੀ ਹੋਵੇਗੀ ਅਤੇ ਉਸ ਨੂੰ ਹੋਰ ਵੀ ਉੱਚੀਆਂ ਸਿਖ਼ਰਾਂ ਛੂਹਣ ਦਾ ਬਲ ਮਿਲਿਆ ਹੋਵੇਗਾ। ਇਸ ਨਾਲ ਹੀ ਮਨੁੱਖੀ ਵਿਕਾਸ ਵਿਚ ਤੇਜ਼ੀ ਆਈ ਹੋਵੇਗੀ ਅਤੇ ਉਹ ਹੌਲੀ ਹੌਲੀ ਵਿਕਾਸ ਕਰਦਾ ਹੋਇਆ ਅੱਜ ਦੇ ਯੁੱਗ ਵਿਚ ਪਹੁੰਚਿਆ। ਜੇ ਮਨੁੱਖ ਵਿਚ ਕੁਝ ਨਵਾਂ ਜਾਣਨ ਦੀ ਜਗਿਆਸਾ ਨਾ ਹੁੰਦੀ ਤਾਂ ਉਸ ਦਾ ਸਾਰਾ ਵਿਕਾਸ ਹੀ ਰੁਕ ਜਾਂਦਾ ਅਤੇ ਅੱਜ ਵੀ ਮਨੁੱਖ ਨੇ ਪੱਥਰ ਯੁੱਗ ਵਿਚ ਨੰਗਾ ਹੀ ਘੁੰਮਦਾ ਹੋਣਾ ਸੀ। ਪਰ ਮਨੁੱਖ ਨੇ ਕੁਦਰਤ ਦੀਆਂ ਸ਼ਕਤੀਆਂ ਅੱਗੇ ਹਾਰ ਨਹੀਂ ਮੰਨੀ, ਉਸ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਪਹਾੜਾਂ ਦੀਆਂ ਚੋਟੀਆਂ ਨੂੰ ਸਰ ਕੀਤਾ ਅਤੇ ਗ਼ਹਿਰੇ ਸਮੁੰਦਰਾਂ ਨੂੰ ਹੰਗਾਲਿਆ। ਇਸੇ ਜਗਿਆਸਾ ਕਾਰਨ ਹੀ ਕੋਲੰਬਸ ਆਪਣੇ ਸੀਮਤ ਜਿਹੇ ਸਾਧਨਾ ਨਾਲ ਸਮੁੰਦਰ ਵਿਚ ਠਿਲ ਪਿਆ ਅਤੇ ਅਮਰੀਕਾ ਦੀ ਖੋਜ ਕੀਤੀ। ਤੇਨ ਜ਼ਿੰਗ ਨੇ ਆਪਣੇ ਸਾਥੀ ਐਡਮੰਡ ਹਿਲੇਰੀ ਨਾਲ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰਸਟ ਨੂੰ ਸਰ ਕਰ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ।
ਇੱਥੇ ਹੀ ਬਸ ਨਹੀਂ, ਬੇਸ਼ੱਕ ਪ੍ਰਮਾਤਮਾ ਨੇ ਮਨੁੱਖ ਨੂੰ ਖੰਭ ਨਹੀਂ ਦਿੱਤੇ ਪਰ ਪੰਛੀਆਂ ਨੂੰ ਆਸਮਾਨ ਵਿਚ ਉੱਡਦੇ ਦੇਖ ਕੇ ਉਸ ਵਿਚ ਵੀ ਆਸਮਾਨ ਵਿਚ ਉੱਡਣ ਦੀ ਲਾਲਸਾ ਪੈਦਾ ਹੋਈ। ਉਸ ਦੇ ਮਨ ਵਿਚ ਜਜ਼ਬਾ ਸੀ। ਇਸ ਲਈ ਉਸ ਨੇ ਹਵਾਈ ਜਹਾਜ ਦਾ ਆਵਿਸ਼ਕਾਰ ਕਰ ਕੇ ਆਪਣੀ ਇਸ ਰੀਝ ਨੂੰ ਪੂਰਾ ਕੀਤਾ ਪਰ ਉਸ ਵਿਚ ਹਾਲੀ ਵੀ ਇਹ ਜਗਿਆਸਾ ਬਣੀ ਹੋਈ ਹੈ ਕਿ ਇਹ ਜੋ ਚੰਨ ਤਾਰੇ ਸਾਨੂੰ ਦਿਖਾਈ ਦਿੰਦੇ ਹਨ, ਇਸ ਤੋਂ ਅੱਗੇ ਕੀ ਹੈ? ਕੀ ਇਸ ਤੋਂ ਅੱਗੇ ਵੀ ਕੋਈ ਹੋਰ ਵਸਤੂ ਜਾਂ ਸੰਸਾਰ ਹੈ? ਇਸ ਕਲਪਨਾ ਸ਼ਕਤੀ ਨਾਲ ਹੀ ਮਨੁੱਖ ਨੇ ਕਹਿਣਾ ਸ਼ੁਰੂ ਕੀਤਾ:
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ।
ਅਬੀ ਇਸ਼ਕ ਮੇਂ ਇਮਤਿਹਾਂ ਔਰ ਭੀ ਹੈਂ। (ਇਕਬਾਲ)
ਇਸੇ ਕਲਪਣਾ ਦੀ ਹਕੀਕਤ ਜਾਣਨ ਲਈ ਹਵਾਈ ਜਹਾਜ ਤੋਂ ਬਾਅਦ ਮਨੁੱਖ ਨੇ ਰਾਕਟ ਦਾ ਅਵਿਸ਼ਕਾਰ ਕੀਤਾ ਅਤੇ ਪੁਲਾੜ ਵਿਚ ਉਡਾਰੀਆਂ ਲਾਣੀਆਂ ਸ਼ੁਰੂ ਕੀਤੀਆਂ ਅਤੇ ਇਕ ਦਿਨ ਮਨੁੱਖ ਨੇ ਚੰਨ ਤੇ ਆਪਣੇ ਕਦਮ ਰੱਖੇ ਪਰ ਉਹ ਤਾਂ ਹਾਲੀ ਸਿਤਾਰੋਂ ਸੇ ਆਗੇ ਜਾਣਾ ਚਾਹੁੰਦਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਦੁਨੀਆਂ ਭਰ ਦੇ ਵਿਗਿਆਨੀ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਨਿੱਤ ਨਵੀਆਂ ਖੋਜਾਂ ਕਰ ਰਹੇ ਹਨ। ਉਹ ਦਿਨ ਦੂਰ ਨਹੀਂ ਜਦ ਮਨੁੱਖ ਮੰਗਲ ਗ੍ਰਹਿ ਤੇ ਕਦਮ ਰੱਖੇਗਾ। ਇਹ ਵੀ ਹੋ ਸਕਦਾ ਹੈ ਕਿ ਮਨੁੱਖ ਕਿਸੇ ਹੋਰ ਗ੍ਰਹਿ ਤੇ ਜੀਵਨ ਦੀ ਹੋਂਦ ਨੂੰ ਤਲਾਸ਼ ਕਰ ਲਏ ਅਤੇ,"ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੇ" ਦੇ ਸੁਪਨੇ ਨੂੰ ਸਾਕਾਰ ਕਰ ਦਿਖਾਏ।ਇਸ ਸਾਰੀ ਚਰਚਾ ਦਾ ਭਾਵ ਇਹ ਹੈ ਕਿ ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ ਉਸ ਤੋਂ ਅੱਗੇ ਹੋਰ ਵੀ ਬਹੁਤ ਕੁਝ ਹੈ ਜੋ ਸਾਨੂੰ ਦਿਸ ਨਹੀਂ ਰਿਹਾ ਪਰ ਸਾਡੀ ਬੁੱਧੀ ਦੀ ਸਮਝ ਵਿਚ ਕੁਝ ਕੁਝ ਆ ਰਿਹਾ ਹੈ ਜਿਸ ਨੂੰ ਖੋਜਣ ਦੀ ਲੋੜ ਹੈ। ਦੁਨੀਆਂ ਭਰ ਦੇ ਵਿਗਿਆਨੀ ਇਸ ਪਾਸੇ ਲੱਗੇ ਹੋਏ ਹਨ ਅਤੇ ਨਿੱਤ ਨਵੀਆਂ ਖੋਜਾਂ ਕਰ ਕੇ ਨਵੀਆਂ ਮੰਜ਼ਿਲਾਂ ਛੂਹ ਰਹੇ ਹਨ ਅਤੇ ਕੁਦਰਤ ਦੇ ਗੁੱਝੇ ਭੇਦ ਉਜਾਗਰ ਕਰ ਰਹੇ ਹਨ।
ਧਾਰਮਿਕ ਤੋਰ ਤੇ ਪਹੁੰਚੇ ਹੋਏ ਲੋਕਾਂ ਵਿਚ ਦਿਵਯ ਦ੍ਰਿਸ਼ਟੀ ਹੁੰਦੀ ਹੈ ਜਿਸ ਨਾਲ ਉਹ ਦਿਸਹੱਦਿਆਂ ਤੋਂ ਪਾਰ ਦੇਖਣ ਦੀ ਸ਼ਕਤੀ ਰੱਖਦੇ ਹਨ। ਵਿਗਿਆਨ ਕਈ ਸਾਲਾਂ ਤੋਂ ਬਾਅਦ ਉਨ੍ਹਾਂ ਦੇ ਵਿਚਾਰਾਂ ਨੂੰ ਠੀਕ ਸਾਬਤ ਕਰਨ ਦੇ ਸਮਰੱਥ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਅੱਜ ਤੋਂ ਕਰੀਬ ੫੫੦ ਸਾਲ ਪਹਿਲਾਂ ਆਪਣੀ ਬਾਣੀ ਵਿਚ-"ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ਲਿਖ ਕੇ ਦਸ ਗਏ ਸਨ ਕਿ ਸਾਡੀ ਇਸ ਧਰਤੀ ਜਹੀਆਂ ਹੋਰ ਕਈ ਧਰਤੀਆਂ ਹਨ ਅਤੇ ਅਜਿਹੇ ਲੱਖਾਂ ਹੋਰ ਆਕਾਸ਼ ਅਤੇ ਪਾਤਾਲ ਇਸ ਬ੍ਰਹਿਮੰਡ ਵਿਚ ਮੋਜੂਦ ਹਨ। । ਉਨ੍ਹਾਂ ਦੇ ਇਸ ਕਥਨ ਨੂੰ ਵਿਗਿਆਨ ਨੇ ਸਦੀਆਂ ਬਾਅਦ ਸੱਚ ਸਾਬਤ ਕੀਤਾ ਅਤੇ ਮਨੁੱਖ ਵਿਚ "ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈ" ਦੀ ਸੱਚਾਈ ਨੂੰ ਲੱਭਣ ਦੀ ਉਤਸਕਤਾ ਪੈਦਾ ਹੋਈ। ਇਸੇ ਤਰ੍ਹਾਂ ਸਾਡੇ ਧਾਰਮਿਕ ਲੋਕ "ਜਨਮ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ" ਬਾਰੇ ਵੀ ਬਹੁਤ ਇਸ਼ਾਰੇ ਕਰਦੇ ਹਨ। ਸਾਡੇ ਵਿਗਿਆਨਕ ਇਸ ਬਾਰੇ ਲਗਾਤਾਰ ਖ਼ੋਜ ਕਰ ਰਹੇ ਹਨ ਤਾਂ ਕਿ ਉਹ ਕੁਦਰਤ ਦੇ ਇਸ ਭੇਦ ਤੋਂ ਪਰਦਾ ਚੁੱਕ ਸੱਕਣ ਅਤੇ ਮਨੁੱਖ ਨੂੰ ਉਸ ਦੇ ਅਗਲੇ ਪਿਛਲੇ ਜਨਮ ਦੇ ਦਰਸ਼ਨ ਕਰਾ ਸੱਕਣ ਪਰ ਹਾਲੀ ਤੱਕ ਵਿਗਿਆਨ ਇਸ ਬਾਰੇ ਕੁਝ ਵੀ ਸਾਬਤ ਨਹੀਂ ਕਰ ਸਕਿਆ ਕਿਉਂਕਿ ਕੁਦਰਤ ਦੇ ਇਹ ਭੇਦ ਵਿਗਿਆਨ ਦੀ ਪਹੁੰਚ ਤੋਂ ਬਾਹਰ ਹਨ।
ਮਨੁੱਖ ਦੀ ਨਿੱਤ ਨਵੀਆਂ ਵਸਤੂਆਂ ਨੂੰ ਜਾਣਨ ਦੀ ਚੇਟਕ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਛੋਟਾ ਬੱਚਾ ਜਦ ਚਾਬੀ ਵਾਲੇ ਜਾਂ ਰਿਮੋਟ ਵਾਲੇ ਖ਼ਿਡੌਣੇ ਨੂੰ ਦੇਖਦਾ ਹੈ ਤਾਂ ਬਹੁਤ ਖ਼ੁਸ਼ ਹੁੰਦਾ ਹੈ। ਉਹ ਹੈਰਾਨ ਹੁੰਦਾ ਹੈ ਕਿ,"ਇਹ ਖ਼ਿਡੌਣਾ ਕਿਵੇਂ ਚਲਦਾ ਹੈ, ਕਿਵੇਂ ਆਵਾਜ਼ਾਂ ਕੱਢਦਾ ਹੈ, ਛੈਣੇ ਵਜਾਉਂਦਾ ਹੈ ਜਾਂ ਕੋਈ ਹੋਰ ਹਰਕਤ ਕਰਦਾ ਹੈ?" ਉਸ ਵਿਚ ਇਹ ਜਾਣਨ ਦੀ ਜਗਿਆਸਾ ਪੈਦਾ ਹੁੰਦੀ ਹੈ ਕਿ ਖ਼ਿਡੋਣੇ ਵਿਚ ਕਿਹੜੀ ਐਸੀ ਚੀਜ ਹੈ ਜੋ ਉਸ ਨੂੰ ਹਰਕਤ ਵਿਚ ਰੱਖਦੀ ਹੈ। ਇਸ ਜਗਿਆਸਾ ਨੂੰ ਸ਼ਾਂਤ ਕਰਨ ਲਈ ਉਹ ਖ਼ਿਡੌਣੇ ਨੂੰ ਤੋੜ ਦਿੰਦਾ ਹੈ ਅਤੇ ਅੰਦਰ ਦੇ ਇਕ ਇਕ ਪੁਰਜੇ ਦੀ ਪੜਤਾਲ ਕਰਦਾ ਹੈ। ਫਿਰ ਉਹ ਆਪਣੇ ਪਿਤਾ ਕੋਲੋਂ ਇਸ ਬਾਰੇ ਤਰ੍ਹਾਂ ਤਰ੍ਹਾਂ ਦੇ ਸੁਆਲ ਪੁੱਛਦਾ ਹੈ ਅਤੇ ਆਪਣੀ ਉਤਸਕਤਾ ਨੂੰ ਸ਼ਾਂਤ ਕਰਦਾ ਹੈ।
ਆਮ ਮਨੁੱਖ ਦੀ ਜ਼ਿੰਦਗੀ ਕੀ ਹੈ? ਬਸ ਖਾ ਪੀ ਲਿਆ ਅਤੇ ਸੋਂ ਲਿਆ ਜਾਂ ਜ਼ਿਆਦਾ ਤੋਂ ਜ਼ਿਆਦਾ ਬੱਚੇ ਜੰਮ ਲਏ ਅਤੇ ਉਨ੍ਹਾਂ ਨੂੰ ਪਾਲ ਲਿਆ। ਉਸ ਦੀ ਜ਼ਿੰਦਗੀ ਦਾ ਮਕਸਦ ਪੂਰਾ। ਬੇਸ਼ੱਕ ਠੀਕ ਹੈ ਕਿ ਹਰ ਮਨੁੱਖ ਦੀ ਕੁਦਰਤ ਨੂੰ ਚੱਲਦਾ ਰੱਖਣ ਲਈ ਇਹ ਮੁਢਲੀ ਜ਼ਰੂਰਤ ਹੈ ਪਰ ਜੇ ਤੁਸੀਂ ਆਮ ਤੋਂ ਖਾਸ ਮਨੁੱਖ ਬਣਨਾ ਹੈ ਤਾਂ ਤੁਹਾਡਾ ਫ਼ਰਜ਼ ਇਸ ਤੋਂ ਕੁਝ ਉਚੇਰਾ ਹੈ। ਜ਼ਿੰਦਗੀ ਵਿਚ ਜੋ ਕੰਮ ਤੁਸੀਂ ਆਪਣੇ ਲਈ ਕਰਦੇ ਹੋ, ਉਹ ਤੁਹਾਡੀ ਜ਼ਿੰਦਗੀ ਦੇ ਨਾਲ ਹੀ ਖਤਮ ਹੋ ਜਾਂਦੇ ਹਨ। ਪਰ ਜੋ ਕੰਮ ਤੁਸੀਂ ਦੂਜਿਆਂ ਦੀ ਭਲਾਈ ਲਈ ਕਰਦੇ ਹੋ, ਉਹ ਤੁਹਡੇ ਪਿਛੋਂ ਵੀ ਤੁਹਾਡੇ ਨਾਮ ਨਾਲ ਦੁਨੀਆਂ ਨੂੰ ਯਾਦ ਰਹਿੰਦੇ ਹਨ। ਇਸ ਲਈ ਜ਼ਿੰਦਗੀ ਵਿਚ ਤੁਹਾਨੂੰ ਸਮਾਜ ਲਈ ਵੀ ਕੋਈ ਉਸਾਰੂ ਕੰਮ ਕਰ ਕੇ ਦਿਖਾਉਣਾ ਪਏਗਾ।ਤੁਹਾਨੂੰ ਮਨੁੱਖਾ ਵਿਕਾਸ ਵਿਚ ਹਿੱਸਾ ਪਾਉਣਾ ਪਏਗਾ ਤਾਂ ਕਿ ਆਉਣ ਵਾਲੀ ਪੀੜ੍ਹੀ ਦੀ ਜ਼ਿੰਦਗੀ ਹੋਰ ਸੌਖੀ ਅਤੇ ਸੁਖੀ ਹੋ ਸੱਕੇ। ਇਸ ਲਈ ਆਪਣੇ ਇਰਾਦੇ ਉੱਚੇ ਰੱਖੋ। ਰਸਤੇ ਦੀਆਂ ਅਸਫਲਤਾਵਾਂ ਤੋਂ ਨਾ ਡਰੋ। ਆਪਣੀ ਮੰਜ਼ਿਲ ਵਲ ਵਧਦੇ ਰਹੋ। ਕਹਿੰਦੇ ਹਨ,"ਹਾਰਾ ਵੋਹ ਜੋ ਲੜਾ ਨਹੀਂ"। ਇੱਥੇ ਸਵਾਲ ਇਹ ਵੀ ਨਹੀਂ ਕਿ ਤੁਸੀਂ ਕਿੰਨੇ ਵੱਡੇ ਹੋ ਗਏ ਹੋ? ਕਿੰਨੇ ਪੜ੍ਹ ਲਿਖ ਗਏ ਹੋ ਅਤੇ ਕਿੰਨਾ ਗਿਆਨ ਹਾਸਿਲ ਕਰ ਲਿਆ ਹੈ? ਸਵਾਲ ਇਹ ਹੈ ਕਿ ਤੁਸੀਂ ਉਸ ਗਿਆਨ ਨੂੰ ਕਿਸ ਹਿਸਾਬ ਸਿਰ ਵਰਤਦੇ ਹੋ? ਕੀ ਤੁਸੀਂ ਉਸ ਗਿਆਨ ਨੂੰ ਆਪਣੀ ਹਉਮੇ ਨੂੰ ਪੱਠੇ ਪਾਉਣ ਲਈ ਵਰਤਦੇ ਹੋ ਜਾਂ ਮਨੁੱਖੀ ਭਲਾਈ ਲਈ ਵਰਤਦੇ ਹੋ? ਤੁਹਾਡੇ ਵਿਚ ਕਿੰਨੀ ਕੁ ਨਿਮਰਤਾ ਆਈ ਹੈ? ਦੂਸਰੇ ਨਾਲ ਗਲ ਬਾਤ ਕਰਦੇ ਸਮੇਂ ਤੁਸੀਂ ਕਿਸ ਤਰ੍ਹਾਂ ਪੇਸ਼ ਆਉਂਦੇ ਹੋ? ਤੁਸੀ ਵੱਡਿਆਂ ਦਾ ਕਿੰਨਾ ਕੁ ਸਤਿਕਾਰ ਕਰਦੇ ਹੋ ਅਤੇ ਆਪਣੇ ਮਤਾਹਿਤਾਂ ਜਾਂ ਬੱਚਿਆਂ ਅਤੇ ਗ਼ਰੀਬਾਂ ਨਾਲ ਕਿੰਨਾ ਕੁ ਪਿਆਰ ਨਾਲ ਬੋਲਦੇ ਹੋ? ਤੁਹਾਡਾ ਵਤੀਰਾ ਹੀ ਤੁਹਾਡੀ ਸ਼ਖਸੀਅਤ ਅਤੇ ਗਿਆਨ ਨੂੰ ਪ੍ਰਗਟ ਕਰਦਾ ਹੈ। ਤੁਹਾਡਾ ਕਿਸੇ ਵਸਤੂ ਨੂੰ ਦੇਖਣ ਦਾ ਨਜ਼ਰੀਆ, ਤੁਹਾਡਾ ਬੋਲਚਾਲ, ਕੰਮ ਕਰਨ ਦਾ ਢੰਗ, ਦੂਸਰੇ ਨਾਲ ਵਰਤੋਂ ਵਿਹਾਰ, ਰਹਿਣੀ ਬਹਿਣੀ ਅਤੇ ਪਹਿਰਾਵਾ ਹੀ ਸਲੀਕਾ ਅਖਵਾਉਂਦਾ ਹੈ। ਇਹ ਸਲੀਕਾ ਹੀ ਤੁਹਾਡੀ ਸ਼ਖਸੀਅਤ ਨੂੰ ਦੂਸਰਿਆਂ ਤੋਂ ਵਿਲੱਖਣ ਬਣਾਉਂਦਾ ਹੈ।ਇਸ ਤਰ੍ਹਾਂ ਤੁਸੀਂ ਆਮ ਤੋਂ ਖਾਸ ਵਿਅਕਤੀ ਬਣਦੇ ਹੋ ਅਤੇ ਦੁਨੀਆਂ ਦੀ ਭੀੜ ਵਿਚ ਨਹੀਂ ਗੁਆਚਦੇ।
ਕੁਝ ਸਮਾਂ ਪਹਿਲਾਂ ਬੱਚਿਆਂ ਦੇ ਇਕ ਸਕੂਲ ਦੇ ਸਾਲਾਨਾ ਦਿਵਸ ਤੇ ਜਾਣ ਦਾ ਮੌਕਾ ਮਿਲਿਆ। ਸਟੇਜ ਤੇ ਤੀਸਰੀ ਜਮਾਤ ਦੇ ਬੱਚਿਆਂ ਦੀ ਇਕ ਸਕਿਟ ਖ਼ੇਡੀ ਗਈ, ਜਿਸ ਵਿਚ ਜਮਾਤ ਲੱਗੀ ਹੋਈ ਸੀ। ਬੱਚੇ ਪੇਪਰ ਦੇ ਰਹੇ ਸਨ। ਅਧਿਆਪਕ ਨੇ ਬੱਚਿਆਂ ਨੂੰ ਦੁਨੀਆਂ ਦੇ ਸੱਤ ਅਜੂਬਿਆਂ ਦੇ ਨਾਮ ਲਿਖਣ ਲਈ ਕਿਹਾ। ਸਾਰੇ ਬੱਚਿਆਂ ਨੇ ਆਪਣੇ ਆਪਣੇ ਪੇਪਰ ਤੇ ਸੱਤ ਅਜੂਬਿਆਂ ਦੇ ਨਾਮ ਲਿਖ ਕੇ ਦੇ ਦਿੱਤੇ ਪਰ ਇਕ ਕੋਨੇ ਵਿਚ ਬੈਠੀ ਇਕ ਬੱਚੀ ਹਾਲੀ ਵੀ ਕੁਝ ਸੋਚ ਰਹੀ ਸੀ। ਅਧਿਆਪਕ ਨੇ ਪੁੱਛਿਆ,"ਬੇਟੀ, ਕੀ ਕੋਈ ਮੁਸ਼ਕਲ ਹੈ?" ਬੱਚੀ ਨੇ ਜੁਆਬ ਦਿੱਤਾ,"ਸਰ, ਅਜੂਬੇ ਤਾਂ ਬਹੁਤ ਹਨ ਪਰ ਸਮਝ ਨਹੀਂ ਆ ਰਹੀ ਕਿ ਕਿਹੜੇ ਲਿਖਾਂ ਅਤੇ ਕਿਹੜੇ ਨਾ ਲਿਖਾਂ?" ਅਧਿਆਪਕ ਨੇ ਬੱਚੀ ਦਾ ਪੇਪਰ ਹੱਥ ਵਿਚ ਲੈਂਦੇ ਹੋਏ ਕਿਹਾ, "ਲਿਆ ਬੇਟੇ, ਦੇਖਾਂ ਤੂੰ ਕੀ ਲਿਖਿਆ ਹੈ? ਮੈਂ ਤੇਰੀ ਮਦਦ ਕਰ ਦਿੰਦਾ ਹਾਂ।" ਅਧਿਆਪਕ ਨੇ ਜਦ ਬੱਚੀ ਦੀ ਉੱਤਰ ਕਾਪੀ ਦੇਖੀ ਤਾਂ ਪੜ੍ਹ ਕੇ ਹੈਰਾਨ ਰਹਿ ਗਿਆ। ਲਿਖਿਆ ਸੀ:
1To see ਦੇਖਣਾ
2 To smell ਸੁੰਘਣਾ
3 To taste ਸੁਆਦ ਚੱਖਣਾ
4 To hear ਸੁਣਨਾ
5 To laugh ਹੱਸਣਾ
6 To feel ਮਹਿਸੂਸ ਕਰਨਾ
7 To love
ਪਿਆਰ ਕਰਨਾ
ਹੁਣ ਜ਼ਰਾ ਸੋਚੋ ਉਸ ਬੱਚੀ ਦੀ ਕਿਨੰੀ ਤੀਖਣ ਬੁੱਧੀ ਸੀ ਉਸ ਨੇ ਮਨੁੱਖ ਦੇ ਬਣਾਏ ਹੋਏ ਅਜੂਬਿਆਂ ਨੂੰ ਪਹਿਲ ਨਾ ਦੇ ਕੇ ਕੁਦਰਤ ਦੀਆਂ, ਸਾਨੂੰ ਮੁਫ਼ਤ ਵਿਚ ਦਿੱਤੀਆਂ ਹੋਈਆਂ, ਦਾਤਾਂ ਨੂੰ ਪਹਿਲ ਦਿੱਤੀ। ਆਮ ਤੋਰ ਤੇ ਮਨੁੱਖ ਇਨ੍ਹਾਂ ਦਾਤਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਕਿਉਂਕਿ ਇਹ ਸਭ ਦਾਤਾਂ ਸਾਨੂੰ ਕੁਦਰਤ ਨੇ ਮੁਫ਼ਤ ਵਿਚ ਦਿੱਤੀਆਂ ਹਨ ਪਰ ਉਸ ਬੱਚੀ ਨੇ ਕੁਦਰਤ ਦੀ ਹਰ ਦਾਤ ਨੂੰ ਇਕ ਅਜੂਬਾ ਹੀ ਮੰਨਿਆ। ਜੇ ਕੁਦਰਤ ਦੇ ਮਨੁੱਖ ਨੂੰ ਦਿੱਤੇ ਅੰਗਾਂ ਵਿਚੋਂ ਕਿਸੇ ਦਾ ਇਕ ਅੰਗ ਵੀ ਪੂਰਾ ਨਾ ਹੋਵੇ ਤਾਂ ਉਹ ਮਨੁੱਖ ਕਿੰਨਾ ਲਾਚਾਰ ਹੋ ਜਾਂਦਾ ਹੈ। ਉਹ ਅਪੰਗ ਹੋ ਜਾਂਦਾ ਹੈ। ਉਸ ਦੀ ਜ਼ਿੰਦਗੀ ਅਧੂਰੀ ਹੋ ਜਾਂਦੀ ਹੈ ਅਤੇ ਉਸ ਦਾ ਵਿਕਾਸ ਪੂਰਾ ਨਹੀਂ ਹੋ ਪਾਉਂਦਾ। ਉਹ ਜ਼ਿੰਦਗੀ ਦੇ ਹਰ ਕੰਮ ਵਿਚ ਪੱਛੜ ਜਾਂਦਾ ਹੈ। ਉਸ ਨੂੰ ਕਦਮ ਕਦਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਦਰਤ ਦੀਆਂ ਦਿੱਤੀਆਂ ਹੋਈਆਂ ਸਭ ਦਾਤਾਂ ਅਜੂਬੇ ਹੀ ਤਾਂ ਹਨ। ਪਰ ਆਮ ਮਨੁੱਖ ਦੀ ਸੋਚ ਇੱਥੋਂ ਤੱਕ ਨਹੀਂ ਪਹੁੰਚਦੀ ਅਤੇ ਉਹ ਇਨ੍ਹਾਂ ਦਾਤਾਂ ਦੀ ਕਦਰ ਨਹੀਂ ਕਰਦਾ। ਕਿਸੇ ਵਸਤੂ ਦੀ ਕਦਰ ਤਾਂ ਹੀ ਪੈਂਦੀ ਹੈ ਜਦ ਉਸ ਕੋਲੋਂ ਉਹ ਵਸਤੂ ਖੁਸ ਜਾਂਦੀ ਹੈ। ਹੋਰ ਤਾਂ ਹੋਰ ਕੁਦਰਤ ਨੇ ਮਨੁੱਖ ਨੂੰ ਜੋ ਪਿਆਰ ਕਰਨ ਦਾ ਗੁਣ ਦਿੱਤਾ ਹੈ ਉਹ ਕਿੱਡਾ ਵੱਡਾ ਹੈ! ਪਿਆਰ ਤੋਂ ਬਿਨਾ ਮਨੁੱਖ ਉਜਾੜ ਵਿਚ ਫ਼ਲ, ਫ਼ੁਲ ਅਤੇ ਪੱਤਿਆਂ ਤੋਂ ਰਹਿਤ ਸੁੱਕੇ ਹੋਏ ਬ੍ਰਿਛ ਦੀ ਤਰ੍ਹਾਂ ਹੁੰਦਾ ਹੈ।
ਪ੍ਰਮਾਤਮਾ ਨੇ ਸਾਨੂੰ ਬੁੱਧੀ ਦਿੱਤੀ ਹੈ ਚੀਜ਼ਾਂ ਨੂੰ ਸਮਝਣ ਲਈ ਅਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਅਤੇ ਜੋ ਕੁਝ ਸਾਡੇ ਸਾਹਮਣੇ ਵਾਪਰ ਰਿਹਾ ਹੈ ਅਤੇ ਉਸ ਦੇ ਪਿੱਛੇ ਕੀ ਹੋ ਰਿਹਾ ਹੈ ਜਾਂ ਕੀ ਹੋ ਸਕਦਾ ਹੈ ਉਸ ਨੂੰ ਸਮਝਣ ਲਈ। ਇਸ ਤੋਂ ਇਲਾਵਾ ਪ੍ਰਮਾਤਮਾ ਨੇ ਸਾਨੂੰ ਸਰੀਰ ਦੇ ਸਾਰੇ ਨਰੋਏ ਅੰਗ ਦਿੱਤੇ ਹਨ ਜਿਨ੍ਹਾਂ ਨੂੰ ਇਸਤੇਮਾਲ ਕਰ ਕੇ ਅਸੀ ਆਪਣੇ ਇਰਾਦਿਆਂ ਨੂੰ ਹਕੀਕਤ ਵਿਚ ਬਦਲ ਸਕਦੇ ਹਾਂ। ਅਸੀਂ ਆਪਣੇ ਮਨ ਨੂੰ ਇਕਾਗਰ ਕਰ ਕੇ ਆਪਣੀ ਬੁੱਧੀ ਨੂੰ ਤੇਜ਼ ਕਰ ਸਕਦੇ ਹਾਂ ਅਤੇ ਆਪਣੀ ਕਾਰਜ ਕੁਸ਼ਲਤਾ ਵਿਚ ਹੋਰ ਤੇਜ਼ੀ ਲਿਆ ਸਕਦੇ ਹਾਂ। ਕਈ ਵਾਰੀ ਸਾਡੇ ਕੋਲ ਕੁਝ ਐਸੇ ਲੋਕ ਆਉਂਦੇ ਹਨ ਜੋ ਸਾਡੇ ਨਾਲ ਗੱਲਾਂ ਹੋਰ ਕਰਦੇ ਹਨ ਪਰ ਉਨ੍ਹਾਂ ਦਾ ਮਕਸਦ ਕੁਝ ਹੋਰ ਹੀ ਹੁੰਦਾ ਹੈ। ਉਨ੍ਹਾਂ ਦੀਆਂ ਨਜ਼ਰਾਂ ਕਿਧਰੇ ਹੁੰਦੀਆਂ ਹਨ ਅਤੇ ਨਿਸ਼ਾਨਾ ਕਿਧਰੇ ਹੋਰ ਹੁੰਦਾ ਹੈ। ਉਹ ਸਾਨੂੰ ਆਪਣੀਆਂ ਮਿੱਠੀਆਂ ਗੱਲਾਂ ਦੇ ਜਾਲ ਵਿਚ ਫਸਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਜੇ ਅਸੀਂ ਆਪਣੇ ਮਨ ਨੂੰ ਇਕਾਗਰ ਕਰ ਕੇ ਆਪਣੀ ਬੁੱਧੀ ਦਾ ਪ੍ਰਯੋਗ ਕਰੀਏ ਤਾਂ ਉਨ੍ਹਾਂ ਦੇ ਛੁਪੇ ਹੋਏ ਮਕਸਦ ਨੂੰ ਸਮਝ ਸਕਦੇ ਹਾਂ ਅਤੇ ਉਨ੍ਹਾਂ ਦੇ ਵਿਛਾਏ ਹੋਏ ਜਾਲ 'ਚੋਂ ਸਹਿਜੇ ਹੀ ਬਚ ਸਕਦੇ ਹਾਂ। ਪਰ ਅਫਸੋਸ ਹੈ ਕਿ ਅਸੀਂ ਕਿਸੇ ਵੀ ਕੰਮ ਨੂੰ ਕਰਦੇ ਸਮੇਂ ਮਨ ਨੂੰ ਇਕਾਗਰ ਨਹੀਂ ਕਰਦੇ। ਅਸੀਂ ਆਪਣੇ ਹੱਥਾਂ ਨਾਲ ਕੰਮ ਕੋਈ ਕਰ ਰਹੇ ਹੁੰਦੇ ਹਾਂ ਪਰ ਸਾਡਾ ਧਿਆਨ ਕਿਧਰੇ ਹੋਰ ਹੁੰਦਾ ਹੈ। ਮਿਸਾਲ ਦੇ ਤੋਰ ਤੇ ਅਸੀਂ ਮੰਦਿਰ ਜਾਂ ਗੁਰਦਵਾਰੇ ਜਾਂਦੇ ਹਾਂ ਪਾਠ ਭਜਨ ਸੁਣਨ ਲਈ ਪਰ ਅਸੀਂ ਉੱਥੇ ਕੇਵਲ ਸਰੀਰਕ ਤੋਰ ਤੇ ਹੀ ਹਾਜ਼ਰ ਹੁੰਦੇ ਹਾਂ, ਸਾਡਾ ਮਨ ਕਿਧਰੇ ਹੋਰ ਹੁੰਦਾ ਹੈ। ਸਾਨੂੰ ਉਸ ਸਮੇਂ ਹੀ ਪਤਾ ਚਲਦਾ ਹੈ ਜਦ ਪੁਜਾਰੀ ਜਾਂ ਭਾਈ ਜੀ ਅੰਤਲੇ ਸਲੋਕ ਪੜ੍ਹ ਰਹੇ ਹੁੰਦੇ ਹਨ ਨਹੀਂ ਤੇ ਸਾਨੂੰ ਪਤਾ ਹੀ ਨਹੀਂ ਚਲਦਾ ਕਿ ਪਾਠ ਕਦੋਂ ਸ਼ੁਰੂ ਹੋਇਆ ਅਤੇ ਖਤਮ ਵੀ ਹੋ ਗਿਆ।ਸਾਡਾ ਇਹ ਹੀ ਹਾਲ ਬਾਕੀ ਕੰਮਾ ਵਿਚ ਮਨ ਨੂੰ ਟਿਕਾਉਣ ਦਾ ਹੈ। ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਕੰਮ ਕਰਦੇ ਸਮੇਂ ਸਧਾਰਣ ਮਨੁੱਖ ਆਪਣੀ ਬੁੱਧੀ (ਇਕਾਗਰਤਾ) ਦਾ ਕੇਵਲ ੧੨-੧੩ ਪ੍ਰਤੀਸ਼ਤ ਹੀ ਇਸਤੇਮਾਲ ਕਰਦਾ ਹੈ ਅਤੇ ਤੀਖਣ ਬੁੱਧੀ ਵਾਲੇ ਵਿਦਿਆਰਥੀ ੧੬-੧੭ % ਹੀ ਇਸਤੇਮਾਲ ਕਰਦੇ ਹਨ ਅਤੇ ਉਹ ਸਭ ਤੋਂ ਅੱਗੇ ਨਿਕਲ ਜਾਂਦੇ ਹਨ। ਉਹ ਇਕ ਸਫ਼ਲ ਜ਼ਿੰਦਗੀ ਜਿਉਂਦੇ ਹਨ। ਜ਼ਰਾ ਸੋਚੋ ਕਿ ਕੇਵਲ ੧੨-੧੩% ਜਾਂ ੧੬-੧੭% ਬੁੱਧੀ ਦਾ ਇਸਤੇਮਾਲ ਕਰ ਕੇ ਹੀ ਮਨੁੱਖ ਵਿਕਾਸ ਦੀਆਂ ਕਿੰਨੀਆਂ ਬੁਲੰਦੀਆਂ ਤੇ ਪਹੁੰਚ ਗਿਆ ਹੈ! ਇਹ ਜੋ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਅਸੀਂ ਮਾਣ ਰਹੇ ਹਾਂ ਇਹ ਸਭ ਇਸ ਦਾ ਹੀ ਪ੍ਰਤਾਪ ਹੈ। ਇਹ ਸਕੂਟਰ, ਮੋਟਰਸਾਕਿਲ, ਕਾਰਾਂ, ਹਵਾਈ ਜਹਾਜ, ਰਾਕਟ, ਬਿਜਲੀ, ਮੌਬਾਇਲ, ਇੰਟਰਨੈਟ, ਟੈਲੀਵੀਜ਼ਨ ਅਤੇ ਏਅਰ ਕੰਡੀਸ਼ਨ ਮਨੁੱਖ ਦੀ ਤੁੱਛ ਬੁੱਧੀ ਦਾ ਹੀ ਪ੍ਰਤਾਪ ਹੈ। ਜੇ ਅਸੀਂ ਮਨ ਨੂੰ ਹੋਰ ਇਕਾਗਰ ਕਰ ਕੇ ਬੁੱਧੀ ਦਾ ਚਾਰ ਪੰਜ ਪ੍ਰਤੀਸ਼ਤ ਹੋਰ ਇਸਤੇਮਾਲ ਕਰੀਏ ਤਾਂ ਮਨੁੱਖ ਵਿਕਾਸ ਦੀਆਂ ਹੋਰ ਕਿੰਨੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਉਹ ਕੁਦਰਤ ਦੇ ਗੁੱਝੇ ਭੇਦਾ ਤੋਂ ਹੋਰ ਵੀ ਪਰਦਾ ਚੁੱਕ ਸਕਦਾ ਹੈ। ਉਹ ਗੰਭੀਰ ਅਤੇ ਮਾਰੂ ਬਿਮਾਰੀਆਂ ਦਾ ਇਲਾਜ ਲੱਭ ਸਕਦਾ ਹੈ। ਇਸ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੈ।। ਮਨੁੱਖ ਦੀ ਜ਼ਿੰਦਗੀ ਹੋਰ ਸ਼ਾਨਦਾਰ, ਸੁਖਾਲੀ ਅਤੇ ਸੁੱਖਮਈ ਹੋ ਸਕਦੀ ਹੈ ਅਤੇ "ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈ" ਦਾ ਸੁਪਨਾ ਸੱਚਾ ਹੋ ਸਕਦਾ ਹੈ। ਪਰ ਇਸ ਲਈ ਤੁਹਾਨੂੰ ਕਿਧਰੇ ਹੋਰ ਭਟਕਣ ਦੀ ਲੌੜ ਨਹੀਂ। ਤੁਸੀਂ ਆਪਣੇ ਪੇਸ਼ੇ ਵਿਚ, ਆਪਣੇ ਹੱਥਲੇ ਕੰਮ ਵਿਚ ਵੀ ਹੋਰ ਪ੍ਰਵੀਨਤਾ ਲਿਆ ਸਕਦੇ ਹੋ ਅਤੇ ਨਵੀਂਆਂ ਸਿਖਰਾਂ ਛੂਹ ਕੇ ਦੁਨੀਆਂ ਨੂੰ ਹੈਰਾਨ ਕਰ ਸਕਦੇ ਹੋ।ਸਮਾਜ ਦੀ ਉਨਤੀ ਵਿਚ ਇਹ ਹੀ ਤੁਹਾਡਾ ਯੋਗਦਾਨ ਹੋਵੇਗਾ।
ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੀ ਉਮਰ ਕਿਸੇ ਮ੍ਰਿਗ ਤ੍ਰਿਸ਼ਨਾ ਮਗਰ ਹੀ ਭੱਜਦੇ ਰਹੋ ਅਤੇ ਹਮੇਸ਼ਾਂ ਤਣਾਅ ਵਿਚ ਰਹੋ। ਤੁਸੀਂ ਹਕੀਕਤ ਵਿਚ ਵਿਚਰੋ ਅਤੇ ਆਪਣੀ ਸੂਝ ਬੂਝ ਅਤੇ ਬਾਕੀ ਸ਼ਕਤੀਆਂ ਦਾ ਪ੍ਰਯੋਗ ਕਰ ਕੇ ਉਹ ਸਥਾਨ ਹਾਸਿਲ ਕਰੋ ਜਿਸ ਦੇ ਤੁਸੀਂ ਕਾਬਲ ਹੋ। ਆਪਣੇ ਆਪ ਨੂੰ ਕਦੀ ਛੋਟਾ, ਹੀਣਾ ਅਤੇ ਲਾਚਾਰ ਸਮਝ ਕੇ ਕਦੀ ਦੁਨੀਆਂ ਵਿਚ ਨਾ ਵਿਚਰੋ। ਆਪਣਾ ਤੀਸਰਾ ਨੇਤਰ ਖੋਲ੍ਹੋ ਅਤੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੁਨੀਆਂ ਦੇਖੋ। ਤੁਸੀਂ ਖੂਹ ਦੇ ਡੱਡੂ ਨਾ ਬਣੋ। ਆਪਣੇ ਦਾਇਰੇ ਵਿਚੋਂ ਬਾਹਰ ਨਿਕਲੋ। ਤੁਹਾਡੀ ਆਪਣੀ ਦੁਨੀਆਂ ਤੋਂ ਬਾਹਰ ਵੀ ਹੋਰ ਬਹੁਤ ਕੁਝ ਹੈ। ਉਸ ਨੂੰ ਦੇਖੋ ਅਤੇ ਸਮਝੋ। ਇਸ ਤਰ੍ਹਾਂ ਤੁਹਾਨੂੰ ਇਕ ਨਵੀਂ ਰੋਸ਼ਨੀ ਨਜ਼ਰ ਆਏਗੀ ਅਤੇ ਤੁਹਾਡੇ ਗਿਆਨ ਦੇ ਦਰਵਾਜ਼ੇ ਖੁਲ੍ਹਣਗੇ। ਹੌਸਲਾ ਕਰੋ ਅਤੇ ਵਿਕਾਸ ਲਈ ਕਦਮ ਪੁੱਟੋ। ਆਪਣੇ ਡਰ ਨੂੰ ਦੂਰ ਕਰੋ। ਇਹ ਸੋਚੋ ਕਿ ਤੁਹਾਡੇ ਬਜ਼ੁਰਗਾਂ ਦੀਆਂ ਅਣਥੱਕ ਘਾਲਣਾ ਕਾਰਨ ਹੀ ਇਸ ਧਰਤੀ ਤੇ ਇਤਨਾ ਵਿਕਾਸ ਹੋਇਆ ਹੈ ਜਿਸ ਦਾ ਅੱਜ ਤੁਸੀਂ ਸੁੱਖ ਮਾਣ ਰਹੇ ਹੋ। ਤੁਸੀਂ ਆਪ ਸਮਾਜ ਦੀ ਭਲਾਈ ਅਤੇ aੁੱਨਤੀ ਲਈ ਕੀ ਯੋਗਦਾਨ ਦੇ ਰਹੇ ਹੋ? ਤੁਹਾਨੂੰ ਇਹ ਸੋਚਣ ਦੀ ਅਤੇ ਕੁਝ ਉਸਾਰੂ ਕੰਮ ਕਰਨ ਦੀ ਲੋੜ ਹੈ। ਕੁਝ ਚੰਗਾ ਕੰਮ ਕਰ ਕੇ ਦਿਖਾਓ ਅਤੇ ਯਸ਼ ਪਾਓ।