ਜਦ ਪਾਂਡਵਾਂ ਨੇ ਜੂਏ ਵਿੱਚ ਨਿਰਦੋਸ਼, ਵਫਾਦਾਰ ਪਵਿੱਤਰ ਪਤਨੀ ਦਰੋਪਤੀ ਨੂੰ ਬੇਜ਼ਾਨ ਵਸਤੂ ਸਮਝ ਕੇ ਜੂਏ 'ਚ ਹਾਰ ਦਿੱਤਾ ਸੀ ਤਾਂ ਕੌਰਵਾਂ ਵੱਲੋਂ ਦਰੋਪਤੀ ਦਾ ਚੀਰ ਹਰਨ ਦੀ ਕੋਸ਼ਿਸ਼ ਕੀਤੀ। ਉਹ ਚੀਰ ਹਰਨ ਕਾਹਦਾ ਸੀ ਉਹ ਤਾਂ ਦਰੋਪਤੀ ਦੀ ਇਜ਼ਤ ਨੂੰ ਤਾਰ ਤਾਰ ਕਰਨ ਤੇ ਤੁੱਲੇ ਹੋਏ ਸਨ ਤੇ ਪਾਂਡਵ ਭਰੀ ਸਭਾ 'ਚ ਬੇਬਸ ਮਿੱਟੀ ਦੇ ਮਾਧੋ ਬਣੇ ਸਨ ਜਿਵੇਂ ਦਰੋਪਤੀ ਨਾਲ ਉਨ੍ਹਾਂ ਦਾ ਦੂਰ ਦਾ ਵੀ ਕੋਈ ਸਬੰਧ ਨਾ ਹੋਵੇ ਸਿਰਫ਼ ਇੱਕ ਤਮਾਸ਼ਬੀਨ ਤੋਂ ਛੁੱਟ ਕੁਝ ਨਹੀਂ ਸਨ। ਉਸ ਸਮੇਂ ਦੀ ਦਰੋਪਤੀ ਦੀ ਇੱਜ਼ਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਨੇ ਰੱਖ ਲਿਆ ਸੀ। ਦਰੋਪਤੀ ਦੀ ਸੱਚੀ ਸ਼ਰਧਾ ਅਤੇ ਲਗਨ ਉਸ ਸਮੇਂ ਕੰਮ ਆਈ ਸੀ ਭਗਵਾਨ ਪ੍ਰਤੀ।
ਅੱਜ ਹੀ ਨਹੀਂ ਪਤਾ ਨਹੀਂ ਪਿਛਲੇ ਸਮੇਂ ਤੋਂ ਕਿੰਨੀਆਂ ਅੋਰਤਾਂ ਦਾ ਸ਼ੋਸ਼ਨ ਹੋ ਰਿਹਾ ਹੈ। ਜਦ ਔਰਤ ਮਰਦ ਉਪਰ ਰੱਬ ਨਾਲੋਂ ਜ਼ਿਆਦਾ ਭਰੋਸਾ ਕਰਦੀ ਹੈ ਉਹ ਮਰਦ ਹੀ ਉਸਦਾ ਸ਼ੋਸ਼ਨ ਕਰਦਾ ਹੈ। ਅੋਰਤਾਂ ਮਰਦ ਦੀ ਖਾਤਰ ਧਰਮ ਰਿਸ਼ਤੇ ਇੱਥੋਂ ਤੱਕ ਆਪਣੇ ਵਜ਼ੂਦ ਨੂੰ ਦਾਅ ਉਪਰ ਲਗਾ ਦੇਂਦੀਆਂ ਹਨ ਬਦਲੇ 'ਚ ਮਰਦ ਆਪਣੇ ਲਾਲਚ ਖੁਦਗਰਜ਼ੀ ਆਪਣੇ ਨੂੰ ਬਚਾਉਣ ਜਾਂ ਜ਼ਿਦੰਗੀ 'ਚ ਤਰੱਕੀ ਕਰਨ ਲਈ ਦੂਜਿਆਂ ਅੱਗੇ ਪਰੋਸ ਦਾ ਹੈ ਤਾਂ ਉਹ ਔਰਤ ਦੀ ਹਾਲਤ ਤਾਂ ਉਸ ਧੋਬੀ ਦੇ ਕੁੱਤੇ ਵਾਲੀ ਹੋ ਜਾਂਦੀ ਹੈ ਨਾ ਉਹ ਘਰ ਦਾ ਰਹਿੰਦਾ ਹੈ ਤੇ ਨਾ ਹੀ ਉਹ ਘਾਟ ਦਾ।
ਸਲਮਾਂ ਦੀ ਮੌਤ ਉਸ ਦੇ ਪਤੀ ਅੇਡਵੋਕੇਟ ਬਸ਼ੀਰ ਰਹਿਮਾਨ ਦੀ ਬੇਵਫਾਈ, ਬੇਰਹਿਮੀ, ਖੁਦਗਰਜ਼ੀ ਹੈਵਾਨਗੀ ਦੀ ਜਿਉਂਦੀ ਜਾਗਦੀ ਤਸਵੀਰ ਹੈ। ਜਿਸ ਸਲਮਾਂ ਨੇ ਬਸ਼ੀਰ ਰਹਿਮਾਨ ਦੇ ਪਿਆਰ ਦੀ ਖਾਤਰ ਪੰਡਤ ਕੁੱਲ ਦੀ ਇੱਜ਼ਤ ਨੂੰ ਦਾਗਦਾਰ ਕੀਤਾ ਸੀ ਰਜਨੀ ਤੋਂ ਸਲਮਾਂ ਬਣ ਗਈ ਗੀਤਾ ਰਮਾਇਣ ਦੀ ਥਾਂ ਕੁਰਾਨ ਪੜ੍ਹਨਾ ਕਬੂਲ ਕੀਤਾ। ਅੱਜ ਉਹ ਬਸ਼ੀਰ ਰਹਿਮਾਨ ਸਲਮਾਂ ਦੀ ਮੌਤ ਦਾ ਕਾਰਣ ਬਣਿਆ।
ਜਦ ਪੰਡਤ ਗੋਰੀ ਸ਼ੰਕਰ ਨੂੰ ਪਤਾ ਲੱਗਿਆ ਕਿ ਉਸ ਦੀ ਲਾਡਲੀ ਰਜਨੀ ਇੱਕ ਮੁਸਲਮਾਨ ਦੇ ਪਿਆਰ ਵਿੱਚ ਖਾਨਦਾਨ ਜ਼ਾਤ ਬਰਾਦਰੀ ਹਿੰਦੂ ਕੁਲ ਦੀ ਮਰਿਆਦਾ ਦਾਗਦਾਰ ਕਰਕੇ ਚਲੇ ਗਈ। ਪਿਉ ਕੋਲ ਇਹ ਸਭ ਬਰਦਾਸ਼ਤ ਨਾ ਹੋਇਆ। ਜਿਹੜਾ ਹਿੰਦੂ ਸਮਾਜ ਦੀ ਪ੍ਰਤੀਨਿਧਤਾ ਕਰਦਾ, ਧਰਮ ਦੀ ਰੱਖਿਆ ਦੀ ਦੋਹਾਈ ਦਿੰਦਾ, ਹਿੰਦੂ ਰੀਤੀ ਰਿਵਾਜ਼ ਉਸ ਦੀ ਜ਼ਿੰਦਜਾਨ ਸਨ। ਜਿਸ ਨੇ ਸੁਪਨੇ ਵਿੱਚ ਵੀ ਕਦੀ ਨਹੀਂ ਸੋਚਿਆ ਸੀ ਕਿ ਹਿੰਦੂ ਕੌਮ ਦਾ ਸਿਰ ਨੀਵਾਂ ਹੋਵੇ ਹਿੰਦੂ ਸਮਾਜ ਨੂੰ ਉਹੋ ਹਮੇਸ਼ਾਂ ਬੁਲੰਦੀਆਂ ਉਪਰ ਵੇਖਣਾ ਚਾਹੁੰਦਾ ਸੀ। ਜਦ ਵੀ ਕਦੀ ਹਿੰਦੂ ਕੌਮ ਦੀ ਅਤੇ ਅਣੱਖ ਦਾ ਮਸਲਾ ਹੁੰਦਾ ਤਾਂ ਪੰਡਤ ਗੋਰੀ ਸ਼ੰਕਰ ਸਮਾਜ ਦੀ ਰੱਖਿਆ ਦਾ ਝੰਡਾ ਬੁਲੰਦ ਕਰਦਾ। ਸ਼ਹਿਰ ਦੀਆਂ ਅਨੇਕਾਂ ਜੱਥੇਬੰਦੀਆਂ ਪੰਡਤ ਗੋਰੀ ਸ਼ੰਕਰ ਉਪਰ ਮਾਣ ਕਰਦੀਆਂ, ਜਦ ਵੀ ਕਦੀ ਹਿੰਦੂ ਸਮਾਜ ਤੇ ਭੀੜ ਬਣਦੀ ਤਾਂ ਪੰਡਤ ਗੋਰੀ ਸ਼ੰਕਰ ਅੱਗੇ ਆਉਂਦਾ। ਤਨ, ਮਨ, ਧਨ ਨਾ ਗੌਰੀ ਸ਼ੰਕਰ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਅੱਗੇ ਆਉਂਦਾ। ਬਹੁਤ ਸਾਰੇ ਲੋਕ ਪੰਡਤ ਗੋਰੀ ਸ਼ੰਕਰ ਨੂੰ ਕੱਟੜ ਹਿੰਦੂ ਕਹਿੰਦੇ। ਪੰਡਤ ਬਗੈਰ ਕਿਸੇ ਦੀ ਪ੍ਰਵਾਹ ਕਿਤੇ ਬਿਨਾਂ ਕਹਿੰਦੇ ਮੈਂ ਕੱਟੜ ਨਹੀਂ ਸਭ ਧਰਮਾਂ ਦੀ ਬਰਾਬਰ ਇੱਜ਼ਤ ਕਰਦਾ ਹਾਂ। ਲੇਕਿਨ ਆਪਣੇ ਧਰਮ ਦੀ ਰੱਖਿਆ ਕਰਨ ਦਾ ਸਭ ਅਧਿਕਾਰ ਕੋਈ ਵੀ ਸੱਚਾ ਕੌਮ ਪ੍ਰਸਤ ਵਿਅਕਤੀ ਆਪਣੇ ਧਰਮ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ। ਇਹ ਵਿਚਾਰ ਸਨ ਪੰਡਤ ਗੌਰੀ ਸ਼ੰਕਰ ਦੇ।
ਜਦ ਪੰਡਤ ਗੌਰੀ ਸ਼ੰਕਰ ਨੂੰ ਪਤਾ ਲੱਗਾ ਕੇ ਉਸ ਦੀ ਲਾਡਲੀ ਰਜਨੀ ਕਿਸੇ ਮੁਸਲਮਾਨ ਵਕੀਲ ਨਾਲ ਦੌੜ ਗਈ ਹੈ। ਉਸ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਗਿਆ। ਉਸ ਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ, ਜਿਸ ਵਿੱਚ ਗਰਕ ਹੋ ਜਾਵੇ। ਉਸ ਦੇ ਆਤਮ ਸਨਮਾਨ ਨੂੰ ਕਰਾਰੀ ਸੱਟ ਵੱਜੀ ਸੀ। ਉਸ ਦੀ ਲਾਡਲੀ ਨੇ ਉਸ ਦਾ ਨੱਕ ਜੜੋਂ ਹੀ ਕਟਵਾ ਦਿੱਤਾ ਸੀ। ਜਿਸ ਰਜਨੀ ਨੂੰ ਉਸ ਨੇ ਜਾਨ ਤੋਂ ਵੱਧ ਪਿਆਰ ਕੀਤਾ ਸੀ ਉਸਨੇ ਹੀ ਉਸ ਨੂੰ ਧੋਖਾ ਦਿੱਤਾ। ਉਸ ਦੀਆਂ ਕਰਤੂਤਾਂ ਦੀ ਉਸ ਨੂੰ ਭਿੰਨਕ ਤੱਕ ਨਾ ਪਈ। ਜਿਸ ਬੇਟੀ ਦੀ ਤਾਰੀਫ ਦੇ ਪੁੱਲ ਬੰਨ੍ਹਦਾ ਨਹੀਂ ਸੀ ਥੱਕਦਾ। ਗੌਰੀ ਸ਼ੰਕਰ ਛਾਤੀ ਚੋੜੀ ਕਰਕੇ ਅਕਸਰ ਕਹਿੰਦਾ ਸੀ, ਰਜਨੀ ਮੇਰੀ ਬੇਟੀ ਨਹੀਂ, ਮੇਰਾ ਤਾਂ ਤੀਸਰਾ ਲਾਡਲਾ ਬੇਟਾ ਹੈ। ਅੱਜ ਉਸੇ ਲਾਡਲੀ ਬੇਟੀ ਨੇ ਪੰਡਤ ਗੋਰੀ ਸ਼ੰਕਰ ਨੂੰ ਖੂਹ ਨਾਤਾ ਗੰਦਾ ਕਰਨ ਲਈ ਮਜ਼ਬੂਰ ਕਰ ਦਿੱਤਾ। ਗੌਰੀ ਸ਼ੰਕਰ ਨੂੰ ਇਹ ਦੁੱਖ ਬਾਰ ਬਾਰ ਸਤਾ ਰਿਹਾ ਸੀ, ਉਹ ਕੌਮ, ਸਮਾਜ, ਬਰਾਦਰੀ ਅਤੇ ਸਬੰਧੀਆਂ ਨੂੰ ਕੀ ਜਵਾਬ ਦੇਵੇਗਾ। ਪੰਡਤ ਦੀ ਕੁੜੀ ਮੁਸਲਮਾਨ ਨਾਲ ਦੌੜੀ ਤਾਂ ਗੌਰੀ ਸ਼ੰਕਰ ਆਪਣੀ ਪਤਨੀ ਤੇ ਅੱਗ ਵਰਾਉਂਦਾ ਬੋਲਿਆ।
"ਤੈਨੂੰ ਕੁਝ ਨਹੀਂ ਪਤਾ ਲੱਗਿਆ ਤੇਰੀ ਕੁੜੀ ਕੀ ਗੁੱਲ ਖਿਲਾ ਰਹੀ ਸੀ, ਮਾਵਾਂ ਧੀਆਂ ਦਾ ਤਾਂ ਪੜਤਾ ਹੁੰਦਾ ਹੈ, ਉਹ ਤਾਂ ਤੇਰੇ ਨਾਲ ਦਿਲ ਦੀ ਇੱਕ ਇੱਕ ਗੱਲ ਕਰਦੀ ਸੀ, ਤੇਰੇ ਤਾਂ ਸਾਹ ਵਿੱਚ ਸਾਹ ਸੀ, ਫਿਰ ਵੀ ਇਹ ਹੋ ਗਿਆ..."।
"ਜੀ ਭਗਵਾਨ ਦੀ ਕਸਮ, ਮੈਨੂੰ ਕੁਝ ਨਹੀਂ ਪਤਾ ਸੀ ਉਸ ਨੇ ਤਾਂ ਭਿੰਨਕ ਤੱਕ ਨਹੀਂ ਪੈਣ ਦਿੱਤੀ। ਉਹ ਤਾਂ ਇੰਨੀ ਚਲਾਕ ਨਿਕਲੀ ਉਸ ਨੇ ਆਪਣੀ ਦਿਲ ਦੀ ਜ਼ੁਬਾਨ ਤੇ ਆਣ ਹੀ ਨਹੀਂ ਦਿੱਤੀ। ਮੈਨੂੰ ਵੀ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਕਿ ਉਹ ਮੁਸਲਮਾਨ ਨਾਲ ਦੌੜ ਗਈ, ਮੈਨੂੰ ਕੁਝ ਨਹੀਂ ਪਤਾ, ਪਤਾ ਹੁੰਦਾ ਤਾਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੀ। ਇਸ ਨੇ ਤਾਂ ਸਾਨੂੰ ਨਾ ਜਿਉਂਦਿਆਂ ਛੱਡਿਆ ਤੇ ਨਾ ਹੀ ਮਰਨ ਜੋਗਾ ਰਹਿਣ ਦਿੱਤਾ। ਮੈਨੂੰ ਤਾਂ ਧਰਤੀ ਵਿਹਲ ਨਹੀਂ ਦੇ ਰਹੀ, ਧਰਤੀ ਫੱਟ ਜਾਵੇ ਤਾਂ ਮੈਂ ਵੀ ਸੀਤਾ ਮਾਤਾ ਦੀ ਤਰ੍ਹਾਂ ਧਰਤੀ ਵਿੱਚ ਸਮਾ ਜਾਵਾਂ..."।
"ਇਸ ਕੁਲਛਣੀ ਨੇ ਤਾਂ ਸਾਨੂੰ ਜਿਉਂਦਿਆਂ ਜੀ ਹੀ ਮਾਰ ਦਿੱਤਾ ਹੈ। ਅਸੀਂ ਤਾਂ ਬਾਹਰ ਨਿਕਲਣ ਜੋਗੇ ਨਹੀਂ ਰਹੇ, ਇਸ ਨੇ ਸਾਡਾ ਸਭ ਕੁਝ ਤਬਾਹ ਕਰ ਦਿੱਤਾ ਹੈ, ਮੇਰੀ ਤਾਂ ਇਸ ਨੇ ਕੁੱਲ ਹੀ ਡੋਬ ਦਿੱਤੀ ਹੈ।"
ਨਾਲੇ ਕਲਪ ਰਿਹਾ ਸੀ ਨਾਲੇ ਉੱਚੀ ਉੱਚੀ ਰੋ ਰਿਹਾ ਸੀ, ਰਜਨੀ ਵਾਲੀ ਗੱਲ ਜੰਗਲ ਦੀ ਅੱਗ ਵਾਂਗ ਸਭ ਪਾਸੇ ਫੇਲ ਗਈ। ਪੰਡਤ ਗੌਰੀ ਸ਼ੰਕਰ ਦੀ ਲੜਕੀ ਮੁਸਲਮਾਨ ਨਾਲ ਦੌੜ ਗਈ। ਪੰਡਤ ਗੌਰੀ ਸ਼ੰਕਰ ਇਸ ਗੱਲ ਨੂੰ ਬਰਦਾਸ਼ਤ ਹੀ ਨਾ ਕਰ ਸਕਿਆ। ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਮੂੰਹ ਖੁੱਲ੍ਹੇਦੇ ਖੁੱਲ੍ਹੇ ਹੀ ਰਹਿ ਗਏ। ਗੌਰੀ ਸ਼ੰਕਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਹਿੰਦੂ ਸਮਾਜ ਦੇ ਮੋਹਤਬਰ ਬੰਦੇ ਅਤੇ ਗੌਰੀ ਸ਼ੰਕਰ ਦੇ ਹਮਾਇਤੀਆਂ ਨੇ ਗੁੱਸੇ 'ਚ ਗੁੱਸੇ ਦਾ ਲਾਵਾ ਫੱਟ ਗਿਆ। ਉਨ੍ਹਾਂ ਦਾ ਖੂਨ ਖੋਲ ਰਿਹਾ ਸੀ, ਡੋਲੇ ਫੜਕ ਰਹੇ ਸਨ। ਰਜਨੀ ਤੇ ਬਸ਼ੀਰ ਰਹਿਮਾਨ ਨੂੰ ਕਤਲ ਕਰਨ ਦੀਆਂ ਤਿਆਰੀਆਂ ਜ਼ੌਰਾਂ ਨਾਲ ਹੋ ਗਈਆਂ। ਗੌਰੀ ਸ਼ੰਕਰ ਦੀ ਕੁਰਬਾਨੀ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ। ਜਿਸ ਗੌਰੀ ਸ਼ੰਕਰ ਦੀ ਰਗ ਰਗ ਵਿੱਚ ਕੌਮ ਅਤੇ ਧਰਮ ਪ੍ਰਤੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਸੀ, ਉਹ ਹਿੰਦੂ ਸਮਾਜ ਨੂੰ ਨੁਕਸਾਨ ਨਹੀਂ ਪਹੁੰਚਾਏ, ਇਸ ਪ੍ਰਤੀ ਉਹ ਕਿਸੇ ਵੀ ਕਿਸਮ ਦਾ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ। ਗੌਰੀ ਸ਼ੰਕਰ ਨੇ ਆਤਮ ਹੱਤਿਆ ਨਹੀਂ ਕੀਤੀ ਉਹ ਤਾਂ ਧਰਮ ਦੀ ਖਾਤਰ ਸ਼ਹੀਦ ਹੋ ਗਿਆ। ਬੜੇ ਆਤਮ ਸਨਮਾਨ ਨਾਲ ਉਸ ਦੀ ਅਰਥੀ ਦੀ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਬੱਚਾ-ਬੱਚਾ ਸਭ ਦੀਆਂ ਅੱਖਾਂ ਵਿੱਚ ਹੰਝੂ ਸਨ। ਅੰਤਮ ਸੰਸਕਾਰ ਕੀਤਾ ਗਿਆ। ਬਸ਼ੀਰ ਰਹਿਮਾਨ ਨੂੰ ਅਸਮਾਨ ਨਿਗਲ ਗਿਆ ਜਾਂ ਜ਼ਮੀਨ ਖਾ ਗਈ। ਕਿਸੇ ਨੂੰ ਕੁਝ ਨਾ ਪਤਾ ਲੱਗਾ। ਅਗਰ ਉਹ ਹੱਥ ਚੜ੍ਹ ਜਾਂਦਾ ਤਾਂ ਉਸ ਨੂੰ ਮਾਰ ਮੁਕਾ ਦੇਣਾ ਸੀ।
ਰਜਨੀ ਜਦ ਪੈਦਾ ਹੋਈ ਤਾਂ ਗੌਰੀ ਸ਼ੰਕਰ ਦੇ ਚਿਹਰੇ ਉੱਪਰ ਖੁਸ਼ੀ ਦੀ ਲਹਿਰ ਦੌੜ ਗਈ। ਦੋ ਮੁੰਡਿਆਂ ਦੇ ਬਾਅਦ ਘਰ ਵਿੱਚ ਲਛਮੀ ਨੇ ਜਨਮ ਲਿਆ ਸੀ। ਗੌਰੀ ਸ਼ੰਕਰ ਦੀ ਘਰ ਵਾਲੀ ਸੀਤਾ ਦੇਵੀ ਅਕਸਰ ਗੌਰੀ ਸ਼ੰਕਰ ਨੂੰ ਕਹਿੰਦੀ ਸੀ।
"ਰਵੀ ਕਾਂਤ ਦੇ ਬਾਊ ਜੀ, ਸਾਡੇ ਬੇਟੇ ਤਾਂ ਹੈ ਅਗਰ ਬੇਟੀ ਹੋ ਜਾਵੇ ਤਾਂ ਰਵੀ ਕਾਂਤ, ਰਜਿੰਦਰ ਕਾਂਤਨੂੰ ਰੱਖੜੀ-ਟਿੱਕਾ ਕਰਨ ਵਾਲੀ ਭੈਣ ਮਿਲ ਜਾਵੇਗੀ ਤਾਂ ਸਾਡਾ ਸਾਰਾ ਪਰਿਵਾਰ ਪੂਰਾ ਹੋ ਜਾਵੇਗਾ.."।
"ਤੂੰ ਠੀਕ ਕਹਿੰਦੀ ਹੈ ਕੰਜਕ ਦਾ ਘਰ ਵਿੱਚ ਹੋਣਾ ਬਹੁਤ ਚੰਗਾ ਹੈ। ਕੁੜੀਆਂ ਘਰ ਦੀਆਂ ਲਕਸ਼ਮੀ ਹੁੰਦੀਆਂ ਹਨ, ਬੰਦਾ ਧੀਆਂ ਦੀ ਕਿਸਮਤ ਖਾਂਦਾ ਹੈ। ਇੱਕ ਗੱਲ ਹੈ ਧੀਆਂ ਮੁੰਡਿਆਂ ਨਾਲੋਂ ਜ਼ਿਆਦਾ ਵਫਾਦਾਰ ਹੁੰਦੀਆਂ ਹਨ। ਅਕਸਰ ਧੀਆਂ ਮਾਂ-ਪਿਉ ਨਾਲ ਮੋਹ ਕਰਦੀਆਂ ਹਨ"।
"ਗੱਲ ਤਾਂ ਤੁਹਾਡੀ ਠੀਕ ਹੈ, ਸਾਡੇ ਵੱਲ ਹੀ ਵੇਖ ਲੋ ਅਸੀਂ ਆਪਣੇ ਮਾਂ-ਪਿਉ ਦੀਆਂ ਧੀਆਂ ਹੀ ਧੀਆਂ ਹਾਂ, ਸਾਡੇ ਬਾਉ ਜੀ ਨੇ ਕਦੇ ਮੁੰਡੇ ਦੀ ਕਮੀ ਨਹੀਂ ਮਹਿਸੂਸ ਕੀਤੀ। ਅਗਰ ਕੋਈ ਕਹਿੰਦਾ ਹੈ ਕਿ ਸਾਡੇ ਕੁੜੀਆਂ ਹੀ ਕੁੜੀਆਂ ਹਨ ਕੋਈ ਮੁੰਡਾ ਨਹੀਂ ਹੈ ਤਾਂ ਬਾਊ ਜੀ ਲੜ ਪੈਂਦੇ ਗੱਲ ਕਰਨ ਵਾਲੇ ਬੰਦੇ ਨਾਲ। ਮੇਰੀਆਂ ਧੀਆਂ ਤੁਹਾਡੇ ਘਰੋਂ ਨਹੀਂ ਖਾਂਦੀਆਂ। ਮੈਨੂੰ ਮੁੰਡਿਆਂ ਨਾਲੋਂ ਵੱਧ ਪਿਆਰੀਆਂ ਨੇ ਮੇਰੀਆਂ ਧੀਆਂ। ਘਰ 'ਚ ਚਾਹੇ ਗਰੀਬੀ ਸੀ ਸਾਡੇ ਫੇਰ ਵੀ ਸਾਨੂੰ ਬਾਊ ਜੀ ਨੇ ਕਦੀ ਕੋਈ ਕਮੀ ਨਹੀਂ ਆਜ਼ ਦਿੱਤੀ..."।
"ਸੀਤਾ, ਉਹ ਤਾਂ ਸਭ ਮੈਨੂੰ ਪਤਾ ਹੈ ਜਾਨ ਨਾਲੋਂ ਵੱਧ ਪਿਆਰ ਕੀਤਾ ਹੈ ਬਾਊ ਜੀ ਨੇ ਆਪਣੀਆਂ ਬੇਟੀਆਂ ਨੂੰ। ਰੱਬ ਵਾਂਗ ਪੂਜਦੇ ਹਨ ਬਾਊ ਜੀ ਆਪਣੇ ਜਵਾਈਆਂ ਨੂੰ। ਬਾਊ ਜੀ ਨੇ ਸਾਨੂੰ ਵੀ ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਅਸੀਂ ਵੀ ਬਾਊ ਜੀ ਨੂੰ ਭਗਵਾਨ ਵਾਂਗ ਪੂਜਦੇ ਹਾਂ। ਬਾਊ ਜੀ ਦੇ ਸੰਸਕਾਰ ਹੀ ਬਹੁਤ ਮਹਾਨ ਹਨ..."।
ਰੱਬ ਨੇ ਗੌਰੀ ਸ਼ੰਕਰ ਤੇ ਸੀਤਾ ਦੇਵੀ ਦੀ ਛੇਤੀ ਹੀ ਸੁਣ ਲਈ। ਸੀਤਾ ਦੇਵੀ ਦੇ ਪੈਰ ਭਾਰੀ ਹੋਏ। ਘਰ ਵਿੱਚ ਲਕਸ਼ਮੀ ਨੇ ਜਨਮ ਲਿਆ। ਘਰ 'ਚ ਖੁਸ਼ੀਆਂ ਕੀਤੀਆਂ ਗਈਆਂ। ਰਜਨੀ ਦੋਵੇ ਭਰਾਵਾਂ ਦੀ ਲਾਡਲੀ ਤੇ ਮਾਂ-ਪਿਉ ਦੇ ਜਿਗਰ ਦਾ ਟੁੱਕੜਾ ਸੀ। ਰਜਨੀ ਭਰਾਵਾਂ ਨਾਲੋਂ ਕਾਫੀ ਛੋਟੀ ਸੀ। ਰਜਿੰਦਰ ਕਾਂਤ ਤੇ ਰਵੀ ਕਾਂਤ ਰਜਨੀ ਨੂੰ ਮੋਡਿਆਂ ਉਪਰ ਚੁੱਕੀ ਫਿਰਦੇ ਸਨ। ਗੌਰੀ ਸ਼ੰਕਰ ਦੇ ਘਰ ਅਕਸਰ ਲੋਕਾਂ ਦਾ ਆਣਾ-ਜਾਣਾ ਰਹਿੰਦਾ ਸੀ। ਗੌਰੀ ਸ਼ੰਕਰ ਹਕੀਮ ਗੀਰੀ ਅਤੇ ਜੋਤਿਸ਼ ਵਿਦਿਆ ਵਾਲੇ ਕੰਮ ਕਰਦਾ। ਗੌਰੀ ਸ਼ੰਕਰ ਅਕਸਰ ਲੋਕਾਂ ਨੂੰ ਇਹ ਸਿੱਖਿਆ ਦੇਂਦਾ। ਇਨਸਾਨ ਨੂੰ ਆਪ ਧਰਮ ਅਤੇ ਕੌਮ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ। ਗੌਰੀ ਸ਼ੰਕਰ ਹਿੰਦੂ ਧਰਮ ਲਈ ਪਲ ਪਲ ਲਈ ਜਿਊਂਦਾ ਤੇ ਉਸ ਦੇ ਮਾਣ-ਸਤਿਕਾਰ ਲਈ ਕੁਰਬਾਨ ਹੋਣ ਲਈ ਹਮੇਸ਼ਾਂ ਤਿਆਰ ਰਹਿੰਦਾ। ਭਰਾਵਾਂ ਦੇ ਪਿਆਰ ਅਤੇ ਮਾਂ-ਪਿਉ ਦੀ ਲਾਡਲੀ ਰਜਨੀ ਸਿਆਣੀ, ਮਿਲਣਸਾਰ ਤੇ ਲੋਕਾਂ ਦੇ ਦਿਲ ਦਿਮਾਗ ਤੇ ਛਾਅ ਜਾਣ ਵਾਲੀ ਸੀ ਹਰ ਇੱਕ ਤੋਂ ਪਿਆਰ ਲੈਂਦੀ। ਉਹ ਛੋਟੀ ਉਮਰ ਵਿੱਚ ਹੀ ਘਰ ਪਰਿਵਾਰ ਦੀ ਜਿੰਮੇਵਾਰੀ ਸਮਝਣ ਲੱਗ ਪਈ ਸੀ। ਮਾਂ-ਪਿਉ ਕੰਮ ਤੋਂ ਰੋਕਦੇ ਕਹਿੰਦੇ ਸਾਰੀ ਉਮਰ ਕੰਮ ਹੀ ਕਰਨਾ ਹੈ, ਖੇਡ ਮੱਲ ਲੈ। ਧੀਆਂ ਤਾਂ ਪੂਜਾ ਯੋਗ ਹੁੰਦੀਆਂ ਹਨ।
ਗੌਰੀ ਸ਼ੰਕਰ ਅਕਸਰ ਆਪਣੇ ਪ੍ਰਵਾਰ ਨੂੰ ਗੁੱਸੇ ਹੁੰਦਾ ਕਹਿੰਦਾ ਕਿ ਉਹ ਰਜਨੀ ਤੋਂ ਕੰਮ ਨਾ ਕਰਵਾਉਣ ਪਰ ਰਜਨੀ ਸਭ ਦੇ ਰੋਕਣ ਦੇ ਬਾਅਦ ਵੀ ਸਾਰੇ ਦਾ ਸਾਰਾ ਕੰਮ ਸਮੇਟ ਲੈਂਦੀ। ਰਜਨੀ ਪੜ੍ਹਾਈ 'ਚ ਕਾਫੀ ਤੇਜ਼, ਖੇਡਾਂ, ਸੰਸਕ੍ਰਿਤ ਪ੍ਰੋਗਰਾਮ ਬਿਲਕੁਲ ਕਾਬਲ ਹੋ ਚੁੱਕੀ ਸੀ। ਰਜਨੀ ਦੀ ਹਰ ਕੋਈ ਤਾਰੀਫ ਕਰਦਾ ਥੱਕਦਾ ਨਹੀਂ ਸੀ। ਪੰਡਤ ਗੌਰੀ ਸ਼ੰਕਰ ਚੌੜੀ ਛਾਤੀ ਕਰਕੇ ਤੁਰਦਾ ਆਪਣੀ ਧੀ ਉਪਰ ਫਖਰ ਕਰਦਾ। ਭਰਾਵਾਂ ਦਾ ਵਿਆਹ ਹੋ ਚੁਕਾ ਸੀ। ਦੋਵੇਂ ਭਰਾਵਾਂ 'ਚ ਰੱਜ ਕੇ ਪਿਆਰ ਸੀ। ਆਪਸ 'ਚ ਦੋ ਜਿਸਮ ਤੇ ਇੱਕ ਜਾਨ ਸਨ-ਰਵੀ ਕਾਂਤ ਤੇ ਰਜਿੰਦਰ ਕਾਂਤ। ਉਨ੍ਹਾਂ ਦੀਆਂ ਪਤਨੀਆਂ ਦਰਾਣੀ ਜਠਾਣੀ ਨਾ ਹੋ ਕੇ ਸਕੀਆਂ ਭੈਣਾਂ ਨਾਲੋਂ ਵੱਧ ਕੇ ਪਿਆਰ ਕਰਦੀਆਂ ਸਨ ਇੱਕ ਦੂਸਰੇ ਨੂੰ। ਰਜਨੀ ਨੂੰ ਉਹ ਆਪ ਆਪਣੀ ਨਣਦ ਨ੍ਹੀਂ ਲਾਡਲੀ ਬੇਟੀ ਸਮਝਦੀਆਂ ਸਨ। ਸੱਸ-ਸਹੁਰੇ ਦੀ ਤਾਂ ਉਹ ਭਗਵਾਨ ਦੀ ਤਰ੍ਹਾਂ ਪੂਜਾ ਕਰਦੀਆਂ ਸਨ। ਸੱਸ-ਸਹੁਰੇ ਦੀ ਤਾਂ ਉਨ੍ਹਾਂ ਦੀ ਸ਼ਕਲ ਵੇਖ ਕੇ ਜੀਊਂਦੇ ਸਨ ਜਦ ਕਦੀ ਪੇਕੇ ਵਾਲੇ ਉਨ੍ਹਾਂ ਨੂੰ ਲੇਣ ਆਉਂਦੇ ਤਾਂ ਨੂੰਹਾਂ ਪੇਕੇ ਨਹੀਂ ਜਾਂਦੀਆਂ ਤੇ ਨਾ ਹੀ ਗੌਰੀ ਸ਼ੰਕਰ ਤੇ ਸੀਤਾ ਦੇਵੀ ਉਨ੍ਹਾਂ ਨੂੰ ਭੇਜ ਕੇ ਰਾਜੀ ਸਨ। ਪਲ-ਭਰ ਵੀ ਦੂਰ ਹੁੰਦੀਆਂ ਤਾਂ ਦੋਵੇਂ ਜਨਾਨੀਆਂ ਆਦਮੀਆਂ ਨੂੰ ਕੁਝ ਕਹਿਣ ਲੱਗ ਪੈਂਦੀਆਂ। ਸੱਚ ਹੀ ਗੌਰੀ ਸ਼ੰਕਰ ਦਾ ਪ੍ਰਵਾਰ ਸਵਰਗ 'ਚ ਵੱਸ ਰਿਹਾ ਸੀ। ਹਰ ਕੋਈ ਗੌਰੀ ਸ਼ੰਕਰ ਦੇ ਪ੍ਰਵਾਰ ਦੀ ਸਿਫਤ ਕਰਦਾ। ਗੌਰੀ ਸ਼ੰਕਰ ਸਮਾਜ ਵਿੱਚ ਸਨਮਾਨੀ ਜਾਣ ਵਾਲੀ ਸਖਸ਼ੀਅਤ ਬਣ ਚੁੱਕਾ ਸੀ। ਗੌਰੀ ਵੀ ਬਗੈਰ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕਰਦਾ, ਲੋਕਾਂ ਦੇ ਖੂਬ ਕੰਮ ਆਉਂਦਾ।
ਰਜਨੀ ਨੇ ਜਦ ਜਵਾਨੀ ਦੀ ਦਹਿਲੀਜ਼ ਉਪਰ ਪੈਰ ਰੱਖਿਆ ਤਾਂ ਸਭ ਦੇ ਮੂੰਹ ਖੁੱਲ੍ਹੇ ਰਹਿ ਗਏ, ਰਜਨੀ ਸਭ ਨਾਲੋਂ ਵੱਖਰੀ, ਇੰਦਰ ਦੇ ਪ੍ਰਵਾਰ ਦੀ ਅਪਸਰਾ ਲਗਦੀ ਸੀ। ਰਜਨੀ ਵੱਲ ਕੋਈ ਗੱਭਰੂ ਅੱਖ ਭਰ ਕੇ ਵੇਖ ਨਹੀਂ ਸਕਦਾ ਸੀ। ਉਸ ਦੇ ਹੁਸਨ ਦੀ ਤਾਬ ਝੱਲਣੀ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ। ਉੱਚਾ ਲੰਬਾ ਕੱਦ, ਸੰਡੋਲ ਸਰੀਰ, ਅੱਖਾਂ ਬਿੱਲੀਆਂ, ਵਾਲ ਭੁਰੇ, ਚਿਹਰਾ ਗੋਲ, ਜਦ ਰਜਨੀ ਮੁਸਕਰਾਦੀ ਉਸ ਦੇ ਚਿਹਰੇ ਉਪਰ ਡੂੰਘੇ ਡੂੰਘੇ ਟੋਏ ਪੈਂਦੇ। ਰਜਨੀ ਅਕਸਰ ਗੱਲ ਘੱਟ ਹੀ ਕਰਦੀ, ਖਾਮੋਸ਼ ਰਹਿੰਦੀ, ਲੇਕਿਨ ਚਿਹਰੇ ਉਪਰ ਹਰ ਵਕਤ ਮੁਸਕਰਾਹਟ ਰਹਿੰਦੀ। ਉੱਚ ਸਿੱਖਿਆ ਵਾਸਤੇ ਰਜਨੀ ਕਾਲਜ ਦਾਖਲ ਹੋ ਗਈ, ਉਸ ਦੀ ਸਹਿਪਾਠਣ ਰਾਬੀਆ ਮੁਸਲਮਾਨ ਪ੍ਰਵਾਰ ਨਾਲ ਸਬੰਧ ਰੱਖਦੀ, ਕਈ ਸਾਲਾਂ ਤੋਂ ਰਜਨੀ ਨਾਲ ਪੜ੍ਹਦੀ ਆ ਰਹੀ ਸੀ, ਕਾਲਜ ਵੀ ਇੱਕਠੀਆਂ ਨੇ ਦਾਖਲਾ ਲਿਆ। ਰਜਨੀ ਦੀਆਂ ਬਹੁਤ ਘੱਟ ਸਹੇਲੀਆਂ ਸਨ। ਰਾਬੀਆ ਨਾਲ ਰਜਨੀ ਦਾ ਖਾਸ ਪਿਆਰ ਸੀ। ਅਕਸਰ ਰਜਨੀ ਰਾਬੀਆ ਦੇ ਘਰ ਚਲੀ ਜਾਂਦੀ ਪਰ ਰਾਬੀਆ ਕਦੇ ਵੀ ਰਜਨੀ ਦੇ ਘਰ ਨਹੀਂ ਗਈ ਸੀ। ਮਲੇਰ ਕੋਟਲੇ ਤੋਂ ਰਿਸ਼ਤੇ 'ਚ ਲੱਗਦਾ ਭਰਾ ਬਸ਼ੀਰ ਰਹਿਮਾਨ ਵਕਾਲਤ ਦੀ ਪ੍ਰੈਕਟਸ ਕਰਨ ਲੁਧਿਆਣੇ ਆਇਆ ਸੀ। ਰਾਬੀਆ ਦੇ ਮਾਂ-ਪਿਉ ਨੇ ਉਸ ਨੂੰ ਬਾਹਰ ਕਮਰਾ ਨਾ ਲੈਣ ਦਿੱਤਾ ਤੇ ਉਸ ਨੂੰ ਆਪਣੇ ਕੋਲ ਹੀ ਰੱਖ ਲਿਆ। ਬਾਸ਼ੀਰ ਰਹਿਮਾਨ ਕਾਫੀ ਸੁੰਦਰ, ਮਿਲਣਸਾਰ ਅਤੇ ਪੈਸੇ ਧੇਲੇ ਮਾਮਲੇ 'ਚ ਕਾਫੀ ਸੌਖਾ ਸੀ। ਬਾਸ਼ੀਰ ਰਹਿਮਾਨ ਦਾ ਪਿਉ ਸ਼ਹਿਰ ਦਾ ਨਾਮੀ ਵਕੀਲ ਸੀ। ਰਜਨੀ ਤੇ ਬਸ਼ੀਰ ਰਹਿਮਾਨ ਦੀਆਂ ਅੱਖਾਂ ਸਾਂਝੀਆਂ ਹੋ ਗਈਆਂ। ਅਕਸਰ ਰਜਨੀ ਰਾਬੀਆ ਦੇ ਘਰ ਆਉਂਦੀ ਜਾਂਦੀ ਰਹਿੰਦੀ। ਜਿਹੜੀ ਰਜਨੀ ਆਪਣੇ ਪਰਿਵਾਰ ਤੋਂ ਬਗੈਰ ਸਾਹ ਨਹੀਂ ਸੀ ਲੈਂਦੀ, ਆਪਣੇ ਮਾਂ-ਪਿਉ ਤੇ ਭਰਾਵਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੀ ਸੀ, ਉਹ ਅੱਜ ਮੁਸਲਮਾਨ ਦੇ ਪਿਆਰ 'ਚ ਅੰਨ੍ਹੀ ਹੋ ਚੁੱਕੀ ਸੀ। ਉਸ ਨੇ ਇਹ ਨਹੀਂ ਸੋਚਿਆ ਇਸ ਦਾ ਨਤੀਜਾ ਕਿੰਨਾ ਭਿਆਨਕ ਨਿਕਲੇਗਾ। ਰਜਨੀ ਜੇਕਰ ਸਧਾਰਨ ਪਰਿਵਾਰ ਦੀ ਕੁੜੀ ਹੁੰਦੀ ਤਾਂ ਕੁਝ ਹੋਰ ਗੱਲ ਸੀ। ਰਜਨੀ ਦਾ ਪਿਉ ਸਮਾਜ ਦਾ ਜਿੰਮੇਵਾਰ ਵਿਅਕਤੀ ਸੀ, ਕੌਮ ਪ੍ਰਸਤੀ ਉਸ ਦੀਆਂ ਰਗਾਂ ਵਿੱਚ ਸਮਾਈ ਹੋਈ ਸੀ। ਰਜਨੀ ਨੇ ਸਭ ਕੁਝ ਛਿੱਕੇ ਤੇ ਟੰਗ ਦਿੱਤਾ। ਰਜਨੀ ਬਸ਼ੀਰ ਰਹਿਮਾਨ ਦੇ ਪਿਆਰ 'ਚ ਪੂਰੀ ਤਰ੍ਹਾਂ ਪਾਗਲ ਹੋ ਗਈ। ਮਾਂ-ਪਿਉ ਨੂੰ ਆਪਣੀ ਧੀ ਉਪਰ ਅੰਨ੍ਹਾਂ ਵਿਸ਼ਵਾਸ ਸੀ, ਉਨ੍ਹਾਂ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਲਾਡਲੀ ਏਹ ਗੁੱਲ ਖਿਲਾਏਗੀ। ਸਿਆਣੇ ਠੀਕ ਹੀ ਕਹਿੰਦੇ ਹਨ, ਇਸ਼ਕ ਨਾ ਵੇਖੇ ਜਾਤ, ਧਰਮ, ਕੌਮ ਤੇ ਸਰਹੱਦ, ਇਹ ਤਾਂ ਬੱਸ "ਏਕ ਆਗ ਕਾ ਦਰਿਆ ਜਿਸ ਮੇਂ ਡੁੱਬ ਜਾਣਾ ਹੈ", ਇਸ਼ਕ ਦਾ ਜਨੂੰਨ ਮਾਂ-ਪਿਉ ਦੇ ਪਿਆਰ ਤੇ ਦੁਨੀਆਂ ਦੀ ਪ੍ਰਵਾਹ ਨਹੀਂ ਕਰਦਾ। ਆਸ਼ਕਾ ਨਾਲ ਇਤਿਹਾਸ ਭਰਿਆ ਪਿਆ ਹੈ। ਇੱਕ ਤਾਂ ਇਸ਼ਕ ਜਿਸਮ ਨਾਲ ਹੁੰਦਾ, ਕਾਮ ਦੀ ਪੂਰਤੀ ਲਈ ਇਸ਼ਕ ਕੀਤਾ ਜਾਂਦਾ, ਉਹ ਇਸ਼ਕ ਨਹੀਂ ਹਵਸ ਹੁੰਦਾ ਹੈ, ਉਹ ਇਸ਼ਕ ਗੁਨਾਹ ਬਣ ਕੇ ਰਹਿ ਜਾਂਦਾ ਹੈ। ਰਜਨੀ ਨੇ ਬਸ਼ੀਰ ਰਹਿਮਾਨ ਨੂੰ ਦਿਲ ਦੀਆਂ ਡੂੰਘਾਈਆਂ ਨਾਲ ਪਿਆਰ ਕੀਤਾ। ਰਜਨੀ ਲਈ ਇਸ਼ਕ ਇਕ ਬੰਦਗੀ ਸੀ। ਉਹ ਤਾਂ ਇਹ ਭੁੱਲ ਹੀ ਗਈ ਸੀ ਕਿ ਉਹ ਉੱਚ ਕੋਟੀ ਦੇ ਵਿਦਵਾਨ ਪਿਉ ਦੀ ਧੀ ਹੈ। ਰਾਬੀਆ ਨੂੰ ਇਹ ਸਭ ਕੁਝ ਪਤਾ ਸੀ। ਉਹ ਬਹੁਤ ਖੁਸ਼ ਸੀ ਕਿ ਰਜਨੀ ਉਸ ਦੀ ਭਾਬੀ ਜਾਨ ਬਣੇਗੀ। ਰਜਨੀ ਅਤੇ ਬਾਸ਼ੀਰ ਦੀ ਵਿਚੋਲੀ ਰਾਬੀਆ ਹੀ ਤਾਂ ਸੀ।
ਫਿਰ ਅਚਾਨਕ ਕਿਸੇ ਨੂੰ ਕੰਨੋ ਕੰਨੀ ਖਬਰ ਹੋਈ ਕਿ ਰਜਨੀ ਬਾਸ਼ੀਰ ਨਾਲ ਦੋੜ ਗਈ। ਪਹਿਲਾਂ ਪਹਿਲ ਤਾਂ ਬਾਸ਼ੀਰ ਰਜਨੀ ਨੂੰ ਮਲਰੇ ਕੋਟਲੇ ਲੈ ਗਿਆ। ਫਿਰ ਪਤਾ ਨਹੀਂ ਕਿੱਥੇ ਲੈ ਗਿਆ। ਇਸ ਕਾਰਨ ਰਾਬੀਆ ਦੇ ਪ੍ਰਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਪੰਡਤ ਗੌਰੀ ਸ਼ੰਕਰ ਨੇ ਆਤਮ ਹੱਤਿਆ ਕਰ ਲਈ ਸੀ। ਬਾਸ਼ਰਿ ਰਹਿਮਾਨ ਨੇ ਰਜਨੀ ਨਾਲ ਨਿਕਾਹ ਕਰਕੇ ਉਸ ਦਾ ਧਰਮ ਬਦਲਕੇ ਉਸਨੂੰ ਰਜਨੀ ਤੋਂ ਸਲਮਾਂ ਬਣਾ ਦਿੱਤਾ। ਸਿਰ ਤੋਂ ਪੈਰਾਂ ਤੱਕ ਬੁਰਕੇ ਨਾਲ ਢੱਕ ਦਿੱਤਾ। ਕੁਝ ਸਾਲ ਬਾਸ਼ੀਰ ਰਹਿਮਾਨ ਨੇ ਬਾਹਰ ਵਕਾਤਲ ਕੀਤੀ ਤੇ ਫੇਰ ਮਲੇਰਕੋਟਲਾ ਆ ਗਿਆ। ਬਾਸ਼ੀਰ ਰਹਿਮਾਨ ਦੀਆਂ ਆਦਤਾਂ ਠੀਕ ਨਹੀਂ ਸਨ, ਸ਼ਰਾਬ ਉਹ ਕਾਫੀ ਮਾਤਰਾ ਵਿੱਚ ਪੀਂਦਾ, ਜੂਏ ਉਹ ਖੂਬ ਖੇਲਦਾ, ਅਕਸਰ ਬਦਮਾਸ਼ਾਂ 'ਚ ਉਸਦਾ ਨਾਮ ਆਉਂਦਾ ਰਹਿੰਦਾ। ਬਾਸ਼ੀਰ ਰਹਿਮਾਨ ਦਾ ਪਿਉ ਵੀ ਬਾਸ਼ੀਰ ਰਹਿਮਾਨ ਦੀ ਤਰ੍ਹਾਂ ਨਾਮੀ ਅੇਡਵੋਕੇਟ ਤੇ ਜ਼ੂਆਰੀ, ਸ਼ਰਾਬੀ ਦੇ ਬਦਮਾਸ਼ੀ 'ਚ ਪੈਰ ਰੱਖਦਾ ਸੀ। ਦੋਵੇਂ ਪਿਉ ਪੁੱਤ ਦੀ ਇੱਕ ਰਗ ਇੱਕੋ ਸੁਰ ਸੀ। ਐਸ਼ ਪ੍ਰਸ਼ਤ ਦੋਵੇਂ ਪਿਉ ਪੁੱਤ ਸਨ। ਫੇਰ ਵੀ ਬਾਸ਼ੀਰ ਰਹਿਮਾਨ ਤੇ ਸਲਮਾਂ ਦਾ ਪਿਆਰ ਬਰਕਰਾਰ ਸੀ। ਲੋਕ ਹੈਰਾਨ ਸਨ, ਇਹ ਮੈਰਿਜ਼ ਬਹੁਤ ਸਫਲ ਸਿੱਧ ਹੋ ਰਹੀ ਸੀ। ਕੁਝ ਸਾਲਾਂ ਬਾਅਦ ਬਾਸ਼ੀਰ ਰਹਿਮਾਨ ਦੇ ਬੇਟੇ ਨੇ ਜਨਮ ਲਿਆ ਤੇ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ। ਸਮਾਂ ਆਪਣੇ ਚਾਲੇ ਚਲ ਰਿਹਾ ਸੀ, ਸਲਮਾਂ ਦੀ ਸੁੰਦਰਤਾਂ ' ਦਿਨੋਂ ਦਿਨ ਨਿੱਘਾਰ ਆ ਰਿਹਾ ਸੀ।
ਬਾਸ਼ੀਰ ਰਹਿਮਾਨ ਦਾ ਦੋਸਤ ਅਮੀਰ ਖਾਨ ਇੱਕ ਉੱਘਾ ਸਿਆਸਦਾਨ ਅਤੇ ਵਪਾਰੀ ਸੀ, ਸਾਰੇ ਦੇ ਸਾਰੇ ਕੇਸ ਬਾਸ਼ੀਰ ਰਹਿਮਾਨ ਉਸ ਦੇ ਲੜਦਾ ਸੀ, ਅਮੀਰ ਖਾਨ ਦਾ ਬਸ਼ਰਿ ਰਹਿਮਾਨ ਦੇ ਘਰ ਆਉਂਣ ਜਾਣ ਸੀ। ਸਲਮਾਂ ਦੀ ਸੁੰਦਰਤਾ ਨੂੰ ਦੇਖ ਕੇ ਅਮੀਰ ਖਾਨ ਦੀ ਨੀਯਤ ਖਰਾਬ ਹੋ ਗਈ, ਕਾਮ ਭਰੀਆਂ ਅੱਖਾਂ ਨਾਲ ਅਮੀਰ ਖਾਨ ਸਲਮਾਂ ਨੂੰ ਵੇਖਣ ਲੱਗਾ। ਪਹਿਲਾਂ ਪਹਿਲ ਤਾਂ ਧਿਆਨ ਨਾ ਗਿਆ, ਤਾਂ ਫਿਰ ਸਮਲਾਂ ਅਮੀਰ ਦੀ ਖਰਾਬ ਨੀਯਤ ਨੂੰ ਤਾੜ ਗਈ ਤੇ ਆਪਣੇ ਸ਼ੋਹਰ ਬਸ਼ੀਰ ਰਹਿਮਾਨ ਨੂੰ ਕਹਿਣ ਲੱਗੀ:
"ਜੀ ਮੈਨੂੰ, ਤੁਹਾਡੇ ਦੋਸਤ ਅਮੀਰ ਖਾਨ ਦੀ ਨੀਯਤ ਵਿੱਚ ਖੋਟ ਨਜ਼ਰ ਆ ਰਿਹਾ ਹੈ.."।
"ਅੇਵੇ ਵਹਿਮ ਨਹੀਂ ਕਰੀਦਾ, ਅਮੀਰ ਖਾਨ ਮੇਰਾ ਆਪਣਾ ਖਾਸ ਦੋਸਤ ਹੈ.."।
"ਜੀ ਵਹਿਮ ਵਾਲੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਭਰੋਸੇ ਨਾਲ ਕਹਿੰਦੀ ਹਾਂ। ਅਗਰ ਤੁਸੀਂ ਕਹਿੰਦੇ ਹੋ ਤਾਂ ਠੀਕ ਹੈ, ਮੈਂ ਤੁਹਾਡੇ ਨਾਲ ਅੱਖਾਂ ਬੰਦ ਕਰਕੇ ਪਿਆਰ ਤੇ ਵਿਸ਼ਵਾਸ ਕੀਤਾ ਹੈ। ਅਗਰ ਔਰਤ ਠੀਕ ਹੋਵੇ ਤਾਂ ਬੰਦਾ ਉਸ ਦਾ ਕੁਝ ਨਹੀਂ ਵਿਗਾੜ ਸਕਦਾ, ਔਰਤ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਅਗਰ ਔਰਤ ਦੀ ਮਰਜ਼ੀ ਹੋਵੇ ਤਾਂ ਮਰਦ ਨਾ ਚਾਹੁੰਦਾ ਹੋਇਆ ਵੀ ਔਰਤ ਵੱਲ ਖਿੱਚਿਆ ਆਉਂਦਾ ਹੈ, ਔਰਤ ਵਿੱਚ ਕੁਦਰਤ ਨੇ ਕਸ਼ਿਸ਼ ਹੀ ਇੰਨੀ ਪੈਦਾ ਕੀਤੀ ਹੈ..."।
"ਅੱਛਾ... ਮੈਨੂੰ ਪਤਾ ਨਹੀਂ ਸੀ..."। ਬਸ਼ੀਰ ਰਹਿਮਾਨ ਹੱਸਦਾ ਬੋਲਿਆ।
"ਤੁਹਾਨੂੰ ਤਾਂ ਕੁਝ ਵੀ ਪਤਾ ਨਹੀਂ, ਫਿਰ ਅੇਵੀਂ ਮੇਰੇ ਮਗਰ ਮਗਰ ਚੱਕਰ ਕੱਟਦੇ ਤੇ ਮੈਨੂੰ ਦੌੜਾਅ ਕੇ ਲੈ ਆਏ। ਸਲਮਾਂ ਹੱਸਦੀ ਹੋਈ ਬਸ਼ੀਰ ਰਹਿਮਾਨ ਨਾਲ ਬੋਲੀ।
"ਬਸ਼ੀਰ ਰਹਿਮਾਨ ਰੋਮਾਂਟਿਕ ਹੁੰਦਾ ਸਲਮਾਂ ਨੂੰ ਆਪਣੀਆਂ ਬਾਹਾਂ 'ਚ ਕੱਸਦਾ ਬੋਲਿਆ"
"ਸੱਚ ਹੀ ਸਲਮਾਂ ਤੇਰੇ ਹੁਸਨ ਦੇ ਜਾਦੂ ਨੇ ਮੈਨੂੰ ਪਾਗਲ ਕਰ ਦਿੱਤਾ ਸੀ। ਤੇਰੇ 'ਚ ਇੰਨੀ ਕਸ਼ਿਸ਼ ਹੈ ਕਿ ਇੱਕ ਪਲ ਵੀ ਤੇਰੇ ਬਗੈਰ ਨਹੀਂ ਰਹਿ ਸਕਦਾ, ਤੇਰੇ ਹੁਸਨ ਵੱਲ ਕੋਈ ਅੱਖ ਭਰ ਕੇ ਵੇਖ ਕੇ ਨਹੀਂ ਵੇਖ ਸਕਦਾ। ਫਿਰ ਅਮੀਰ ਖਾਨ ਕੀ ਚੀਜ਼ ਹੈ, ਵੈਸੇ ਤੇਰੀ ਗੱਲ ਗੌਰ ਕਰਨ ਵਾਲੀ ਹੈ। ਅਮੀਰ ਖਾਨ ਦਾ ਘਰ ਆਉਂਣਾ ਬੰਦ ਕਰ ਦਿੱਤਾ ਜਾਵੇਗਾ, ਬਾਹਰੋਂ ਬਾਹਰ ਹੀ ਉਸ ਦੇ ਕੇਸ ਨਿਪਟਾ ਦਿੱਤੇ ਜਾਣਗੇ। ਸੱਚ ਤਾਂ ਹੈ ਜਦ ਘਰ 'ਚ ਸੁੰਦਰ ਬੇਗਮ ਹੋਵੇ ਤਾਂ ਖਵੰਦ ਨੂੰ ਬਾਹਰਲੇ ਮਰਦਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਤੇਰੇ ਉਪਰ ਤਾਂ ਕਿਸੇ ਦੀ ਵੀ ਨਿਯਤ ਖਰਾਬ ਹੋ ਸਕਦੀ ਹੈ.." ਮੁਸਕਰਾਂਦੇ ਬਸ਼ੀਰ ਰਹਿਮਾਨ ਨੇ ਸਲਮਾਂ ਨੂੰ ਕਿਹਾ ਰੋਮਾਂਟਿਕ ਹੁੰਦੇ ਬਸ਼ੀਰ ਰਹਿਮਾਨ ਨੇ ਸਲਮਾਂ ਨੂੰ ਆਪਣੇ ਵੱਲ ਕੱਸਿਆ ਤੇ ਸਲਮਾਂ ਨੇ ਵੀ ਗਰਮ ਜੋਸ਼ੀ ਨਾਲ ਉਸ ਦਾ ਸਾਥ ਦਿੱਤਾ। ਸਲਮਾਂ ਨੂੰ ਬਸ਼ੀਰ ਰਹਿਮਾਨ ਦੀਆਂ ਬਾਹਵਾਂ ਦੀ ਪਕੜ ਕਿਸੇ ਜੀਨਤ ਨਾਲੋਂ ਘੱਟ ਨਹੀਂ ਲੱਗ ਰਹੀ ਸੀ, ਫਿਰ ਅਚਾਨਕ ਪਿਆਰ ਨਾਲ ਸਲਮਾਂ ਬਸ਼ੀਰ ਰਹਿਮਾਨ ਨੂੰ ਆਪਣੇ ਆਪ ਤੋਂ ਦੂਰ ਕਰਦੀ ਬੋਲੀ।
"ਜੀ ਤੁਹਾਡੇ ਵਾਸਤੇ ਕੁਝ ਸ਼ਕਾਇਤਾਂ ਹਨ, ਤੁਸੀਂ ਸੁਧਰ ਜਾਉ.."।
ਪਿਆਰ ਅਤੇ ਸ਼ਰਾਰਤ ਨਾਲ ਸਲਮਾਂ ਬੋਲੀ:
"ਕੀ ਸ਼ਕਾਇਤਾਂ ਹੈ ਬੇਗਮ ਸਾਹਿਬ ਨੂੰ ਸਾਡੇ ਤੋਂ..? ਹੁਣ ਤਾਂ ਜਾਨ ਦੇਣ ਵਾਸਤੇ ਵੀ ਤਿਆਰ ਸੀ ਤੇ ਹੁਣ ਸ਼ਕਾਇਤਾਂ ਤੇ ਉਤਰ ਆਈ ਹੈ..."।
ਪੂਰੇ ਰੋਮਾਟਿਕ ਹੁੰਦੇ ਬਾਸ਼ੀਰ ਰਹਿਮਾਨ ਨੇ ਸਲਮਾਂ ਨੂੰ ਚੁੰਮਿਆਂ ਤੇ ਮਦਹੋਸ਼ ਹੋ ਗਿਆ। ਸਲਮਾਂ ਬਸ਼ੀਰ ਦਾ ਮੂੰਹ ਆਪਣੇ ਹੱਥ ਨਾਲ ਪਿੱਛੇ ਕਰਦੀ ਬੋਲੀ:
"ਜੀ ਤੁਸੀਂ ਸ਼ਰਾਬ ਬਹੁਤ ਪੀਣ ਲੱਗ ਪਏ ਹੋ, ਜੂਆ ਵੀ ਖੂਬ ਖੇਲਦੇ ਹੋ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇੰਨੇ ਪੜ੍ਹੇ ਲਿਖੇ ਕਾਬਲ ਐਡਵੋਕੇਟ ਹੋ ਕੇ ਬਦਮਾਸ਼ੀ ਵੀ ਕਰਦੇ ਹੋ। ਕਈ ਵਾਰ ਬਾਹਰੋਂ ਹੱਥੋਂ ਪਾਈ ਕਰਦੇ ਵੀ ਆਉਂਦੇ ਹੋ, ਤੁਹਾਡੀ ਗੁੰਡਿਆਂ ਮਵਾਲੀਆਂ ਨਾਲ ਦੋਸਤੀ ਵੀ ਹੈ.."।
ਇਹ ਆਦਤਾਂ ਸਨੂੰ ਕਿਸੇ ਨਾ ਕਿਸੇ ਦੀ ਦਿਨ ਮੁਸੀਬਤਾਂ ਵਿੱਚ ਪਾ ਦੇਣਗੀਆਂ...।
ਪਹਿਲਾਂ ਪਹਿਲ ਤਾਂ ਸਲਮਾਂ ਦੀਆਂ ਸੱਚੀਆਂ ਸੱਚੀਆਂ ਗੱਲਾਂ ਉਪਰ ਬਸ਼ੀਰ ਰਹਿਮਾਨ ਨੂੰ ਗੁੱਸਾ ਆਇਆ, ਫਿਰ ਆਪਣੇ ਆਪ ਨੂੰ ਕਾਬੂ ਕਰ ਲਿਆ। ਉਸਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਸੀ, ਫਿਰ ਸਲਮਾਂ ਦਾ ਪਿਆਰ। ਸਲਮਾਂ ਸੱਚ ਤਾਂ ਕਹਿ ਰਹੀ ਸੀ, ਕੋਈ ਝੂਠ ਤਾਂ ਨਹੀਂ। ਸਲਮਾਂ ਬਸ਼ੀਰ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਪਿਆਰ ਕਰਦੀ। ਇਸ ਸਭ ਦਾ ਬਸ਼ੀਰ ਨੂੰ ਅਹਿਸਾਸ ਸੀ। ਬਸ਼ੀਰ ਰਹਿਮਾਨ ਦੇ ਅੰਦਰ ਖੁਦਗਰਜ਼ੀ ਇੱਕ ਕੋਨੇ 'ਚ ਲੱਗੀ ਹੋਈ ਸੀ। ਉਹ ਖੁਦਗਰਜ਼ੀ ਅੱਗੇ ਸਲਮਾਂ ਦਾ ਪਿਆਰ ਵੀ ਕਦੀ ਕਦੀ ਬੇਮਾਨੀ ਹੋ ਕੇ ਰਹਿ ਜਾਂਦਾ ਸੀ। ਕਈ ਵਾਰ ਸਲਮਾਂ ਬਸ਼ੀਰ ਰਹਿਮਾਨ ਦਾ ਬਦਲਿਆ ਹੋਇਆ ਭਿਆਨਕ ਰੂਪ ਵੇਖ ਚੁੱਕੀ ਸੀ। ਉਹ ਇਹ ਸੋਚ ਕੇ ਡਰ ਜਾਂਦੀ ਜਿਸ ਬੰਦੇ ਦੀ ਖਾਤਰ ਉਸ ਨੇ ਆਪਣਾ ਸਭ ਕੁਝ ਛੱਡਿਆ ਕਿ ਉਹ ਇਕ ਨਾ ਇੱਨ ਦਿਨ ਉਸ ਨੂੰ ਮੁਸੀਬਤ 'ਚ ਨਾ ਪਾ ਦੇਵੇ। ਫੇਰ ਵੀ ਸਲਮਾਂ ਨੂੰ ਬਸ਼ੀਰ ਦੇ ਪਿਆਰ 'ਚ ਖੁਦਾ ਨਜ਼ਰ ਆ ਰਿਹਾ ਸੀ। ਸਲਮਾਂ ਦੀ ਦੁਨੀਆਂ ਬਸ਼ੀਰ ਰਹਿਮਾਨ ਤੋਂ ਸ਼ੁਰੂ ਹੁੰਦੀ ਤੇ ਉਸੇ ਤੇ ਖਤਮ ਹੋ ਜਾਂਦੀ। ਬਸ਼ੀਰ ਰਹਿਮਾਨ ਦੇ ਪਿਆਰ'ਚ ਉਹ ਸਭ ਰਿਸ਼ਤੇ ਭੁੱਲ ਚੁੱਕੀ।
"ਸਲਮਾਂ ਤੂੰ ਸੱਚ ਹੀ ਕਹਿੰਦੀ ਹੈ ਸੱਚ ਹੀ ਨਸ਼ਾ ਇਨਸਾਨ ਨੂੰ ਜਾਨਵਰ ਬਣਾ ਦੇਂਦਾ ਹੈ। ਉਸ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਦੇਂਦਾ ਹੈ। ਨਸ਼ੇ 'ਚ ਮੈਂ ਤੈਨੂੰ ਵੱਧ ਘੱਟ ਬੋਲ ਜਾਂਦਾ, ਤੂੰ ਸਭ ਕੁਝ ਭੁੱਲ ਕੇ ਵੀ ਮੇਰੇ ਬਾਰੇ ਸੋਚਦੀ ਹੈ। ਮੈਂ ਕੀ ਕਰਾਂ ਸ਼ਰਾਬ ਜਦ ਮੇਰੇ ਸਾਹਮਣੇ ਆਉਂਦੀ ਹੈ ਤਾਂ ਮੈਂ ਪਾਗਲ ਜਿਹਾ ਹੋ ਜਾਂਦਾ ਹਾਂ, ਜੂਅੇ ਦਾ ਵੀ ਝੱਸ ਉਠਦਾ ਹੈ। ਮੇਰੇ ਯਾਰ ਦੋਸਤ ਹੀ ਇਸ ਤਰ੍ਹਾਂ ਦੇ ਹਨ। ਅਕਸਰ ਕਿਸੇ ਨਾ ਕਿਸੇ ਨਾਲ ਝਗੜਾ ਕਰਦੇ ਹੀ ਰਹਿਮਦੇ ਹਨ ਤੈਨੂੰ ਤਾਂ ਪਤਾ ਹੈ ਕਿ ਅਦਾਲਤਾਂ 'ਚ ਮੁਜ਼ਰਮਾਂ ਨੇ ਹੀ ਆਣਾ ਹੁੰਦਾ ਹੈ। ਅਕਸਰ ਉਨ੍ਹਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਹੈਂਕੜ ਦੀ ਹੈਂਕੜ ਭੰਨਣੀ ਪੈਂਦੀ ਹੈ, ਡਰ ਕੇ ਵੀ ਗੁਜ਼ਾਰਾ ਨਹੀਂ ਨਾ ਚਲਦਾ..."।
"ਤੁਹਾਡੀਆਂ ਗੱਲਾਂ ਦਾ ਮੈਂ ਗੁੱਸਾ ਨਹੀਂ ਕਰਦੀ, ਬੀਵੀ ਉੱਤੇ ਸ਼ੋਹਰ ਦਾ ਹੱਕ ਹੈ। ਫਿਰ ਵੀ ਸੰਭਲ ਕੇ ਮੈਂ ਇਹ ਲਫਜ਼ ਬਾਰ ਬਾਰ ਕਹਿੰਦੀ ਹਾਂ ਕਿ ਤੁਹਾਡੀਆਂ ਮਾੜੀਆਂ ਆਦਤਾਂ ਸਾਨੂੰ ਇੱਕ ਦਿਨ ਮੁਸੀਬਤ ਵਿੱਚ ਪਾ ਦੇਣਗੀਆਂ.."।
ਸਲਮਾਂ ਦੀ ਨਸੀਹਤ 'ਚ ਸਚਾਈ ਤਾਂ ਸੀ ਪਰ ਬਸ਼ੀਰ ਰਹਿਮਾਨ ਚਾਹੁਣ ਤੇ ਵੀ ਸਲਮਾਂ ਦੀਆਂ ਗੱਲਾਂ ਉਪਰ ਅਮਲ ਨਹੀਂ ਕਰ ਸਕਦਾ ਸੀ ਕਿਉਂਕਿ ਬਸ਼ੀਰ ਰਹਿਮਾਨ ਆਪਣੀਆਂ ਆਦਤਾਂ ਦਾ ਗੁਲਾਮ ਬਣ ਚੁੱਕਾ ਸੀ। ਜਦ ਸ਼ਾਮ ਹੁੰਦੀ ਨਸ਼ਾ ਤੇ ਜੂਏ ਦਾ ਉਸ ਦਾ ਝੱਸ ਉਠਦਾ ਤਾਂ ਉਹ ਸਭ ਕੁਝ ਭੁੱਲ ਜਾਂਦਾ।
ਸੱਚ ਹੀ ਤਾਂ ਸੀ ਅਮੀਰ ਖਾਨ ਦੀ ਸਲਮਾਂ ਉਪਰ ਨੀਅਤ ਮਾੜੀ ਸੀ, ਮਾੜੀ ਹੀ ਨਹੀਓਂ, ਹਰ ਹਾਲਤ 'ਚ ਸਲਮਾਂ ਨੂੰ ਆਪਣੇ ਵੱਸ 'ਚ ਕਰਨਾ ਚਾਹੁੰਦਾ ਸੀ। ਉਹ ਸਲਮਾਂ ਨੂੰ ਜ਼ਾਇਜ਼ ਨਜ਼ਾਇਜ ਤਰੀਕੇ ਨਾਲ ਹਾਸਲ ਕਰਨਾ ਚਾਹੁੰਦਾ ਸੀ। ਬਸ਼ੀਰ ਰਹਿਮਾਨ ਦੀਆਂ ਕਮੀਆਂ ਦਾ ਉਸਨੇ ਬੜੀ ਬਰੀਕੀ ਨਾਲ ਅਧਿਐਨ ਕੀਤਾ। ਬਸ਼ੀਰ ਰਹਿਮਾਨ ਚਾਹੇ ਕਾਬਲ ਵਕੀਲ ਸੀ, ਸ਼ਾਤਰ ਦਿਮਾਗ ਸੀ, ਇਸ ਸਭ ਦਾ ਅਮੀਨ ਖਾਨ ਨੂੰ ਗਿਆਨ ਸੀ, ਹਵੱਸ ਨੇ ਅਮੀਨ ਖਾਨ ਨੂੰ ਅੰਨ੍ਹਾ ਕਰ ਦਿੱਤਾ ਸੀ। ਸ਼ਰਾਬ ਤੇ ਜੂਏ ਦਾ ਅਮੀਰ ਖਾਨ ਪੱਕਾ ਖਿਲਾੜੀ ਸੀ। ਉਸ ਨਾਲ ਜੂਆ ਖੇਲਣ ਤੋਂ ਹਰ ਕੋਈ ਡਰਦਾ ਸੀ। ਇਸ ਜੂਏ ਰਾਹੀਂ ਹੀ ਉਸ ਨੇ ਕਈਆਂ ਦੀਆਂ ਜਾਇਦਾਦਾਂ ਉਪਰ ਆਪਣਾ ਕਬਜ਼ਾ ਜਮ੍ਹਾਂ ਲਿਆ ਸੀ। ਰਾਜਨੀਤੀ 'ਚ ਉਸ ਦੀ ਪਕੜ ਕਾਫੀ ਮਜ਼ਬੂਤ ਸੀ, ਸੂਬੇ ਦੀ ਰਾਜਨੀਤੀ 'ਚ ਉਸ ਦਾ ਬੋਲ ਬਾਲਾ ਸੀ, ਚਾਹੇ ਉਸ ਨੂੰ ਰਾਜਨੀਤਿਕ ਪਾਰਟੀ ਦੇ ਐਮ.ਐਲ.ਏ. ਦੀ ਟਿਕਟ ਤਾਂ ਨਹੀਂ ਮਿਲਣੀ ਸੀ ਪਰ ਪਾਰਟੀ ਨੇ ਉਸ ਨੂੰ ਬੋਰਡ ਦਾ ਚੇਅਰਮੈਨ ਜ਼ਰੂਰ ਬਣਾ ਦਿੱਤਾ ਸੀ। ਬਸ਼ੀਰ ਰਹਿਮਾਨ ਅਤੇ ਉਸ ਦੇ ਬਾਪ, ਦੋਨਾਂ ਨੂੰ ਸ਼ੀਸ਼ੇ 'ਚ ਉਤਾਰ ਲਿਆ ਸੀ, ਅਮੀਰ ਖਾਨ ਨੇ। ਬਸ਼ੀਰ ਰਹਿਮਾਨ ਨੂੰ ਐਸ਼ ਪ੍ਰਸਤ ਬਣਾ ਦਿੱਤਾ ਸੀ, ਜਾਇਜ਼ ਨਜ਼ਾਇਜ਼ ਧੰਦਿਆਂ 'ਚ ਭਾਈਵਾਲੀ ਪਾ ਰਿਹਾ ਸੀ। ਅਮੀਰ ਖਾਨ ਦਾ ਜ਼ੁਰਮ ਪੇਸ਼ਾ ਨਾਲ ਸਬੰਧ ਤਾਂ ਸੀ।
ਅਮੀਰ ਖਾਨ ਬਸ਼ੀਰ ਰਹਿਮਾਨ ਦੇ ਘਰ ਤਾਂ ਨਹੀਂ ਆਉਂਦਾ, ਆਨੇ ਬਹਾਨੇ ਬਸ਼ੀਰ ਰਹਿਮਾਨ ਅਤੇ ਸਲਮਾਂ ਨੂੰ ਸਮਾਗਮਾਂ 'ਚ ਸੱਦਾ ਦਿੰਦਾ ਰਹਿੰਦਾ। ਸਲਮਾਂ ਤਾਂ ਜਾਂਦੀ ਨਹੀਂ, ਬਸ਼ੀਰ ਰਹਿਮਾਨ ਦੀ ਜਿੱਦ ਅਤੇ ਪਿਆਰ ਕਾਰਨ ਚਲੀ ਜਾਂਦੀ। ਅਮੀਰ ਖਾਨ ਆਪਣੇ ਦਿਲ ਦੀ ਗੱਲ ਚਿਹਰੇ ਤੇ ਬਿਲਕੁਲ ਨਹੀਂ ਆਣ ਦੇ ਰਿਹਾ, ਹੁਣ ਤਾਂ ਸਲਮਾਂ ਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਕਿ ਸ਼ਾਇਦ ਉਹ ਉਸ ਦਾ ਭਰਮ ਸੀ, ਅਮੀਰ ਖਾਨ ਨੂੰ ਪੂਰਾ ਪੂਰਾ ਭਰੋਸਾ ਸੀ ਕਿ ਸਲਮਾਂ ਬਸ਼ੀਰ ਦੀ ਹੱਦੋਂ ਵੱਧ ਵਫਾਦਾਰ ਬੀਵੀ ਹੈ। ਉਸ ਨੂੰ ਸ਼ੀਸ਼ੇ 'ਚ ਨਹੀਂ ਉਤਾਰਿਆ ਜਾ ਸਕਦਾ। ਜੇ ਸਲਮਾਂ ਨੂੰ ਹਾਸਲ ਕਰਨਾ ਹੀ ਹੈ ਤਾਂ ਬਸ਼ੀਰ ਰਹਿਮਾਨ ਦੇ ਵਜੂਦ ਨੂੰ ਮਿਟਾਣਾ ਪਵੇਗਾ। ਉਸਨੂੰ ਇਸ ਮੋੜ ਤੇ ਖੜਾ ਕਰਨਾ ਹੈ ਕਿ ਉਹ ਖੁਦ ਬਖੁਦ ਸਲਮਾਂ ਨੂੰ ਉਸ ਦੇ ਹਵਾਲੇ ਕਰ ਦੇਵੇ। ਨਿੱਤ ਅਮੀਰ ਬਸ਼ੀਰ ਉਤੇ ਨਵੇਂ ਨਵੇਂ ਜਾਲ ਸੁੱਟ ਰਿਹਾ ਸੀ। ਬਸ਼ੀਰ ਰਹਿਮਾਨ ਦਾ ਸਿਤਾਰਾ ਵੀ ਇਸ ਸਮੇਂ ਬੁਲੰਧੀਆਂ ਤੇ ਸੀ, ਮਹਿਲ ਵਰਗੀ ਕੋਠੀ, ਨੌਕਰ ਚਾਕਰ, ਪਿਉ ਦਾ ਕਾਰੋਬਾਰ ਵੀ ਖੂਬ ਚਮਕ ਰਿਹਾ ਸੀ। ਅਮੀਰ ਖਾਨ ਨੇ ਬਸ਼ੀਰ ਰਹਿਮਾਨ ਦੇ ਪਿਉ ਨੂੰ ਵੀ ਭਰਮਾ ਲਿਆ ਸੀ। ਬਸ਼ੀਰ ਰਹਿਮਾਨ ਸਲਮਾਂ ਦੇ ਹੁਸਨ ਦਾ ਦਿਵਾਨਾ ਸੀ ਤੇ ਦਿਨੋਂ ਦਿਨ ਸਮਲਾਂ ਦੇ ਹੁਸਨ ਵਿੱਚ ਨਿਖਾਰ ਆ ਰਿਹਾ ਸੀ। ਛੇਤੀ ਕਿਤੇ ਬਸ਼ੀਰ ਰਹਿਮਾਨ ਕਿਸੇ ਨੂੰ ਵੀ ਸਲਮਾਂ ਦੇ ਨੇੜੇ ਫੱਟਕਣ ਨਹੀਂ ਦੇਂਦਾ ਸੀ। ਅਮੀਰ ਖਾਨ ਦੀ ਜਾਨ ਪਹਿਚਾਣ ਕਾਰਣ ਬਸ਼ੀਰ ਰਹਿਮਾਨ ਦੇ ਬਾਪ ਨੂੰ ਵੀ ਕਾਫੀ ਲਾਭ ਮਿਲ ਰਿਹਾ ਸੀ।
ਕਈ ਚਿਰਾਂ ਤੋਂ ਬਸ਼ੀਰ ਰਹਿਮਾਨ ਤੇ ਉਸ ਦਾ ਬਾਪ ਅਮੀਰ ਖਾਨ ਤੋਂ ਜੂਏ 'ਚ ਕਾਫੀ ਕੁਝ ਜਿੱਤ ਚੁੱਕੇ ਸਨ। ਜੂਏ ਦੇ ਅਸੂਲ ਬੜੇ ਪੱਕੇ ਸਨ, ਜਿੱਤੀ ਹੋਈ ਕੋਈ ਵੀ ਚੀਜ਼ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਹੁੰਦੀ ਸੀ। ਕਈ ਲਾ-ਜਵਾਬ ਖਜ਼ਾਨੇ ਤੇ ਕਾਗਜ਼ ਪੱਤਰ ਦੋਵੇਂ ਪਿਉ-ਪੁੱਤ ਜਿੱਤ ਚੁੱਕੇ ਸਨ। ਫਿਰ ਵੀ ਅਮੀਨ ਖਾਨ ਜੂਆ ਖੇਡ ਰਿਹਾ ਸੀ, ਦੋਵੇਂ ਪਿਉ ਪੁੱਤਾਂ ਨਾਲ। ਇਸ 'ਚ ਅਮੀਰ ਖਾਨ ਦੀ ਗਹਿਰੀ ਚਾਲ ਸੀ, ਸ਼ਿਕਾਰ ਕਰਨ ਤੋਂ ਪਹਿਲਾਂ ਸ਼ਿਕਾਰੀ ਆਪਣੇ ਸ਼ਿਕਾਰ ਨਾਲ ਖੂਬ ਖੇਡਦਾ ਹੈ ਤੇ ਫਿਰ ਉਸ ਨੂੰ ਆਪਣੇ ਵੱਸ 'ਚ ਕਰ ਲੈਂਦਾ ਹੈ। ਜਿੱਤਣ ਦੀ ਦੋਵੇਂ ਪਿਉ ਪੁੱਤਾਂ ਨੂੰ ਆਦਤ ਜਿਹੀ ਹੋ ਗਈ ਸੀ, ਜਿੱਤ 'ਚ ਉਨ੍ਹਾਂ ਨੂੰ ਅਜੀਬ ਕਿਸਮ ਦਾ ਨਸ਼ਾ ਮਿਲਦਾ।
ਬਾਜ਼ੀ ਹੌਲੀ ਹੌਲੀ ਪਲਟਣ ਲੱਗੀ, ਅਮੀਰ ਖਾਨ ਜੂਏ 'ਚ ਜਿੱਤ ਪ੍ਰਾਪਤ ਕਰਨ ਲੱਗਾ। ਪਹਿਲੇ ਪਹਿਲ ਤਾਂ ਉਨ੍ਹਾਂ ਨੂੰ ਮਾਲੂਮ ਨਾ ਹੋਇਆ, ਕਾਫੀ ਕੁਝ ਤਾਂ ਜਿੱਤ ਚੁੱਕੇ ਸਨ, ਪਿਉ-ਪੁੱਤ ਜੂਏ 'ਚ। ਫਿਰ ਖੁਦ ਵੀ ਤਾਂ ਕਾਫੀ ਜਾਇਦਾਦ ਤੇ ਕਾਰੋਬਾਰ ਦੇ ਮਾਲਕ ਸਨ। ਹੌਲੀ ਹੌਲੀ ਅਮੀਰ ਖਾਨ ਨੇ ਆਪਣੀ ਸਾਰੀ ਹਾਰੀ ਹੋਈ ਜਾਇਦਾਦ ਤੇ ਜ਼ਰੂਰੀ ਕਾਗਜ਼ ਜਿੱਤ ਗਿਆ। ਹਾਰ ਦੀ ਖਾਈ ਡੂੰਘੀ ਹੁੰਦੀ ਜਾ ਰਹੀ ਸੀ, ਬਸ਼ੀਰ ਰਹਿਮਾਨ ਤੇ ਉਸ ਦੇ ਬਾਪ ਲਈ। ਲੇਕਿਨ ਜੂਏ ਦਾ ਕਾਨੂੰਨ ਦੋਵੇਂ ਪਿਉ-ਪੁੱਤ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਅੱਜ ਹੋਰ, ਕੱਲ੍ਹ ਹੋਰ, ਹਾਲਤ ਬੱਦ ਨਾਲੋਂ ਬੱਦਤਰ ਹੋਣ ਲੱਗੇ। ਕੁਝ ਹੀ ਸਮੇਂ 'ਚ ਦੋਵੇਂ ਪਿਉ-ਪੁੱਤ ਅਮੀਰ ਖਾਨ ਤੋਂ ਬਹੁਤ ਕੁਝ ਹਾਰ ਗਏ। ਕੀਮਤੀ ਜਾਇਦਾਦ, ਕੋਠੀ, ਹੋਰ ਜ਼ਰੂਰੀ ਜਾਇਦਾਦ ਤੇ ਕਾਗਜ਼ ਸਭ ਹੌਲੀ ਹੌਲੀ ਅਮੀਰ ਖਾਨ ਦੇ ਕਬਜ਼ੇ 'ਚ ਹੋ ਰਹੇ ਸਨ। ਅੰਤ ਬਸ਼ੀਰ ਰਹਿਮਾਨ ਤੇ ਉਸ ਦਾ ਬਾਪ ਅਮੀਰ ਖਾਨ ਤੋਂ ਜੂਏ 'ਚ ਆਪਣਾ ਸਭ ਕੁਝ ਹਾਰ ਗਏ। ਸਭ ਕੁਝ ਹਾਰਨ ਤੋਂ ਬਾਅਦ ਦੋਵੇਂ ਪਿਉ ਪੁੱਤ ਬਹੁਤ ਮਾਯੂਸ ਮਾਯੂਸ ਬੈਠੇ ਸਨ। ਅਮੀਰ ਖਾਨ ਗੱਲ ਕਰਦਾ ਬੋਲਿਆ।
ਬਸ਼ੀਰ ਮੀਆਂ ਕਾਫੀ ਪ੍ਰੇਸ਼ਾਨ ਪ੍ਰੇਸ਼ਾਨ ਨਜ਼ਰ ਆ ਰਹੇ ਹੋ, "ਕੀ ਗੱਲ ਹੈ, ਚਾਚਾ ਜਾਨ ਦਾ ਵੀ ਚਿਹਰਾ ਉਤਰਿਆ ਹੋਇਆ ਹੈ...."।
"ਅਮੀਰ ਮੀਆਂ ਤੈਨੂੰ ਤਾਂ ਸਭ ਪਤਾ ਹੈ ਫਿਰ ਸਾਡੇ ਜਖ਼ਮ ਉਪਰ ਨਮਕ ਕਿਉਂ ਛੜਕ ਰਿਹਾ ਹੈ..."। ਬਸ਼ੀਰ ਰਹਿਮਾਨ ਪ੍ਰੇਸ਼ਾਨ ਹੁੰਦਾ ਬੋਲਿਆ।
"ਬਸ਼ੀਰ ਮੀਆਂ ਜੂਏ ਵਿੱਚ ਸਭ ਕੁਝ ਹਾਰ ਚੁੱਕੇ ਹੋ, ਉਸ ਬਾਰੇ ਪ੍ਰੇਸ਼ਾਨ ਹੋ ਤੁਸੀਂ..."?
"ਹਾਂ, ਅਮੀਰ ਬੇਟਾ..." ਅਬਦੂਲ ਰਹਿਮਾਨ ਦੇ ਬੋਲ 'ਚ ਕਾਫੀ ਨਿਰਾਸ਼ਾ ਝਲਕ ਰਹੀ ਸੀ। ਸ਼ਰਾਬ ਦਾ ਪੈੱਗ ਬਸ਼ੀਰ ਤੇ ਅਬਦੁਲ ਰਹਿਮਾਨ ਵੱਲ ਕਰਦਾ ਬੋਲਿਆ।
"ਬਸ਼ੀਰ ਖਾਨ ਤੇ ਚਾਚਾ ਜਾਨ ਜੂਏ ਦਾ ਅਸੂਲ ਤਾਂ ਅਸੂਲ ਹੁੰਦਾ ਹੈ, ਜਿੱਤੀ ਹੋਈ ਚੀਜ਼ ਤੇ ਪੈਸਾ ਤਾਂ ਵਾਪਸ ਨਹੀਂ ਹੁੰਦਾ। ਤੁਹਾਨੂੰ ਯਾਦ ਹੈ, ਤੁਸੀਂ ਮੇਰੇ ਕੋਲੋਂ ਅੱਜ ਤੱਕ ਜਿੰਨੀ ਰਕਮ ਜਿੱਤੀ, ਮੈਂ ਤਾਂ ਕਦੀ ਦੁਖ ਪ੍ਰਗਟ ਨਹੀਂ ਕੀਤਾ, ਜਿੱਤ ਹਾਰ ਤੇ ਬਣੀ ਹੈ, ਇੱਕ ਨੇ ਜਿੱਤਣਾ ਹੁੰਦਾ ਹੈ ਤੇ ਦੂਸਰੇ ਨੇ ਹਾਰਨਾ। ਪਹਿਲੇ ਤੁਹਾਡਾ ਸਿਤਾਰਾ ਬੁਲੰਦ ਸੀ ਤੇ ਹੁਣ ਮੇਰਾ। ਇਹ ਤਾਂ ਮੇਰੇ ਉਪਰ ਨਿਰਭਰ ਕਰਦਾ ਹੈ ਕਿ ਤੁਹਾਡੇ ਉਪਰ ਕਿੰਨਾਂ ਕੁ ਮੇਹਰਬਾਨ ਹੋਵਾਂਗਾ..."।
"ਅਮੀਰ ਮੀਆਂ ਤੇਰਾ ਸਾਡੇ ਉਪਰ ਅੱਗੇ ਹੀ ਬਹੁਤ ਅਹਿਸਾਨ ਹੈ, ਸਾਡੇ ਕਾਗਜ਼ ਵਾਪਸ ਕਰ ਦਿਓ, ਤੇਰੀ ਬੜੀ ਮਿਹਰਬਾਨੀ ਹੋਵੇਗੀ..."। ਅਬਦੁਲ ਰਹਿਮਾਨ ਨੇ ਅਮੀਰ ਖਾਨ ਅੱਗੇ ਤਰਲਾ ਜਿਹਾ ਮਾਰਿਆ। ਹੁਣ ਤਾਂ ਸਭ ਕੁਝ ਅਮੀਰ ਖਾਨ ਦੀ ਪਕੜ ਵਿੱਚ ਸੀ। ਉਸ ਦਾ ਦਿਲ ਖੁਸ਼ੀ ਨਾਲ ਬਾਗ ਬਾਗ ਹੋ ਰਿਹਾ ਸੀ, ਮਨ ਹੀ ਮਨ ਵਿੱਚ ਮੁਸਕਰਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਇਨ੍ਹਾਂ ਦੋਵਾਂ ਪਿਉ-ਪੁੱਤਾਂ ਨੇ ਮੈਨੂੰ ਗਧਾ ਜਾਂ ਉੱਲੂ ਪੱਠਾ ਸਮਝ ਰੱਖਿਆ ਹੈ। ਹੁਣ ਤਾਂ ਉੱਲੂ ਪਹਾੜ ਹੇਠਾਂ ਆਇਆ ਹੈ। ਸਲਮਾਂ ਤਾਂ ਉਸ ਦੀ ਮੁੱਠੀ 'ਚ ਹੀ ਸਮਝੋਂ, ਹੁਣ ਇਹ ਦੋਵੇਂ ਪਿਉ-ਪੁੱਤ ਮੇਰੇ ਕੋਲ ਖੁਦ ਲੈ ਕੇ ਆਉਣਗੇ।
"ਚਾਚਾ ਜਾਨ ਬਗੈਰ ਕੁਝ ਕੀਤੇ, ਕੁਝ ਦਿੱਤੇ, ਕੁਝ ਹਾਸਲ ਨਹੀਂ ਹੁੰਦਾ, ਮੇਹਰਬਾਨ ਖੁਦਾ ਹੁੰਦਾ ਹੈ, ਉਸ ਦਾ ਬਣਿਆ ਬੰਦਾ ਨਹੀਂ, ਅੱਜ ਤਾਂ ਇੱਕ ਹੱਥ ਦੇ, ਦੂਸਰੇ ਹੱਥ ਲੈ..."।
"ਅਮੀਰ ਖਾਨ, ਅਸੀਂ ਸਭ ਕੁਝ ਤਾਂ ਤੇਰੇ ਤੋਂ ਹਾਰ ਚੁੱਕੇ ਹਾਂ, ਸਾਡੇ ਕੋਲ ਬਚਿਆ ਹੀ ਕੀ ਹੈ? ਅਸੂਲਾਂ ਦੀ ਆੜ 'ਚ ਤੂੰ ਸਾਨੂੰ ਬਰਬਾਦ ਤਾਂ ਨਾ ਕਰ, ਤੂੰ ਸਾਡਾ ਸੱਜਣ ਹੈ, ਦੁਸ਼ਮਣ ਨਹੀਂ, ਸਾਡੇ ਨਾਲ ਦੁਸ਼ਮਣਾਂ ਵਾਲਾ ਸਲੂਕ ਤਾਂ ਨਾ ਕਰ..."।
"ਬਸ਼ੀਰ ਮੀਆਂ ਦੁਸ਼ਮਣੀ ਵਾਲੀ ਤਾਂ ਕੋਈ ਗੱਲ ਨਹੀਂ, ਸਾਰੇ ਦੇ ਸਾਰੇ ਅਸੂਲ ਬਦਲ ਚੁੱਕੇ ਹਨ, ਸਮਾਂ ਮੁੱਠੀ 'ਚ ਹੈ, ਬਦਲੇ 'ਚ ਮੈਨੂੰ ਕੁਝ ਦਿਓ ਤਾਂ ਮੇਰੇ ਕੋਲੋਂ ਕੁਝ ਉਮੀਦ ਰਖਿਓ..."।
"ਤੂੰ ਸਾਡੇ ਕੋਲੋਂ ਕੀ ਚਾਹੁੰਦਾ ਹੈ, ਸਾਰਾ ਕੁਝ ਤਾਂ ਅਸੀਂ ਤੇਰੇ ਕੋਲ ਹਾਰ ਚੁੱਕੇ ਹਾਂ, ਸਾਡੇ ਕੋਲ ਬਚਿਆ ਹੀ ਕੀ ਹੈ...?"
"ਸਭ ਕੁਝ ਨਹੀਂ ਇੱਕ ਅਨਮੋਲ ਵਸਤੂ ਤਾਂ ਤੁਹਾਡੇ ਕੋਲ ਹੈ, ਜਿਸ ਦਾ ਕੋਈ ਮੋਲ ਨਹੀਂ, ਉਸ ਦੇ ਬਦਲੇ ਵਿੱਚ ਤੁਹਾਨੂੰ ਸਭ ਕੁਝ ਵਾਪਸ ਮਿਲ ਸਕਦਾ ਹੈ.."।
"ਕੀ ਮਤਲਬ ਹੈ ਤੇਰਾ ਅਮੀਰ..?" ਬਸ਼ੀਰ ਖਿੱਝ ਕੇ ਬੋਲਿਆ।
"ਬਸ਼ੀਰ ਮੀਆਂ ਸਲਮਾਂ...। "ਆਪਣੇ ਦਿਲ ਦੀ ਗੱਲ ਅਮੀਰ ਖਾਨ ਬਸ਼ੀਰ ਰਹਿਮਾਨ ਤੇ ਅਬਦੁਲ ਰਹਿਮਾਨ ਨੂੰ ਕਹਿੰਦਾ ਬੋਲਿਆ"।
ਜਦ ਸਲਮਾਂ ਦਾ ਨਾਂ ਸੁਣਿਆਂ ਤਾਂ ਬਸ਼ੀਰ ਰਹਿਮਾਨ ਕਪੜਿਆਂ ਤੋਂ ਬਾਹਰ ਹੁੰਦਾ ਬੋਲਿਆ।
"ਅਮੀਰ ਮੀਆਂ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ, ਸਲਮਾਂ ਮੇਰੀ ਬੀਵੀ ਹੈ, ਕੁਝ ਤਾਂ ਸ਼ਰਮ ਕਰ..."।
ਅਮੀਰ, ਸਲਮਾਂ ਤਾਂ ਸਾਡੇ ਘਰ ਦੀ ਇਜ਼ਤ ਹੈ, ਇਹ ਕੀ ਤੂੰ ਉਸ ਦੇ ਬਾਰੇ ਊਲ ਜਲੂਲ ਬੱਕ ਰਿਹਾ ਹੈ...।
ਅਮੀਰ ਖਾਨ ਬੇ-ਖੌਫ ਆਪਣੀ ਗੱਲ ਮੁੜ ਦੁਹਰਾਉਂਦਾ ਬੋਲਿਆ:
"ਚਾਚਾ ਜਾਨ ਕੁਝ ਹਾਸਲ ਕਰਨ ਲਈ ਕੁਝ ਗੁਵਾਣਾ ਪੈਂਦਾ ਹੈ, ਇਹੋ ਦੁਨੀਆਂ ਦਾ ਅਸੂਲ ਹੈ, ਫਜ਼ੂਲ 'ਚ ਕੁਝ ਨਹੀਂ ਮਿਲਦਾ, ਸਮਾਂ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ.."।
ਅਮੀਰ ਖਾਨ ਦੀ ਅਸਲੀਅਤ ਬਿਲਕੁਲ ਸਾਹਮਣੇ ਆ ਚੁੱਕੀ ਸੀ, ਪਿਉ-ਪੁੱਤ ਬੁਰੀ ਤਰ੍ਹਾਂ ਅਮੀਰ ਖਾਨ ਦੇ ਜਾਲ 'ਚ ਫੱਸ ਚੁੱਕੇ ਸਨ। ਅਮੀਰ ਖਾਨ ਇਸ ਵਕਤ ਜੇਤੂ ਸੀ। ਬਸ਼ੀਰ ਰਹਿਮਾਨ ਤੇ ਅਬਦੁਲ ਰਹਿਮਾਨ ਹਾਰੇ ਹੋਏ ਜੁਆਰੀ ਸਨ। ਦੋਵਾਂ ਪਿਉ-ਪੁੱਤਾਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਅਮੀਰ ਖਾਨ, ਬਸ਼ੀਰ ਰਹਿਮਾਨ ਦੇ ਚਿਹਰੇ ਉਪਰ ਦੀ ਪ੍ਰੇਸ਼ਾਨੀ ਦੇਖ ਕੇ ਖੁਸ਼ ਸੀ। ਇਹ ਪ੍ਰੇਸ਼ਾਨੀ ਹੀ ਉਸਨੂੰ ਸਲਮਾਂ ਦੇ ਨੇੜੇ ਲੈ ਆਵੇਗੀ। ਅਮੀਰ ਖਾਨ ਦੋਵਾਂ ਪਿਉ-ਪੁੱਤਾਂ ਦਾ ਵੱਧ ਤੋਂ ਵੱਧ ਜ਼ਮੀਰ ਤੰਗ ਕਰਨਾ ਚਾਹੁੰਦਾ ਸੀ, ਬੇਬਸ ਤੇ ਲਚਾਰ ਦੇਖਣਾ ਚਾਹੁੰਦਾ ਸੀ। ਉਸ ਨੇ ਦਿਲ ਹੀ ਦਿਲ ਵਿੱਚ ਸੋਚਿਆ ਜੇ ਇਨ੍ਹਾਂ ਨੂੰ ਮੇਰੀ ਗੱਲ ਦਾ ਸਾਹਮਣਾ ਕਰਨਾ ਪਵੇਗਾ। ਅਮੀਰ ਖਾਨ ਇਹ ਵੀ ਚੰਗੀ ਤਰ੍ਹਾਂ ਜਾਣਦਾ ਸੀ, ਦੋਵੇਂ ਪਿਉ-ਪੁੱਤ ਅਯਾਸ਼ ਕਿਸਮ ਦੇ ਬੰਦੇ ਹਨ, ਉਨ੍ਹਾਂ ਨੂੰ ਤੋੜਨਾ ਇਨ੍ਹਾਂ ਮੁਸ਼ਕਲ ਨਹੀਂ। ਅਮੀਰ ਖਾਨ ਇੱਕ ਸੁਲਝਿਆ ਹੋਇਆ ਸਿਆਸਤਦਾਨ ਹੈ, ਮੁਸ਼ਕਲ ਤੋਂ ਮੁਸ਼ਕਲ ਮਸਲੇ ਨੂੰ ਹੱਲ ਕਰ ਲੈਣਾ ਉਸ ਦਾ ਹੀ ਕੰਮ ਹੈ। ਅਮੀਰ ਖਾਨ ਦੀ ਇਹੋ ਸੋਚ ਸੀ ਜਦ ਵੀ ਕਿਸੇ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾਉਣਾ ਹੋਵੇ ਤਾਂ ਉਸ ਦੀਆਂ ਕਮੀਆਂ ਨੂੰ ਗਹਿਰਾਈ ਨਾਲ ਪਕੜ ਕੇ ਉਸ ਦਾ ਇਸਤੇਮਾਲ ਕਰਨਾ, ਇਹੋ ਉਸ ਦੀ ਸਫਲਤਾ ਦਾ ਰਾਜ ਸੀ। ਨਸ਼ਾ ਤਾਂ ਦੋਵਾਂ ਪਿਉ-ਪੁੱਤਾਂ ਦਾ ਰਫੂ ਚੱਕਰ ਹੋ ਚੁੱਕਾ ਸੀ, ਬਾਹਰ ਡਰਾਈਵਰ ਵੀ ਇੰਤਜ਼ਾਰ ਕਰ ਰਿਹਾ ਸੀ। ਜਦ ਦੋਵੇਂ ਪਿਉ-ਪੁੱਤ ਉਠਣ ਲੱਗੇ ਤਾਂ ਅਮੀਰ ਖਾਨ ਫਿਰ ਫਿਰਕਾ ਕੱਸਦਾ ਹੋਇਆ ਬੋਲਿਆ, "ਬਸ਼ੀਰ ਮੀਆਂ ਮੈਂ ਤੁਹਾਡਾ ਆਪਣਾ ਹਾਂ, ਮੇਰੀ ਗੱਲ ਵੱਲ ਧਿਆਨ ਦੇਣਾ। ਮੈਂ ਤੁਹਾਡਾ ਭਲਾ ਚਾਹੁੰਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਕਿਸੇ ਮੁਸੀਬਤ ਵਿੱਚ ਫਸੋ। ਵੈਸੇ ਮੈਨੂੰ ਇੰਤਜ਼ਾਰ ਕਰਨ ਦੀ ਆਦਤ ਨਹੀਂ ਹੈ। ਸਾਡੀ ਦੋਸਤੀ ਕਾਇਮ ਰਹੇ, ਮੈਂ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰਾਂਗਾ..."।
ਬਸ਼ੀਰ ਰਹਿਮਾਨ ਕਾਫੀ ਤਲੱਖ ਕਿਸਮ ਦਾ ਬੰਦਾ ਸੀ, ਗੁੱਸੇ ਨਾਲ ਤਿਲ ਮਲਣ 'ਚ ਕੁਝ ਬੋਲਣ ਲੱਗਾ ਸੀ ਤਾਂ ਅਬਦੁਲ ਰਹਿਮਾਨ ਨੇ ਖਾਮੋਸ਼ ਕਰਾ ਦਿੱਤਾ, ਉਹ ਮੌਕੇ ਦੀ ਨਜ਼ਾਕਤ ਸਮਝਦਾ ਸੀ। ਤਲੱਖੀ 'ਚ ਕਿਸੇ ਕਿਸਮ ਦਾ ਕੀਤਾ ਫੈਸਲਾ ਉਨ੍ਹਾਂ ਨੂੰ ਮੁਸੀਬਤ 'ਚ ਨਾ ਪਾ ਦੇਵੇ। ਮਜ਼ਬੂਰਨ ਦੋਵੇਂ ਪਿਉ-ਪੁੱਤ ਕੁਝ ਬੋਲੇ ਬਗੈਰ ਉਥੋਂ ਚਲੇ ਗਏ। ਬਸ਼ੀਰ ਰਹਿਮਾਨ ਤੇ ਅਬਦੁਲ ਰਹਿਮਾਨ ਆਪਸ 'ਚ ਗੱਲਾਂ ਕਰਦੇ ਬੋਲੇ।
"ਬਸ਼ੀਰ ਬੇਟਾ ਅਮੀਰ ਬਹੁਤ ਸ਼ਾਤਰ ਦਿਮਾਗ ਇਨਸਾਨ ਹੈ ਜਿਸ ਨੇ ਪਹਿਲੇ ਸਾਨੂੰ ਸ਼ੀਸ਼ੇ ਉਤਾਰਿਆ ਫਿਰ ਸਭ ਕੁਝ ਸਾਡਾ ਉਸ ਨੇ ਲੁੱਟ ਲਿਆ। ਮੌਕੇ ਦਾ ਫਾਇਦਾ ਚੁੱਕਣ 'ਚ ਕੋਈ ਕਸਰ ਨਹੀਂ ਛੱਡੇਗਾ..."।
"ਅੱਬੂ ਜਾਨ, ਅਮੀਰ ਖਾਨ ਸਾਨੂੰ ਫੁੱਟ ਪਾਥ ਤੇ ਲੈ ਆਵੇਗਾ, ਅਸੀਂ ਸਭ ਕੁਝ ਤਾਂ ਉਸ ਕੋਲ ਹਾਰ ਚੁੱਕੇ ਹਾਂ।
"ਬਸ਼ੀਰ ਉਸ ਦੀ ਸ਼ਰਤ ਨਾ ਮੰਨਣ ਦਾ ਸਿੱਧਾ ਇਹ ਮਤਲਬ ਹੋਏਗਾ ਕਿ ਤਬਾਹੀ, ਸਰਾ ਸਰ ਸਾਡੇ ਨਾਲ ਜ਼ੁਲਮ ਹੋਵੇਗਾ.."।
"ਅੱਬੂ ਅਸੀਂ ਤਾਂ ਮੁਸੀਬਤ 'ਚ ਫਸ ਗਏ ਹਾਂ, ਸਾਡੀ ਤਾਂ ਸਭ ਪਾਸਿਆਂ ਤੋਂ ਮਿੱਟੀ ਪਲੀਤ ਹੋਈ ਹੈ..."।
"ਬਸ਼ੀਰ ਬੇਟਾ ਫੈਸਲਾ ਤਾਂ ਸਾਨੂੰ ਲੈਣਾ ਹੀ ਪਵੇਗਾ। ਅਮੀਰ ਖਾਨ ਇੰਤਜ਼ਾਰ ਨਹੀਂ ਕਰੇਗਾ"।
"ਅੱਬੂ ਸਲਮਾਂ ਨੂੰ ਉਸ ਦੇ ਹਵਾਲੇ ਤਾਂ ਨਹੀਂ ਕੀਤਾ ਜਾ ਸਕਦਾ। ਸਾਡੀ ਖਾਤਰ ਉਸ ਨੇ ਇੰਨੀ ਕੁਰਬਾਨੀ ਕੀਤੀ ਕਿ ਇੱਕ ਬ੍ਰਾਹਮਣ ਦੀ ਲੜਕੀ ਹੁੰਦੇ ਹੋਏ ਵੀ ਉਸ ਨੇ ਮੇਰੇ ਨਾਲ ਸ਼ਾਦੀ ਕੀਤੀ ਤੇ ਉਸ ਦੇ ਅੱਬੂ ਨੇ ਜਾਨ ਦੇ ਦਿੱਤੀ ਸੀ..."।
"ਬਸ਼ੀਰ ਬੇਟਾ ਪ੍ਰੈਕਟੀਕਲ ਹੋ ਕੇ ਇਹੋ ਜਿਹੀਆਂ ਗੱਲਾਂ ਸੋਚਣ ਦਾ ਸਮਾਂ ਨਹੀਂ ਹੈ ਸਾਡੇ ਕੋਲ, ਫੈਸਲਾ ਤਾਂ ਸਾਨੂੰ ਲੈਣਾ ਹੀ ਪੈਣਾ ਹੈ। ਸਲਮਾਂ ਨੂੰ ਸਾਡੀ ਖਾਤਰ ਕੁਰਬਾਨ ਹੋਣਾ ਹੀ ਪਵੇਗਾ। ਫਿਰ ਅਮੀਰ ਖਾਨ ਸਾਥੋਂ ਵੀ ਅਮੀਰ ਹੈ, ਉਹ ਸਲਮਾਂ ਨੂੰ ਖੁਸ਼ ਰੱਖੇਗਾ, ਇਸ ਵਿੱਚ ਇੱਡੀ ਕੋਈ ਮੁਸ਼ਕਲ ਵੀ ਨਹੀਂ...."।
"ਅੱਬੂ ਇਹ ਸਭ ਕਹਿਣ ਦੀ ਮੇਰੇ 'ਚ ਹਿੰਮਤ ਨਹੀਂ..."।
"ਬੇਟਾ ਐਵੇਂ ਜ਼ਜ਼ਬਾਤੀ ਨਹੀਂ ਹੋਈਦਾ, ਔਰਤ ਤਾਂ ਮਰਦ ਵਾਸਤੇ ਹੀ ਬਣੀ ਹੈ, ਮੁਸੀਬਤ ਵੇਲੇ ਤੇਰੀ ਬੀਵੀ ਤੇਰੇ ਕੰਮ ਨਹੀਂ ਆਵੇਗੀ ਤਾਂ ਕੌਣ ਆਵੇਗਾ। ਹੁਣ ਸਿਰਫ ਤੇ ਸਿਰਫ ਆਪਣੇ ਆਪ ਨੂੰ ਬਚਾਉਣ ਵਾਲੀ ਗੱਲ ਹੈ। ਸਲਮਾਂ ਤੋਂ ਵੀ ਖੂਬਸੂਰਤ ਤੇ ਵਫਾਦਾਰ ਬੀਵੀ ਤੈਨੂੰ ਮਿਲ ਜਾਵੇਗੀ.."।
ਪਹਿਲਾਂ ਪਹਿਲ ਤਾਂ ਬਸ਼ੀਰ ਰਹਿਮਾਨ ਦਾ ਦਿਲ ਸਲਮਾਂ ਲਈ ਪਸੀਜਿਆ, ਫਿਰ ਉਸ ਉਪਰ ਨਿੱਜ ਹਾਵੀ ਹੋ ਗਿਆ, ਸਵਾਰਥ, ਲਾਲਚ ਦੀ ਪਕੜ ਬਸ਼ੀਰ ਰਹਿਮਾਨ ਉਪਰ ਮਜ਼ਬੂਤ ਹੋ ਗਈ। ਅਯਾਸ਼ ਕਿਸਮ ਦਾ ਬੰਦਾ ਕਿਵੇਂ ਤੰਗੀ ਬਰਦਾਸ਼ ਕਰੇਗਾ। ਬਸ਼ੀਰ ਰਹਿਮਾਨ ਤੇ ਅਬਦੁਲ ਰਹਿਮਾਨ ਹੈਵਾਨ ਬਣ ਚੁੱਕੇ ਸਨ। ਵਿਚਾਰੀ ਸਲਮਾਂ ਨੂੰ ਇਸ ਬਾਰੇ ਇਲਮ ਤੱਕ ਨਹੀਂ ਸੀ, ਉਸ ਨੂੰ ਤਾਂ ਅਹਿਸਾਸ ਨਹੀਂ ਸੀ ਕਿ ਉਸ ਉਪਰ ਮੁਸੀਬਤ ਦਾ ਪਹਾੜ ਡਿੱਗਣ ਵਾਲਾ ਹੈ। ਸਲਮਾਂ ਤਾਂ ਬਸ਼ੀਰ ਰਹਿਮਾਨ ਨੂੰ ਖੁਦਾ ਦਾ ਦਰਜਾ ਦੇ ਰਹੀ ਸੀ। ਬਸ਼ੀਰ ਰਹਿਮਾਨ ਤੋਂ ਉਸ ਦੀ ਦੁਨੀਆਂ ਸ਼ੁਰੂ ਤੇ ਉਸ ਤੇ ਖਤਮ ਹੋਣ ਵਾਲੀ ਸੀ। ਬਸ਼ੀਰ ਰਹਿਮਾਨ ਜਿਹੜਾ ਉਸ ਦੀ ਸੁੰਦਰਤਾ ਦਾ ਦੀਵਾਨਾ ਸੀ, ਘਰ ਦਾ ਉਸ ਨੂੰ ਕੋਈ ਕੰਮ ਨਹੀਂ ਸੀ ਕਰਨ ਦੇਂਦਾ। ਕੋਠੀ ਨੌਕਰ, ਚਾਕਰ ਨਾਲ ਭਰੀ ਹੋਈ ਸੀ, ਉਸ ਨੂੰ ਹੋਰ ਵੀ ਸੁੰਦਰ ਦੇਖਣਾ ਚਾਹੁੰਦਾ ਸੀ, ਬਸ਼ੀਰ ਰਹਿਮਾਨ। ਬਸ਼ੀਰ ਰਹਿਮਾਨ ਜਦ ਘਰ ਆਉਂਦਾ ਤਾਂ ਹਰ ਵਕਤ ਸਲਮਾਂ ਦੇ ਪਿਆਰ 'ਚ ਮਦਹੋਸ਼ ਰਹਿੰਦਾ, ਘਰ 'ਚ ਹਰ ਵਕਤ ਰੋਮਾਂਸ ਦਾ ਮਾਹੌਲ ਬਣਿਆ ਰਹਿੰਦਾ। ਸਲਮਾਂ ਦੇ ਇਸ਼ਕ 'ਚ ਮਦਹੋਸ਼ ਰਹਿੰਦਾ ਤਾਂ ਸਲਮਾਂ ਉਸਨੂੰ ਜਨਤ ਦੀ ਹੂਰ ਲੱਗਦੀ। ਸਮਾਜ 'ਚ ਬਸ਼ੀਰ ਰਹਿਮਾਨ ਦਾ ਤੁੱਬਾ ਵੀ ਕਾਫੀ ਸੀ। ਇਨਸਾਨ ਜਦ ਇੱਕ ਗਲਤੀ ਕਰਦਾ ਹੈ ਤਾਂ ਉਹ ਗਲਤੀ ਨਹੀਂ ਗਲਤੀਆਂ ਦਾ ਪਹਾੜ ਬਣ ਜਾਂਦਾ ਹੈ। ਪਹਾੜ ਦਾ ਬੋਝ ਇਨਸਾਨ ਨਹੀਂ ਚੁੱਕ ਸਕਦਾ, ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ। ਇਨਸਾਨ ਫਿਰ ਗੁਨਾਹ ਦੀ ਦਲ-ਦਲ 'ਚ ਹੀ ਧੱਸਦਾ ਜਾਂਦਾ ਹੈ, ਉਸ ਦੇ ਪੱਲੇ ਸਿਰਫ ਗੁਨਾਹ ਹੀ ਰਹਿ ਜਾਂਦਾ ਹੈ। ਅੱਜ ਬਸ਼ੀਰ ਰਹਿਮਾਨ ਅਮੀਰ ਖਾਨ ਦੇ ਮੱਕੜ ਜਾਲ 'ਚ ਫਸ ਕੇ ਖੁਦ ਗੁਨਾਹ ਗਾਰ ਬਣ ਚੁੱਕਾ ਹੈ। ਉਸ ਨੇ ਅੰਦਰ ਹੈਵਾਨ ਨੇ ਜਨਮ ਲੈ ਲਿਆ ਹੈ।
ਅੱਜ ਦੀ ਰਾਤ ਸਲਮਾਂ ਲਈ ਕਿਸੇ ਕਿਆਮਤ ਦੀ ਰਾਤ ਨਾਲੋਂ ਘੱਟ ਨਹੀਂ ਸੀ। ਅੱਜ ਹੀ ਉਸ ਉਪਰ ਬਿਜਲੀ ਡਿਗਣੀ ਸੀ। ਜੋ ਉਸਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ, ਉਹ ਉਸਨਾਲ ਹੋਣ ਜਾ ਰਿਹਾ ਸੀ। ਅੱਜ ਜਦ ਬਸ਼ੀਰ ਰਹਿਮਾਨ ਤੇ ਅਬਦੁਲ ਰਹਿਮਾਨ ਖਾਣੇ ਦੇ ਟੇਬਲ ਤੇ ਬੈਠੇ। ਅਬਦੁਲ ਰਹਿਮਾਨ ਸਲਮਾਂ ਨੂੰ ਬਾਪ ਨਾਲੋਂ ਵੱਧ ਸਤਿਕਾਰਯੋਗ ਸੀ। ਦੋਵੇਂ ਪਿਉ-ਪੁਤਾਂ ਨੇ ਨਸ਼ਾ ਕੀਤਾ ਹੋਇਆ ਸੀ। ਸਲਮਾਂ ਦਾ ਵਜ਼ੂਦ ਦੋਵੇਂ ਪਿਉ-ਪੁਤਾਂ ਲਈ ਖਤਮ ਸੀ। ਹੁਣ ਸਲਮਾਂ ਉਨ੍ਹਾਂ ਲਈ ਇੱਕ ਬੇਜ਼ਾਨ ਵਸਤੂ ਤੋਂ ਬਿਨਾਂ ਹੋਰ ਕੁਝ ਨਹੀਂ ਸੀ।
ਅਬਦੁਲ ਰਹਿਮਾਨ ਨੇ ਆਪਣੇ ਦਿਲ ਦੀ ਗੱਲ ਸਲਮਾਂ ਨੂੰ ਕਹਿ ਦਿੱਤੀ। ਬਸ਼ੀਰ ਰਹਿਮਾਨ ਨੇ ਵੀ ਆਪਣੇ ਬਾਪ ਦੀ ਹਾਂ ਦੇ ਵਿੱਚ ਹਾਂ ਮਿਲਾਈ। ਦੋਵੇਂ ਪਿਉ-ਪੁੱਤਾਂ ਦੀਆਂ ਗੱਲਾਂ ਸੁਣ ਕੇ ਸਲਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਿਸ ਖਾਵੰਦ ਨੂੰ ਉਸ ਨੇ ਖੁਦਾ ਦਾ ਦਰਜਾ ਤੇ ਉਸ ਅਬੂ ਅਬਦੁਲ ਰਹਿਮਾਨ ਨੂੰ ਬਾਪ ਦਾ। ਸਲਮਾਂ ਦੇ ਕੰਨਾਂ ਨੇ ਪਹਿਲੇ ਪਹਿਲ ਤਾਂ ਯਕੀਨ ਨਹੀਂ ਕੀਤਾ, ਜਦ ਬਾਰ ਬਾਰ ਬਾਪ-ਬੇਟੇ ਨੇ ਆਪਣੀ ਗੱਲ ਦੁਹਰਾਈ ਤੇ ਆਪਣੀ ਪੁਜ਼ੀਸ਼ਨ ਦੱਸੀ ਤਾਂ ਉਹ ਦੋਵੇਂ ਪਿਉ-ਪੁੱਤ ਉਸਨੂੰ ਦਲਾਲ ਲੱਗਣ ਲੱਗ ਪਏ ਸਨ। ਅੱਜ ਸਲਮਾਂ ਪਾਂਡਵਾਂ ਦੀ ਦੋਰਪਤੀ ਮਾਸੂਮ ਲੱਗ ਰਹੀ ਸੀ ਜਿਨ੍ਹਾਂ ਨੇ ਵੀ ਆਪਣੇ ਵਜੂਦ ਨੂੰ ਬਚਾਉਣ ਦੀ ਖਾਤਰ ਆਪਣੀ ਪਤਨੀ ਨੂੰ ਜੂਏ ਦੇ ਦਾਅ ਤੇ ਲਾ ਦਿੱਤਾ ਸੀ। ਦਰੋਪਤੀ ਦੇ ਚੀਰ ਹਰਨ ਨੂੰ ਤਾਂ ਕ੍ਰਿਸ਼ਨ ਭਗਵਾਨ ਨੇ ਬਚਾਅ ਲਿਆ ਸੀ। ਇਸ ਸਲਮਾਂ ਦੀ ਲੁੱਟ ਰਹੀ ਇਜ਼ਤ ਨੂੰ ਕੌਣ ਬਚਾਏਗਾ? ਜਦ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦਾ ਕੌਣ ਰਖਵਾਲਾ? ਸਲਮਾਂ ਕਦੀ ਬਸ਼ੀਰ ਰਹਿਮਾਨ ਨੂੰ ਆਪਣੇ ਪਿਆਰ ਦਾ ਵਾਸਤਾ ਦਿੰਦੀ ਹੋਈ, ਕਦੀ ਅਬਦੁਲ ਰਹਿਮਾਨ ਨੂੰ ਬੇਟੀ ਹੋਣ ਦਾ ਵਾਸਤੇ ਦੇ ਰਹੀ ਸੀ। ਇਨ੍ਹਾਂ ਮਿੱਟੀ ਦੇ ਮਾਧਵਾਂ ਉਪਰ ਕੋਈ ਅਸਰ ਨਹੀਂ ਸੀ। ਦੋਵੇਂ ਪਿਉ-ਪੁੱਤ ਖੁਦਗਰਜੀ 'ਚ ਅੰਨ੍ਹੇ ਹੋ ਚੁੱਕੇ ਸਨ। ਉਨਾਂ੍ਹ ਨੂੰ ਸਿਰਫ ਆਪਣਾ ਹੀ ਐਸ਼ੋ-ਅਰਾਮ ਨਜ਼ਰ ਆ ਰਿਹਾ ਸੀ। ਸਲਮਾਂ ਨੂੰ ਜਿਊਂਦੇ ਜੀ ਦੋਜਕ ਦੀ ਅੱਗ 'ਚ ਝੋਕਿਆ ਜਾ ਰਿਹਾ ਸੀ।
"ਸਲਮਾਂ ਤੈਨੂੰ ਇਹ ਸਭ ਕੁਝ ਕਰਨਾ ਹੀ ਪਵੇਗਾ। ਅਸੀਂ ਫੁੱਟਪਾਥ ਤੇ ਨਹੀਂ ਆ ਸਕਦੇ। ਤੇਰੇ ਲਈ ਅਸੀਂ ਸਭ ਕੁਝ ਕੀਤਾ। ਤੈਨੂੰ ਸਾਡੇ ਲਈ ਕੁਰਬਾਨ ਹੋਣਾ ਹੀ ਪਵੇਗਾ। ਤੂੰ ਅਮੀਰ ਖਾਨ ਨਾਲ ਐਸ਼ ਦੀ ਜ਼ਿੰਦਗੀ ਬਤੀਤ ਕਰ ਤੇ ਸਾਨੂੰ ਵੀ ਸਕੂਨ ਨਾਲ ਰਹਿਣ ਦੇ..."।
ਖਾਵੰਦ ਬਸ਼ੀਰ ਰਹਿਮਾਨ ਦੇ ਘਟੀਆ ਸ਼ਬਦ ਸੁਣਕੇ ਸਲਮਾਂ ਤਾਂ ਇੱਕ ਮਿੰਟ ਲਈ ਪਾਗਲ ਜਿਹੀ ਹੋ ਗਈ। ਸਲਮਾਂ ਤਾਂ ਆਪਣਾ ਅਤੀਤ ਭੁੱਲ ਚੁੱਕੀ ਸੀ। ਬਸ਼ੀਰ ਰਹਿਮਾਨ ਤੋਂ ਛੁੱਟ ਉਸਨੂੰ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਸੀ। ਹੁਣ ਉਸ ਨੂੰ ਆਪਣੇ ਬਾਪ ਪੇਕੇ ਘਰ ਦੀ ਯਾਦ ਆਉਣ ਲੱਗ ਗਈ, ਜਿਸ ਨੂੰ ਰਜਨੀ ਦਫਨਾ ਗਈ ਸੀ। ਉਸ ਰਜਨੀ ਦਾ ਚਿਹਰਾ ਉਸਨੂੰ ਨਜ਼ਰ ਆ ਰਿਹਾ ਸੀ। ਉਸਨੇ ਇਸ ਬੰਦੇ ਲਈ ਕੀ ਨਹੀਂ ਕੀਤਾ, ਆਪਣਾ ਧਰਮ, ਪਰਿਵਾਰ, ਪਿਉ ਦੀ ਦਰਦਨਾਕ ਮੌਤ, ਜਿਸ ਪਿਉ ਦੀ ਮੌਤ ਦਾ ਦੁੱਖ ਉਸਦਾ ਕੁਝ ਨਹੀਂ ਵਿਗਾੜ ਸਕਿਆ ਸੀ। ਸ਼ੁੱਧ ਬ੍ਰਾਹਮਣ ਦੀ ਕੰਨਿਆਂ ਹੁੰਦਿਆਂ ਹੋਇਆਂ ਇੱਕ ਮੁਸਲਮਾਨ ਨਾਲ ਵਿਆਹ ਕਰਵਾ ਕੇ ਰਜਨੀ ਤੋਂ ਸਲਮਾਂ ਬਣ ਗਈ ਸੀ। ਅੱਜ ਕਸਾਈ ਬਣ ਚੁੱਕੇ ਪਤੀ ਅਤੇ ਸ਼ੋਹਰ ਦੀ ਭਿਆਨਕ ਤਸਵੀਰ ਉਸਨੂੰ ਨਜ਼ਰ ਆ ਰਹੀ ਸੀ। ਭਰਾਵਾਂ ਦਾ ਪਿਆਰ ਵੀ ਬਾਰ ਬਾਰ ਸਤਾ ਰਿਹਾ ਸੀ। ਏਨ੍ਹੇ ਸਾਲਾਂ ਬਾਅਦ ਅੱਜ ਇਹ ਕਸਾਈ ਉਸਨੂੰ ਕੁਰਬਾਨੀ ਦਾ ਬਕਰਾ ਬਣਾ ਕੇ ਆਪਣੇ ਨਿੱਜੀ ਸੁਆਰਥ ਦੇ ਲਈ ਕੁਰਬਾਨ ਕਰ ਰਹੇ ਸਨ। ਸੱਚ ਹੀ ਇਨਸਾਨ ਨੂੰ ਸਮਝਣਾ ਬਹੁਤ ਔਖਾ ਹੈ। ਹੁਣ ਸਲਮਾਂ ਨਾ ਤਾਂ ਬਸ਼ੀਰ ਰਹਿਮਾਨ ਨਾਲ ਨਫਰਤ ਕਰ ਸਕੀ, ਪਿਆਰ ਤਾਂ ਉਸਦਾ ਪਹਿਲਾਂ ਹੀ ਰਫੂ ਚੱਕਰ ਹੋ ਚੁੱਕਾ ਸੀ। ਜ਼ਿੰਦਗੀ ਦੇ ਦੋਰਾਹੇ ਉਪਰ ਖੜ੍ਹੀ ਸੀ ਸਲਮਾਂ।
ਉਧਰ ਬਸ਼ੀਰ ਰਹਿਮਾਨ ਦੀਆਂ ਅਮੀਰ ਖਾਨ ਨੇ ਲਗਾਮਾਂ ਕੱਸ ਦਿੱਤੀਆਂ। ਉਸਨੇ ਸਾਫ਼ ਲੱਫ਼ਜ਼ਾਂ 'ਚ ਕਹਿ ਦਿੱਤਾ, "ਕੱਲ੍ਹ ਮੈਂ ਸਲਮਾਂ ਨੂੰ ਲੈਣ ਆਵਾਂਗਾ, ਜਾਂ ਤਾਂ ਸਲਮਾਂ ਨੂੰ ਮੇਰੇ ਹਵਾਲੇ ਕਰ ਦਿਉ ਜਾਂ ਫੁੱਟਪਾਥ ਤੇ ਜਾਣ ਲਈ ਤਿਆਰ ਰਹੋ। ਦੋਵਾਂ 'ਚੋਂ ਇੱਕ ਗੱਲ ਕਬੂਲ ਕਰ ਲੋ"। ਸਲਮਾਂ ਨੂੰ ਅਮੀਰ ਖਾਨ ਕੋਲ ਭੇਜਣ ਦੀ ਪੂਰੀ ਤਿਆਰੀ ਹੋ ਗਈ, ਜਿਸ ਦਿਨ ਸਲਮਾਂ ਨੂੰ ਅਮੀਰ ਖਾਨ ਨੇ ਲੈ ਕੇ ਜਾਣਾ ਸੀ। ਉਸ ਤੋਂ ਇੱਕ ਰਾਤ ਪਹਿਲੇ ਸਲਮਾਂ ਨੇ ਕੁਝ ਖਾ ਕੇ ਆਤਮ ਹੱਤਿਆ ਕਰ ਲਈ ਸੀ। ਉਸਨੂੰ ਅਮੀਰ ਖਾਨ ਦੀ ਰਖੇਲ ਬਣਨਾ ਮਨਜ਼ੂਰ ਨਹੀਂ ਸੀ।
ਸਲਮਾਂ ਦੀ ਮੌਤ ਅਮੀਰ ਖਾਨ ਲਈ ਇੱਕ ਕਰਾਰਾ ਝਟਕਾ ਸੀ। ਸਲਮਾਂ ਦੀ ਮੌਤ ਅਮੀਰ ਖਾਨ ਲਈ ਨਾ ਬਰਦਾਸ਼ਤ ਕਰਨ ਵਾਲਾ ਸਦਮਾ ਸੀ। ਅਮੀਰ ਖਾਨ ਪਾਗਲ ਸ਼ੇਰ ਦੀ ਤਰ੍ਹਾਂ ਫਿਰਨ ਲੱਗਾ। ਬਸ਼ੀਰ ਰਹਿਮਾਨ ਤੇ ਅਬਦੁਲ ਰਹਿਮਾਨ ਦੀ ਨਲਾਇਕੀ ਉਪਰ ਗੁੱਸਾ ਆ ਰਿਹਾ ਸੀ, ਜਿਸ ਸਲਮਾਂ ਨੂੰ ਹਾਸਲ ਕਰਨ ਲਈ ਉਸ ਨੇ ਹਰ ਤਰ੍ਹਾਂ ਦੇ ਯਤਨ ਕੀਤੇ ਉਸ ਦੀ ਕੋਈ ਹਿਫਜ਼ ਨਹੀਂ ਕਰ ਸਕੇ। ਉਸਨੂੰ ਸਲਮਾਂ ਜਿਊਂਦੀ ਜਾਗਦੀ ਚਾਹੀਦੀ ਹੈ, ਮੁਰਦਾ ਨਹੀਂ।ਬਸ਼ੀਰ ਰਹਿਮਾਨ ਤੇ ਅਬਦੁੱਲ ਰਹਿਮਾਨ ਨੂੰ ਫੁੱਟਪਾਥ ਤੇ ਪਹੁੰਚਾਉਣ ਲਈ ਬੇਤਾਬ ਹੋ ਚੁੱਕਾ ਸੀ। ਅੰਤ ਅਮੀਰ ਖਾਨ ਨੇ ਕਾਨੂੰਨੀ ਤੌਰ ਤੇ ਸਭ ਕੁਝ ਉਪਰ ਆਪਣਾ ਕਬਜ਼ਾ ਕਰ ਲਿਆ ਸੀ। ਅੱਜ ਸਲਮਾਂ ਨੂੰ ਗੁਆ ਕੇ ਵੀ ਬਸ਼ੀਰ ਰਹਿਮਾਨ ਤੇ ਅਬਦੁੱਲ ਰਹਿਮਾਨ ਆਪਣੇ ਆਪ ਨੂੰ ਬਚਾ ਨਹੀਂ ਸਕੇ। ਪਛਤਾਵੇ ਤੋਂ ਛੁੱਟ ਹੋ ਕੁਝ ਨਹੀਂ ਬਚਿਆ ਪਿਉ-ਪੁੱਤਾਂ ਕੋਲ। ਤੀਰ ਕਮਾਨ 'ਚੋਂ ਨਿਕਲ ਚੁੱਕਾ ਸੀ। ਧੋਬੀ ਦੇ ਕੁੱਤੇ ਵਾਲਾ ਹਾਲ ਹੋ ਚੁੱਕਾ ਸੀ ਦੋਵਾਂ ਪਿਉ- ਪੁੱਤਾਂ ਦਾ।