ਕਦੇ ਕਦੇ ਸ਼ਬਦ ਵੀ,
ਗੂੰਗੇ ਹੋ ਜਾਂਦੇ ਨੇ,
ਤੇ ਹੋ ਜਾਂਦੇ ਨੇ ਮੁਨਕਰ,
ਪਰਗਟ ਕਰਨ ਤੋਂ,
ਮਨ ਦੇ ਅਹਿਸਾਸ ...
ਤੇ ਅੰਦਰ ਦਾ ਗਿਆਨ ਵੀ,
ਤਿੜਕ ਜਾਂਦਾ ਏ ਇੰਝ,
ਕਿਸੇ ਕੱਚ ਦੇ ਵਾਂਗਰ,
ਕਿ ਅਪਾਰ ਬਿਹਬਲਤਾ ਵਿੱਚ,
ਖਲਾਅ ਤੋਂ ਵੀ ਵੱਧ,
ਖਾਲ੍ਹੀ ਭਾਂਆਂ ਮਾਰਦਾ,
ਡੂੰਘੇ,
ਹੋਰ ਡੂੰਘੇ,
ਗੋਤੇ ਲਾਉਣਾ ਲੋਚਦਾ,
ਆਪਣੇ ਹੀ ਅਪਹੁੰਚ,
ਤੱਲ ਦੀ ਤਲਾਸ਼ ਵਿੱਚ ...
ਉਹ ਵਿਸਮਾਦੀ ਬਿਹਬਲਤਾ,
ਜੋ ਆਪਣੇ ਰਉਂ ਵਿੱਚ,
ਇਉਂ ਰੁਮਕਦੀ,
ਕਿ ਆਪਣੇ ਵਜਦ ਵਿੱਚ,
ਆਪੇ ਦੇ ਪਸਾਰੇ ਤੋਂ ਉਪਜੀ,
ਕਿਸੇ ਸਹਿਜ-ਅਵਸਥਾ ਨੂੰ ਵੀ,
ਮਾਤ ਪਾ ਜਾਂਦੀ;
ਤੇ ਵਿਚਾਰਸ਼ੀਲਤਾ ਨੂੰ ਮੇਟ,
ਵਿਚਾਰਵਿਹੀਨਤਾ ਦੀ ਤੜਫ਼ ਵਿੱਚ,
ਗੱਚੋ ਗੱਚ ਹੋ,
ਕਿਸੇ ਅਵਰਣਿੱਤ ਭਾਲ ‘ਚ,
ਆਪਣੀ ਹੀ ਸਥਾਪਿਤ,
ਸਥੂਲ ਹੋਂਦ ਤੋਂ ਹੋ ਬੇਲਾਗ,
ਖੁਦ ਭਾਲ ਹੋਣਾ ਲੋਚਦੀ ...
ਅਮੁੱਕ ਭਾਲ,
ਪਰਮ-ਮੂਲ ਅਣਹੋਂਦ ਦੇ,
ਉਸ ਅਰੰਭਕ ਕਿਣਕੇ ਦੀ,
ਜਿਸਦਾ ਆਦਿ, ਅੰਤ ਤੇ ਪਸਾਰਾ,
ਅਨੰਤ ਤੇ ਅਸੀਮ ਹੋ ਕੇ ਵੀ,
ਓਸੇ ਕਿਣਕੇ ਦੀ ਸੱਤਾ ਵਿੱਚ,
ਪੂਰਾ ਸਮਾਉਣ ਦੀ,
ਸਮਰੱਥਾ ਰੱਖਦਾ ..