clomid birmingham
clomid manchester
online clomid manchester
ਮਨੁੱਖ ਨੂੰ ਸਭ ਤੋਂ ਜ਼ਿਆਦਾ ਨਿਰਾਸ਼ਾ ਜਾਂ ਕਸ਼ਟ ਪਹੁੰਚਾਉਣ ਵਾਲੀ ਚੀਜ਼ ਹੈ 'ਮੈਂ' ਭਾਵ 'ਮੈਂ', 'ਮੇਰਾ' ਅਤੇ 'ਮੈਨੂੰ' ਆਦਿ ਯਾਨੀ ਕਿ ਮੈਂ ਐਨਾ ਸਿਆਣਾ ਹਾਂ, ਮੈਂ ਐਨਾ ਧਨਵਾਨ ਹਾਂ, ਮੈਂ ਇਹ ਕਰ ਸਕਦਾ ਹਾਂ, ਮੈਂ ਉਹ ਕਰ ਸਕਦਾ ਹਾਂ ਜਾਂ ਮੇਰੇ ਪੁੱਤਰ, ਮੇਰੀ ਕੋਠੀ, ਮੇਰੀ ਕਾਰ, ਮੇਰੀ ਦੌਲਤ, ਮੇਰੀ ਸਲਾਹ, ਮੇਰਾ ਹੁਕਮ ਆਦਿ ਜਾਂ ਮੈਨੂੰ ਅੱਗੇ ਆਉਣ ਦਿਓ, ਮੈਨੂੰ ਸੁਣੋ, ਮੈਨੂੰ ਕੋਈ ਸਮਝ ਨਹੀਂ ਸੱਕਿਆ ਅਤੇ ਮੈਨੂੰ ਕੀ ਮਿਲਿਆ ਆਦਿ। ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਸਾਰੇ ਹੀ ਮੇਰੇ ਦੁਸ਼ਮਣ ਹਨ। ਇਹ ਸਭ ਹਉਮੇ ਅਤੇ ਖ਼ੁਦਪ੍ਰਸਤੀ ਦੇ ਵਿਚਾਰ ਹਨ। ਇਹ ਸਭ ਨਿੱਜ ਦਾ ਹੀ ਪ੍ਰਗਟਾਵਾ ਹੈ, ਜਿਸ ਵਿਚੋਂ ਲਾਲਚ ਅਤੇ ਮਤਲਬੀਪਨ ਵੀ ਝਲਕਦਾ ਹੈ। ਇਹ ਕੇਵਲ ਆਪਣਾ ਸਾਮਰਾਜ ਕਾਇਮ ਕਰਨ ਦੀ ਗੱਲ ਹੈ। ਇਹ ਇਕੱਲੇਪਨ ਦਾ ਵਿਚਾਰ ਹੈ ਜਿਸ ਨੂੰ ਬਾਕੀ ਸਮਾਜ ਅਤੇ ਦੁਨੀਆਂ ਨਾਲ ਕੋਈ ਸਰੋਕਾਰ ਨਹੀਂ। ਇਹ ਇਕੱਲਾਪਨ ਹੀ ਬੰਦੇ ਨੂੰ ਅੰਦਰੋਂ ਅੰਦਰ ਖਾ ਜਾਂਦਾ ਹੈ ਅਤੇ ਬੰਦਾ ਆਪਣੇ ਹੀ ਖੋਲ ਵਿਚ ਬੰਦ ਹੋ ਕਿ ਰਹਿ ਜਾਂਦਾ ਹੈ ਅਤੇ ਸਮਾਜ ਨਾਲੋਂ ਟੁੱਟ ਜਾਂਦਾ ਹੈ। ਇਸ ਨਾਲ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਮੈਂ, ਮੇਰੀ ਕਹਿਣ ਨਾਲ ਦੂਸਰੇ ਦੀ ਦਿਲਚਸਪੀ ਤੁਹਾਡੇ ਵਿਚ ਘਟਦੀ ਹੈ ਇਸ ਤਰ੍ਹਾਂ ਲਕਸ਼ ਦੀ ਪ੍ਰਾਪਤੀ ਨਹੀਂ ਹੁੰਦੀ। ਤੁਹਾਡੇ ਅੰਦਰ ਦੁਨੀਆਂ 'ਤੋਂ ਉਪਰਾਮਤਾ ਪੈਦਾ ਹੁੰਦੀ ਹੈ। ਤੁਸੀਂ ਦੂਜੇ 'ਤੋਂ ਇੱਛਾਵਾਂ ਅਤੇ ਉਮੀਦਾਂ ਰੱਖਦੇ ਹੋ ਪਰ ਹੋ ਸਕਦਾ ਹੈ ਕਿ ਦੂਜਾ ਤੁਹਾਡੀਆਂ ਉਮੀਦਾਂ ਪੂਰੀਆਂ ਨਾ ਕਰੇ ਕਿਉਂਕਿ ਤੁਸੀਂ ਉਸ ਨੂੰ ਇਸ ਲਈ ਮਜ਼ਬੂਰ ਨਹੀਂ ਕਰ ਸਕਦੇ। ਤੁਸੀਂ ਦੂਜੇ ਤੋਂ ਪਿਆਰ ਦੀ ਉਮੀਦ ਰੱਖਦੇ ਹੋ। ਇਹ ਤੁਹਾਡੀ ਇੱਛਾ ਹੈ ਪਰ ਤੁਸੀਂ ਉਸ ਨੂੰ ਮਜ਼ਬੂਰ ਨਹੀਂ ਕਰ ਸਕਦੇ ਕਿ ਉਹ ਤੁਹਾਨੂੰ ਜ਼ਰੂਰ ਪਿਆਰ ਕਰੇ। ਤੁਸੀਂ ਆਪਣਾ ਮੁੱਲ ਇਸ ਗੱਲ ਤੋਂ ਆਂਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਪਰ ਦੂਸਰੇ ਤੁਹਾਡਾ ਮੁੱਲ ਇਸ ਇਸ ਗੱਲ 'ਤੋਂ ਆਂਕਦੇ ਹਨ ਕਿ ਤੁਸੀਂ ਕੀ ਕਰ ਕੇ ਦਿਖਾਇਆ ਹੈ ਜਾਂ ਦੂਸਰੇ ਨੂੰ ਜਾਂ ਸਮਾਜ ਅਤੇ ਦੁਨੀਆਂ ਨੂੰ ਤੁਸੀਂ ਕੀ ਦਿੱਤਾ ਹੈ ਅਤੇ ਉਸ ਹਿਸਾਬ ਸਿਰ ਤੁਸੀਂ ਕਿਸ ਯੋਗ ਹੋ? ਆਮ ਤੋਰ ਤੇ ਮਨੁੱਖ ਮਿਹਨਤ ਘੱਟ ਕਰਦਾ ਹੈ ਪਰ ਫ਼ਲ ਪ੍ਰਾਪਤੀ ਦੀ ਇੱਛਾ ਉਸ 'ਤੋਂ ਕਿਤੇ ਜ਼ਿਆਦਾ ਕਰਦਾ ਹੈ ਜੋ ਪੂਰੀ ਨਹੀਂ ਹੁੰਦੀ। ਇਸ ਲਈ ਉਹ ਦੁਖੀ ਰਹਿੰਦਾ ਹੈ।
'ਮੈਂ', 'ਮੇਰੀ' ਨਾਲ ਦੂਸਰੇ ਨਾਲ ਰਿਸ਼ਤੇ ਕਾਇਮ ਨਹੀਂ ਹੁੰਦੇ। ਦੂਸਰੇ ਨਾਲ ਰਿਸ਼ਤੇ ਬਣਾਉਣ ਲਈ ਪਹਿਲ ਸਾਨੂੰ ਆਪ ਹੀ ਕਰਨੀ ਪਵੇਗੀ ਨਹੀਂ ਤੇ ਅਸੀਂ ਜ਼ਿੰਦਗੀ ਵਿਚ ਇਕੱਲੇ ਹੀ ਰਹਿ ਜਾਵਾਂਗੇ। ਜੇ ਅਸੀਂ ਸੋਚੀਏ ਕਿ ਅਸੀਂ ਦੂਸਰਿਆਂ ਨਾਲੋਂ ਬਹੁਤ ਵੱਡੇ ਹੋ ਗਏ ਹਾਂ ਭਾਵ ਸਾਡਾ ਰੁਤਬਾ ਐਨਾ ਵਧ ਗਿਆ ਹੈ ਕਿ ਜੇ ਸਾਨੂੰ ਕੋਈ ਪਹਿਲਾਂ ਬੁਲਾਵੇਗਾ, ਤਾਂ ਹੀ ਅਸੀਂ ਉਸ ਨੂੰ ਬੁਲਾਵਾਂਗੇ ਨਹੀਂ ਤੇ ਮੂੰਹ ਦੂਜੇ ਪਾਸੇ ਫੇਰ ਲਵਾਂਗੇ। ਸਾਡੀ ਇਹ ਸੋਚਣੀ ਗਲਤ ਹੋਵੇਗੀ। ਜੇ ਅਸੀਂ ਮੂੰਹ ਦੂਜੇ ਪਾਸੇ ਫੇਰ ਲਵਾਂਗੇ ਤਾਂ ਦੂਜਾ ਵੀ ਸਾਡੇ ਵਲ ਪਿੱਠ ਫੇਰ ਕੇ ਤੁਰ ਜਾਵੇਗਾ। ਫਿਰ ਸਾਡਾ ਰਿਸ਼ਤਾ ਕਿਵੇਂ ਕਾਇਮ ਹੋਵੇਗਾ? ਅਸੀਂ ਸਮਾਜ ਤੋਂ ਟੁੱਟਦੇ ਟੱਟਦੇ ਟੁੱਟ ਜਾਵਾਂਗੇ। ਸਾਡਾ ਹੰਕਾਰ ਹੀ ਸਾਨੂੰ ਲੈ ਬੈਠੇਗਾ। ਪਰ ਜੇ ਅਸੀਂ ਦੂਸਰੇ ਨੂੰ ਬੁਲਾਉਣ ਦੀ ਪਹਿਲ ਕਰਾਂਗੇ ਤਾਂ ਦੂਸਰਾ ਵੀ ਖਿੜ੍ਹੇ ਮੱਥੇ ਸਾਨੂੰ ਮਿਲੇਗਾ। ਸਾਡੇ ਸਨੇਹੀਆਂ ਦਾ ਦਾਇਰਾ ਵਧੇਗਾ। ਸਾਡੇ ਪਰਸਪਰ ਸਬੰਧ ਹੋਰ ਵੀ ਸੁਖਾਵੇਂ ਹੋਣਗੇ। ਜੇ ਅਸੀਂ ਬਹੁਤ ਅਮੀਰ ਹਾਂ ਜਾਂ ਬਹੁਤ ਵੱਡੇ ਅਫ਼ਸਰ ਲੱਗੇ ਹੋਏ ਹਾਂ ਤਾਂ ਇਸ ਨਾਲ ਕਿਸੇ ਨੂੰ ਕੀ? ਉਨ੍ਹਾਂ ਨੂੰ ਤਾਂ ਇਹ ਹੈ ਕਿ ਅਸੀਂ ਉਨ੍ਹਾਂ ਦਾ ਕੀ ਸਵਾਰ ਰਹੇ ਹਾਂ? ਜਾਂ ਉਨ੍ਹਾਂ ਦੀ ਕੀ ਮਦਦ ਕਰ ਰਹੇ ਹਾਂ? ਹਾਂ ਇਹ ਹੋ ਸਕਦਾ ਹੈ ਕਿ ਸਾਡੇ ਦੁਆਲੇ ਕੁਝ ਖੁਸ਼ਾਮਦੀ ਲੋਕ ਇਕੱਠੇ ਹੋ ਜਾਣ ਜੋ ਸਾਡੀ ਦੌਲਤ ਚਲੇ ਜਾਣ ਤੇ ਜਾਂ ਕੁਰਸੀ ਖੁੱਸ ਜਾਣ ਤੇ ਜ਼ਰੂਰ ਸਾਡਾ ਸਾਥ ਛੱਡ ਜਾਣਗੇ। 'ਮੈਂ' ਦਾ ਮਤਲਬ ਹੈ ਸਾਡੀਆਂ ਇੱਛਾਵਾਂ, ਆਸ਼ਾਵਾਂ ਜਾਂ ਉਮੀਦਾਂ ਜੋ ਅਸੀਂ ਦੂਸਰਿਆਂ ਤੋਂ ਆਪਣੇ ਲਈ ਰੱਖਦੇ ਹਾਂ ਪਰ ਉਹ ਤਾਂ ਪੂਰੀਆਂ ਹੀ ਨਹੀਂ ਹੁੰਦੀਆਂ। ਕੀ ਅਸੀਂ ਕੇਵਲ 'ਮੈਂ' ਨਾਲ ਖ਼ੁਸ਼ ਰਹਿ ਸਕਦੇ ਹਾਂ? ਅਸੀਂ ਜ਼ਿੰਦਗੀ ਭਰ ਆਪਣੀਆਂ ਇੱਛਾਵਾਂ ਨੂੰ ਹੀ ਫੜ ਕੇ ਬੈਠੇ ਰਹਿੰਦੇ ਹਾਂ। ਜੇ ਅਸੀਂ ਮੰਦਰ ਜਾਂ ਗੁਰਦਵਾਰੇ ਵੀ ਜਾਂਦੇ ਹਾਂ ਤਾਂ ਕੇਵਲ ਭਗਤੀ ਦਾ ਦਿਖਾਵਾ ਹੀ ਕਰਦੇ ਹਾਂ। ਅਸਲ ਵਿਚ ਅਸੀਂ ਉੱਥੇ ਕੁਝ ਮੰਗਣ ਹੀ ਜਾਂਦੇ ਹਾਂ। ਅਸੀਂ ਭਗਵਾਨ ਅੱਗੇ ਇਕ ਰੁਪਈਆ ਮੱਥਾ ਟੇਕ ਕੇ ਨੋਟਾਂ ਦੀਆਂ ਥੱਬੀਆਂ ਦੀ ਮੰਗ ਕਰਦੇ ਹਾਂ।। ਭਗਵਾਨ ਕੋਲੋਂ ਦੁੱਧ ਅਤੇ ਪੁੱਤ ਦੀ ਮੰਗ ਕਰਦੇ ਹਾਂ। ਭਾਵ ਇਹ ਕਿ ਭਗਵਾਨ ਅੱਗੇ ਸਾਡਾ ਮੱਥਾ ਟੇਕਿਆ ਵੀ ਸਵਾਰਥ ਤੋਂ ਰਹਿਤ ਨਹੀਂ ਹੁੰਦਾ। ਅਸੀਂ ਭਗਵਾਨ ਨਾਲ ਵੀ ਸੌਦੇ ਬਾਜ਼ੀ ਕਰਦੇ ਹਾਂ। ਸੁੱਖਾਂ ਸੁਖਦੇ ਹਾਂ ਆਪਣੀਆਂ ਸ਼ਰਤਾਂ ਰੱਖ ਕੇ—'ਹੇ ਭਗਵਾਨ ਜੇ ਤੁੰ ਮੇਰਾ ਇਹ ਕੰਮ ਕਰ ਦੇਵੇਂ ਤਾਂ ਮੈਂ ਤੈਨੂੰ ਰੁਮਾਲਾ ਭੇਟ ਕਰਾਂਗਾ, ਮੈਂ ਤੇਰਾ ਪਾਠ ਕਰਾਵਾਂਗਾ, ਤੈਨੂੰ ਚਾਂਦੀ ਦਾ ਛਤਰ ਚੜ੍ਹਾਵਾਂਗਾ। ਮਤਲਬ ਇਹ ਕਿ ਜੇ ਤੁੰ ਸਾਡਾ ਕੰਮ ਨਾ ਕੀਤਾ ਤਾਂ ਅਸੀਂ ਵੀ ਆਪਣੀ ਭੇਟਾ ਤੋਂ ਪਿੱਛੇ ਹਟ ਜਾਵਾਂਗੇ। ਇਸ ਤਰ੍ਹਾਂ ਭਗਵਾਨ ਪ੍ਰਤੀ ਸਾਡਾ ਸ਼ਰਧਾ ਭਾਵ ਕੇਵਲ ਆਪਣੇ ਲਈ ਸਵਰਗ, ਸੁੱਖ, ਧਨ-ਦੌਲਤ, ਤੰਦਰੁਸਤੀ, ਉਨਤੀ ਅਤੇ ਹੋਰ ਐਸ਼ੋ ਅਰਾਮ ਮੰਗਣ ਲਈ ਹੀ ਹੁੰਦਾ ਹੈ। ਜੇ ਸਾਨੂੰ ਲੱਗੇ ਕਿ ਸਾਡੀਆਂ ਇੱਛਾਵਾਂ ਮੰਦਰ ਜਾਂ ਗੁਰਦਵਾਰੇ ਤੋਂ ਪੂਰੀਆਂ ਨਹੀਂ ਹੋਣੀਆਂ ਤਾਂ ਅਸੀਂ ਉੱਥੇ ਵੀ ਜਾਣਾ ਬੰਦ ਕਰ ਦਿਆਂਗੇ।
ਦੁਨੀਆਂ ਖੂਹ ਦੀ ਆਵਾਜ਼ ਹੈ। ਜੋ ਆਵਾਜ਼ ਅਸੀਂ ਆਪਣੇ ਮੂੰਹ ਵਿਚੋਂ ਕਢਦੇ ਹਾਂ ਉਹ ਆਵਾਜ਼ ਹੀ ਗੂੰਜ ਕੇ ਦੁਬਾਰਾ ਸਾਡੇ ਕੋਲ ਆਉਂਦੀ ਹੈ। ਇਸ ਲਈ ਦੁਨੀਆਂ 'ਤੋਂ ਕੋਈ ਵਸਤੂ ਲੈਣ ਲਈ ਪਹਿਲ ਸਾਨੂੰ ਆਪ ਨੂੰ ਹੀ ਕਰਨੀ ਪਵੇਗੀ। ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡੀ ਸੇਵਾ ਕਰੇ ਤਾਂ ਇਹ ਉਸ ਦੀ ਮਰਜ਼ੀ ਹੈ ਕਿ ਉਹ ਸਾਡੀ ਸੇਵਾ ਕਰੇ ਜਾਂ ਨਾ ਕਰੇ ਪਰ ਜੇ ਅਸੀਂ ਕਿਸੇ ਜ਼ਰੂਰਤਮੰਦ ਦੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੌਣ ਰੋਕਦਾ ਹੈ? ਜਿੰਨੀ ਮਰਜ਼ੀ ਕਰੀਏ। ਦੂਸਰੇ ਦਾ ਸਾਡੇ ਨਾਲ ਰਵਈਆ ਸਾਡੇ ਆਪਣੇ ਰਵਈਏ, ਕੰਮਾਂ ਜਾਂ ਸੁਭਾਅ ਦਾ ਪ੍ਰਤੀਕਰਮ ਹੀ ਹੁੰਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜ਼ਤ ਕਰਨ ਤਾਂ ਪਹਿਲਾਂ ਸਾਨੂੰ ਆਪ ਦੂਜਿਆਂ ਨਾਲ ਇੱਜ਼ਤ ਅਤੇ ਸਲੀਕੇ ਨਾਲ ਪੇਸ਼ ਆਉਣਾ ਪਵੇਗਾ। ਜੇ ਅਸੀਂ ਛੋਟੇ ਬੱਚੇ ਨੂੰ ਵੀ ਓਏ ਕਹਾਂਗੇ ਜਾਂ ਉਸ ਨਾਲ ਖਰਵਾ ਬੋਲਾਂਗੇ ਤਾਂ ਉਹ ਵੀ ਜਵਾਬ ਵਿਚ ਸਾਡੇ ਨਾਲ ਉਸੇ ਤਰ੍ਹਾਂ ਹੀ ਪੇਸ਼ ਆਵੇਗਾ ਅਤੇ ਸਾਡੀ ਇੱਜ਼ਤ ਲਾਹ ਕੇ ਰੱਖ ਦੇਵੇਗਾ। ਅਸੀਂ ਕਿਸੇ ਨਾਲ ਖਰਵਾ ਬੋਲ ਕੇ ਜਾਂ ਉਸ ਨਾਲ ਬਦਸਲੂਕੀ ਕਰ ਕੇ ਉਸ ਨੂੰ ਆਪਣੀ ਇਜ਼ੱਤ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੇ। ਜੇ ਅਸੀਂ ਦੂਸਰਿਆਂ ਦਾ ਸਹਿਯੋਗ ਚਾਹੁੰਦੇ ਹਾਂ ਤਾਂ ਸਾਨੂੰ 'ਮੈਂ', 'ਮੇਰੀ' ਅਤੇ 'ਮੈਨੂੰ' ਆਦਿ ਸ਼ਬਦਾਂ ਨੂੰ ਛੱਡ ਕੇ 'ਅਸੀਂ' ਅਤੇ 'ਸਾਡੇ' ਸ਼ਬਦਾਂ ਦਾ ਪ੍ਰਯੋਗ ਕਰਨਾ ਪਵੇਗਾ। ਇਸ ਨਾਲ ਸਾਡੀ ਆਪਸੀ ਸਾਂਝ ਵਧੇਗੀ। ਸਾਡਾ ਆਪਸੀ ਪਿਆਰ ਅਤੇ ਭਾਈਚਾਰਾ ਵਧੇਗਾ। ਸਾਡਾ ਮਤਲਬੀਪਨ ਖਤਮ ਹੋਵੇਗਾ। ਸਾਡੇ ਮਿਸ਼ਨ ਨੂੰ ਦੂਸਰੇ ਬੰਦੇ ਆਪਣਾ ਮਿਸ਼ਨ ਸਮਝ ਕੇ ਅਪਣਾਉਣਗੇ ਅਤੇ ਉਸ ਨੂੰ ਕਾਮਯਾਬ ਕਰਨ ਲਈ ਆਪਣੇ ਪੂਰੇ ਸਾਧਨ ਵਰਤਣਗੇ। ਅੰਤ ਅਸੀਂ ਕਾਮਯਾਬ ਹੋਵਾਂਗੇ। ਸਾਰੀਆਂ ਧਿਰਾਂ ਨੂੰ ਖ਼ੁਸ਼ੀ ਮਿਲੇਗੀ। ਇਸ ਨਾਲ ਦੂਸਰੇ ਲੋਕ ਅੱਗੋਂ ਵੀ ਸਾਡੀ ਮਦਦ ਲਈ ਤਤਪਰ ਰਹਿਣਗੇ।
ਜੇ ਅਸੀਂ ਜ਼ਿੰਦਗੀ ਵਿਚ ਹੋਰ ਵੀ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਦੂਸਰੇ ਦੀ ਪਸੰਦ ਅਤੇ ਉਸ ਦੀ ਜ਼ਰੂਰਤ ਦਾ ਖਿਆਲ ਰੱਖਣਾ ਪਏਗਾ। ਜੇ ਅਸੀਂ ਦੂਸਰੇ ਦੀ ਜ਼ਰੂਰਤ ਅਤੇ ਉਸ ਦੇ ਵਿਚਾਰਾਂ ਦੀ ਕਦਰ ਕਰਦੇ ਹੋਏ ਉਸ ਨੂੰ ਸਹਿਯੋਗ ਦਿਆਂਗੇ ਤਾਂ ਉਹ ਵੀ ਸਾਡੀ ਜ਼ਰੂਰਤ ਦਾ ਖਿਆਲ ਰੱਖੇਗਾ ਅਤੇ ਸਾਨੂੰ ਇਜ਼ੱਤ ਦਏਗਾ। ਉਸ ਨਾਲ ਸਾਡੇ ਸਬੰਧ ਨਿੱਘੇ ਅਤੇ ਸਨੇਹ ਪੂਰਨ ਬਣਨਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਦੂਸਰੇ ਨਾਲ ਵਰਤਦੇ ਸਮੇਂ ਆਪਣੀ ਭਾਸ਼ਾ ਦਾ ਬੜੀ ਸਾਵਧਾਨੀ ਨਾਲ ਪ੍ਰਯੋਗ ਕਰੀਏ। ਮੈਂ, ਮੇਰੀ ਅਤੇ ਮੈਨੂੰ ਆਦਿ ਸ਼ਬਦਾਂ ਨੂੰ ਛੱਡ ਕੇ 'ਤੁਸੀਂ' ਅਤੇ 'ਤੁਹਾਡੇ' ਸ਼ਬਦਾਂ ਦਾ ਪ੍ਰਯੋਗ ਕਰੀਏ। ਹਮੇਸ਼ਾਂ ਦੂਸਰੇ ਦਾ ਨਾਮ ਇੱਜ਼ਤ ਨਾਲ ਲਈਏ। ਜਦ ਅਸੀ ਕਿਸੇ ਨੂੰ ਇੱਜ਼ਤ ਨਾਲ ਬੁਲਾਉਂਦੇ ਹਾਂ ਤਾਂ ਉਸ ਦੇ ਮਨ ਵਿਚ ਉਸੇ ਸਮੇਂ ਸੰਗੀਤ ਦੀਆਂ ਤਰੰਗਾਂ ਉੱਠ ਪੈਂਦੀਆਂ ਹਨ। ਉਸ ਨੂੰ ਆਪਣੇ ਨਾਮ ਦਾ ਪਿਆਰ ਨਾਲ ਸੰਬੋਧਨ ਸ਼ਹਿਦ ਦੀ ਤਰ੍ਹਾਂ ਮਿੱਠਾ ਲੱਗਦਾ ਹੈ। ਉਸ ਦੇ ਵਿਚਾਰ ਸਾਡੇ ਪ੍ਰਤੀ ਹਾਂ ਪੱਖੀ ਹੋ ਜਾਂਦੇ ਹਨ। ਫਿਰ ਸਾਡੇ ਲਈ ਉਸ ਤੋਂ ਸਹਿਯੋਗ ਲੈਣਾ ਸੌਖਾ ਹੋ ਜਾਂਦਾ ਹੈ।
ਜਦ ਵੀ ਕਦੀ ਕਿਸੇ ਦੂਸਰੇ ਨੂੰ ਮਿਲੋ ਤਾਂ ਆਪਣੀ ਅਮੀਰੀ ਜਾਂ ਆਪਣੀ ਵਡੱਪਣ ਦੇ ਹੀ ਗੁਣ ਗਾਣੇ ਨਾ ਸ਼ੁਰੂ ਕਰ ਦਿਓ। ਇਸ ਨਾਲ ਤੁਸੀਂ ਦੂਸਰੇ ਤੇ ਕੋਈ ਚੰਗਾ ਪ੍ਰਭਾਵ ਨਹੀਂ ਪਾ ਸੱਕੋਗੇ। ਜੇ ਤੁਸੀਂ ਉੱਪਰ ਉੱਠੇ ਹੋ ਜਾਂ ਕੋਈ ਚੰਗੀ ਪ੍ਰਾਪਤੀ ਕੀਤੀ ਹੈ ਤਾਂ ਆਪਣੇ ਲਈ ਕੀਤੀ ਹੈ। ਦੂਸਰੇ ਨੂੰ ਇਸ ਨਾਲ ਕੋਈ ਜ਼ਿਆਦਾ ਦਿਲਚਸਪੀ ਨਹੀਂ। ਕਦੀ ਦੂਸਰੇ ਕੋਲ ਆਪਣੀਆਂ ਤੰਗੀਆਂ ਤੁਰਸ਼ੀਆਂ ਜਾਂ ਮੁਸੀਬਤਾਂ ਦੇ ਹੀ ਰਾਗ ਨਾ ਛੇੜ ਬੈਠੋ। ਇਸ ਨਾਲ ਦੂਸਰਾ ਬੰਦਾ ਤੁਹਾਡੇ 'ਤੋਂ ਜਲਦੀ ਹੀ ਅੱਕ ਜਾਏਗਾ। ਦੂਸਰੇ ਨਾਲ ਗੱਲ ਬਾਤ ਕਰਦੇ ਸਮੇਂ ਗੱਲ ਬਾਤ ਦਾ ਕੇਂਦਰ ਉਸ ਬਾਰੇ ਰੱਖੋ। ਉਸ ਦੇ ਕੰਮ ਕਾਰ ਦਾ, ਉਸ ਦੀ ਸਿਹਤ ਦਾ ਅਤੇ ਉਸ ਦੇ ਪਰਿਵਾਰ ਦਾ ਹਾਲ ਚਾਲ ਪੁੱਛੋ। ਜਿੰਨਾਂ ਤੁਸੀਂ ਉਸ ਦੀ ਜ਼ਿੰਦਗੀ ਵਿਚ ਦਿਲਚਸਪੀ ਲਉਗੇ ਉਨਾਂ ਹੀ ਉਹ ਤੁਹਾਡੇ ਵਿਚ ਦਿਲਚਸਪੀ ਲਏਗਾ। ਇਹ ਵੀ ਖਿਆਲ ਰੱਖੋ ਕਿ ਦੂਸਰੇ ਦੀ ਜ਼ਿੰਦਗੀ ਜਾਂ ਉਸ ਦੇ ਕੰਮ ਕਾਰ ਵਿਚ ਨੁਕਤਾਚੀਨੀ ਨਾ ਕਰੋ। ਸਗੋਂ ਉਸ ਦੇ ਚੰਗੇ ਕੰਮਾਂ ਦੀ ਤਰੀਫ਼ ਕਰੋ। ਉਸ ਨੂੰ ਗੱਲਬਾਤ ਲਈ ਉਤਸਾਹਿਤ ਕਰੋ। ਆਪ ਘੱਟ ਬੋਲੋ, ਦੂਸਰੇ ਦੀ ਜ਼ਿਆਦਾ ਸੁਣੋ। ਉਸ ਨੂੰ ਗੱਲਬਾਤ ਕਰਦੇ ਸਮੇਂ ਵਿਚੋਂ ਨਾ ਟੋਕੋ। ਇਸ ਨਾਲ ਉਸ ਦਾ ਤੁਹਾਡੇ ਪ੍ਰਤੀ ਸਨੇਹ ਅਤੇ ਸਹਿਯੋਗ ਵਧੇਗਾ। ਕੋਈ ਵਪਾਰੀ ਆਪਣੇ ਕੰਮ ਵਿਚ ਤਾਂ ਹੀ ਸਫ਼ਲ ਹੋ ਸਕਦਾ ਹੈ ਜੇ ਉਹ ਆਪਣੇ ਗਾਹਕ ਦੀ ਪਸੰਦ ਅਤੇ ਜ਼ਰੂਰਤ ਦਾ ਖਿਆਲ ਰੱਖੇ। ਜਿਹੜਾ ਵਪਾਰੀ ਗਾਹਕ ਤੇ ਆਪਣੀ ਪਸੰਦ ਠੋਸਣ ਦੀ ਕੋਸ਼ਿਸ਼ ਕਰੇਗਾ ਉਹ ਵਪਾਰ ਵਿਚ ਕਦੀ ਕਾਮਯਾਬ ਨਹੀਂ ਹੋ ਸਕੇਗਾ ਅਤੇ ਉਹ ਗਾਹਕ ਨੂੰ ਆਪਣੀ ਵਸਤੂ ਨਹੀਂ ਵੇਚ ਸਕੇਗਾ।
ਸਾਡੀ ਗੱਲਬਾਤ ਦਾ ਦੂਸਰੇ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਲਈ ਮੂੰਹੋ ਜੋ ਵੀ ਸ਼ਬਦ ਕੱਢੋ, ਬੜੇ ਧਿਆਨ ਨਾਲ ਕੱਢੋ।ਮਾੜੀ ਗੱਲ ਬਾਤ ਵਾਲੇ ਨੂੰ ਤਾਂ ਲੋਕ ਉਸੇ ਸਮੇਂ ਹੀ ਕਹਿ ਦਿੰਦੇ ਹਨ—'ਮੁਰਦਾ ਬੋਲੇ ਖ਼ੱਫਨ ਪਾੜੇ'। ਦੂਜੇ ਪਾਸੇ ਮਿੱਠੀ ਜੁਬਾਨ ਵਿਚ ਸਲੀਕੇ ਨਾਲ ਪਿਆਰ ਅਤੇ ਇੱਜ਼ਤ ਨਾਲ ਦੂਸਰੇ ਦੀ ਹਮਦਰਦੀ ਵਿਚ ਕਹੇ ਹੋਏ ਦੋ ਸ਼ਬਦ ਦੂਸਰੇ ਦਾ ਮਨ ਮੋਹ ਲੈਂਦੇ ਹਨ ਅਤੇ ਉਸ ਨੂੰ ਸਦਾ ਲਈ ਆਪਣਾ ਬਣਾ ਲੈਂਦੇ ਹਨ। ਇਸ ਲਈ ਜੇ ਤੁਸੀਂ ਜ਼ਿੰਦਗੀ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ 'ਮੈਂ', 'ਮੇਰੀ' ਅਤੇ 'ਮੈਨੂੰ' ਆਦਿ ਸ਼ਬਦਾਂ ਦਾ ਘੱਟੋ ਘੱਟ ਪ੍ਰਯੋਗ ਕਰੋ। ਇਸ ਦੀ ਥਾਂ 'ਅਸੀਂ', 'ਸਾਨੂੰ', 'ਸਾਡੇ', 'ਤੁਸੀਂ' ਅਤੇ 'ਤੁਹਾਡੇ' ਸ਼ਬਦਾਂ ਦਾ ਸਲੀਕੇ ਨਾਲ ਇਸਤੇਮਾਲ ਕਰੋ। ਫਿਰ ਦੇਖੋ ਇਨ੍ਹਾਂ ਸ਼ਬਦਾਂ ਦਾ ਜਾਦੂ।