ਬਲਜੀਤ (ਨਾਵਲ)
ਲੇਖਕ: ਬਲਵੰਤ ਸਿੰਘ ਮੁਸਾਫਿਰ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ: 300/- ਰੁਪਏ, ਸਫ਼ੇ: 240
'ਬਲਜੀਤ' ਨਾਵਲ, ਜਿਸ ਦੀ ਵਿਥਿਆ 23 ਕਾਂਡਾ ਵਿਚ ਕੀਤੀ ਗਈ ਹੈ, ਨਾਰੀ ਸ਼ਕਤੀ ਨੂੰ ਹੋਰ ਸ਼ਕਤੀ ਪ੍ਰਦਾਨ ਕਰਦਾ ਹੋਇਆ, ਸਮਾਜ ਨੂੰ ਬਿਹਤਰ ਬਣਾਉਣ ਦੇ ਆਸ਼ੇ ਵਾਲਾ, ਸਮਾਜਿਕ ਨਾਵਲ ਹੈ। ਲੇਖਕ ਦਾ ਇਹ ਪਲੇਠਾ ਨਾਵਲ ਹੈ, ਹਾਲਾਂਕਿ ਉਸ ਦੀਆਂ ਚਾਰ ਪੁਸਤਕਾਂ ਪਹਿਲਾਂ ਹੀ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ। ਇਸ ਨਾਵਲ ਵਿਚ ਇਹ ਦੱਸਿਆ ਗਿਆ ਕਿ ਲੜਕੀਆਂ ਨੂੰ ਅਬਲਾ ਨਹੀਂ, ਸਗੋਂ ਸਬਲਾ ਬਣਨਾ ਚਾਹੀਦਾ ਹੈ, ਫਿਰ ਹੀ ਉਹ ਅਜੋਕੀਆਂ ਪ੍ਰਸਥਿੱਤੀਆਂ ਦਾ ਡੱਟ ਕੇ ਮੁਕਾਬਲਾ ਕਰ ਸਕਦੀਆਂ ਨੇ।
ਹੱਥਲੇ ਨਾਵਲ ਦੀ ਮੁੱਖ ਨਾਇਕਾ ਬਲਜੀਤ, ਜੋ ਗਰੀਬ ਘਰ ਵਿਚ ਜੰਮਦੀ-ਪਲਦੀ ਹੈ, ਤੰਗੀਆਂ-ਤੁਰਸ਼ੀਆਂ ਆਪਣੇ ਪੰਡੇ 'ਤੇ ਹਢਾਉਂਦੀ ਹੋਈ ਬੀ.ਐੱਡ ਦੀ ਡਿਗਰੀ ਪ੍ਰਾਪਤ ਕਰਕੇ ਸਰਕਾਰੀ ਸਕੂਲ ਵਿਚ ਟੀਚਰ ਲੱਗ ਜਾਂਦੀ ਹੈ। ਉਸ ਬਾਹਦਰ ਲੜਕੀ ਨੇ ਕਈ ਬਹਾਦਰ-ਨੁਮਾ ਕਾਰਨਾਮੇ ਦਿਖਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ।
ਸਵੇਰੇ ਉਹ ਕਾਲਜ ਦਾ ਗੇਟ ਟੱਪੀ ਹੀ ਸੀ ਕਿ ਦੋ ਲੜਕੇ, ਜਿਨ੍ਹਾਂ ਨੇ ਕਾਲੀਆਂ ਲੋਈਆਂ ਦੀਆਂ ਬੁੱਲਕਾਂ ਮਾਰੀਆਂ ਹੋਈਆਂ ਸਨ, ਪਿੰ੍ਰਸੀਪਲ ਸਾਹਿਬ ਕੋਲੋਂ ਸਕੂਟਰ ਖੋਹ ਰਹੇ ਸਨ। ਇਕ ਨੇ ਜਿਉਂ ਹੀ ਪਿਸਤੌਲ ਸਿੱਧਾ ਕੀਤਾ ਕਿ ਪ੍ਰਿੰਸੀਪਲ ਸਾਹਿਬ ਡਰ ਗਏ। ਉਸੇ ਵਕਤ ਹੀ ਬਲਜੀਤ ਨੇ ਆਪਣੇ ਲੱਕ ਨਾਲੋਂ ਮੋਟਰਸਾਈਕਲ ਦੀ ਚੈਨ ਖੋਲ੍ਹ ਕੇ ਐਸੇ ਵਾਰ ਕੀਤੇ ਕਿ ਉਨ੍ਹਾਂ ਦੋਹਾਂ ਨੂੰ ਮੌਕੇ 'ਤੇ ਹੀ ਢੇਰੀ ਕਰ ਦਿੱਤਾ।ਬਾਅਦ ਵਿਚ ਪਤਾ ਲੱਗਿਆ ਕਿ ਉਹ ਅੱਤਵਾਦੀ ਸਨ। ਇਕ ਹੋਰ ਵਾਰਦਾਤ ਵਿਚ ਬਲਜੀਤ ਨੇ ਆਪਣੇ ਗੁਆਂਢੀਆਂ ਨੂੰ ਜਾਨ ਬਚਾਈ ਸੀ। ਓਦੋਂ ਵੀ ਬਲਜੀਤ ਨੇ ਦੋਵੇਂ ਅੱਤਵਾਦੀ ਮੌਕੇ 'ਤੇ ਹੀ ਮਾਰ-ਮੁਕਾਏ ਸਨ।
ਤੀਸਰੀ ਵਾਰਦਾਤ ਓਦੋਂ ਵਾਪਰੀ ਸੀ, ਜਦੋਂ ਬੱਚਿਆਂ ਨੂੰ ਪੜ੍ਹਾ ਕੇ ਸਕੂਲ ਤੋਂ ਵਾਪਿਸ ਆ ਰਹੀ ਸੀ। ਚਾਰ ਮਸਟੰਡਿਆਂ ਨੇ ਉਸ ਦੀ ਸਕੂਟਰੀ ਅੱਗੇ ਜੀਪ ਲਾ 'ਤੀ। ਉਸ ਦੀਆਂ ਲੱਤਾਂ-ਬਾਹਾਂ ਬੰਨ ਕੇ ਗੱਡੀ ਵਿਚ ਸੁੱਟ ਲਿਆ ਤੇ ਮੋਟਰ 'ਤੇ ਲੈ ਗਏ। ਕਮਰੇ ਵਿਚ ਬੰਦ ਕਰ 'ਤੀ। ਤੇ ਉਹ ਬਾਹਰ ਸ਼ਰਾਬ ਪੀਣ ਲੱਗ ਪਏ, ਨਾਲ ਹੀ ਬਲਜੀਤ ਨੂੰ ਮੋਟੀਆਂ-ਮੋਟੀਆਂ ਗਾਲ੍ਹਾਂ ਦੇ ਰਹੇ ਸਨ ਕਿ ਅੱਜ ਕੱਢਾਂਗੇ ਤੇਰੀ ਸਾਰੀ ਹਿੰਮਤ...। ਪਰ, ਜਿਸ ਨੂੰ ਰੱਬ ਬਚਾਵੇ, ਉਸ ਨੂੰ ਮਾਰੇ ਕੌਣ? ਬਲਜੀਤ ਨੇ ਆਹਸੇ-ਆਹਸੇ ਕਰਕੇ ਆਪਣੇ ਆਪ ਨੂੰ ਬੰਧਨ ਤੋਂ ਮੁਕਤ ਕਰ ਲਿਆ। ਤੇ ਉਸ ਕਮਰੇ ਵਿਚੋਂ ਹੀ ਪਿਸਤੌਲ ਮਿਲ ਗਈ, ਜੋ ਗੋਲੀਆਂ ਨਾਲ ਨੱਕੋ-ਨੱਕ ਭਰੀ ਹੋਈ ਸੀ। ਬਲਜੀਤ ਇਹ ਜਾਣ ਗਈ ਸੀ ਕਿ ਇਹ ਅੱਤਵਾਦੀ ਨਹੀਂ, ਸਗੋਂ ਮਸਟੰਡਿਆਂ ਦਾ ਟੋਲਾ ਹੈ। ਇਹ ਸਾਰੀ ਕਾਰ-ਸ਼ਤਾਨੀ ਉਸ ਖੇਤਪਾਲ ਦੀ ਹੈ, ਜਿਸ ਨੇ ਉਸ ਦਾ ਸਾਰਾ ਸਹੁਰਾ ਪਰਿਵਾਰ ਤਬਾਹ ਕਰ ਦਿੱਤਾ ਸੀ ਅਤੇ ਮਾਮਾ ਬਣ ਕੇ ਸਭ ਨੂੰ ਧੋਖਾ ਦੇ ਰਿਹਾ ਸੀ। ਉਹਦੀ ਸੱਸ ਨਾਲ ਉਸ ਦੇ ਨਜਾਇਜ਼ ਸਬੰਧ ਸਨ। ਜਦੋਂ ਖੇਤਪਾਲ ਨੇ ਬਲ਼ਜੀਤ ਨੂੰ ਹੱਥ ਪਾਇਆ ਸੀ ਤਾਂ ਉਸ ਨੇ ਉਸ ਦੀ ਬੇਇੱਜ਼ਤੀ ਕਰ ਦਿੱਤੀ ਸੀ। ਉਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਇਹ ਕਾਰਾ ਕੀਤਾ ਸੀ। ਬਲਜੀਤ ਨੇ ਖੇਤਪਾਲ ਤੇ ਉਸ ਦੇ ਇਕ ਸਾਥੀ ਨੂੰ ਮੌਕੇ 'ਤੇ ਹੀ ਢੇਰੀ ਕਰ ਦਿੱਤਾ। ਦੂਸਰੇ ਦੋ ਸਾਥੀ ਪਹਿਲਾਂ ਹੀ ਗਾਇਬ ਸਨ। ਇਹ ਸਾਰਾ ਕੁਝ ਐਨ. ਸੀ. ਸੀ. ਦੀ ਸਿਖਲਾਈ ਲੈਣ ਕਰਕੇ ਅਤੇ ਗਤਕਾ ਸਿੱਖਣ ਦੇ ਕਾਰਣ ਹੀ ਸਿੱਧ ਹੋ ਸਕਿਆ ਸੀ, ਵਰਨਾ ਬਲਜੀਤ 'ਕੱਲੀ ਨੇ ਕੀ ਕਰਨਾ ਸੀ।
ਬਲਜੀਤ ਨੇ ਪੜ੍ਹਾਈ ਵਿਚ ਵੀ ਖ਼ੂਬ ਮੱਲ੍ਹਾਂ ਮਾਰੀਆਂ। ਉਹ ਤਾਂ ਦਸਵੀਂ ਦੀ ਪੜ੍ਹਾਈ ਵਿਚੋਂਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਬੀ ਐੱਡ ਵਿਚੋਂ ਯੂਨੀਵਰਸਿਟੀ ਤੋਂ ਦੂਸਰੇ ਸਥਾਨ 'ਤੇ ਆਈ ਸੀ। ਇਹ ਸਾਰਾ ਕੁਝ ਤਾਇਆ ਧਰਮਪਾਲ ਜੀ ਦੀ ਬਦੌਲਤ ਹੀ ਹੋਇਆ ਸੀ। ਉਹ ਧੜੱਲੇਦਾਰ ਆਦਮੀ ਸੀ। ਥਾਣੇ ਵੀ ਉਨ੍ਹਾਂ ਦੀ ਚੰਗੀ ਚੱਲਦੀ ਸੀ। ਬਲਜੀਤ ਦੇ ਪਿਤਾ ਸ. ਸਰਦੂਲ ਸਿੰਘ ਜੋ ਪੇਸ਼ੇ ਵਜੋਂ ਡਰਾਈਵਰ ਸਨ, ਪਰ ਉਹ ਆਪਣੀ ਪਤਨੀ ਚਰਨੋ ਨਾਲ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਦੇ ਹੀ ਰਹਿੰਦੇ ਸਨ। ਬਲਜੀਤ ਨੂੰ ਗੁੱਸਾ ਤਾਂ ਬਹੁਤ ਆਉਂਦਾ ਸੀ, ਪਰ ਅੱਗਿਓਂ ਬੋਲਦੀ ਨਹੀਂ ਸੀ। ਉਨਾਂ ਦੀ ਲੜਾਈ ਤੋਂ ਬਲਜੀਤ ਨੇ ਬਹੁਤ ਕੁਝ ਸਿਖਿਆ। ਉਹ ਵਾਰ-ਵਾਰ ਆਪਣੀ ਬੀਬੀ ਨੂੰ ਕਿਹਾ ਕਰਦੀ ਸੀ ਕਿ ਤੁਸੀਂ ਵੀ ਤਾਂ ਬਰਾਬਰ ਦੀ ਧਿਰ ਹੋ, ਫਿਰ ਬੋਲਦੇ ਕਾਹਤੋਂ ਨਹੀਂ। ਭਿੱਜੀ ਬਿੱਲੀ ਵਾਂਗ ਕੁੱਟ ਖਾਈ ਜਾਂਦੇ ਹੋ। ਇਹੀ ਹਾਲ ਦਰਸ਼ਨਾ ਮਾਸੀ ਦਾ ਸੀ, ਉਹ ਵੀ ਭਿੰਦੇ ਮਾਸੜ ਤੋਂ ਐਵੇਂ ਹੀ ਕੁੱਟ ਖਾਈ ਜਾਂਦੀ ਸੀ। ਇਹੋ ਜਿਹੇ ਹਾਲਾਤਾਂ ਨੇ ਬਲਜੀਤ ਨੂੰ ਅਬਲਾ ਨਹੀਂ, ਸਗੋਂ ਸਬਲਾ ਬਣਾ 'ਤਾ। ਨਾਵਲ ਵਧੀਆ ਹੈ। ਪਰਿਵਾਰ 'ਚ ਪੜ੍ਹਨਯੋਗ ਹੈ। ਸਿੱਖਿਆਦਾਇਕ ਹੈ। ਨਾਵਲਕਾਰ ਨੂੰ ਲੱਖ ਮੁਬਾਰਕ।