ਆਓ ਮੈਂ ਤੁਹਾਨੂੰ
ਆਪਣੀ ਕਵਿਤਾ ਦੇ
ਅੰਗ ਸੰਗ ਤੋਰਾਂ
ਖੁਸ਼ਫਹਿਮੀਆਂ 'ਚ ਘਿਰੇ
ਆਪਣੇ ਸਰੋਤਿਆਂ ਦੇ
ਜਜ਼ਬਿਆਂ ਨੂੰ
ਕੁੱਝ ਕੁ ਤਾਂ ਠੋਰਾਂ।
ਪਰ ਕਵਿਤਾ ਕਹਿਣ ਤੋਂ
ਪਹਿਲਾਂ ਹੀ
ਮੇਰੇ ਜ਼ਿਹਨ 'ਚ
ਉਤਰ ਆਈ ਹੈ
'ਜਾਗੋ ਪੰਜਾਬ ਯਾਤਰਾ'
ਜੋ ਹੱਕ ਅਤੇ ਸੱਚ ਦੀ
ਬਾਤ ਪਾਉਂਦੀ ਹੈ
ਤੇ ਹਰ ਜਣੇ ਖਣੇ ਦਾ
ਸਾਥ ਚਾਹੁੰਦੀ ਹੈ।
ਪਰ ਮੇਰੀ ਕਵਿਤਾ ਹੈਰਾਨ ਹੈ
ਤੇ ਖ਼ਲਕਤ ਪਸ਼ੇਮਾਨ
ਕਿ ਕੀ ਪੰਜਾਬ
ਸੱਚ ਮੁੱਚ ਹੀ ਸੁੱਤਾ ਪਿਆ ਹੈ
ਜਾਂ ਲੀਡਰਾਂ ਨੇ
ਰਵਾਇਤੀ ਭਾਸ਼ਣ ਦੇਕੇ
ਐਵੇਂ ਮਿੱਚੀ ਹੀ ਕਿਹਾ ਹੈ।
ਵੇਖੋ
ਆਜ਼ਾਦੀ ਦੇ ਐਨੇ
ਵਰ੍ਹਿਆਂ ਬਾਅਦ ਵੀ
ਲੀਡਰ ਸਬਜ਼ਬਾਗ
ਦਿਖਾ ਰਹੇ ਨੇ
ਤੇ ਭੋਲੇ ਭਾਲੇ ਵੋਟਰਾਂ ਦੀ
ਖਿੱਲੀ ਉਡਾ ਰਹੇ ਨੇ।
ਦਰਅਸਲ ਮੇਰੀ ਕਵਿਤਾ ਨੂੰ
ਇਲਮ ਹੈ ਕਿ ਪੰਜਾਬ
ਜਾਗਦਾ ਹੋਇਆ ਵੀ ਊਂਘਦਾ ਹੈ
ਸਿਰ 'ਤੇ ਢੁੱਕੀਆਂ ਚੋਣਾਂ ਵੇਲੇ ਵੀ
ਨਹੀਂ ਜਾਗਦਾ ਪਿਆਰਾ ਪੰਜਾਬ
ਫਿਰ ਭਲਾ ਕੀ ਬਣੇਗਾ ਜਨਾਬ
ਆਪੇ ਹੀ ਲਾ ਲੈਣਾ ਹਿਸਾਬ।
ਮੇਰੀ ਕਵਿਤਾ ਸਮਝਦੀ ਹੈ
ਕਿ ਚੋਣਾਂ ਮੌਕੇ ਕਾਵਿਕ ਤਕਰੀਰਾਂ
ਅਤੇ ਚੋਣ ਮਨੋਰਥ ਪੱਤਰਾਂ ਦੀਆਂ
ਲੱਛੇਦਾਰ ਤਹਿਰੀਰਾਂ
ਕਿਵੇਂ ਕ ਦੂਜੇ ਥੀਂ
ਵਧ ਚੜਕੇ ਜਚਦੀਆਂ ਨੇ
ਅਤੇ ਬਹੁਤ ਹੀ ਖ਼ੂਬਸੂਰਤ
ਤਦਬੀਰਾਂ ਦਸਦੀਆਂ ਨੇ।
ਸਭ ਕੁਝ ਸਮਝਦੀ ਹੋਈ ਵੀ
ਸਭ ਕੁੱਝ ਜਰੀ ਜਾਂਦੀ ਹੈ ਮੇਰੀ ਕਵਿਤਾ
ਪਰ ਆਪਣੇ ਹੀ ਪਾਠਕਾਂ ਤੋਂ
ਡਰੀ ਜਾਂਦੀ ਹੈ ਮੇਰੀ ਕਵਿਤਾ।
ਇਹ ਤਕਰੀਰਾਂ, ਤੀਹਰੀਰਾਂ ਅਤੇ ਤਦਬੀਰਾਂ
ਮੇਰੀ ਕਵਿਤਾ ਨੂੰ
ਬੜੀ ਹੁਸ਼ਿਆਰੀ ਨਾਲ ਛਲਦੀਆਂ ਨੇ
ਤੇ ਇਕਣ ਮੇਰੇ ਊਂਘਦੇ ਪੰਜਾਬ 'ਚ
ਵਧਦੀਆਂ, ਫੁਲਦੀਆਂ ਅਤੇ ਫਲਦੀਆਂ ਨੇ।
ਅਫ਼ਸੋਸ
ਮੁੜ ਖਸ਼ਫਹਿਮੀ ਦਾ
ਸ਼ਿਕਾਰ ਹੋ ਜਾਂਦੀ ਹੈ ਮੇਰੀ ਕਵਿਤਾ
ਜਿਵੇਂ ਦੁੱਧ ਚੁੰਘਦਾ ਬਾਲ
ਦੁੱਧ ਚੁੰਘਣੀ ਨੂੰ ਹੀ ਸਮਝ ਬਹਿੰਦਾ ਹੈ
ਆਪਣੀ ਮਾਂ ਦਾ ਹੀ ਇਕ ਅੰਗ
ਜੋ ਉਸਦੇ ਮਸਨੁਈ ਸੁਪਨਿਆਂ 'ਚ
ਭਰ ਜਾਂਦੀ ਹੈ ਸੱਭੇ ਰੰਗ।
ਆਓ ਸਰੋਤਿਓ ਮੈਂ ਤੁਹਾਂਨੂੰ
ਆਪਣੀ ਕਵਿਤਾ ਦੇ ਅੰਗ ਸੰਗ ਤੋਰਾਂ
ਜੋ ਜਾਣਦੀ ਹੈ ਕਿ ਕਾਵਿਕ ਅਤੇ
ਦਮਦਾਰ ਤਕਰੀਰ
ਤੁਹਾਡੀ ਤਕਦੀਰ ਨਹੀਂ ਬਦਲ ਸਕਦੀ
ਚਾਹੇ ਉਹ ਕਿਸੇ ਵੀ ਪਿਓ, ਪੁੱਤਰ
ਜਾਂ ਭਤੀਜੇ ਦੀ ਕਿਓਂ ਨਾ ਹੋਵੇ।
ਜੇ ਤਕਰੀਰਾਂ, ਤਕਦੀਰਾਂ ਬਦਲਣ ਦੀ
ਸਮਰੱਥਾ ਰਖਦੀਆਂ
ਤਾਂ ਤਦਬੀਰਾਂ ਦੀ ਲੋੜ ਨਾ ਭਾਸਦੀ
'ਤੇ ਮੇਰੀ ਕਵਿਤਾ
ਤੁਹਾਂਨੂੰ ਨਵੇਂ ਯੁੱਧ ਤਿਆਰ ਰਹਿਣ ਲਈ
ਕਦੀ ਨਾਂ ਆਖਦੀ।
ਆਓ
ਹੁਣ ਫਿਰ ਕੋਈ ਨਵੀਂ ਤਦਬੀਰ ਘੜੀ ੇ
ਆਂਓ ਮੁੜ ਸਿਰ ਤੇ ਛਾ ਰਹੇ
ਨੇਰ੍ਹਿਆਂ ਸੰਗ ਲੜੀ ੇ।
ਪਰ ਅਸੀਂ ਧਰਤੀ ਦੇ ਪੁੱਤਰ
ਪਤਾ ਨੀ ਕਿਸ ਮਿੱਟੀ ਦੇ ਬਣੇ ਹਾਂ
ਜੋ ਅਮਲਾਂ ਨੂੰ ਨਹੀਂ
ਤਕਰੀਰਾਂ ਨੂੰ ਤਰਜ਼ੀਹ ਦਿੰਦੇ ਹਾਂ
ਜਾਂ ਲੋਕਾਂ ਤੇ ਮੜ੍ਹੇ ਟੈਕਸਾਂ ਦੀ
ਪੂੰਜੀ ਨਾਲ ਅਖ਼ਬਾਰਾਂ 'ਚ ਛਪੀਆਂ ਲੀਡਰਾਂ
ਦੀਆਂ ਤਸਵੀਰਾਂ ਨੂੰ ਲੋਕ ਨਾ ਿਕਾਂ ਜਿਹੀ
ਤਸ਼ਬੀਹ ਦਿੰਦੇ ਹਾਂ।
ਇਹੀ ਸਾਡੇ ਲੋਕਾਂ ਦੇ ਮੰਦਭਾਗੇ ਦਿਨ ਹਨ
ਕਿ ਅਸੀਂ ਦਹਾਕਿਆਂ ਦੇ ਭੋਗੇ
ਸੰਤਾਪ ਨੂੰ ਭੁੱਲ ਜਾਂਦੇ ਹਾਂ ਅਤੇ
ਹਰ ਵਾਰ ਕੱਖਾਂ ਵਾਂਗੂੰ ਰੁਲ ਜਾਂਦੇ ਹਾਂ।
ਮੇਰੇ ਲੌਕੋ
ਆਪਣੇ ਹੋਣੀਆਂ ਭਰੇ ਦਿਨਾਂ ਵੱਲ ਵੇਖੋ
ਇਸ ਵੋਟ ਪਰਚੀ ਦੀ ਸ਼ਕਤੀ ਨੇ
ਮਹਾਰਾਜਿਆਂ ਘਰ ਰਾਜ ਕੁਮਾਰ ਜੰਮਣੇ
ਬੰਦ ਕੀਤੇ ਸਨ
ਪਰ ਅਫ਼ਸੋਸ ਵੋਟ ਪਰਚੀ ਦੀ ਹੀ ਸ਼ਕਤੀ ਨੇ
ਇਹ ਰਵਾਇਤ ਮੁੜ ਸੁਰਜੀਤ ਕਰ ਦਿੱਤੀ
ਜਿਸ ਸਾਰੀ ਰਾਜਨੀਤੀ ਪਲੀਤ ਕਰ ਦਿੱਤੀ।
ਪਿਆਰ ਸਰੋਤਿਓ
ਹੈਰਾਨ ਤੇ ਪਸ਼ੇਮਾਨ ਖੜੀ ਹੈ ਮੇਰੀ ਕਵਿਤਾ
ਜੋ ਫ਼ਿਕਰਮੰਦ ਹੈ ਕਿ ਵੋਟ ਪਰਚੀ ਤੇ ਨੋਟ ਸ਼ਕਤੀ ਨੇ
ਪਰਿਵਾਦ ਨੂੰ ਦੀ ਪ੍ਰਭੂਸੱਤਾ ਫ਼ਿਰ ਲੋਟ ਕਰ ਦਿੱਤੀ
ਤੇ ਜਮਹੂਰੀਅਤ 'ਚ ਮੁੜ ਖੋਟ ਭਰ ਦਿੱਤੀ।
ਆਓ ਸਰੋਤਿਓ ਮੈਂ
ਤੁਹਾਨੂੰ ਆਪਣੀ ਕਵਿਤਾ ਦੇ ਅੰਗ ਸੰਗ ਤੋਰਾਂ
ਆਪਣੇ ਦੀ ਗੈਰਤ ਨੂੰ ਕੁੱਝ ਤਾਂ ਝੰਜੋੜਾਂ
Îਮੇਰੀ ਕਵਿਤਾ ਮੈਨੂੰ ਹੀ ਆਖਦੀ ਹੈ
ਕਿ ਵੋਟ ਪਰਚੀ ਅਤੇ ਨੋਟ ਸ਼ਕਤੀ
ਆਪਣੇ ਮੇਚ ਨੀ ਆ ਸਕਦੀ
ਬਦਲ ਵਜੋਂ ਕੋਈ ਇਨਕਲਾਬੀ ਤਦਬੀਰ ਹੀ
ਸਾਨੂੰ ਹੈ ਭਾਹ ਸਕਦੀ।
ਅਸਲ 'ਚ ਹੁਣ ਮੈਂ ਤੁਹਾਨੂੰ
ਆਪਣੀ ਕਵਿਤਾ ਸੁਣਾਉਣ ਲੱਗਿਆ ਹਾਂ
ਤੇ ਓਹੀ ਮਿਸਰਾ ਦੁਹਰਾਓਣ ਲੱਗਿਆਂ ਹਾਂ
ਕਿ ਹੇ ਊਂਘਦੇ ਪੰਜਾਬ ਜਾਗ
ਲੋਟੂਆਂ ਦੇ ਸੁਣ ਨਾ ਰਾਗ
ਊਂਘਦੇ ਪੰਜਾਬ ਜਾਗ
ਜਾਗ ਕੇਰਾਂ ਜਾਗ
ਤਾਂਹੀ ਤਾਰੇ ਜਗਣੇ ਨੇ ਭਾਗ
ਤਾਂਹੀਂ ਤੇਰੇ ਜਗਣੇ ਨੇ ਭਾਗ।