ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ
(ਲੇਖ )
ਖੁਸ਼ੀ ਬਜ਼ਾਰੋਂ ਮੁੱਲ ਨਹੀ ਮਿਲਦੀ ਬਜ਼ਾਰ ਵਿੱਚੋਂ ਤਾਂ ਖਾਣ ਪੀਣ ਜਾਂ ਐਸ਼ੋ ਅਰਾਮ ਦਾ ਸਮਾਨ ਮਿਲਦਾ ਹੈ।ਜੋ ਕਿ ਨਾਸ਼ਵਾਨ ਹੈ ਜਦਕਿ ਖੁਸ਼ੀ ਤਾਂ ਦਿਲ ਦਾ ਸਦੀਵੀ ਹਿੱਸਾ ਹੈ।ਇਸ ਲਈ ਆਪਣੀ ਖੁਸ਼ੀ ਦੀ ਭਾਲ ਆਪਣੇ ਅੰਦਰੋਂ ਕਰੋ ਬਾਹਰੀ ਹਰ ਚੀਜ਼ ਅਸਥਾਈ ਹੈ।ਸਥਾਈ ਤਾਂ ਹੈ ਆਪਣੇ ਆਪ ਦੀ ਪਹਿਚਾਨ ਕਰਨੀ ਆਪਣੀਆ ਖੁਸ਼ੀਆ ਨੂੰ ਆਪਣੇ ਨਾਲ ਸਾਂਝਾ ਕਰਨਾ ਹੈ।ਅਸੀਂ ਹਮੇਸ਼ਾ ਬਾਹਰ ਵੱਲ ਭਟਕਦੇ ਰਹਿੰਦੇ ਹਾਂ।ਉਹ ਕੀ ਕਰਦਾ ਹੈ।ਉਹ ਕਿਵੇਂ ਬੋਲਦਾ ਹੈ।ਕਿੰਜ਼ ਦੇ ਕੱਪੜੇ ਪਾਉਂਦਾ।ਉਸ ਦੀ ਕਿਸ ਨਾਲ ਨਾਲ ਲੜਾਈ ਹੈ।ਕਿਸ ਨਾਲ ਉਸਦੀ ਬਣਦੀ ਹੈ।ਏਥੋਂ ਤੱਕ ਕਿ ਅਸੀ ਦੂਜਿਆ ਦਾ ਇਹ ਵੀ ਧਿਆਨ ਰੱਖਦੇ ਹਾਂ ਕਿ ਉਹ ਕਦੋਂ ਘਰੋਂ ਨਿਕਲਦਾ ਹੈ ਕਦੋਂ ਘਰ ਆਉਂਦਾ ਹੈ।ਅਜਿਹੇ ਵਿਅਰਥ ਕੰਮਾਂ ਵਿੱਚ ਵਿਅਰਥ ਸੋਚ ਵਿੱਚ ਆਪਣੀ ਊਰਜਾ ਖਤਮ ਕਰਦੇ ਰਹਿੰਦੇ ਹਾਂ।ਇਹੀ ਜੇ ਅਸੀਂ ਆਪਣੇ ਆਪ ਬਾਰੇ ਸੋਚੀਏ ਆਪਣਾ ਧਿਆਨ ਰੱੱਖੀਏ ਤਾਂ ਸਦਾ ਮਨ ਪ੍ਰਸੰਨ ਰਹੇ।
ਕੁਦਰਤ ਦੇ ਨਜ਼ਾਰਿਆ ਵੱਲ ਵੇਖੀਏ ਅਜਿਹੇ ਅਨੇਕਾਂ ਦ੍ਰਿਸ਼ ਹਨ ਹੋਰ ਵੀ ਨਿੱਕੇ ਨਿੱਕੇ ਵਰਤਾਰੇ ਹਨ ਜੋ ਸਾਨੂੰ ਵੱਡੀ ਖੁਸ਼ੀ ਪ੍ਰਦਾਨ ਕਰਦੇ ਹਨ।ਬੱਚਿਆਂ ਦੀ ਮੁਸਕਾਨ ਅਤੇ ਉਹਨਾਂ ਦੀ ਭੋਲੀਆ ਭੋਲੀਆ ਗੱਲਾਂ ਚ ਅਥਾਹ ਖੁਸ਼ੀ ਹੈ।ਉੱਡਦੇ ਪੰਛੀ, ਮਹਿਕਦੇ ਫੁੱਲ ਨੀਲੇ ਅੰਬਰ ਵਿੱਚ ਅਵਾਰਾ ਫਿਰਦੇ ਚਿੱਟੇ ਰੂੰ ਵਰਗੇ ਬੱਦਲ ,ਤੜਕਸਾਰ ਨਿਕਲਦੇ ਸੂਰਜ ਦੀ ਲਾਲੀ,ਅਸਮਾਨ ਤੇ ਟਿਮਟਿਮਾਉਂਦੇ ਤਾਰੇ ਸਭ ਅਜਿਹੇ ਕੁਦਰਤ ਦੇ ਨਜ਼ਾਰੇ ਹਨ ਜੋ ਬਿਨਾਂ੍ਹ ਮੁੱਲ ਤੋਂ ਅੱਖਾਂ ਨੂੰ ਸਕੂਨ ਤੇ ਮਨ ਨੂੰ ਸ਼ਾਤੀ ਪ੍ਰਦਾਨ ਕਰਦੇ ਹਨ ਜਿਸ ਨਾਲ ਰੂਹ ਤੱਕ ਖੁਸ਼ ਹੋ ਜ਼ਾਦੀ ਹੈ।ਕੁਦਰਤੀ ਨਜ਼ਾਰਿਆ ਦਾ ਅੰਨਦ ਲੈਣ ਲਈ ਕੋਈ ਖੇਚਲ ਨਹੀ ਕਰਨੀ ਪੈਂਦੀ ਕੁਦਰਤ ਦਾ ਵਿਸ਼ਾਲ ਖੇਤਰ ਸਾਡੇ ਆਸੇ ਪਾਸੇ ਹੀ ਫੈਲਿਆ ਹੋਇਆ ਹੈ ਬੱਸ ਨਜ਼ਰ ਚੁੱਕ ਕੇ ਵੇਖਣ ਦੀ ਲੋੜ ਹੈ ਇਸ ਲਈ ਕਿਸੇ ਖਾਸ ਥਾਂ ਜਾਂ ਪ੍ਰਸਿੱਧ ਸਥਾਨ ਤੇ ਵੀ ਜਾਣ ਦੀ ਲੋੜ ਨਹੀ ਹੈ।
ਰੁੱਖਾਂ ਦੀ ਹਰਿਆਲੀ ,ਗਮਲਿਆ ਵਿੱਚ ਲੱਗੇ ਫੁੱਲ ਤਾਂ ਆਪ ਤੁਰੇ ਜ਼ਾਦੇ ਰਾਹੀ ਨੂੰ ਖਿਚਦੇ ਹਨ ਕਿ ਆ ਸਾਡੇ ਕੋਲ ਦੋ ਪਲ ਬਹਿ ਜਾ ਪਰ ਅਸੀ ਆਪਣੇ ਨਿੱਤ ਦੇ ਕੰਮਕਾਰ ਤੇ ਉਲਝਣਾ ਵਿੱਚ ਹੀ ਏਨੇ ਫਸੇ ਬੈਠੇ ਹਾਂ ਕਿ ਇਸ ਪਾਸੇ ਕਦੇ ਧਿਆਨ ਹੀ ਨਹੀ ਕੀਤਾ।ਜਦਕਿ ਇਹਨਾਂ ਦੀ ਸੁੰਦਰਤਾ ਹੀ ਖੁਸ਼ੀ ਦਾ ਸੋਮਾ ਹੈ।ਅਜਿਹੇ ਸੋਮਿਆ ਦੀ ਪਹਿਚਾਨ ਕਰੋ ।ਆਪਣੇ ਸੰਗੀ ਸਾਥੀਆ ਨਾਲ ਪਰਿਵਾਰ ਨਾਲ ਮੋਹ ਪਾਓ।ਉਹਨਾਂ ਦੀ ਮਦਦ ਉਹਨਾਂ ਨਾਲ ਸਹਿਯੋਗ ਹੀ ਜੀਵਨ ਨੂੰ ਤੱਸਲੀ ਪ੍ਰਦਾਨ ਕਰਦਾ ਹੈ।ਤੁਹਾਡਾ ਵਿਵਹਾਰ ਹੀ ਤੁਹਾਡੇ ਮੇਲ ਜੋਲ ਨੁੰ ਹੋਰ ਵੱਡਾ ਤੇ ਮਜ਼ਬੂਤ ਕਰ ਸਕਦਾ ਹੈ।ਇਹ ਟੀ:ਵੀ ,ਕੰਮਪਊਟਿਰ ਅਤੇ ਇੰਨਟਰ ਨੈਟ ਦੀ ਦੁਨੀਆ ਝੂਠੀ ਹੈ।ਫੇਸਬੁੱਕ ਤੇ ਸੈਂਕੜੇ ਦੋਸਤਾ ਨਾਲੋ ਆਪਣੇ ਕੋਲ ਰਹਿੰਦੇ ਦੋ ਦੋਸਤ ਹੀ ਚੰਗੇ ਹਨ।
ਅਸੀਂ ਆਪਣੇ ਨੇੜਲੇ ਸਾਥੀਆ ਨਾਲ ਪਰਿਵਾਰ ਨਾਲ ਬਿਨਾਂ ਵਜਾ੍ਹ ਭਰਮ ਪਾਲ ਲੈਂਦੇ ਹਾਂ।ਆਪਣੇ ਸੁਬਾaੇ ਨੂੰ ਦੂਜਿਆ ਨਾਲ ਮੇਲ ਕੇ ਉਹਨਾਂ ਵਿੱਚ ਮੀਨ ਮੇਖ ਕੱਢਣ ਲੱਗ ਪੈਂਦੇ ਹਾਂ।ਇਹ ਦੁਨੀਆ ਨਾ ਤੁਸਾਂ ਬਣਾਈ ਨਾ ਤੁਹਾਡੇ ਕਿਸੇ ਸਾਥੀ ਨੇ ਇਹ ਸਭ ਕੁਦਰਤੀ ਵਰਤਾਰਾ ਹੈ।ਸਭ ਦਾ ਆਪੋ ਆਪਣਾ ਸੁਭਾਅ ਆਪੋ ਆਪਣੀ ਸੋਚ ਹੈ।ਸਥਾਈ ਸ਼ਾਤੀ ਅਤੇ ਸਕੂਨ ਇਸ ਵਿੱਚ ਹੀ ਹੈ ਜੋ ਜਿਵੇਂ ਹੈ ਉਸ ਨੂੰ ਉਸੇ ਤਰਾਂ੍ਹ ਸਵੀਕਾਰ ਕੀਤਾ ਜਾਵੇ।ਇਸ ਨਾਲ ਹੀ ਤੁਸੀ ਖੁਸ਼ੀ ਹਾਸਿਲ ਕਰ ਸਕਦੇ ਹੋ।ਆਪਣੇ ਕੰਮ ਵੱਲ ਧਿਆਨ ਤੇ ਉਸ ਪ੍ਰਤੀ ਸਮਰਪਣ ਹੀ ਤਹਾਨੂੰ ਇਸ ਯੋਗ ਬਣਾ ਦੇਵੇਗਾ ਕਿ ਤੁਸੀ ਹਰ ਕੰਮ ਵਿੱਚ ਸਫਲਤਾ ਹਾਸਿਲ ਕਰ ਸਕਦੇ ਹੋ ਅਤੇ ਸਫਲਤਾ ਦੀ ਪਗਡੰਡੀ ਉੱਪਰ ਚੱਲ ਕੇ ਹੀ ਪ੍ਰਸੰਨਤਾ,ਮੁਸਕਰਾਹਟ ਤੇ ਖਿਲਖਿਲਉਂਦੀ ਦੁਨੀਆ ਵਿੱਚ ਪ੍ਰਵੇਸ ਕੀਤਾ ਜਾਦਾ ਹੈ।
..ਇਸ ਲਈ ਦੋਸਤੋ ਅੱਜ ਤੋਂ ਜੀਵਨ ਵਿੱਚ ਜੋ ਵੀ ਵਹਿਮ ਭਰਮ ਹਨ ਕੱਢ ਦਿਓ।ਹਰ ਦਮ ਹੱਸਦੇ ਹਸਾਉਂਦੇ ਰਹੋ।ਕਿਉਕਿ ਹੱਸ ਕੇ ਕੀਤਾ ਕੰਮ ਹੀ ਸਾਰਥਕ ਹੁੰਦਾ ਹੈ।ਰੋਂਦੇ ਕਰਲਾਉਂਦੇ ਕੀਤਾ ਕੰਮ ਕਦੇ ਵੀ ਸਫਲ ਨਹੀ ਹੁੰਦਾ ਪੰਜਾਬੀ ਵਿੱਚ ਕਹਾਵਤ ਹੈ ਕਿ ਰੋਂਦੇ ਹੋਏ ਜਾਓ ਤੇ ਮਰਿਆ ਦੀ ਖਬਰ ਲਿਆਓ ਇਹ ਇਸ ਲਈ ਹੀ ਬਣੀ ਹੈ ਕਿ ਜੇ ਮਨ ਵਿੱਚ ਪਹਿਲਾਂ ਹੀ ਵਹਿਮ ਭਰਮ ਭਰੇ ਹੋਏ ਹਨ ਤਾਂ ਸਫਲ ਹੋਣ ਵਿੱਚ ਵੀ ਸੰਦੇਹ ਰਹਿੰਦਾ ਹੈ।ਔਰਤ ਨੂੰ ਘਰ ਪਰਿਵਾਰ ਸੰਭਾਲਣ ਦੀ ਕੁਦਰਤੀ ਹੀ ਬਖਸ਼ਿਸ਼ ਹੈ।ਔਰਤ ਹੀ ਘਰ ਨੂੰ ਸਵਰਗ ਜਾਂ ਨਰਕ ਬਣਾ ਸਕਦੀ ਹੈ।ਔਰਤ ਖੁਸ਼ ਹੈ ਤਾਂ ਸਾਰਾ ਪਰਿਵਾਰ ਖੁਸ਼ ਅਤੇ ਜੇ ਕਹਿੰਦੇ ਨੇ ਔਰਤ ਸੁਚੱਜੀ ਹੈ ਤਾਂ ਘਰ ਦਾ ਕੋਨਾ ਕੋਨਾ ਇਸ ਦੀ ਗਵਾਹੀ ਦਿੰਦਾ ਹੈ।ਇਹੀ ਘਰ ਦੀ ਜਨਾਨੀ ਹਰ ਕੰਮ ਖਿਝਕੇ ਰੋਂਦੇ ਕਲਪਦੇ ਕਰਦੀ ਹੈ ਤਾਂ ਉਸ ਦਾ ਹਰ ਕੰਮ ਉਲਝਿਆ ਤੇ ਵਿਗੜਿਆ ਹੀ ਨਜ਼ਰ ਆਵੇਗਾ ਤੇ ਉਹੀ ਅਸਰ ਘਰ ਦੀ ਹਰ ਚੀਜ਼ ਵਿੱਚ ਵੀ ਦਿਖਾਈ ਦਿੰਦਾ ਹੈ।ਜੇ ਔਰਤ ਖਾਣਾ ਪਿਆਰ ਨਾਲ ਬਣਾਏਗੀ ਤਾਂ ਉਹ ਸਵਾਦ ਵੀ ਹੋਵੇਗਾ ਹੀ ਜੇ ਉਹ ਰਸੋਈ ਦੇ ਕੰਮ ਨੂੰ ਵੀ ਭਾਰ ਸਮਝਦੀ ਹੈ ਤਾਂ ਲੱਖ ਮਸਾਲੇ ਪਾ ਲਵੇ ਕਦੇ ਵੀ ਖਾਣਾ ਸਵਾਦ ਨਹੀ ਹੋਵੇਗਾ ਇਸ ਨਾਲ ਨਾ ਉਸ ਨੂੰ ਖੁਸ਼ੀ ਨਾ ਖਾਣ ਵਾਲੇ ਨੂੰ ਖੁਸ਼ੀ ਏਸ ਲਈ ਜੇ ਅਸੀ ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਾਂਗਾ ਤਾ ਹਰ ਪਾਸੇ ਤੋਂ ਸ਼ਾਬਾਸ਼ੀ ਮਿਲੇਗੀ ਜਿਸ ਨਾਲ ਮਨ ਹੀ ਨਹੀ ਰੂਹ ਵੀ ਪ੍ਰਸੰਨ ਹੋ ਜਾਦੀ ਹੈ।
ਕੰਮ ਵਿੱਚ ਸੁੱਚਜਤਾ ਤਾਂ ਹੀ ਆ ਸਕਦੀ ਹੈ ਚਾਹੇ ਉਹ ਸਧਾਰਨ ਘਰ ਦੀ ਔਰਤ ਹੈ ਜਾਂ ਕੋਈ ਦੁਕਾਨਦਾਰ ਹੈ ਨੌਕਰੀ ਪੇਸ਼ਾ ਹੈ ਉਹ ਆਪਣੇ ਕੰਮ ਨੂੰ ਇਸ ਤਰਾਂ੍ਹ ਕਰੇ ਕਿ ਮੈਂ ਅਜੇ ਹੋਰ ਸਿਖੱਣਾ ਹੈ ਅਤੇ ਆਪਣੇ ਕੰਮ ਵਿੱਚ ਹੋਰ ਮੁਹਾਰਤ ਹਾਸਿਲ ਕਰਨੀ ਹੈ।ਇਸ ਨਾਲ ਕੰਮ ਵਿੱਚ ਰੁਝਾਨ ਬਣਿਆ ਰਹਿੰਦਾ ਹੈ ਤੇ ਕੰਮ ਵਿੱਚੋ ਸਾਫ ਸਫਾਈ ਝਲਕਦੀ ਹੈ।ਜਿਸ ਨਾਲ ਸੰਜਮ ਵੀ ਆਉਦਾ ਹੈ ਤੇ ਕੰਮ ਕਰਨ ਵਿੱਚ ਖੁਸ਼ੀ ਵੀ ਮਿਲਦੀ ਹੈ।ਬੱਸ ਲੋੜ ਹੈ ਨਜ਼ਰੀਆ ਬਦਲਣ ਦੀ ਹੀ ਹੈ।ਸੰਗ੍ਰਹਿ ਕਰਨ ਦੀ ਨਹੀ ਸਗੋਂ ਵੰਡਣ ਦੀ ਆਦਤ ਪਾਈਏ ।ਇਸ ਨਿੱਕੇ ਜਿਹੇ ਨੁਕਤੇ ਨਾਲ ਹੀ ਤੁਸੀ ਸਗੋਂ ਦੁਨੀਆ ਦੀ ਅਜਿਹੀ ਦੌਲਤ ਇੱਕਠੀ ਕਰ ਲਵੋਗੇ ਜਿਸ ਦਾ ਨਾਮ ਹੈ ਖੁਸ਼ੀ ਕਿਉਂਕਿ ਇਸ ਤੋਂ ਵੱਡਾ ਹੋਰ ਕੋਈ ਗਹਿਣਾ ਨਹੀ।ਜਿਵੇ ਕਿ ਕਹਿੰਦੇ ਨੇ ਕਿ "ਨਾ ਕਰ ਮਾਣ ਰੁਪਈਆ ਦਾ..ਨੋਟਾਂ ਦੀਆਂ ਜੁੜੀਆਂ ਥਹੀਆਂ ਦਾ,,,
"ਮੈਂ ਵੇਖੇ ਮੰਦੜੇ ਹਾਲ ਨੇ ਬੜੇ ਅਮੀਰਾਂ ਦੇ ਸੱਜਣਾਂ….ਸੁਖ ਪੈਸੇ ਨਾਲ ਨੀ ਮਿਲਦੇ..ਸੁੱਖ ਤਕਦੀਰਾਂ ਦੇ ਸੱਜਣਾ…