ਕੈਲਗਰੀ : ਅਰਪਨ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮੀਟਿੰਗ ੮ ਦਸੰਬਰ ੨੦੧੨ ਨੂੰ ਕੋਸੋ ਦੇ ਹਾਲ ਵਿੱਚ ਹੋਈ। ਡਾ. ਹਰਭਜਨ ਸਿੰਘ ਢਿੱਲੋਂ ਨੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਹ, ਸਰੂਪ ਸਿੰਘ ਮੰਡੇਰ ਅਤੇ aਹਨਾਂ ਦੀ ਜੀਵਨ ਸਾਥਣ ਬੀਬੀ ਅਮੀਰ ਕੌਰ ਮੰਡੇਰ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਬੇਨਤੀ ਕੀਤੀ।ਆਏ ਹੋਏ ਮੈਬਰਾਂ, ਸਰੋਤਿਆਂ ਨੂੰ ਜੀ ਆਇਆ ਕਿਹਾ। ਇਸ ਤੋਂ ਬਾਅਦ ਸਟੇਜ ਦੀ ਕਾਰਵਾਈ ਚਲਾਉਣ ਲਈ ਕੇਸਰ ਸਿੰਘ ਨੀਰ ਨੂੰ ਸੱਦਾ ਦਿੱਤਾ।
ਕੇਸਰ ਸਿੰਘ ਨੀਰ ਹੋਰਾਂ ਨੇ ਸਟੇਜ ਸੰਭਾਲਦਿਆਂ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ਅਤੇ ਕੁਝ ਦੁੱਖ ਭਰੀਆਂ ਖ਼ਬਰਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।ਸਭਾ ਦੇ ਜਨਰਲ ਸਕੱਤਰ ਇਕਬਾਲ ਖ਼ਾਨ ਦੇ ਸਤਿਕਾਰਯੋਗ ਪਿਤਾ ਕਾ. ਅਜੀਤ ਸਿੰਘ ਜੋ ਕਿ ੭ ਦਸੰਬਰ ੨੦੧੨ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਦੀ ਖ਼ਬਰ ਸਾਂਝੀ ਕੀਤੀ।ਉਸ ਤੋਂ ਬਾਅਦ ਆਮ ਲੋਕ ਸਰੋਕਾਰਾ ਦੇ ਚਿੰਤਕ ਜਸਪਾਲ ਭੱਟੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਦੇ ਸਦੀਵੀ ਵਿਛੋੜੇ ਦੀ ਦੁਖ ਭਰੀ ਖ਼ਬਰ ਸਾਂਝੀ ਕੀਤੀ ਤੇ ਇੱਕ ਮਿੰਟ ਦਾ ਮੋਨ ਧਾਰ ਕੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਸਰਧਾਂਜਲੀ ਭੇਟ ਕੀਤੀ। aਹਨਾਂ ਆਖਿਆ ਕਿ ਅੱਜ ਦੀ ਮੀਟਿੰਗ ਵਿੱਚ ਕਵਿਤਾ ਤੇ ਗੀਤ ਸੰਗੀਤ ਨਹੀਂ ਹੋਵੇਗਾ ਅਸੀਂ ਵਿਛੜ ਗਈਆਂ ਸ਼ਖ਼ਸੀਅਤਾਂ ਬਾਰੇ ਹੀ ਗੱਲ ਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਸੱਜਨ ਮਿੱਤਰ ਅਫ਼ਸੋਸ ਲਈ ਇਕਬਾਲ ਖ਼ਾਨ ਦੇ ਘਰ ਜਾਣਾ ਚਾਹੁੰਦੇ ਹਨ।ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਸਰੂਪ ਸਿੰਘ ਮੰਡੇਰ ਦੀ ਨਵੀਂ ਕਿਤਾਬ ਰੀਲੀਜ਼ ਕੀਤੀ ਜਾਵੇਗੀ।
ਡਾ. ਹਰਭਜਨ ਸਿੰਘ ਢਿੱਲੋਂ ਨੇ ਜਸਪਾਲ ਭੱਟੀ ਨੂੰ ਯਾਦ ਕਰਦਿਆਂ ਆਖਿਆ ਕਿ ਉਹ ਕਿੱਤੇ ਤੋਂ ਇਲੈਕਟਰੀਕਲ ਇੰਜੀਨੀਅਰ ਸਨ ਪਰ ਜੋ ਪ੍ਰਸਿੱਧੀ ਉਨ੍ਹਾਂ ਨੂੰ ਮਿਲੀ ਉਹ ਇੱਕ ਸਫ਼ਲ ਵਿਅੰਗਕਾਰ ਦੇ ਤੌਰ ਤੇ ਮਿਲੀ। ਉਹਨਾਂ ਨੇ ਹਰ ਵਿਸ਼ੇ ਨੂੰ ਡਰਾਮਈ ਢੰਗ ਨਾਲ ਲੋਕਾਂ ਵਿੱਚ ਪੇਸ਼ ਕੀਤਾ, ਜੋ ਲੋਕਾਂ ਦੇ ਦਿਲਾ ਦੇ ਸਦੀਵੀ ਯਾਦ ਵਾਂਗ ਉਕਰੇ ਗਏ।ਉਹਨਾਂ ਨੇ ਜਸਪਾਲ ਭੱਟੀ ਦੀ ਇਸ ਖੂਬੀ ਦੀ ਗੱਲ ਵੀ ਕੀਤੀ ਕਿ aਹਨਾਂ ਦੇ ਵਿਅੰਗ ਕਿਸੇ ਦੇ ਹੱਕ ਜਾਂ ਕਿਸੇ ਦੇ ਵਿਰੋਧ ਵਿਚ ਨਹੀਂ ਸਨ ਪਰ ਵਿਅੰਗ ਆਪਣਾ ਜਾਦੂਮਈ ਅਸਰ ਲੋਕਾਂ ਤੇ ਜ਼ਰੂਰ ਛੱਡ ਜਾਂਦਾ। ਉਹਨਾਂ ਨੇ ਇੰਦਰ ਕੁਮਾਰ ਗੁਜ਼ਾਰਲ ਦੀ ਸ਼ਖ਼ਸੀਅਤ ਨੂੰ ਇੱਕ ਰਾਜਨੀਤਿਕ ਨਾਲੋਂ ਇੱਕ ਦਾਰਸ਼ਨਿਕ ਵਜੋਂ ਦੇਖਿਆ।ਢਿੱਲੋਂ ਨੇ ਗੁਜ਼ਰਾਲ ਦੀ ਇਮਾਨਦਾਰੀ ਅਤੇ ਉਸਾਰੂ ਸੋਚ ਬਾਰੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਗੁਜ਼ਰਾਲ ਦੇ ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ ਨਾਲ ਸੰਬੰਧਾਂ ਬਾਰੇ ਗੱਲ ਬਾਤ ਸਾਂਝੀ ਕੀਤੀ। ਉਹਨਾਂ ਨੇ ਕਾ. ਅਜੀਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਰ ਪੱਧਰ ਤੇ ਇਨਸਾਨ ਨਾਲ ਹੋ ਰਹੀ ਬੇਇਨਸਾਫ਼ੀ ਦੇ ਖ਼ਿਲਾਫ਼ ਅਖ਼ਰੀ ਸੁਆਸਾਂ ਤੱਕ ਅਵਾਜ਼ ਬੁਲੰਦ ਕਰਦੇ ਰਹੇ ਹਨ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਬਾਅਦ ਮਾ. ਭਜਨ ਗਿੱਲ, ਕਾ. ਜਗਦੀਸ਼ ਸਿੰਘ ਚੋਹਕਾ ਅਤੇ ਮਾ. ਗੁਰਦੇਵ ਸਿੰਘ ਪੂਨੀ ਜੋ ਕਾ. ਅਜੀਤ ਸਿੰਘ ਦੇ ਪੁਰਾਣੇ ਸਾਥੀ ਰਹੇ ਹਨ ਉਹਨਾਂ ਨੇ ਕਾ. ਅਜੀਤ ਸਿੰਘ ਦੇ ਜੀਵਨ ਸੰਘਰਸ਼, ਲੋਕਾਂ ਦੇ ਹੱਕਾਂ ਲਈ ਖੜਨ, ਲੜਨ ਅਤੇ ਉਹਨਾਂ ਦੇ ਜੇਲ੍ਹ ਯਾਤਰਾ ਕਰਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਹਨਾਂ ਨੇ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਇੱਕ ਚੇਤਨ ਤੇ ਨਿਡਰ ਸਿਪਾਹੀ ਦੇ ਖੁਸ ਜਾਣ ਨਾਲ ਪੰਜਾਬੀ ਭਾਈਚਾਰੇ ਨੂੰ ਪਏ ਘਾਟੇ ਬਾਰੇ ਗੱਲ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ।ਕੇਸਰ ਸਿੰਘ ਨੀਰ ਅਤੇ ਸਤਨਾਮ ਸਿੰਘ ਢਾਅ ਨੇ ਇਨ੍ਹਾ ਵਿਛੜੀਆਂ ਰੂਹਾਂ ਦੇ ਸਦੀਵੀ ਵਿਛੋੜੇ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾ ਸ਼ਖ਼ਸੀਅਤਾਂ ਦੇ ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।aਹਨਾਂ ਨੇ ਦੁਖੀ ਪਰਿਵਾਰਾਂ ਨਾ ਦੁੱਖ ਦਾ ਇਜ਼ਹਾਰ ਕੀਤਾ।
ਇਸ ਤੋਂ ਬਾਅਦ ਕੈਲਗਰੀ ਦੇ ਜਾਣੇ ਪਛਾਣੇ ਕਵੀਸ਼ਰ ਸਰੂਪ ਸਿੰਘ ਮੰਡੇਰ ਦੀ ਸੱਤਵੀਂ ਕਿਤਾਬ 'ਸੌਗਾਤ' ਲੋਕ-ਅਰਪਨ ਕੀਤੀ ਗਈ।ਉਪਰੰਤ ਸਰੂਪ ਸਿੰਘ ਹੋਰਾਂ ਨੇ ਆਪਣੀ ਸਿਰਜਣ ਪ੍ਰਕਿਆ ਬਾਰੇ ਚਾਨਣਾ ਪਾਇਆ ਉਹਨਾਂ ਸਾਰੇ ਸੱਜਨਾ ਮਿੱਤਰਾਂ ਅਤੇ ਖ਼ਾਸ ਕਰਕੇ ਪਰਿਵਾਰ ਦਾ, ਇਕਬਾਲ ਅਰਪਨ ਅਤੇ ਕਸ਼ਮੀਰਾ ਸਿੰਘ ਚਮਨ ਹੋਰਾਂ ਦਾ ਸਪੈਸ਼ਲ ਧੰਨਵਾਦ ਕੀਤਾ, ਜਿਨ੍ਹਾ ਨੇ ਉਹਨਾਂ ਨੂੰ ਲਿਖਦੇ ਰਹਿਣ ਦੀ ਪ੍ਰੇਰਨਾ ਦਿੱਤੀ। ਸਰੂਪ ਸਿੰਘ ਮੰਡੇਰ, ਜੋ ਪਿਛਲੇ ਕਾਫੀ ਸਮੇਂ ਤੋਂ ਕਵਿਤਾ ਲਿਖ ਕੇ ਗਾਉਦੇ ਰਹੇ ਹਨ ਪਰ ਹੁਣ ਇਸ ਨੂੰ ਸਾਂਭਣ ਦੇ ਯਤਨ ਵਿਚ ਵੀ ਲੱਗੇ ਹੋਏ ਹਨ।ਡਾ. ਹਰਭਜਨ ਸਿੰਘ ਹੋਰਾਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਸ੍ਰ. ਮੰਡੇਰ ਦੇ ਇਤਿਹਾਸਕ ਅਤੇ ਮਥਿਹਾਸਕ ਗਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਪਾਠਕ ਉਹਨਾਂ ਦੀ ਕਵਿਤਾ ਦਾ ਆਨੰਦ ਮਾਣਦਾ ਹੈ। ਕੇਸਰ ਸਿੰਘ ਨੀਰ ਹੋਰਾਂ ਨੇ ਸਰੂਪ ਸਿੰਘ ਮੰਡੇਰ ਦੇ ਕਾਵਿ-ਸਫ਼ਰ ਬਾਰੇ ਆਪਣੇ ਉਸਾਰੂ ਵਿਚਾਰ ਪੇਸ਼ ਕੀਤੇ ਉਹਨਾਂ ਆਖਿਆ ਕਿ ਬਹੁਤ ਸਾਰੇ ਪੇਂਡੂ ਤੇ ਮਲਵਈ ਸ਼ਬਦ ਜਿਹੜੇ ਹੁਣ ਦੇ ਪਾੜ੍ਹਿਆਂ ਨੇ ਵਿਸਾਰ ਦਿੱਤੇ ਹਨ, ਸਰੂਪ ਸਿੰਘ ਨੇ ਆਪਣੀ ਕਵਿਤਾ ਵਿੱਚ ਅਗਲੀਆਂ ਪੀੜੀਆਂ ਲਈ ਸਾਂਭ ਲਏ ਹਨ।ਸ੍ਰ. ਨੀਰ ਨੇ ਕਿਹਾ ਸਰੂਪ ਸਿੰਘ ਕਿ ਮੰਡੇਰ ਦੀ ਕਵਿਤਾ ਨੇ ਵਿਕਾਸ ਕੀਤਾ ਹੈ। ਸਰੂਪ ਸਿੰਘ ਨੇ ਕਵਿਤਾ ਵਿਚ ਬਹੁਤ ਸਾਰੇ ਛੰਦਾਂ ਦੀ ਵਰਤੋ ਕੀਤੀ ਹੈ ਅਤੇ ਆਮ ਪਾਠਕਾਂ ਨੂੰ ਚੰਗੀ ਲੱਗਦੀ ਹੈ। ਸਰੂਪ ਸਿੰਘ ਨੂੰ ਇਸ ਉੱਦਮ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਅਗੇ ਤੋਂ ਹੋਰ ਵੀ ਵਧੀਆ ਕਵਿਤਾ ਦੀ ਆਸ ਕਰਦੇ ਹਾਂ।
ਸਰੂਪ ਸਿੰਘ ਮੰਡੇਰ ਨੇ ਕਿਹਾ ਕਿ ਮੇਰੀ ਰਸਮੀ ਵਿੱਦਿਆ ਭਾਵੇ ਵੱਡੇ ਵਿਦਵਾਨਾਂ ਵਾਂਗ ਨਹੀਂ ਹੋਈ। ਮੈਂ ਤੁਹਡੇ ਸਭਨਾ ਦੇ ਦਿੱਤੇ ਉਤਸ਼ਾਹ ਨਾਲ ਮਾੜੀ ਮੋਟੀ ਕਵਿਤਾ ਜੋੜਨ ਲੱਗ ਪਿਆ ਹਾਂ।ਸਤਨਾਮ ਸਿੰਘ ਢਾਅ ਨੇ ਸਰੂਪ ਸਿੰਘ ਮੰਡੇਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸਰੂਪ ਸਿੰਘ ਹੋਰਾਂ ਦੇ ਉਦਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪੁਰਾਣੇ ਕਵੀ ਕੋਈ ਡਿਗਰੀਆਂ ਲੈ ਕੇ ਕਵਿਤਾ ਨਹੀਂ ਰਚਦੇ ਰਹੇ ਸਗੋਂ ਉਹਨਾਂ ਦੇ ਅੰਦਰ ਕਵਿਤਾ ਸੀ। ਵਧੀਆ ਲਿਖਣ ਲਈ ਡਿਗਰੀਆਂ ਨਾਲੋਂ ਸ਼ਾਇਦ ਤੁਹਾਡਾ ਗਿਆਨ ਅਤੇ ਲਿਖਣ ਦੀ ਚਾਹ ਜ਼ਿਆਦਾ ਸਹਈ ਹੋ ਸਕਦੀ ਹੈ।ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਅਗੇ ਤੋ ਹੋਰ ਵੀ ਵਧੀਆ ਕਵਿਤਾ ਲਿਖਣ ਦਾ ਯਤਨ ਕਰਦੇ ਰਹਿਣਗੇ।
ਇਹਨਾਂ ਤੋਂ ਇਲਾਵਾ ਇਸ ਮਿਟੰਗ ਵਿਚ ਸੁਖਦਵੇ ਸਿੰਘ ਧਾਲੀਵਾਲ, ਹਰਮਿੰਦਰ ਕੌਰ ਢਿੱਲੋਂ, ਕੁਲਦੀਪ ਕੌਰ ਘਟੌੜਾ, ਸੁਖਦੇਵ ਕੌਰ ਢਾਅ, ਹਰਲਾਲ ਸਿੰਘ ਗਿੱਲ, ਕੇ. ਡੀ. ਕੌਸ਼ਲ, ਅਜਾਇਬ ਸੇਖੋਂ, ਤੇਜਾ ਸਿੰਘ ਥਿਆੜਾ, ਜਸਬੀਰ ਸਿੰਘ ਸਿਹੋਤਾ, ਹਰਨੇਕ ਬੱਧਨੀ, ਕਮਲਜੀਤ ਕੌਰ ਸ਼ੇਰਗਿੱਲ, ਕੁੰਦਨ ਸਿੰਘ ਸ਼ੇਰਗਿਲ, ਸ਼ਿੰਦਰ ਸਿੰਘ ਸੰਧੂ, ਦਲਜੀਤ ਸਿੰਘ ਸਿਹੋਤਾ, ਪ੍ਰਭਦੇਵ ਸਿੰਘ ਗਿਲ, ਹਰਭਜਨ ਸਿੰਘ ਪਰਹਾਰ,ਜਗਪਾਲ, ਜੈਮਲ ਸਿੰਘ ਢਿੱਲੋਂ, ਗਰਮੇਲ ਸਿੰਘ, ਸੁਰਜੀਤ ਸਿੰਘ ਮਾਨ, ਪਰਮਜੀਤ ਸਿੰਘ, ਜਸਬੀਰ ਕੌਰ, ਗੁਰਜੀਤ ਸਿੰਘ, ਜੁਝਾਰ ਸਿੰਘ, ਯੁਵਰਾਜ ਸਿੰਘ ਹਰਭਜਨ ਕੌਰ ਚੱਠਾ ਲਵਪ੍ਰੀਤ, ਕਮਲਪ੍ਰੀਤ ਅਮਰ, ਅਰਮਾਨ ਹੋਰਾਂ ਨੇ ਇਸ ਉਸਾਰੂ ਪੁਸਤਕ ਚਰਚਾ ਵਿਚ ਭਰਪੁਰ ਹਾਜ਼ਰੀ ਭਰੀ।ਬਹੁਤ ਸਾਰੇ ਸਰੋਤਿਆਂ ਨੇ ਇਸ ਕਿਤਾਬ ਨੂੰ ਹੱਥੋ ਹੱਥ ਖ਼ਰੀਦਿਆ।
ਅਖ਼ੀਰ ਤੇ ਸ੍ਰ. ਢਾਅ ਹੋਰਾਂ ਨੇ ਆਏ ਹੋਏ ਸਰੋਤਿਆਂ ਅਤੇ ਮਿੱਤਰਾਂ ਦੋਸਤਾਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਮੰਡੇਰ ਪਰਿਵਾਰ ਵੱਲੋਂ ਅਤੇ ਫੋਟੋਗ੍ਰਾਫੀ ਦੀਆਂ ਸੇਵਾਵਾ ਅਦਰਸ਼ਪਾਲ ਘਟੌੜਾ ਅਤੇ ਸੁਜਾਨ ਸਿੰਘ ਮੰਡੇਰ ਵੱਲੋਂ ਨਿਭਾਈਆ ਗਈਆਂ।
ਕੇਸਰ ਸਿੰਘ ਨੀਰ
-----------------------------------------------------------------