ਪਾਸ਼ ਨਾਲ਼ ਇਕ ਯਾਦਗਾਰੀ ਇੰਟਰਵਿਊ (ਮੁਲਾਕਾਤ )

ਸਾਥੀ ਲੁਧਿਆਣਵੀ (ਡਾ.)   

Email: drsathi@hotmail.co.uk
Cell: +44 7956 525 324
Address: 33 Westholme Gardens Ruislip ,Middlesex HA4 8QJ
New Jersey United States
ਸਾਥੀ ਲੁਧਿਆਣਵੀ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


( ਮੈਨੂੰ ਇਸ ਗੱਲ ਦਾ ਉੱਕਾ ਇਲਮ ਨਹੀਂ ਸੀ ਕਿ ਇਹ ਇੰਟਰਵਿਊ ਪਿਆਰੇ ਕਵੀ ਤੇ ਜੁਝਾਰੂ ਮਨੁੱਖ਼ ਪਾਸ਼ ਨਾਲ਼ ਅੰਤਮ ਇੰਟਰਵਿਊ ਹੋਵੇਗੀ। ਲੰਡਨ ਆਉਣ ਤੋਂ ਬਾਅਦ ਮੇਰੇ ਗਿਆਨ ਅਨੁਸਾਰ ਉਸ ਨੇ ਆਪਣੀ ਮੌਤ ਤੌਂ ਪਹਿਲਾਂ ਕਿਸੇ ਵੀ ਹੋਰ ਨੂੰ ਇੰਟਰਵਿਊ ਨਹੀਂ ਸੀ ਦਿਤੀ।  ਪਾਸ਼ ਜਿੰਨੇ ਦਿਨ ਇੱਥੇ ਲੰਡਨ ਵਿਚ ਰਿਹਾ ਉਹ ਅਕਸਰ ਹੀ ਮੇਰੇ ਕੋਲ ਮੇਰੇ ਬਿਜ਼ਨੈਸ 'ਤੇ ਆਉਂਦਾ ਰਿਹਾ। ਬਾਕੀ ਦਾ ਸਮਾਂ ਉਹ 'ਦੇਸ ਪਰਦੇਸ' ਦੇ ਦਫ਼ਤਰ ਵਿਚ ਹੁੰਦਾ ਸੀ ਜਿੱਥੇ ਸ਼ਾਇਦ ਉਹ ਕੋਈ ਕੰਮ ਕਰਦਾ ਸੀ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਹ ਕੁਝ ਦਸਤਾਵੇਜ਼ਾਂ ਦੀ ਤਲਾਸ਼ ਵਿਚ ਵੀ ਸੀ। ਮੈਂ ਉਸ ਨਾਲ਼ ਬਿਤਾਈਆਂ ਘੜੀਆਂ ਬੜੀਆਂ ਮੁਹੱਬਤਾਂ ਨਾਲ਼ ਯਾਦ ਕਰਦਾ ਹਾਂ। ਅਸੀਂ ਗੱਪ ਸ਼ੱਪ ਲਾਉਂਦੇ ਤੇ ਨਾਲ਼ ਦੇ ਪੱਬ ਵਿਚ ਬੀਅਰ ਪੀਣ ਤੇ ਲੰਚ ਖਾਣ ਜਾਂਦੇ। ਕਈ ਵੇਰ ਮੇਰੀ ਬੀਵੀ ਵੀ ਸਾਡੇ ਲਈ ਲੰਚ ਤਿਆਰ ਕਰਦੀ।  ਮੈਂ ਪਾਸ਼ ਦੀ ਕਵਿਤਾ ਦਾ ਪ੍ਰਸੰਸਕ ਸਾਂ/ਹਾਂ ਤੇ ਉਹ ਮੇਰੀਆਂ ਲਿਖ਼ਤਾਂ ਦਾ ਸੀ। ਉਹ ਮੇਰਾ ਬਹੁਤ ਆਦਰ ਕਰਦਾ ਸੀ।ਇਸ ਗੱਲ ਦਾ ਪਤਾ ਮੈਨੂੰ ਬਾਅਦ ਵਿਚ ਹੀ ਲੱਗਾ ਕਿ ਉਹ ਅਮਰੀਕਾ ਵਿਚ ਸੈਟਲ ਹੋਣ ਦੀ ਕੋਸ਼ਸ਼ ਕਰ ਰਿਹਾ ਸੀ-ਸਾਥੀ ਲੁਧਿਆਣਵੀ)

ਸਾਥੀ; ਇਸ ਦੇਸ਼ ਬਾਰੇ ਤੁਹਾਡਾ ਕੀ ਪ੍ਰਭਾਵ ਬਣਦੈ?

ਪਾਸ਼; ਮੇਰੇ ਲਈ ਇਹ ਓਪਰੀ ਧਰਤੀ ਅਤੇ ਓਪਰੇ ਲੋਕ ਹਨ। ਇਹ ਮੈਨੂੰ ਬੜਾ ਵਧੀਆ ਮੁਲਕ ਲੱਗਿਐ। ਹਰ ਚੀਜ਼ ਨੇਮ ਵਿਚ ਬੱਧੀ ਹੋਈ। ਮੈਨੂੰ ਤਾਂ ਇਹ ਬੜੇ ਸਭਿਅਕ ਲੋਕ ਲੱਗੇ ਹਨ। ਚੰਗਾ ਸਭਿਆਚਾਰ ਹੈ।

ਸਾਥੀ; ਸਭਿਆਚਾਰ ਤਾਂ ਸਭ ਤੋਂ ਪੁਰਾਣਾ ਹਿੰਦੁਸਤਾਨ ਦਾ ਹੀ ਮੰਨਿਆਂ ਜਾਂਦਾ ਹੈ ਤੇ ਤੁਸੀਂ ਇਹਨੂੰ ਹੀ ਬੜਾ ਵੱਡਾ ਸਭਿਆਚਾਰਕ ਦੇਸ਼ ਕਹਿ ਰਹੇ ਹੋ?

ਪਾਸ਼; ਸਾਥੀ ਜੀ, ਸਭਿਆਚਾਰ ਆਪਣਾ ਪੁਰਾਣਾ ਬੇਸ਼ੱਕ ਹੋਊ ਪਰ ਸਲੀਕਾ ਹੈ ਨਹੀਂ ਜੀ ਉਥੇ। ਮਿਸਾਲ ਟ੍ਰੈਫਿਕ ਦੀ ਹੀ ਲੈ ਲਓ। ਇਥੇ ਪੈਦਲ ਚੱਲਣ ਵਾਲਿਆਂ ਨੂੰ ਵੀ ਵਿਸ਼ੇਸ਼ ਸਮਝਿਆ ਜਾਂਦਾ ਹੈ। ਸਾਡੇ ਮੁਲਕ ਵਿਚ ਤਾਂ ਕੋਈ ਪ੍ਰਵਾਹ ਹੀ ਨਹੀਂ ਕਰਦਾ। ਅਸੀਂ ਆਪਣੀਆਂ ਕਈ ਮਾੜੀਆਂ ਗੱਲਾਂ ਸਵੀਕਾਰ ਕਰ ਲਈਆਂ ਹੋਈਆਂ ਹਨ ਜਿਵੇ ਇਹ ਸਾਡੀ ਜ਼ਿੰਦਗ਼ੀ ਦਾ ਵਿਸ਼ੇਸ਼ ਅੰਗ ਹੀ ਹੋਣ। ਟ੍ਰੈਫਿਕ ਦੀ ਤਾਂ ਇਕ ਮਿਸਾਲ ਹੀ ਹੈ। ਹੋਰ ਬਥੇਰਾ ਕੁਝ ਭੈੜਾ ਹੈ ਉਥੇ। ਉਂਝ ਵੀ ਇਥੇ ਖੁਸ਼ਹਾਲੀ ਬੜੀ ਹੈ ਜੀ।

ਸਾਥੀ; ਇਹ ਇਕ ਸਰਮਾਏਦਾਰ ਮੁਲਕ ਹੈ। ਤੁਸੀਂ ਵੀ ਮੰਨੋਂਗੇ ਕਿ ਇਥੋਂ ਦੀ ਖੁਸ਼ਹਾਲੀ ਵਿਚ ਬਸਤੀਆਂ ਦੀ ਲੁੱਟੀ ਹੋਈ ਦੌਲਤ ਵੀ ਹੈ।

ਪਾਸ਼; ਅਜੇ ਵੀ ਤਾਂ ਲੁੱਟ ਹੀ ਰਹੇ ਹਨ।

ਸਾਥੀ; ਸਲਤਨਤ ਖ਼ੁਸਣ ਤੋਂ ਬਾਅਦ ਹੁਣ ਕੀ ਰਹਿ ਗਿਆ ਲੁੱਟਣ ਲਈ? ਹਾਂ ਵਿਓਪਾਰਕ ਦਾਅ ਪੇਚ ਵਰਤਦੇ ਹੋਣਗੇ। ਅੱਜ ਦੇ ਵਿਓਪਾਰਕ ਕੰਪੀਟੀਸ਼ਸ਼ਨ ਵਿਚ ਇਹ ਜਾਇਜ਼ ਵੀ ਹੈ। ਅਸੀਂ ਇਸ ਸਮਾਜ ਦੇ ਅੰਗ ਹਾਂ । ਆਪਣੇ ਲੋਕ ਕਈ ਵੇਰ ਮੰਨਦੇ ਨਹੀਂ ਪਰ ਇੱਥੋਂ ਦੀ ਹਰ ਕਿਸਮ ਦੀ ਇਨਕੰਮ ਤੋਂ ਸਾਨੂੰ ਵੀ ਫਾਇਦਾ ਹੈ ਕਿਉਂਕਿ ਇਸੇ ਇੰਨਕਮ ਨਾਲ ਹੀ ਇਸ ਦੇਸ ਦਾ ਹੈਲਥ ਅਤੇ ਵੈੱਲਫੇਅਰ ਸਿਸਟਮ ਚਲਦੈ। ਖ਼ੈਰ ਇਹ ਦੱਸੋ ਕਿ ਸਾਡੀ ਭਾਰਤ ਵਿਚ ਏਨੀ ਅਬਾਦੀ ਹੋਵੇ। ਹਿੰਮਤੀ ਵੀ ਹੋਈਏ। ਫਿਰ ਵੀ ਕਿਉਂ ਪਿੱਛੇ ਹਾਂ? ਤੁਸੀਂ ਚੀਨ ਦੀ ਹੀ ਮਿਸਾਲ ਲੈ ਲਓ, 1949 ਵਿਚ ਆਜ਼ਾਦ ਹੋ ਕੇ ਹੁਣ ਤੀਕ ਉਹ ਕਿਥੋਂ ਦੇ ਕਿਥੇ ਪੁੱਜ ਗਏ। ਰੂਸ ਨੇ 1917 ਦੇ ਇਨਕਲਾਬ ਤੋਂ ਬਾਅਦ ਸਟਾਲਨ ਤੀਕ ਹੀ ਕਾਫੀ ਤਰੱਕੀ ਕਰ ਲਈ ਸੀ ਪਰ ਅਸੀਂ ਇਕ ਥਾਂ ਖੜੋਤੇ ਹੋਏ ਸਟੈਗਨੈਂਟ ਹੋ ਰਹੇ ਹਾਂ। ਅਜਿਹਾ ਕਿਉਂ ਹੈ?

ਪਾਸ਼; ਭਾਰਤ ਵਿਚ ਆਜ਼ਾਦੀ ਕੁਝ ਲੋਕਾਂ ਨੂੰ ਹੀ ਮਿਲੀ ਹੋਈ ਹੈ। ਤਾਕਤ ਬੁਰਜ਼ਵਾ ਜਮਾਤਾਂ ਦੇ ਹੱਥ ਵਿਚ ਹੈ। ਉਹਨਾਂ ਦਾ ਮਨੋਰਥ ਲੋਕ ਭਲਾਈ ਨਹੀਂ। ਰੂਸ ਤੇ ਚੀਨ ਵਿਚ ਤਾਕਤ ਲੋਕਾਂ ਦੇ ਹੱਥ ਵਿਚ ਹੈ। ਉਹਨਾਂ ਦੇ ਪ੍ਰਬੰਧ ਦਾ ਕੋਈ ਮੁਕਾਬਲਾ ਨਹੀਂ।

ਸਾਥੀ; ਸਾਡੀ ਏਡੀ ਅਬਾਦੀ ਹੋਵੇ, ਮਿਹਨਤੀ ਵੀ ਹੋਈਏ, ਸੁਚੇਤ ਵੀ ਹੋਈਏ, ਫਿਰ ਵੀ ਸਾਡਾ ਕਿਉਂ ਇਹ ਹਾਲ ਹੈ? ਕਿਉਂ ਲੋਕੀਂ ਠੀਕ ਆਗੂ ਨਹੀਂ ਚੁਣ ਸਕੇ? ਕਿਉਂ ਲੋਕੀਂ ਠੀਕ ਸਰਕਾਰਾਂ ਨਹੀਂ ਬਣਾ ਸਕੇ?
ਪਾਸ਼; ਮੈਨੂੰ ਪਤਾ ਹੈ ਕਿ ਤੁਹਾਡਾ ਇਸ਼ਾਰਾ ਕਿੱਧਰ ਹੈ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕਮਿਊਨਿਸਟ ਪਾਰਟੀਆਂ ਲੋਕ-ਸਰਕਾਰਾਂ ਕਿਉਂ ਨਹੀਂ ਕਾਇਮ ਕਰ ਸਕੀਆਂ। ਦਰਅਸਲ ਸਾਥੀ ਜੀ, ਭਾਰਤ ਵਿਚ ਕਮਿਊਨਿਸਟ ਪਾਰਟੀਆਂ ਪਹਿਲਾਂ ਤੋਂ ਹੀ ਲਾਈ ਲੱਗ ਰਹੀਆਂ ਹਨ।

ਸਾਥੀ; ਲਾਈਲੱਗ ਕਿਹਨਾਂ ਦੀਆਂ?

ਪਾਸ਼; ਬਾਹਰਲੇ ਦੇਸ਼ਾਂ ਦੀਆਂ।

ਸਾਥੀ; ਭਾਵ ਤੁਸੀਂ ਕਹਿ ਰਹੇ ਹੋ ਕਿ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਆਪਣੀਆਂ ਸਮੱਸਿਆਵਾਂ ਮਾਸਕੋ ਤੇ ਪੀਕਿੰਗ ਦਿਆਂ ਗਜ਼ਾਂ ਨਾਲ ਮਾਪ ਰਹੀਆਂ ਹਨ ਤੇ ਲੋਕਾਂ ਦੀ ਸਾਈਕੀ ਨੂੰ ਨਹੀਂ ਸਮਝ ਸਕੀਆਂ।

ਪਾਸ਼; ਤੁਸੀਂ ਠੀਕ ਕਿਹਾ। ਸਿਰਫ਼ ਇਹੋ ਨਹੀਂ ਜੀ, ਇਹ ਪਾਰਟੀਆਂ ਆਪਾ-ਪੜਚੋਲ ਕਰਨ ਵੇਲੇ ਵੀ ਬਾਹਰਲੀਆਂ ਮਿਸਾਲਾਂ ਹੀ ਦਿੰਦੀਆਂ ਹਨ। ਮਿਸਾਲ ਵਜੋਂ ਅਖੇ ਜੀ ਸਟਾਲਿਨ ਵੇਲੇ ਅਸੀਂ ਗਲਤ ਸੋਚ ਲਿਆ ਸੀ ਆਦਿ। ਰੂਸ ਨੇ ਤਾਂ ਆਪਣੇ ਪ੍ਰਸੰਗ ਵਿਚ ਮਾਰਕਸ ਨੂੰ ਜਿਉਂਦੇ ਢੰਗ ਨਾਲ ਸਿਸਟਮ ਤੇ ਅਪਲਾਈ ਕੀਤਾ ਤੇ ਅਸੀਂ ਮਕੈਨੀਕਲ ਢੰਗ ਨਾਲ ਕੀਤਾ ਤੇ ਗਿਣੇ ਮਿਥੇ ਪੈਮਾਨਿਆਂ ਨਾਲ। ਦੋਹਾਂ ਵਿਚ ਫਰਕ ਬੜਾ ਹੈ ਸਾਥੀ ਸਾਹਿਬ। ਏਸ ਕਰਕੇ ਭਾਰਤੀ ਲੋਕਾਂ ਉਤੇ ਵੀ ਇਹਨਾਂ ਪਾਰਟੀਆਂ ਦਾ ਇਹੋ ਪ੍ਰਭਾਵ ਰਿਹਾ ਹੈ ਕਿ ਐਵੇਂ ਬਾਹਰਲੇ ਲੋਕਾਂ ਦੇ ਪਿਛਲਗ ਹਨ। ਦੂਜੇ ਪਾਸੇ ਇਹ ਵੀ ਗੱਲ ਹੈ ਕਿ ਬੁਰਜਵਾ ਜਮਾਤਾਂ ਭਾਰਤ ਵਿਚ ਚਲਾਕ ਹੋ ਗਈਆਂ ਹਨ ਤੇ ਸਾਡੇ ਕਮਿਊਨਿਸਟਾਂ ਵਿਚ ਅਕਲ ਦੀ ਘਾਟ ਰਹੀ ਹੈ। 

ਸਾਥੀ; ਤੁਸੀਂ ਇਹ ਕਹਿ ਰਹੇ ਲਗਦੇ ਹੋ ਕਿ ਕਮਿਊਨਿਸਟ ਲਹਿਰਾਂ ਚੰਗੇ ਈਮਾਨਦਾਰ ਤੇ ਜੁਝਾਰੂ ਆਗੂ ਪੈਦਾ ਨਹੀਂ ਕਰ ਸਕੀਆਂ?

ਪਾਸ਼; ਠੀਕ ਹੈ।

ਸਾਥੀ; ਕੀ ਇਹ ਗੱਲ ਠੀਕ ਹੈ ਕਿ ਕਮਿਊਨਿਸਟਾਂ ਨੇ ਲੋਕਾਂ ਦੀ ਸਾਈਕੀ ਨੂੰ ਨਹੀਂ ਸਮਝਿਆ?

ਪਾਸ਼; ਜੀ।

ਸਾਥੀ; ਇਸੇ ਕਰਕੇ ਪੰਜਾਬ ਦੀ ਅੱਜ ਇਹ ਹਾਲਤ ਐ?

ਪਾਸ਼; ਠੀਕ ਹੈ।

ਸਾਥੀ; ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਪੰਜਾਬ ਦੀ ਅਜੋਕੀ ਹਾਲਤ ਵਿਚੋਂ ਕਮਿਊਨਿਸਟਾਂ ਦੀ ਨਿਪੁੰਸਕਤਾ ਝਲਕਦੀ ਹੈ?

ਪਾਸ਼; ਮੈਂ ਕਹਿੰਨਾ ਬਹੁਤ ਸਾਰੇ ਐਲੀਮੈਂਟਸ ਹੋਣਗੇ ਜਿਹਨਾਂ ਵਿਚੋਂ ਇਕ ਇਹ ਵੀ ਬਹੁਤ ਵੱਡਾ ਤੇ ਵਜ਼ਨਦਾਰ ਐਲੀਮੈਂਟ ਹੈ।

ਸਾਥੀ; ਪਿਛਲੇ ਸਾਲ ਮੈਂ ਇਕ ਸਤਿਕਾਰਯੋਗ ਦੋਸਤ ਜੋ ਸਿੱਖ਼ ਵੀ ਹੈ ਤੇ ਕਾਮਰੇਡ ਵੀ ਹੈ, ਨੂੰ ਇੰਟਰਵਿਊ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿਚ ਸੌ ਵਿਚੋਂ ਛਿਆਨਵੇਂ ਸਿੱਖ ਗੁਰਦਵਾਰਿਆਂ ਵਿਚ ਬੈਠੇ ਹਨ। ਯਾਨੀ ਧਾਰਮਕ ਝੁਕਾਅ ਵਾਲੇ ਹਨ। ਅਸੀਂ ਸਿਰਫ ਚਾਰ ਫੀਸਦੀ ਸਾਂਭੀ ਬੈਠੇ ਹਾਂ। ਸਗੋਂ ਸਾਨੂੰ ਫਿਕਰ ਹੈ ਕਿ ਕਿਧਰੇ ਇਹ ਚਾਰ ਵੀ ਨਾ ਗੁਆ ਬੈਠੀਏ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

ਪਾਸ਼; ਮੈਨੂੰ ਨਹੀਂ ਇਦਾਂ ਲਗਦਾ। ਉਹਨਾਂ ਵਲੋਂ ਭਾਵ ਛਿਆਨਵਿਆਂ ਵਿਚੋਂ ਹੀ ਟੁਟਣਗੇ।

ਸਾਥੀ; ਉਹ ਕਿਉਂ ਟੁਟਣਗੇ ਜੀ? ਉਹਨਾਂ ਨੂੰ ਤੁਸੀਂ ਕੀ ਦਲੀਲ ਦਿੰਦੇ ਹੋ ਤੋੜਨ ਵਾਸਤੇ?

ਪਾਸ਼; ਉਹਨਾਂ ਨੂੰ ਤੋੜਨ ਲਈ ਕਮਿਊਨਿਸਟ ਪਾਰਟੀਆਂ ਵਲੋਂ ਬੜੀ ਸਟਰਗਲ ਹੋ ਰਹੀ ਹੈ। ਬੜੇ ਤਕੜੇ ਢੰਗ ਨਾਲ ਕਮਿਊਨਿਸਟ ਪਾਰਟੀਆਂ ਵਲੋਂ ਜਨੂੰਨਵਾਦ ਨਾਲ ਫਾਈਟ ਹੋ ਰਹੀ ਹੈ। ਸੀ.ਪੀ.ਆਈ. ਜਿਸ ਤੋਂ ਉਮੀਦ ਹੀ ਨਹੀਂ ਸੀ, ਵੀ ਤਕੜਾ ਆਹਢਾ ਲੈ ਰਹੀ ਹੈ। ਸੀ.ਪੀ.ਆਈ. (ਐਮ ਐਲ) ਨੇ ਵੀ ਤੇ ਸੀ.ਪੀ.ਐਮ. ਨੇ ਵੀ। ਪਰ ਸੀ.ਪੀ. ਐਮ. ਬਾਰੇ ਮੈਂ ਬਹੁਤਾ ਸੰਤੁਸ਼ਟ ਨਹੀਂ ਹਾਂ। ਵੈਸੇ ਉਹਨਾਂ ਨੇ ਨਾਂਹ ਪੱਖੀ ਰੋਲ ਵੀ ਅਦਾ ਨਹੀਂ ਕੀਤਾ। 

ਸਾਥੀ; ਤੁਸੀਂ ਛਿਆਨਵੇਂ ਫੀਸਦੀ, ਜਿਸ ਨਾਲ ਮੈਂ ਖੁਦ ਸਹਿਮਤ ਨਹੀਂ ਹਾਂ ਕਿ ਏਨੇ ਲੋਕ ਅਗਾਂਹਵਧੂ ਲਹਿਰਾਂ ਤੋਂ ਬੇਮੁਖ ਹੋ ਸਕਦੇ ਹਨ, ਨੂੰ ਆਪਣੇ ਵਲ ਖਿੱਚਣ ਦੀ ਜਦੋ ਜਹਿਦ ਦੀ ਗੱਲ ਕੀਤੀ ਹੈ ਪਰ ਅੱਜ ਜ਼ਮਾਨਾ ਮੀਡੀਆ ਤੇ ਪਬਲਿਸਿਟੀ ਦਾ ਹੈ। ਕੀ ਕਮਿਊਨਿਸਟਾਂ ਕੋਲ ਅਜਿਹੇ ਮਾਧਿਅਮ ਹੈਨ?

ਪਾਸ਼; ਭਾਰਤ ਦਾ ਵਧੇਰੇ ਮਾਧਿਅਮ ਬੁਰਜਵਾਜ਼ੀ ਕੋਲ ਹੈ।

ਸਾਥੀ; ਤੁਸੀਂ ਕਿਹਾ ਕਿ ਪੰਜਾਬ ਵਿਚ ਕਮਿਊਨਿਸਟ ਪਾਰਟੀਆਂ ਦੀ ਚੜ੍ਹਤ ਵਿਚ ਵਾਧਾ ਹੋ ਰਿਹਾ ਹੈ ਤੇ ਇਹ ਲੋਕਾਂ ਨੂੰ ਆਪਣੇ ਵਲ ਖਿੱਚ ਰਹੀਆਂ ਹਨ ਪਰ ਸਾਨੂੰ ਇਧਰ ਕੋਈ ਅਜਿਹੀ ਖਬਰ ਨਹੀਂ ਪਹੁੰਚਦੀ। ਕਮਿਊਨਿਸਟ ਅਖਬਾਰਾਂ ਲੋਕ ਪ੍ਰਿਯ ਕਿਉਂ ਨਹੀਂ?

ਪਾਸ਼; ਪੰਜਾਬੀ ਦੀਆਂ ਕਮਿਊਨਿਸਟ ਅਖਬਾਰਾਂ ਨੂੰ ਉਹਨਾਂ ਦਾ ਆਪਣਾ ਕੈਡਰ ਹੀ ਪੜ੍ਹਦਾ ਹੈ। ਉਹਨਾਂ ਵਿਚ ਫਲਾਣੇ ਸਾਥੀ ਦਾ ਬਿਆਨ ਤੇ ਫਲਾਣੇ ਸਾਥੀ ਦੇ ਖਤ ਹੀ ਛਪਦੇ ਹਨ ਤੇ ਸਾਥੀ ਲੋਕ ਹੀ ਪੜ੍ਹਕੇ ਰਿਐਕਸ਼ਨ ਕਰਦੇ ਹਨ। ਤੁਸੀਂ ਰਾਤ ਦੀ ਮਹਿਫਲ ਵਿਚ ਆਪਣੀ ਇਕ ਗਜ਼ਲ ਪੜ੍ਹੀ ਸੀ ਜਿਸ ਦਾ ਸ਼ੇਅਰ ਸੀ, ' ਜਿਹੜੇ ਨਾ ਲਿਖਦੇ ਗੱਲ ਹਾਦਸਿਆਂ ਦੀ, ਵਿਕਦੇ ਉਹ ਅਖਬਾਰ ਹੌਲੀ ਹੌਲੀ।' ਬਸ ਇੰਜੇ ਸਮਝੋ ਕਿ ਕਮਿਊਨਿਸਟ ਅਖਬਾਰਾਂ ਲੋਕਾਂ ਦੀ ਦਿਲਚਸਪੀ ਦੀਆਂ ਗੱਲਾਂ ਨਹੀਂ ਲਿਖਦੀਆਂ। ਇਹ ਲੋਕਾਂ ਦੀਆਂ ਅਖਬਾਰਾਂ ਬਣ ਹੀ ਨਹੀਂ ਸਕੀਆਂ। ਉਂਜ ਬੁਰਜਵਾ ਪ੍ਰੈਸ ਦੀ ਇਕ ਚਾਲ ਜਿਹੀ ਵੀ ਹੈ ਕਿ ਇਸ ਲੜਾਈ ਵਿਚੋਂ ਕਿਤੇ ਕਾਮਰੇਡ ਨਾਮਣਾ ਨਾ ਖੱਟ ਜਾਣ। ਸੋ ਉਹਨਾਂ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਕਮਿਊਨਿਸਟ ਪਾਰਟੀਆਂ ਦੀ ਖਬਰ ਨੂੰ ਡਿਸਟੌਰਟ ਕਰਕੇ ਛਾਪਦੇ ਹਨ। ਕਾਮਰੇਡਾਂ ਦੇ ਆਪਸੀ ਵਖਰੇਵਿਆਂ ਨੂੰ ਉਛਾਲਦੇ ਹਨ। ਇਹਨਾ ਦੀ ਕੰਮ ਦੀ ਖਬਰ ਉਹ ਲਾਉਂਦੇ ਹੀ ਨਹੀਂ। ਮੈਂ ਤੁਹਾਨੂੰ ਇਕ ਮਿਸਾਲ ਦਿੰਦਾ ਹਾਂ। ਅੱਤਵਾਦੀਆਂ ਨੇ ਇਕ ਨਕਸਲੀਆਂ ਦਾ ਬੰਦਾ ਮਾਰ ਦਿੱਤਾ। ਮਾਰ ਕੇ ਉਹਨਾਂ ਇਸ਼ਤਿਹਾਰ ਵੀ ਵੰਡ ਦਿੱਤੇ ਕਿ ਜਿਹੜਾ ਉਹਦੀ ਅਰਥੀ ਨਾਲ ਗਿਆ, ਉਹਦੇ ਨਾਲ ਅਸੀਂ ਸਿੱਝਾਂਗੇ। ਪਰ ਤਿੰਨ ਚਾਰ ਪਿੰਡਾਂ ਦੇ ਲੋਕ ਗਏ। ਅਗਾਂਹ ਵਧੂ ਲਹਿਰਾਂ ਵਿਚ ਕੋਈ ਗੱਲ ਸੀ ਤਾਂ ਹੀ ਗਏ। ਖੈਰ ਬੀ.ਐਸ਼ਐਫ਼ ਤੇ ਪੰਜਾਬ ਪੁਲੀਸ ਦੇ ਟੈਰਰ ਦੇ ਬਾਵਜੂਦ ਉਹਨਾਂ ਨੇ ਉਹ ਬੰਦੇ ਭਾਲ਼ੇ ਤੇ ਤਿੰਨਾਂ ਵਿਚੋਂ ਦੋ ਮਾਰ ਦਿੱਤੇ। ਤੀਜੇ ਦੀ ਪਿੱਠ ਵਿਚ ਗੋਲੀ ਲੱਗੀ। ਇਹ ਖਬਰ ਉਹਨਾਂ ਨੇ ਸਾਰੀਆਂ ਅਖਬਾਰਾਂ ਨੂੰ ਸਰਕੂਲੇਟ ਕੀਤੀ। ਤੁਸੀਂ ਹੈਰਾਨ ਹੋਵੋਂਗੇ ਕਿ 'ਜੱਗਬਾਣੀ' ਤੋਂ ਸਿਵਾਏ ਕਿਸੇ ਨੇ ਵੀ ਖਬਰ ਨਹੀਂ ਲਾਈ। ਕਮਿਊਨਿਸਟ ਅਖਬਾਰਾਂ ਨੇ ਤਾਂ ਖੈਰ ਲਾਉਣੀ ਹੀ ਸੀ। ਸੋ ਇਹ ਸੋਚੀ ਸਮਝੀ ਚਾਲ ਵੀ ਹੋ ਸਕਦੀ ਹੈ ਕਿ ਕਿਧਰੇ ਕਾਮਰੇਡ ਨਾ ਨਾਮਣਾ ਖੱਟ ਜਾਣ ਇਸ ਲੜਾਈ ਵਿਚੋਂ।

ਸਾਥੀ; ਪੰਜਾਬ ਵਿਚ ਕਮਿਊਨਿਸਟਾਂ ਦਾ ਰੋਲ ਕਾਫੀ ਸੀਮਤ ਹੈ ਫਿਰ ਵੀ।

ਪਾਸ਼; ਬੜੀ ਸੀਮਤ ਜਿਹੀ ਕੋਸ਼ਿਸ ਹੈ ਪਰ ਗੱਲ ਭਾਵੁਕ ਜਿਹੀ ਵੀ ਹੈ। ਲੜਨਾ ਸੌਖਾ ਵੀ ਨਹੀਂ। ਵੱਖਵਾਦੀਆਂ ਦਾ ਵਿਰੋਧ ਕਰੋ ਤਾਂ ਸਰਕਾਰ ਦੇ ਏਜੰਟ ਕਹਿ ਕੇ ਭੰਡਦੇ ਹਨ। ਮਨੁੱਖਤਾ ਦੇ ਏਜੰਟ ਉਹ ਕਦੇ ਨਹੀਂ ਆਖਦੇ।

ਸਾਥੀ; ਝੂਠੀਆਂ ਤੁਹਮਤਾਂ ਅੱਜ ਕਲ ਬੜੀਆਂ ਲੱਗ ਰਹੀਆਂ ਹਨ। ਵੀਅਤਨਾਮ ਵਿਚ ਸਿੱਤਮ ਹੋਵੇ, ਨਿਕਰਾਗੂਆ ਤੇ ਐਲ ਸਲਵਾਡੋਰ ਵਿਚ ਜ਼ੁਲਮ ਢਹੇ, ਤੇ ਉਸ ਦੀ ਗੱਲ ਕਰੋ ਤਾਂ ਵੱਡੇ ਕਾਮਰੇਡ ਹੋ ਗਏ ਪਰ ਦਿੱਲੀ ਵਿਚ ਕਤਲ ਹੋਏ ਸਿੱਖਾਂ ਬਾਰੇ ਨਾਅਰਾ ਮਾਰੀਏ ਤਾਂ ਖਾਲਿਸਤਾਨੀ ਹੋ ਗਏ। ਪੰਜਾਬ ਵਿਚੋਂ ਹਿੰਦੂ ਭੱਜੇ ਜਾਂ ਹਰਿਆਣੇ ਤੇ ਹੋਰ ਹਿੰਦੁਸਤਾਨ ਵਿਚੋਂ ਸਿੱਖ ਭੱਜੇ ਜਾਂ ਕਤਲ ਹੋਏ ਯਾਨੀ ਮਾਈਨੌਰਰਿਟੀ ਦੀ ਹੱਤਿਆ ਹੋਵੇ ਤਾਂ ਹਰ ਅਗਾਂਹ ਵਧੂ ਬੰਦੇ ਨੂੰ ਇਸ ਦਾ ਖੰਡਨ ਕਰਨਾ ਚਾਹੀਦਾ ਹੈ। ਕੁਝ ਲੋਕ ਇਸ ਦੁਖੀ ਦੌਰ ਵਿਚੋਂ ਸਿਆਸੀ ਖੱਟੀ ਖੱਟ ਰਹੇ ਹਨ ਤੇ ਸ਼ਰਾਰਤਾਂ ਕਰਦੇ ਹਨ। ਹੋਰਨਾਂ ਨੇ ਤੇ ਤੁਸੀਂ ਵੀ ਦੱਸਿਆ ਕਿ 'ਜੱਗਬਾਣੀ' ਵਿਚ ਮੇਰੇ ਬਾਰੇ ਊਲ ਜਲੂਲ ਲਿਖਿਆ ਗਿਆ ਸੀ ਕਿ ਮੈਂ ਗੰਗਾ ਸਿੰਘ ਢਿਲੋਂ ਨੂੰ ਵਾਸਿੰ.ਗਟਨ ਵਿਚ ਇੰਟਰਵਿਊ ਕਰਕੇ ਮਾੜਾ ਕੀਤਾ ਹੈ ਤੇ ਵੱਖਵਾਦੀਆਂ ਦਾ ਪੱਖ ਪੂਰਿਆ ਹੈ। ਕਮਾਲ ਹੈ ਇਕ ਜਰਨਲਿਸਟ ਕਿਸੇ ਸਬਜੈਕਟ ਨੂੰ ਇੰਟਰਵਿਊ ਕਰਨ ਕਾਰਨ ਉਹਦੇ ਖਿਆਲਾਂ ਦਾ ਕਿੱਦਾਂ ਹੋ ਸਕਦਾ ਹੈ?

ਪਾਸ਼; ਏਸ ਅਖਬਾਰ ਦੇ ਮਾਲਕਾਂ ਦਾ ਪੰਜਾਬ ਦੀ ਘਿਨਾਉਣੀ ਜੰਗ ਵਿਚ ਬਹੁਤ ਵੱਡਾ ਰੋਲ ਹੈ। ਉਧਰ ਦੂਜੀਆਂ ਅਖਬਾਰਾਂ ਨੇ ਵੀ ਘੱਟ ਨਹੀਂ ਕੀਤੀ। ਖੈਰ ਏਸ ਅਖਬਾਰ ਨੇ ਤਾਂ ਹਿੰਦੀ ਲਿਖਾਉਣ ਲਈ ਪਰਚਾਰ ਕੀਤਾ ਸੀ। ਤੁਸੀਂ ਇੱਦਾਂ ਦੀਆਂ ਅਖਬਾਰਾਂ ਨੂੰ ਸੀਰੀਅਸਲੀ ਨਾ ਲਿਆ ਕਰੋ। ਸਗੋਂ ਤੁਸੀਂ ਇਥੇ ਕੋਈ ਆਪਣਾ ਮਾਧਿਅਮ ਪੈਦਾ ਕਰੋ। ਤੁਹਾਡੀ ਗੁਰਸ਼ਰਨ ਭਾਜੀ ਨਾਲ਼ ਕੀਤੀ ਗਈ ਇੰਟਰਵਿਊ ਵਿਚ ਉਹ ਇਹ ਸੁਝਾਅ ਦੇ ਕੇ ਗਏ ਸਨ। ਤੁਸੀਂ ਇਥੇ ਬਹੁਤ ਲੋਕਾਂ ਨੂੰ ਜਾਣਦੇ ਹੋ। ਪੈਸੇ ਵੀ ਹੈਗੇ ਤੁਹਾਡੇ ਕੋਲ। ਸਾਥੀ ਜੀ, ਤੁਹਾਨੂੰ ਸਥਾਪਤ ਹੋਣ ਦੀ ਵੀ ਲੋੜ ਨਹੀਂ। ਤੁਸੀਂ ਸਥਾਪਤ ਲੇਖਕ ਹੋ। ਤੁਹਾਡੀ ਕਲਮ ਦੀ ਲੋੜ ਇਥੋਂ ਦੀਆਂ ਅਖਬਾਰਾਂ ਨੂੰ ਹੋਊ। ਤੁਹਾਨੂੰ ਉਹਨਾਂ ਦੀ ਨਹੀਂ। ਤੁਸੀਂ ਉਹਨਾਂ ਅਖਬਾਰਾਂ ਦਾ ਬਾਈਕਾਟ ਕਰੋ ਜਿਹੜੀਆਂ ਲੋਕਾਂ ਵਿਚ ਪਾੜਾ ਪਾਉਂਦੀਆਂ ਹਨ।

ਸਾਥੀ; ਮੈਂ ਕਿਸੇ ਵੀ ਲੋਕ-ਵਿਰੋਧੀ ਅਖਬਾਰ ਦੀ ਪਾਲਸੀ ਦਾ ਸਮਰਥੱਕ ਨਹੀਂ ਹਾਂ। ਪਰੰਤੂ ਇੱਥੇ ਖ਼ੱਬੀ ਵਿਚਾਰਧਾਰਾ ਵਾਲੇ ਮਾਧਿਅਮ ਦੀ ਘਾਟ ਹੋਣ ਕਾਰਨ ਆਪਣੀ ਗੱਲ ਇਨ੍ਹਾਂ ਰਾਹੀਂ ਜ਼ਰੂਰ ਕਹਿੰਦਾ ਹਾਂ ਤੇ ਇਹ ਲੋਕਾਂ ਤਕ ਪਹੁੰਚਦੀ ਵੀ ਹੈ। ਇਹ ਅਖਬਾਰਾਂ ਮੇਰਾ ਲਿਖਿਆ ਕਟਦੀਆਂ ਵੀ ਨਹੀਂ। ਇਥੇ ਇਹਨਾਂ ਦਾ ਬਦਲ ਵੀ ਨਹੀਂ ਹੈ। ਸੋ ਇਕ ਅਖਬਾਰ ਸਿੱਖ-ਪੱਖੀ ਹੈ ਤਾਂ ਦੂਜੀ ਹਿੰਦੂ ਪੱਖੀ ਹੈ ਤੇ ਕਾਂਗਰਸ-ਪੱਖੀ ਹੈ ਤੇ ਹੈ ਵੀ ਪ੍ਰਗਤੀਵਾਦ ਦਾ ਵਿਰੋਧ ਕਰਨ ਵਾਲੀ। ਮੇਰੇ ਖਿਆਲ ਵਿਚ ਜੇਕਰ ਕੋਈ ਹੋਰ ਮਾਧਿਅਮ ਨਾ ਹੋਵੇ ਤਾਂ ਚਾਲੂ ਮਾਧਿਆਮ ਵਰਤ ਕੇ ਆਪਣੀ ਗੱਲ ਕਰ ਲੈਣੀ ਚਾਹੀਦੀ ਹੈ।

ਪਾਸ਼; ਤੁਸੀਂ ਹੋਰ ਕੋਈ ਮਾਧਿਅਮ ਵਰਤੋ।

ਸਾਥੀ; ਕਿਹੜਾ?

ਪਾਸ਼; ਹੋਰ ਕੋਈ ਹੈ ਹੀ ਨਹੀਂ?

ਸਾਥੀ; ਮੈਨੂੰ ਤਾਂ ਕੋਈ ਨਹੀਂ ਦਿਸਦਾ ਜਿਹੜਾ ਅਗਾਂਹ ਵਧੂ ਹੋਵੇ।

ਪਾਸ਼; ਤੁਸੀਂ ਆਪਣਾ ਮਾਧਿਅਮ ਪੈਦਾ ਕਰੋ।

ਸਾਥੀ; ਇਹ ਤਾਂ ਪਿਆਸ ਲੱਗਣ 'ਤੇ ਖੂਹ ਪੁੱਟਣ ਵਾਲੀ ਗੱਲ ਹੈ। ਏਸ ਮੁਲਕ ਵਿਚ ਇਹ ਗੱਲ ਏਨੀ ਸੌਖੀ ਨਹੀਂ। ਪੰਜਾਬ ਸੜ ਰਿਹਾ ਹੈ। ਅਸੀਂ ਬੰਸਰੀ ਕਿਉਂ ਵਜਾਈ ਜਾਈਏ? ਇਹਨਾਂ ਪੇਪਰਾਂ ਵਿਚ ਅਸੀਂ ਉਸਾਰੂ ਗੱਲ ਕਰਦੇ ਹਾਂ। ਮੈਂ ਜਨੂੰਨਵਾਦ ਦੇ ਸਮਰਥਕ ਨਹੀਂ ਹਾਂ।

ਪਾਸ਼; ਏਸ ਗੱਲ ਦਾ ਤਾਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਵੱਖਵਾਦ ਦੇ ਸਮਰਥਕ ਨਹੀਂ ਹੋ। ਕੱਲ ਸਾਡੇ ਇਕ ਪੁਰਾਣੇ ਸਾਥੀ ਜਿਹੜੇ ਅਜਕੱਲ ਇਥੇ ਰਹਿ ਰਹੇ ਹਨ, ਨੇ ਦਸਿਆ ਸੀ ਕਿ ਜੀ ਅਸੀਂ ਤਾਂ ਲਕੀਰ ਖਿੱਚੀ ਹੋਈ ਹੈ ਕਿ ਜਿਹੜਾ 'ਦੇਸ ਪਰਦੇਸ' ਲਈ ਲਿਖੇ ਉਹ ਖਾਲਿਸਸਤਾਨੀ, ਜਿਹੜਾ ਨਾ ਲਿਖੇ ਉਹ ਨਹੀਂ। ਭਾਜੀ, ਮੈਨੂੰ ਤਾਂ ਇਹ ਦਲੀਲ ਕੋਈ ਚੰਗੀ ਨਹੀਂ ਲੱਗੀ। ਪ੍ਰਗਤੀਵਾਦੀ ਸੋਚ ਵਾਲਿਆਂ ਨੂੰ ਇਹ ਗੱਲਾਂ ਨਹੀਂ ਜਚਦੀਆਂ।

ਸਾਥੀ; 'ਦੇਸ ਪਰਦੇਸ' ਦੀ ਪਾਲਸੀ ਸਿੱਖ਼ਾਂ ਲਈ ਵੱਖ਼ਰਾ ਮੁਲਕ ਹਾਸਲ ਕਰਨ ਦੀ ਹੈ ਜਿਸ ਨਾਲ ਮੈਂ ਫਿਰ ਕਹਿੰਦਾ ਹਾਂ ਕਿ ਮੈਂ ਸਹਿਮਤ ਨਹੀਂ ਹਾਂ। ਸਿੱਖ਼ ਤਾਂ ਗਲੋਬਲ ਭਾਈਚਾਰੇ ਵਿਚ ਸ਼ਾਮਲ ਹੋ ਚੁੱਕੇ ਹਨ। ਇਹ ਮਿਹਨਤੀ ਤੇ ਗਲੋਬਲੀ ਕੌਮ ਹੈ।ਪੰਜਾਬੀ ਦੀਆਂ ਅਖਬਾਰਾਂ ਦੀ ਪਾਲਸੀ ਪਰੋ-ਪੰਜਾਬੀ ਹੋਣੀ ਚਾਹੀਦੀ ਹੈ, ਇਹ ਮੁਨੱਖਵਾਦੀ ਗੱਲ ਕਰਨ। ਪਰ ਅਜਿਹਾ ਨਹੀਂ ਹੋ ਰਿਹਾ। ਕੀ ਕਰੀਏ?

ਪਾਸ਼; ਰਾਤੀਂ ਇਥੇ ਤੁਸੀਂ ਗੱਲ ਕਰਦੇ ਸੀ ਕਿ ਛਪਾਈ ਦੇ ਹਿਸਾਬ ਨਾਲ 'ਦੇਸ ਪਰਦੇਸ' ਹੀ ਸਭ ਤੋਂ ਵਧ ਛਪਦਾ ਹੈ।

ਸਾਥੀ; ਇਹ ਠੀਕ ਹੈ। ਜੇ ਲੋਕਾਂ ਤੱਕ ਪਹੁੰਚਣਾ ਹੈ ਤਾਂ ਇਸੇ ਰਾਹੀਂ ਹੀ ਪੁੱਜਿਆ ਜਾ ਸਕਦਾ ਹੈ। ਇਥੋਂ ਦੇ ਕੁਝ ਪੇਪਰਾਂ ਨੂੰ ਪੜ੍ਹਨ ਵਾਲੇ ਵੀ ਉਸੇ ਤਰਾਂ੍ਹ ਦੇ ਹਨ ਜਿਹੋ ਜਿਹੇ ਤੁਸੀਂ ਆਪਣੀ ਗੱਲਬਾਤ ਵਿਚ ਜ਼ਿਕਰ ਕੀਤਾ ਹੈ ਕਿ ਕਮਿਊਨਿਸਟ ਅਖਬਾਰਾਂ ਨੂੰ ਪੜ੍ਹਨ ਵਾਲੇ ਵੀ ਉਹੋ ਹੀ ਬੰਦੇ ਹਨ ਤੇ ਆਪਸ ਵਿਚ ਹੀ ਵਾਹ ਵਾਹ ਕਰ ਛੱਡਦੇ ਹਨ। 'ਦੇਸ ਪਰਦੇਸ' ਦਾ ਸਾਧਨ ਵਰਤ ਕੇ ਅਸੀਂ ਏਕੇ ਅਤੇ ਮਨੁੱਖਵਾਦ ਦੀ ਗੱਲ ਕਰਦੇ ਹਾਂ। ਇੱਥੇ 'ਡੇਲੀ ਟੈਲੀਗਰਾਫ਼' ਕਨਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਦਾ ਹੈ ਪਰ ਉਸ ਵਿਚ ਲੇਬਰ ਪਰਟੀ ਦੇ ਆਗੂ ਵੀ ਲੇਖ਼ ਲਿਖਦੇ ਹਨ। ਉਹ ਕਹਿੰਦੇ ਹਨ ਕਿ ਇਨ੍ਹਾਂ ਦੇ ਸਾਧਨ ਰਾਹੀਂ ਇਨ੍ਹਾਂ ਦੇ ਸਮਰਥਕਾਂ ਤeਕ ਪੁਹੰਚਣਾਂ ਇਕ ਚੁਸਤੀ ਵਾਲੀ ਗੱਲ ਹੈ।

ਪਾਸ਼; ਐਥੇ ਮੈਂ ਤੁਹਾਡੇ ਨਾਲ ਹੰਡਰਡ ਪਰਸੈਂਟ ਸਹਿਮਤ ਨਹੀਂ। ਮੈਂ ਇਹ ਗੱਲ ਕਦੇ ਨਹੀਂ ਵੇਖੀ ਕਿ ਦੁਸ਼ਮਣ ਦਾ ਹਥਿਆਰ ਵਰਤ ਕੇ ਕੋਈ ਕਾਮਯਾਬ ਹੋਇਆ ਹੋਵੇ। ਮੇਰੀ ਆਪਣੀ ਨੀਤੀ ਇਹ ਹੈ ਕਿ ਮੈਂ ਦੁਸ਼ਮਣ ਦਾ ਮਾਧਿਅਮ ਨਹੀਂ ਵਰਤਦਾ। ਮੈਂ ਕਦੇ ਰੇਡੀਓ, ਟੀਵੀ ਤੋਂ ਨਹੀਂ ਬੋਲਿਆ ਕਿਉਂਕਿ ਇਸ ਉਤੇ ਬੋਲ ਕੇ ਅਸੀਂ ਰੂਲਿੰਗ ਕਲਾਸ ਦੇ ਖਿਲਾਫ ਨਹੀਂ ਬੋਲ ਸਕਦੇ। ਦੇਸ਼ ਵਿਚ ਇਹ ਮਾਧਿਅਮ ਹਕੂਮਤ ਦੇ ਬੁਲਾਰੇ ਹਨ। 

ਸਾਥੀ; ਇਥੇ 'ਡੇਲੀ ਟੈਲੀਗਰਾਫ਼' ਵਰਗੇ ਅਦਾਰੇ ਸਰਕਾਰ ਦੇ ਹੱਥ ਠੋਕੇ ਨਹੀਂ ਹਨ। ਮੈਨੂੰ ਨਹੀਂ ਇਲਮ ਕਿ ਭਾਰਤ ਦਾ ਰੇਡੀਓ ਤੇ ਟੀਵੀ ਹਕੂਮਤ ਦੇ ਅਧੀਨ ਹੈ ਪਰ ਫ਼ਿਰ ਵੀ ਕੀ ਇਹ ਠੀਕ ਨਹੀਂ ਹੋਵੇਗਾ ਕਿ ਤੁਸੀਂ ਉਹਨਾਂ ਦੇ ਸਾਧਨ ਵਰਤ ਕੇ ਲੋਕਾਂ ਤੀਕ ਆਪਣੀ ਗੱਲ ਪੁਜਾ ਸਕੋਂ? ਤੁਸੀਂ ਆਪਣਾ ਟੀਵੀ, ਰੇਡੀਓ ਵੀ ਤਾਂ ਕਾਇਮ ਨਹੀਂ ਨਾ ਕਰ ਸਕਦੇ?

ਪਾਸ਼; ਇਹ ਸਾਧਨ ਵਰਤਣ ਵਾਸਤੇ ਮੈਨੂੰ ਆਪਣੇ ਆਪ ਨੂੰ ਕਿਹੋ ਜਿਹਾ ਬਣਾਉਣਾ ਪਊ? ਇਹ ਵੀ ਪਤਾ ਮੈਨੂੰ।

ਸਾਥੀ; ਪਰ ਤੁਸੀਂ ਆਪਣੇ ਖਿਆਲ ਦੱਸ/ਲਿਖ਼ ਕੇ ਉਹਨਾਂ ਜਿਹੇ ਕਿੱਦਾਂ ਹੋ ਜਾਵੋਂਗੇ?

ਪਾਸ਼; ਪਰ ਉਹ ਮੈਨੂੰ ਆਪਣੇ ਖਿਆਲ ਦੱਸ ਲੈਣ ਦੇਣਗੇ?

ਸਾਥੀ; ਤੁਸੀਂ ਕੋਸ਼ਿਸ਼ ਨਹੀਂ ਕੀਤੀ ਲਗਦੀ।

ਪਾਸ਼; ਉਹਨਾਂ ਨੇ ਕਈ ਵੇਰੀ ਲਿਖਿਆ ਕਿ ਤੁਸੀਂ ਤਿੰਨ ਜਾਂ ਚਾਰ ਕਵਿਤਾਵਾਂ ਭੇਜੋ ਤਾਂ ਜੁ ਅਸੀਂ ਦੇਖ ਸਕੀਏ ਕਿ ਕਦੋਂ ਆਓ ਤੇ ਕਿਹੜੀਆਂ ਕਵਿਤਾਵਾਂ ਬੋਲੋਂ।

ਸਾਥੀ; ਫਿਰ ਤੁਸੀਂ ਭੇਜੀਆਂ?

ਪਾਸ਼; ਨਹੀਂ।

ਸਾਥੀ; ਫਿਰ ਤੁਸੀਂ ਇਕ ਟੁੱਕ ਕਿਵੇਂ ਕਹਿ ਸਕਦੇ ਹੋ ਿਕ ਉਹ ਤੁਹਾਨੂੰ ਤੁਹਾਡੀਆਂ ਨਜ਼ਮਾਂ ਨਹੀਂ ਬੋਲਣ ਦੇਣਗੇ?

ਪਾਸ਼; ਮੈਂ ਦੇਖਿਆ ਕਿ ਜਿੰਨੇ ਲੋਕ ਬੋਲੇ ਹਨ ਅਜੇ ਤੱਕ ਉਹ ਦੋਸ਼ੀ ਉਤੇ ਉਂਗਲ ਨਹੀਂ ਰੱਖ ਸਕੇ ਕਿ ਇਹ ਜ਼ਹਿਰ ਫੈਲਾਉਣ ਵਾਲੇ ਕੌਣ ਹਨ?  ਮੈਂ ਬਿਨਾਂ ਉਂਗਲ ਰੱਖਿਆਂ ਬੋਲ ਨਹੀਂ ਸਕਦਾ।

ਸਾਥੀ; ਪਾਸ਼ ਜੀ, ਤੁਸੀਂ ਨੈਕਸਲਾਈਟ ਲਹਿਰ ਦੀ ਚੜ੍ਹਤ ਵੇਲੇ ਬੜੇ ਸਰਗਰਮ ਰਹੇ ਸਾਓ, ਅਜ ਕੱਲ ਇਹਦਾ ਕੀ ਹਾਲ ਹੈ? ਉਹ ਮੁੰਡੇ ਸਭ ਕਿਥੇ ਗਏ?

ਪਾਸ਼; ਸੱਤਰ-ਇਕੱਤਰ ਤੋਂ ਬਾਅਦ ਧੜੇ ਬਣਨੇ ਸ਼ੁਰੂ ਹੋ ਗਏ ਸਨ। ਕਈ ਸਿਧਾਂਤਕ ਗੱਲਾਂ ਕਰਕੇ ਵੀ ਧੜੇ ਬਣੇ ਤੇ ਫਿਰ ਲੀਡਰਸ਼ਿੱਪ ਦੀ ਕਮਜ਼ੋਰ ਨੀਤੀ ਕਰਕੇ ਵੀ। ਦੂਰੋਂ ਦੇਖਣ ਵਾਲਿਆਂ ਨੂੰ ਨਿਘਾਰ ਲਗਦਾ ਸੀ ਪਰ ਨਿਘਾਰ ਨਹੀਂ ਸੀ ਹੋਇਆ। ਸਿਰਫ ਨੁਕਤਾਚੀਨੀ ਦੀ ਸਟੇਜ ਵਿਚੋਂ ਪਾਰਟੀ ਲੰਘ ਰਹੀ ਸੀ। ਜਿੰਨੀ ਅਜਕੱਲ ਇਹ ਪਾਰਟੀ ਉਭਾਰ ਵਿਚ ਹੈ ਓਨੀ ਕਦੇ ਵੀ ਨਹੀਂ ਸੀ। ਪਰ ਲੋਕੀਂ ਮਾਰਕਾਟ ਦੀਆਂ ਖਬਰਾਂ ਦੇ ਆਦੀ ਹਨ। ਇਸ ਲਈ ਵੀ ਇਹਦੇ ਉਭਾਰ ਬਾਰੇ ਲੋਕੀਂ ਬਹੁਤੇ ਸੁਚੇਤ ਨਹੀਂ ਹਨ।

ਸਾਥੀ; ਏਸ ਗੱਲ ਵਾਰੇ ਨੂੰ ਅਸੀਂ ਇਧਰ ਸੁਚੇਤ ਨਹੀਂ ਹਾਂ।

ਪਾਸ਼; ਸਾਰੀਆਂ ਅਗਾਂਹ ਵਧੂ ਪਾਰਟੀਆਂ ਨੇ ਹਕੂਮਤ ਤੇ ਜਨੂੰਨਵਾਦ ਦੇ ਖਿਲਾਫ ਜੰਗ ਲੜੀ ਤੇ ਲੜ ਰਹੀਆਂ ਹਨ। ਪਰ ਇਥੇ ਫੇਰ ਪਹਿਲਾਂ ਵਾਲੀ ਗੱਲ ਆ ਜਾਂਦੀ ਹੈ ਕਿ ਬੁਰਜਵਾ ਪ੍ਰੈਸ ਸਾਨੂੰ ਹੀਰੋ ਕਿਉਂ ਬਣਾਵੇ? ਅਸੀਂ ਰੈਲੀਆਂ, ਕਾਨਫਰੰਸਾਂ, ਇਸ਼ਤਿਹਾਰਬਾਜ਼ੀ ਤੇ ਮੁਜ਼ਾਹਰਿਆਂ ਰਾਹੀਂ ਸੰਘਰਸ਼ ਕਰ ਰਹੇ ਹਾਂ ਬਲਕਿ ਹਥਿਆਰਬੰਦ ਘੋਲ ਵੀ।

ਸਾਥੀ; ਹਥਿਆਰਬੰਦ ਘੋਲ ਕਿਸ ਦੇ ਖਿਲਾਫ?

ਪਾਸ਼; ਅੱਤਵਾਦੀਆਂ ਦੇ ਖਿਲਾਫ, ਜਨੂੰਨੀਆਂ ਦੇ ਖਿਲਾਫ।

ਸਾਥੀ; ਯਾਨੀ ਜਦੋਂ ਕੋਈ ਅੱਤਵਾਦੀ ਜਾਂ ਮਿਲੀਟੈਂਟ ਮਰਦਾ ਹੈ ਤਾਂ ਇਹਦੇ ਵਿਚ ਨੈਕਸਲਾਈਟਾਂ ਦਾ ਵੀ ਹੱਥ ਹੋ ਸਕਦਾ ਹੈ?

ਪਾਸ਼; ਪਰ ਪੁਲਸ ਦਾ ਵੀ ਹੁੰਦਾ ਹੈ। 'ਪੁਲਸ ਮੁਕਾਬਲੇ ਵਿਚ ਮਰ ਗਿਆ' ਦੀ ਪਾਲਿਸੀ ਸਾਡੇ 70-71 ਵੇਲੇ ਵੀ ਸੀ ਤੇ ਹੁਣ ਵੀ ਹੈ। ਅਜਕੱਲ ਸਾਡੀਆਂ ਖਾਲਿਸਤਾਨੀਆਂ ਦੇ ਖਿਲਾਫ ਏਨੀਆਂ ਟੱਕਰਾਂ ਨਹੀਂ ਹੋਈਆਂ ਪਰ ਇਹ ਵੀ ਨਹੀਂ ਕਿ ਨਹੀਂ ਹੋਈਆਂ। ਸੰਤ ਜਰਨੈਲ ਸਿੰਘ ਦੀ ਪਾਲਿਸੀ ਸੀ ਕਿ ਨੈਕਸਲਾਈਟਾਂ ਨੂੰ ਨਾ ਛੇੜੋ।

ਸਾਥੀ; ਪਾਸ਼, ਲੋਕੀਂ ਕਹਿੰਦੇ ਹਨ ਕਿ ਸੰਤ ਦੇ ਕਈ ਚੇਲੇ ਤੁਹਾਡੀ ਮੂਵਮੈਂਟ ਤੋਂ ਫਰੱਸਟਰੇਟ ਹੋ ਕੇ ਓਧਰ ਗਏ ਸਨ। ਕੀ ਇਹ ਗਲਤ ਗੱਲ ਹੈ?
ਪਾਸ਼; ਇਹ ਸਰਕਾਰ ਵਲੋਂ ਸਾਡੀ ਲਹਿਰ ਨੂੰ ਬਦਨਾਮ ਕਰਨ ਦੀ ਇਕ ਚਾਲ ਸੀ। ਇਹਨਾਂ ਨਾਲ ਸਾਡੀ ਪੁਲੀਟੀਕਲੀ ਕੋਈ ਸਾਂਝ ਹੋ ਹੀ ਨਹੀਂ ਸਕਦੀ। ਹਾਂ, ਇਕ ਦੋ ਜਣੇ ਜ਼ਰੂਰ ਓਧਰ ਗਏ ਸਨ। ਹਰ ਕਿਸਮ ਦੇ ਬੰਦੇ ਕਿਸੇ ਨਾ ਕਿਸੇ ਲਹਿਰ ਵਿਚ ਆ ਸਕਦੇ ਹਨ ਜਿਹੜੇ ਬਾਅਦ ਵਿਚ ਧੋਖਾ ਵੀ ਦੇ ਸਕਦੇ ਹਨ। ਪਰ ਸਮੁੱਚੇ ਤੌਰ ਤੇ ਉਧਰ ਕੋਈ ਨੈਕਸਲੀ ਨਹੀਂ ਗਿਆ।

ਸਾਥੀ; ਨੈਕਸਲੀ ਲਹਿਰ ਦੀ ਜਦੋਂ ਬਹੁਤ ਚੜ੍ਹਤ ਸੀ ਤਾਂ ਤੁਸੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੇ। ਕੀ ਇਹ ਠੀਕ ਹੈ?

ਪਾਸ਼; ਠੀਕ ਹੈ।

ਸਾਥੀ; ਇੱਕਾ ਦੁਕਾ ਠਾਣੇਦਾਰ ਮਾਰਨ ਨਾਲ ਹੀ ਮਸਲੇ ਹੱਲ ਨਹੀਂ ਹੁੰਦੇ?

ਪਾਸ਼; ਨਹੀਂ ਹੁੰਦੇ।

ਸਾਥੀ; ਤੁਸੀਂ ਤਕੜੀ ਲੀਡਰਸ਼ਿਪ ਵੀ ਕਾਇਮ ਨਹੀਂ ਕਰ ਸਕੇ?

ਪਾਸ਼; ਦਰੁਸਤ।

ਸਾਥੀ; ਜਸਵੰਤ ਸਿੰਘ ਕੰਵਲ ਦੇ 'ਲਹੂ ਦੀ ਲੋਅ' ਬਾਰੇ ਕੀ ਖਿਆਲ ਹੈ?

ਪਾਸ਼; ਇਹ ਲਹਿਰ ਦਾ ਅਨੈਲਿਸਜ਼ ਨਹੀਂ ਹੈ। ਕਹਾਣੀਆਂ ਜਿਹੀਆਂ ਲਿਖ ਦਿਤੀਆਂ ਹਨ। ਉਸ ਬੰਦੇ ਦੀ ਸਮਝ ਹੋਰ ਸੀ। ਹੋਰ ਪਾਸੇ ਨੂੰ ਹੀ ਤੁਰ ਗਿਆ।

ਸਾਥੀ; ਸੇਖੋਂ ਵਾਰੇ ਕੀ ਖ਼ਿਆਲ ਹੈ?

ਪਾਸ਼; ਸੇਖੋਂ ਹੁਰੀਂ ਜਨੂੰਨੀਆਂ ਨਾਲ ਤਾਂ ਨਹੀਂ ਜਾ ਰਲੇ ਪਰ ਦੁਖ ਹੁੰਦਾ ਹੈ ਕਿ ਏਡਾ ਵੱਡਾ ਮਨੁੱਖ ਸਿੱਖਾਂ ਨਾਲ ਆਈਡੈਂਟੀਫਾਈ ਕਰਦਾ ਹੈ ਆਪਣੇ ਆਪ ਨੂੰ। ਕਾਮਰੇਡਾਂ ਦਾ ਧਰਮ ਤਾਂ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੁੰਦਾ ਹੈ। ਉਹ ਦਾਦੇ-ਪੜਦਾਦੇ ਐਸੇ ਸਨ, ਵੈਸੇ ਸਨ ਦੀਆਂ ਬਾਤਾਂ ਪਾਉਣ ਲੱਗ ਪਏ ਹਨ। ਹਰਿਭਜਨ ਸਿੰਘ ਤਾਂ ਬਿਲਕੁਲ ਹੀ ਨਿੱਘਰ ਗਿਆ। ਹੁਣ ਉਹਨੂੰ ਚੇਤਾ ਆ ਗਿਆ ਕਿ ਫੌਜਾਂ ਕਿਹੜੇ ਦੇਸ਼ ਤੋਂ ਆਈਆਂ। ਉਦੋਂ ਕਿਥੇ ਸੀ ਜਦ ਨਾਗਾਲੈਂਡ ਤੇ ਆਸਾਮ ਵਿਚ ਫੌਜਾਂ ਧਾਈਆਂ ਸਨ। ਅੰਮ੍ਰਿਤਾ ਪ੍ਰੀਤਮ ਕੋਲ ਇੰਦਰਾ ਗਾਂਧੀ ਲਈ ਬੜਾ ਸੌਫਟ ਕਾਰਨਰ ਹੈ। ਹਾਲਾਂ ਕਿ ਉਹ ਔਰਤ ਬੜੀ ਚਲਾਕ ਸਿਆਸਤਦਾਨ ਸੀ ਤੇ ਉਸ ਨੇ ਲੋਕਾਂ ਦਾ ਘਾਣ ਕਰ ਦਿਤਾ। ਇਹ ਸਭ ਕੁਝ ਉਹਦੀ ਦੇਣ ਹੈ। ਅੰਮ੍ਰਿਤਾ ਸਥਾਪਤੀ ਦਾ ਅੰਗ ਬਣ ਗਈ ਹੈ। ਉਸ ਤੋਂ ਮਨੁੱਖਵਾਦ ਦੀ ਆਸ ਨਹੀ ਕੀਤੀ ਜਾ ਸਕਦੀ। ਮੂਲੀਆਂ-ਗਾਜਰਾਂ ਵਾਂਗੂੰ ਸਰਕਾਰੀ ਤੇ ਜਨੂੰਨੀ ਧਾੜਾਂ ਵਲੋਂ ਲੋਕ ਕੱਟੇ ਜਾ ਰਹੇ ਹਨ ਤੇ ਉਹ ਚੁੱਪ ਐ। ਏਨੀ ਪ੍ਰਸਿੱਧੀ ਖੱਟ ਕੇ ਵੀ ਉਹਨੇ ਕੁਝ ਨਹੀਂ ਕੀਤਾ। ਐਵੇਂ ਸਿੰਬੌਲਿਕ ਜਿਹੇ ਢੰਗ ਨਾਲ ਪੀੜਾਂ ਜਿਹੀਆਂ ਜ਼ਾਹਰ ਕਰੀ ਜਾਂਦੀ ਐ। ਪੰਜਾਬੀ ਲੇਖਕ ਪੀੜ ਹੀ ਜ਼ਾਹਰ ਕਰੀ ਜਾਂਦੇ ਐ ਤੇ…

ਸਾਥੀ; ਕਰਦੇ ਕੁਝ ਨਹੀਂ। ਕਲਮਾਂ ਨਾਲ ਨਹੀਂ ਲੜਦੇ। ਸੱਚ ਨਹੀਂ ਬੋਲਦੇ। ਚੁੱਪ ਹਨ। ਪੰਜਾਬ ਦੀ ਅੱਜ ਦੀ ਸਥਿਤੀ ਵਿਚ ਇਹਨਾਂ ਚੁੱਪ-ਕਲਮਾਂ ਦਾ ਵੀ ਘਿਨਾਉਣਾ ਰੋਲ ਹੈ। ਕੀ ਖ਼ਿਆਲ ਹੈ?

ਪਾਸ਼; ਬਿਲਕੁਲ ਠੀਕ ਹੈ ਸਾਥੀ ਭਾਜੀ। ਬੱਸ ਰੋਈ ਜਾਂਦੇ ਹਨ। ਦੁਸ਼ਮਣ 'ਤੇ ਉਂਗਲ ਨਹੀਂ ਰੱਖਦੇ। ਦੋਸ਼ੀ ਵਲ ਇਸ਼ਾਰਾ ਨਹੀਂ ਕਰਦੇ।

ਸਾਥੀ; ਦੋ ਕੁ ਨਜ਼ਮਾ ਤੁਸੀਂ ਲਿਖੀਆਂ ਹਨ, ਪਾਤਰ ਜਾਂ ਹੁੰਦਲ ਤੇ ਜਗਤਾਰ ਨੇ ਲਿਖੀਆਂ ਹਨ ਪੰਜਾਬ ਦੀ ਸਥਿਤੀ ਬਾਰੇ ਤੇ ਕੁਝ ਕੁ ਹੋਰਾਂ ਨੇ। 
ਸਿੱਕੇਬੰਦ ਵਾਰਤਕ ਕਿਸੇ ਨੇ ਨਹੀਂ ਲਿਖੀ।

ਪਾਸ਼; ਵਰਿਆਮ ਸੰਧੂ ਨੇ 'ਭੱਜੀਆਂ ਬਾਹੀਂ' ਕਹਾਣੀ ਬੜੀ ਵਧੀਆ ਲਿਖੀ ਹੈ। ਪਰ ਸਮੁਚੇ ਤੌਰ ਤੇ ਤੁਹਾਡੀ ਗੱਲ ਠੀਕ ਹੈ ਕਿ ਕੁਝ ਨਹੀਂ ਲਿਖਿਆ ਗਿਆ।

ਸਾਥੀ; ਇਸੇ ਕਰਕੇ ਸਭ ਤੋਂ ਵੱਡੇ ਦੋਸ਼ੀ ਸਮਝਦਾਰ ਲੇਖਕ ਹਨ ਪੰਜਾਬ ਦੇ। ਜਿਹੜੇ ਚੁੱਪ ਰਹੇ। ਇਵੇਂ ਹੀ ਅਗਾਂਹਵਧੂ ਲਹਿਰਾਂ ਨੇ ਕੀਤੀ।

ਪਾਸ਼; ਇਹ ਠੀਕ ਹੈ। ਕੋਸ਼ਿਸ਼ ਸੀਮਤ ਹੀ ਹੈ।

ਸਾਥੀ; ਜੁਝਾਰੂ ਕਵਿਤਾ ਅਜਕੱਲ ਕਿਥੇ ਖੜੀ ਹੈ?

ਪਾਸ਼; ਇਹ ਪਹਿਲਾਂ ਤੋਂ ਅੱਗੇ ਹੀ ਵਧ ਰਹੀ ਹੈ।

ਸਾਥੀ; ਕੀ ਇਹ ਗੱਲ ਕਹਿਣੀ ਜਾਇਜ਼ ਹੈ ਕਿ ਸਾਡੇ ਸ਼ਾਇਰਾਂ ਦੀਆਂ ਰਚਨਾਵਾਂ ਚਿਰਜੀਵੀ ਨਹੀਂ ਹੁੰਦੀਆਂ? ਉਹ ਇਕ ਘਟਨਾ ਨੂੰ ਲੈ ਕੇ ਨਜ਼ਮ ਲਿਖਦੇ ਹਨ। ਜਦੋਂ ਉਹ ਘਟਨਾ ਪਾਪੂਲਰ ਪ੍ਰੈਸ ਵਿਚ ਆਉਣੋਂ ਹਟ ਜਾਂਦੀ ਹੈ ਤਾਂ ਉਹ ਨਜ਼ਮਾਂ ਗੈਰ-ਜ਼ਰੂਰੀ ਹੋ ਜਾਂਦੀਆਂ ਹਨ। ਜੁਝਾਰੂ ਜਾਂ ਲੋਕ ਪੱਖੀ ਕਵਿਤਾਵਾਂ ਇਨਫਿਨਾਈਟ ਇੰਟਲੈਕਚੂਅਲਿਜ਼ਮ ਤੋਂ ਕੋਰੀਆਂ ਹੁੰਦੀਆਂ ਹਨ। ਕੀ ਇਹ ਠੀਕ ਹੈ?

ਪਾਸ਼; ਇਹ ਠੀਕ ਹੈ। ਸਮੁੱਚੀ ਕਵਿਤਾ ਵਿਚ ਹੀ ਇਹ ਘਾਟ ਹੈ। ਕਿਤੇ ਕਿਤੇ ਹੀ ਕੋਈ ਚੰਗੀ ਗੱਲ ਅਪੀਲ ਕਰਨ ਵਾਲੀ ਹੁੰਦੀ ਹੈ।

ਸਾਥੀ; ਤੁਹਾਡੀ ਇਕ ਨਜ਼ਮ 'ਮਰਦ ਮੇਰਾ ਸਿਰ 'ਤੇ ਨਹੀਂ ਰਿਹਾ' ਮਿਆਰੀ ਕਵਿਤਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਦੁਖਾਂਤ ਤੋਂ ਬਾਅਦ ਖਤਮ ਹੋ ਜਾਵੇਗੀ ਤੇ ਇਹ ਸਿਰਫ ਰੈਫਰੈਂਸ ਲਈ ਹੀ ਵਰਤੀ ਜਾਵੇਗੀ। ਕੀ ਤੁਸੀਂ ਕੋਈ ਇਹੋ ਜਿਹੀ ਨਜ਼ਮ ਲਿਖੀ ਹੈ ਜਿਹੜੀ ਚਿਰ-ਜੀਵੀ ਹੋਵੇ?

ਪਾਸ਼; ਮੈਂ ਅਜਿਹੀ ਕੋਈ ਨਜ਼ਮ ਨਹੀਂ ਲਿਖੀ। ਥੋੜ-ਚਿਰਾ ਪ੍ਰਭਾਵ ਹੀ ਹੁੰਦਾ ਉਹਨਾਂ ਦਾ। ਇਸ ਗੱਲ ਵਾਸਤੇ ਬਾਬੇ ਨਾਨਕ ਵਰਗਾ ਟੇਲੈਂਟ ਚਾਹੀਦਾ ਹੈ। 

ਸਾਥੀ; ਤੁਸੀਂ ਬੜਾ ਘੱਟ ਲਿਖਦੇ ਹੋ। ਕਿਉਂ?

ਸਾਥੀ; ਮੈਨੂੰ ਸੰਤੁਸ਼ਟਤਾ ਨਹੀਂ ਹੈ। ਮੈਨੂੰ ਸਦਾ ਇਹ ਸ਼ਿਕਾਇਤ ਰਹੀ ਹੈ ਕਿ ਸਾਡੀਆਂ ਨਜ਼ਮਾਂ ਸੀਮਤ ਜਿਹੇ ਲੋਕ ਹੀ ਪੜ੍ਹਦੇ ਹਨ। ਉਹੋ ਵਾਹਵਾ ਕਰਦੇ ਹਨ, ਚਿੱਠੀਆਂ ਲਿਖਦੇ ਹਨ। ਉਹੋ ਕਵੀ ਦਰਬਾਰਾਂ ਵਿਚ ਤਾਰੀਫ ਦੀਆਂ ਤਾਲੀਆਂ ਮਾਰਦੇ ਹਨ। ਆਮ ਲੋਕਾਂ ਤੱਕ ਪੁੱਜਦੀ ਹੀ ਨਹੀਂ ਸਾਡੀ ਨਜ਼ਮ ਜਾਂ ਧਾਰਾ। ਇਹ ਮਜ਼ਾ ਚਾਰ-ਪੰਜ ਸਾਲ ਤਾਂ ਰਹਿੰਦਾ ਹੈ ਤੇ ਫਿਰ ਬੰਦਾ ਸਟੈਗਨੈਂਟ ਹੋਇਆ ਸਮਝਦਾ ਹੈ। ਸਾਡੀ ਸਾਰੀ ਪਹੁੰਚ ਵਿਚ ਕਿਤੇ ਗਲਤੀ ਰਹਿ ਗਈ ਹੈ। ਮੇਰਾ ਭਾਵ ਹੈ ਕਿ ਸਾਡੀ ਕਵਿਤਾ ਵਿਚ ਤੇ ਸਾਡੀ ਧਾਰਾ ਵਿਚ ਵੀ।

ਸਾਥੀ; ਮੈਨੂੰ ਲਗਦਾ ਹੈ ਕਿ ਤੁਹਾਡੇ ਵਿਚ ਅਹਿਸਾਸੇ-ਕਮਤਰੀ ਹੈ। ਕਵਿਤਾ ਦਾ ਏਨਾ ਨਿਰਾਸ਼ਾਵਾਦੀ ਸੀਨ ਨਹੀਂ ਹੈ। ਉਂਜ ਹੀ ਕਵਿਤਾ ਘੱਟ ਪੜ੍ਹੀ ਜਾਂਦੀ ਹੈ।

ਪਾਸ਼; ਇਹਨਾਂ ਮੁਲਕਾਂ ਵਿਚ ਵੀ?

ਸਾਥੀ; ਹਾਂ, ਇਹਨਾਂ ਮੁਲਕਾਂ ਵਿਚ ਵੀ। ਅੱਛਾ ਪਾਸ਼, ਤੁਸੀਂ ਇਥੋਂ ਦੇ ਪੰਜਾਬੀ ਲੇਖਕਾਂ ਨੂੰ ਵੀ ਪੜ੍ਹਿਆ ਹੋਵੇਗਾ। ਇਹਨਾਂ ਦਾ ਕੀ ਪ੍ਰਭਾਵ ਬਣਦੈ ਤੁਹਾਡੇ 'ਤੇ?

ਪਾਸ਼; ਇਥੋਂ ਦੀ ਮੁਖ ਸ਼ਿਕਾਇਤ ਹੈ ਕਿ ਇਹ ਹਰ ਵੇਲੇ ਉਦਰੇਵੇਂ ਦੀਆਂ ਗੱਲਾਂ ਕਰਦੇ ਹਨ। ਜੇ ਏਨਾ ਹੀ ਉਦਰੇਵਾਂ ਹੈ ਤਾਂ ਵਾਪਸ ਚਲੇ ਜਾਓ। ਆਏ ਹੀ ਕਿਉਂ ਸੀ? ਐਵੇਂ ਕੀਰਨੇ ਪਾਈ ਜਾਂਦੇ ਹਨ। ਫਿਰ ਆਖਣਗੇ ਕਿ ਮੈਨੂੰ ਖੂਹ ਯਾਦ ਆਉਂਦਾ, ਮੈਨੂੰ ਟਿੱਬੇ ਯਾਦ ਆਉਂਦੇ ਐ। ਇਹ ਕਿਉਂ ਨਹੀਂ ਸੋਚਦੇ ਕਿ ਖੂਹਾਂ ਦੀ ਥਾਂ ਟਿਊਵਲ ਲੱਗਣ, ਟਿੱਬਿਆਂ ਦੀ ਥਾਂ ਫਸਲਾਂ ਹੋਣ ਲੱਗ ਪੈਣ। ਨੈਗੇਟਿਵ ਸੋਚਾਂ ਹਨ ਤੇ ਰੋਣ ਸਿਆਪੇ ਹਨ। ਤੁਸੀਂ ਤਾਂ ਭਲਾ ਇਥੇ ਰਹਿੰਦੇ ਹੋ ਵੀਹਾਂ ਪੰਝੀਆਂ ਸਾਲਾਂ ਤੋਂ। ਤੁਹਾਡੇ ਕੋਲ ਇਥੇ ਸੰਤੋਖ ਸਿੰਘ ਧੀਰ ਆਇਆ। ਮਰ ਕੇ ਟਿਕਟ ਲਿਆ ਤੇ ਵੀਜ਼ਾ ਲਿਆ ਤੇ ਇਥੇ ਆ ਕੇ ਕਵਿਤਾ ਲਿਖੀ ਕਿ 'ਹੇ ਭਾਰਤ, ਤੂੰ ਸੁੰਦਰ ਮੋਰ'। ਇਹ ਸੂਡੋ ਕਿਸਮ ਦੀ ਫੀਲਿੰਗ ਹੈ। ਐਪਰ ਦੂਜੇ ਪਾਸੇ ਤੁਸੀਂ ਜਿਵੇਂ 'ਪ੍ਰੀਤ ਲੜੀ' ਵਿਚ ਇਥੋਂ ਬਾਰੇ ਗਿਆਨ ਦਿਤਾ ਤੇ ਹੋਰ ਕੁਝ ਲੇਖਕਾਂ ਨੇ ਵੀ ਬੜਾ ਸੁਹਣਾ ਜਾਣਕਾਰੀ ਭਰਪੂਰ ਲਿਖਿਆ, ਉਹ ਸਭ ਵਾਹਵਾ ਸੀ।

ਸਾਥੀ; ਤੁਹਾਡੀ ਸਾਧਨਾ ਜਾਂ ਮਾਧਿਅਮ ਵਾਲੀ ਗੱਲ ਤੋਂ ਇਕ ਸਵਾਲ ਹੋਰ ਕਿਸੇ ਨਾ ਕਿਸੇ ਤਰਾਂ੍ਹ ਉਭਰਿਆ ਹੈ ਕਿ ਜਿਹੜੇ ਖੱਬੀ ਵਿਚਾਰਧਾਰਾ ਵਾਲੇ ਬੰਦੇ ਇਹਨਾਂ ਸਰਮਾਏਦਾਰ ਮੁਲਕਾਂ ਵਿਚ ਰੁਗਜ਼ਾਰ ਲਈ ਆਉਂਦੇ ਹਨ ਕੀ ਉਹਨਾਂ ਦਾ ਇਹ ਕਰਤੱਵ ਠੀਕ ਹੈ?

ਪਾਸ਼; ਜੇ ਖੱਬੀ ਵਿਚਾਰਧਾਰਾ ਵਾਲੇ ਇਧਰ ਰੁਗਜ਼ਾਰ ਲਈ ਆਉਂਦੇ ਹਨ ਤਾਂ ਉਹ ਸਰਾਸਰ ਗਲਤ ਹਨ ਤੇ ਆਪਣੇ ਉਦੇਸ਼ ਨਾਲ ਧਰੋ ਕਰਦੇ ਹਨ।

ਸਾਥੀ; ਜਦ ਦੇਸ਼ ਵਿਚ ਰੁਗਜ਼ਾਰ ਨਾ ਮਿਲੂ ਤਾਂ ਉਹ ਕਿਤੇ ਤਾਂ ਨਿਕਲੂ? ਉਦੇਸ਼ ਦਾ ਕੀ ਕਰੂ? ਨਿਰੇ ਉਦੇਸ਼ ਨਾਲ਼ ਤਾਂ ਢਿੱਡ ਨਹੀਂ ਨਾ ਭਰਦਾ?

ਪਾਸ਼; ਖੱਬੇ ਵਿਚਾਰਧਾਰਾ ਵਾਲੇ ਬੰਦੇ ਦਾ ਪ੍ਰਮੁੱਖ ਉਦੇਸ਼ ਇਹ ਨਹੀਂ ਹੋਣਾ ਚਾਹੀਦਾ। ਉਥੇ ਰੋਟੀ ਤੋਂ ਭੁੱਖੇ ਤਾਂ ਨਹੀਂ ਮਰਨ ਲੱਗੇ। ਇਹ ਐ ਕਿ ਏਨੀਆਂ ਸਹੂਲਤਾਂ ਨਾ ਮਿਲਣਗੀਆਂ। ਇਨਕਲਾਬ ਨਾਲ ਕੁਮਿਟਿਡ ਬੰਦੇ ਨੂੰ ਰੁਗਜ਼ਾਰ ਲਈ ਬਾਹਰ ਨਹੀਂ ਆਉਣਾ ਚਾਹੀਦਾ।

ਸਾਥੀ; ਪਾਸ਼, ਇੰਟਰਵਿਊ ਲਈ ਸਮਾਂ ਕੱਢਣ ਲਈ ਸ਼ੁਕਰੀਆ।

ਪਾਸ਼; ਲਓ ਭਾਜੀ, ਇਹ ਤਾਂ ਖੁਸ਼ੀ ਤੇ ਮਾਣ ਵਾਲੀ ਗੱਲ ਹੈ, ਤੁਹਾਨੂੰ ਤਾਂ ਮੈਂ ਛੋਟੇ ਹੁੰਦਿਆਂ ਤੋਂ ਪੜ੍ਹਦਾ ਆ ਰਿਹਾਂ। ਮੈਂ ਤਾਂ ਤੁਹਾਡਾ ਫੈਨ ਆਂ।

ਸਾਥੀ; ਮੈਂ ਵੀ ਤੇਰੀ ਸ਼ਾਇਰੀ ਦਾ ਫੈਨ ਆਂ ਪਿਆਰੇ ਦੋਸਤ!