ਸਰੀਰਿਕ ਤੰਦਰੁਸਤੀ ਕਿਸ ਨੂੰ ਚੰਗੀ ਨਹੀਂ ਲੱਗਦੀ? ਇਹੀ ਕਾਰਣ ਹੈ ਕਿ ਅਸੀਂ ਖਾਣ-ਪੀਣ ਅਤੇ ਆਪਣੀ ਸਿਹਤ ਪ੍ਰਤੀ ਹਮੇਸ਼ਾਂ ਚਿੰਤਤ ਤਾਂ ਰਹਿੰਦੇ ਹੀ ਹਾਂ ਉਸਦੇ ਨਾਲ ਹੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਰੀਰਿਕ ਤੰਦਰੁਸਤੀ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਡਾਕਟਰੀ ਇਲਾਜ, ਕੌੜੀਆਂ ਦਵਾਈਆਂ ਤੋਂ ਸਾਡਾ ਬਚਾਅ ਹੋ ਸਕੇ।
ਭਾਵੇਂ ਕਿ ਸਿਹਤ ਸਬੰਧੀ ਕਾਫੀ ਜਾਗਰੂਕਤਾ ਅਜੌਕੇ ਦੌਰ ਵਿੱਚ ਪੈਦਾ ਹੋ ਚੁੱਕੀ ਹੈ, ਪਰ ਬਾਵਜੂਦ ਇਸਦੇ ਬਹੁਗਿਣਤੀ ਵਿੱਚ ਅਸੀਂ ਆਪਣੀ ਸਿਹਤ ਪ੍ਰਤੀ ਸੰਜੀਦਾ ਅਤੇ ਗੰਭੀਰ ਨਹੀਂ ਹੁੰਦੇ ਜਿਸ ਕਰਕੇ ਕਈ ਕਿਸਮ ਦੀਆਂ ਛੋਟੀਆਂ ਜਾਂ ਵੱਡੀਆਂ ਬਿਮਾਰੀਆਂ ਨਾਲ ਪੀੜ੍ਹਿਤ ਰਹਿੰਦੇ ਹਾਂ ਅਤੇ ਸ਼ਾਇਦ ਹੀ ਕੋਈ ਪਰਿਵਾਰ/ਘਰ ਐਸਾ ਹੋਵੇ ਜਿਸ ਵਿੱਚ ਔਸਤਨ ਇੱਕ ਜਾਂ ਇੱਕ ਤੋਂ ਵੱਧ ਮਰੀਜ਼ (ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜ੍ਹਿਤ) ਨਾ ਹੋਣ। ਸਿਹਤ ਪ੍ਰਤੀ ਲਾਪਰਵਾਹ ਹੋਣਾ ਇੱਕ ਬੜਾ ਹੀ ਗੰਭੀਰ ਮਸਲਾ ਹੈ, ਪਰ ਅਸੀਂ ਇਸ ਪਾਸੇ ਧਿਆਨ ਉਦੋਂ ਹੀ ਦਿੰਦੇ ਹਾਂ, ਜਦੋਂ ਤਕਲੀਫ ਹੱਦ ਤੋਂ ਵੱਧ ਜਾਂਦੀ ਹੈ।
ਗੱਲ ਕੇਵਲ ਸਾਇੰਸ (ਵਿਗਿਆਨ) ਦੀ ਹੀ ਨਹੀਂ, ਬਲਕਿ ਧਰਮ ਗੰ੍ਰਥਾਂ ਰਾਹੀਂ ਵੀ ਮਨੁੱਖ ਨੂੰ ਚੰਗੀ ਸਿਹਤ, ਚੰਗਾ ਅਤੇ ਤੰਦਰੁਸਤ ਜੀਵਣ ਜਿਊਣ ਲਈ ਪ੍ਰੇਰਨਾ ਦਿੱਤੀ ਗਈ ਹੈ। ਜੇਕਰ ਡਾਕਟਰੀ ਵਿਗਿਆਨ ਇਹ ਗੱਲ ਅੱਜ ਲੋਕਾਈ ਨੂੰ ਸਮਝਾ ਰਿਹਾ ਹੈ ਕਿ, 'ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ ਅਤੇ ਇਸ਼ਨਾਨ ਕਰਨਾ ਸਰੀਰ ਨੂੰ ਅਰੋਗ ਰੱਖਣ ਲਈ ਸੱਭ ਤੋਂ ਵੱਧ ਲਾਭਕਾਰੀ ਹੈ' ਤਾਂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਸਿਹਤ ਅਤੇ ਸਫਾਈ ਪ੍ਰਤੀ ਮਨੁੱਖ ਨੂੰ ਸੁਚੇਤ ਕਰਦਿਆਂ ਸਮਝਾਇਆ ਗਿਆ ਹੈ ਕਿ, 'ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸ਼ਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥' ਅਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਰੀਰਕ ਅਰੋਗਤਾ ਦੇ ਨਾਲ ਮਨ ਦੀ ਅਰੋਗਤਾ ਬਾਰੇ ਵੀ ਸੁਚੇਤ ਕਰ ਦਿੱਤਾ ਕਿ ਪ੍ਰਭੂ ਭਗਤੀ (ਮਨ ਦੇ ਟਿਕਾਅ) ਲਈ ਵੀ ਇਹ ਸਮਾਂ ਸਭ ਤੋਂ ਉੱਤਮ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਤਨ ਅਤੇ ਮਨ ਦੋਹਾਂ ਨੂੰ ਸਵੱਸਥ ਰੱਖਣ ਲਈ ਕਈ ਉਦਾਹਰਣਾਂ ਮਿਲਦੀਆਂ ਹਨ। ਮਨੁੱਖ ਨੇ ਕਿਸ ਤਰ੍ਹਾਂ ਦਾ ਖਾਣਾ ਹੈ? ਕਿਸ ਤਰ੍ਹਾਂ ਦੀ ਪਹਿਨਣਾ ਹੈ? ਕਿਸ ਤਰ੍ਹਾਂ ਨਾਲ ਤਨ ਅਤੇ ਮਨ ਦੀ ਸਫਾਈ ਰੱਖਣੀ ਹੈ ਅਤੇ ਕਿਵੇਂ ਇੱਕ ਸਚਿਆਰਾ ਜੀਵਣ ਜਿਊਣਾ ਹੈ? ਜੇਹਾ ਕਿ:
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ (੬੧੧)
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (੧੬)
ਬਾਬਾ ਹੋ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (੧੬)
ਉਥੇ ਸਰੀਰ ਲਈ ਹਾਨੀਕਾਰਕ ਨਸ਼ਿਆਂ ਤੋਂ ਵੀ ਸਖਤੀ ਨਾਲ ਮਨਾਹੀ ਕੀਤੀ ਗਈ, 'ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (੫੫੩)
ਮਨੁੱਖ ਆਪਣੀ ਆਦਤ ਅਨੁਸਾਰ ਸਿਹਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਕਿਸੇ ਨਾ ਕਿਸੇ ਰੂਪ ਵਿੱਚ ਸਰੀਰ/ਸਿਹਤ ਲਈ ਹਾਨੀਕਾਰਕ ਪਦਾਰਥਾਂ ਦਾ ਸੇਵਣ ਕਰਦਾ ਹੀ ਰਹਿੰਦਾ ਹੈ ਅਤੇ ਇਸੇ ਕਰਕੇ ਮਨੁੱਖਤਾ ਵਿੱਚ ਜਾਗ੍ਰਿਤੀ ਪੈਦਾ ਕਰਨ ਹਿੱਤ ਸਾਲ ਵਿੱਚ ਇੱਕ ਵਾਰ ਵਿਸ਼ਵ ਪੱਧਰ ਤੇ ਮਨੁੱਖਤਾ ਤੋਂ ਆਪਣੀ ਸਿਹਤ ਪ੍ਰਤੀ ਸੁਚੇਤ ਕਰਨ ਲਈ ਹਰ ਸਾਲ ੭ ਅਪ੍ਰੈਲ ਨੂੰ 'ਵਿਸ਼ਵ ਸਹਿਤ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੰਨ ੧੯੪੮ ਵਿੱਚ ਪਹਿਲੀ ਵਿਸ਼ਵ ਸਿਹਤ ਸਭਾ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ੭ ਅਪ੍ਰੈਲ ਨੂੰ ਦੇਸ਼ ਦੁਨੀਆ ਵਿੱਚ ਇਹ ਦਿਨ 'ਵਿਸ਼ਵ ਸਿਹਤ ਦਿਵਸ' ਵਜੋਂ ਮਨਾਇਆ ਜਾਇਆ ਕਰੇਗਾ ਅਤੇ ੧੯੫੦ ਤੋਂ ਇਸਦੀ ਅਮਲੀ ਰੂਪ ਵਿੱਚ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਲੋਕਾਈ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ, ਗੋਸ਼ਟੀਆਂ, ਨਾਟਕ, ਨੁਕੜ ਨਾਟਕ ਸਮੇਤ ਹਰ ਉਹ ਢੰਗ ਵਰਤੇ ਜਾਇਆ ਕਰਨਗੇ ਜਿਸ ਨਾਲ ਇਹ ਸੁਨੇਹਾ ਲੋਕਾਂ ਤੱਕ ਪਹੁੰਚ ਸਕੇ। ਇਸ ਦਾ ਇਹ ਮਾਟੋ/ਨਾਅਰਾ (ਸਲੋਗਨ) ਹੈ ਕਿ 'ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।' ਇਸ ਨੂੰ ਹਰ ਸਾਲ ਇੱਕ ਸਿਹਤ ਸਬੰਧੀ ਇੱਕ ਵੱਖਰੇ ਅਤੇ ਨਵੇਂ ਥੀਮ (ਵਿਸ਼ੇ) ਤੇ ਮਨਾਇਆ ਜਾਂਦਾ ਹੈ ਇਸ ਸਾਲ ੨੦੧੭ ਵਿੱਚ ਇਸ ਦਾ ਵਿਸ਼ਾ 'ਡਿਪਰੈਸ਼ਨ' ਹੈ।
ਸਿਹਤ ਸੇਵਾਵਾਂ ਪ੍ਰਤੀ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵੈਬ-ਸਾਈਟ ਅਨੁਸਾਰ ਸਰਕਾਰ ਵੱਲੋਂ ਰਾਜ ਦੇ ਦਿਹਾਤੀ ਖੇਤਰਾਂ ਵਿਚ ਮੁਢਲੀ ਸਿਹਤ ਸੰਭਾਲ ਸੇਵਾਵਾਂ ਉਪ-ਕੇਂਦਰਾਂ (੨੯੫੧) ਅਰਥਾਤ ਲਗਭੱਗ ੫੦੦੦ ਜਨਸੰਖਿਆ ਲਈ ਇਕ, ਐਚਸੀ/ਦਿਹਾਤੀ ਡਿਸਪੈਂਸਰੀਆਂ/ਕਲੀਨਿਕ (੧੧੮੬) ਅਰਥਾਤ ਲਗਭਗ ੧੦੦੦੦ ਜਨਸੰਖਿਆ ਲਈ ਇਕ, ਪੀਐਚਸੀ (੪੨੭) ਅਰਥਾਤ ਲਗਭੱਗ ੩੦੦੦੦ ਜਨਸੰਖਿਆ ਲਈ ਇਕ, ਸੀਐਚਸੀ (੧੫੦) ਅਰਥਾਤ ਲਗਭੱਗ ੧੦੦੦੦੦ ਜਨਸੰਖਿਆ ਲਈ ਇਕ ਨਾਲ ਸ਼ਾਮਿਲ ਡਾਕਟਰੀ ਸੰਸਥਾਵਾਂ ਦੇ ਨੈਟਵਰਕ ਨਾਲ ਉਪਲੱਬਧ ਕਰਾਇਆਂ ਜਾਂਦੀਆਂ ਹਨ। ਵਿਕਲਪ ਸਿਹਤ ਸੰਭਾਲ ਡਿਲੀਵਰੀ ਪ੍ਰਣਾਲੀ ਅਧੀਨ, ੧੧੮੬ ਸਹਾਇਕ ਸਿਹਤ ਕੇਂਦਰ (ਦਿਹਾਤੀ ਡਿਸਪੈਂਸਰੀਆਂ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਤਬਦੀਲ ਕਰ ਦਿਤੀਆਂ ਗਈਆਂ ਹਨ) ਜਿਥੇ ਦਿਹਾਤੀ ਮੈਡੀਕਲ ਅਫਸਰ ਅਰਥਾਤ ਸੇਵਾ ਪ੍ਰਦਾਤਾ (ਡਾਕਟਰ) ਜਿਲਾ ਪਰਿਸ਼ਦ ਦੁਆਰਾ ਤੈਨਾਤ ਕੀਤੇ ਗਏ ਹਨ। ਭਾਰਤੀ ਦਵਾਈ ਅਤੇ ਹੋਮਿਓਪੈਥਿਕ (ਆਯੁਸ਼) ਪ੍ਰਣਾਲੀ ਦੇ ਵਿਕਾਸ ਲਈ, ੫੦੭ ਆਯੁਰਵੈਦਿਕ/ਯੁਨਾਨੀ ਡਿਸਪੈਂਸਰੀਆਂ, ੧੭ ਆਯੁਰਵੈਦਿਕ ਸਵਸਥ ਕੇਂਦਰ, ੫ ਆਯੁਰਵੈਦਿਕ ਹਸਪਤਾਲ, ਪਟਿਆਲਾ ਵਿਖੇ ਇਕ ਸਰਕਾਰੀ ਆਯੁਰਵੈਦਿਕ ਕਾਲਜ ਅਤੇ ੧੧੧ ਡਿਸਪੈਂਸਰੀਆਂ ਰਾਜ ਵਿਚ ਕੰਮ ਕਰ ਰਹੀਆਂ ਹਨ।
ਵਿਸ਼ਵ ਸਿਹਤ ਦਿਵਸ ਦਾ ਮੁਖ ਮਕਸਦ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਸਾਨੂੰ ਸਿਹਤ ਉੱਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੁਨੀਆ ਭਰ ਵਿੱਚ ਸਿਹਤ ਸੰਸਥਾਵਾਂ ੭ ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮੌਕੇ ਵੱਡੇ-ਵੱਡੇ ਭਾਸ਼ਣ ਅਤੇ ਪ੍ਰੋਗਰਾਮ ਕਰਕੇ ਲੋਕਾਂ ਦੀ ਸਿਹਤ ਪ੍ਰਤੀ ਸੰਜੀਦਾ ਹੋਣ ਦੀ ਹਾਮੀ ਭਰਦੇ ਹਨ ਪਰ ਇਸਦੇ ਨਾਲ ਜ਼ਰੂਰੀ ਹੈ ਕਿ ਸਿਹਤ ਸੰਭਾਲ ਲਈ ਗੰਭੀਰਤਾ ਨਾਲ ਲਗਾਤਾਰ ਸੋਚਿਆ ਜਾਵੇ ਅਤੇ ਹੋਰ ਜ਼ਰੂਰੀ ਕਦਮ ਚੁੱਕੇ ਜਾਣ ਤਾਂ ਕਿ ਨਾ-ਮੁਰਾਦ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ। ਸਿਹਤ ਸਬੰਧੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਫਸਟ ਏਡ (ਮੁੱਢਲ਼ੀ ਡਾਕਟਰੀ ਲੋੜ) ਦੇ ਨਾਲ ਚੰਗਾ ਖਾਣ-ਪੀਣ ਅਤੇ ਪਹਿਨਣ ਸਬੰਧੀ ਅਮਲੀ ਰੂਪ ਵਿੱਚ ਸਿੱਖਿਆ ਦੇਣੀ ਚਾਹੀਦੀ ਹੈ। ਇਸਦੇ ਨਾਲ ਹੀ ਸਾਨੂੰ ਆਪਣੀ ਸਿਹਤ ਅਤੇਤੰਦਰੁਸਤੀ ਬਰਕਰਾਰ ਰੱਖਣ ਲਈ ਆਪਣੇ ਕੁੱਝ ਪਰਣ ਲੈਣੇ ਪੈਣਗੇ, ਜਿਵੇ: ਰੋਜ਼ਾਨਾ ਰਾਤ ਜਲਦੀ ਸੌਣਾ ਅਤੇ ਜਲਦੀ ਉੱਠ ਕੇ ਇਸ਼ਨਾਨ ਕਰਨਾ, ਖਾਣ-ਪੀਣ ਪ੍ਰਤੀ ਪੂਰੀ ਇਹਤੀਆਦ ਵਰਤਣੀ, ਰੋਜ਼ਾਨਾ ਕੁੱਝ ਸਮਾਂ ਕਸਰਤ ਕਰਨਾ, ਜੰਕ ਫੂਡ ਤੋਂ ਪ੍ਰਹੇਜ ਕਰਨਾ, ਰੋਜ਼ਾਨਾ ਸੈਰ ਕਰਨ ਦੀ ਆਦਤ ਪਾਉਣੀ, ਜਿਆਦਾ ਮਾਤਰਾ ਵਿੱਚ ਪਾਣੀ ਪੀਣਾ, ਸੌਣ ਤੋਂ ਪਹਿਲਾਂ ਦੰਦਾਂ ਅਤੇ ਅੱਖਾ ਦੀ ਸਫਾਈ ਕਰਨਾ, ਭੋਜਨ ਤੋਂ ੩੦ ਮਿੰਟ ਬਾਅਦ ਪਾਣੀ ਦਾ ਸੇਵਨ ਕਰਨਾ, ਤਾਜ਼ੇ ਫਲਾਂ ਦਾ ਸੇਵਨ ਕਰਨਾ, ਬੇਲੋੜਾ ਖਾਣਾ ਖਾਣ ਤੋਂ ਪ੍ਰਹੇਜ਼ ਕਰਨਾ ਆਦਿ ਨੁਕਤਿਆਂ ਨੂੰ ਜਿੰਦਗੀ ਦਾ ਹਿੱਸਾ ਬਣਾਈਏ।