ਓੁਏ ਸੋਨੂੰ ਤੂੰ ਇਥੇ ਕਿਵੇਂ ? ਬੱਸ ਅੱਡੇ ਤੇ ਭੀਖ ਮੰਗਦੇ ਸੋਨੂੰ ਨੂੰ ਮੈ ਪੁਛਿਆ। ਇਹ ਓਹੀ ਸੋਨੂੰ ਸੀ ਜੋ ਬਹੁਤ ਚਿਰ ਪਹਿਲਾ ਮੇਰੇ ਦਫਤਰ ਦੇ ਮੂਹਰੇ ਲੱਗੇ ਚਾਹ ਆਲੇ ਖੋਖੇ ਤੇ ਕੰਮ ਕਰਦਾ ਸੀ। ਬਹੁਤ ਸ਼ਰਾਰਤੀ ਹੁੰਦਾ ਸੀ। ਚਾਹ ਫੜਾਉਣ ਆਇਆ ਹਰ ਇੱਕ ਨੂੰ ਛੇੜਦਾ। ਸੁਭਾਅ ਦਾ ਵਧੀਆ ਸੀ। ਤੇ ਮਾਲਕ ਕੋਲੋ ਝਿੜਕਾਂ ਖਾਕੇ ਵੀ ਸਾਡਾ ਹਰ ਕਹਿਣਾ ਮੰਨਦਾ ਤੇ ਛੋਟੇ ਮੋਟੇ ਕੰਮ ਕਰ ਦਿੰਦਾ।ਅਸੀ ਵੀ ਕਦੇ ਕਦੇ ਉਸਦੀ ਵੱਸ ਲੱਗਦੀ ਸਹਾਇਤਾ ਕਰ ਦਿੰਦੇ। ਘਰੋ ਲਿਆ ਕੇ ਜੁਆਕਾਂ ਦੇ ਪੁਰਾਣੇ ਕੱਪੜੇ ਉਸ ਨੂੰ ਦੇ ਦਿੰਦੇ ਤੇ ਉਹ ਖੁਸ਼ ਹੋ ਜਾਂਦਾ।
ਬਾਬੂ ਜੀ ਮੈਨੂੰ ਖੋਖੇ ਆਲੇ ਸੇਠ ਕੋਲੋ ਪੰਜਾਹ ਰੁਪੈ ਮਿਲਦੇ ਸਨ ਰੋਜ ਦੇ । ਬਾਕੀ ਦੋ ਟਾਇਮ ਦਾ ਖਾਣਾ ਤੇ ਚਾਹ। ਮੈ ਸਵੇਰੇ ਸੱਤ ਵਜੇ ਕੰਮ ਤੇ ਆਉਂਦਾ ਸੀ ਤੇ ਰਾਤ ਨੂੰ ਦਸ ਵਜੇ ਘਰੇ ਜਾਂਦਾ ਸੇ ਮੇਰੀ ਮਾਂ ਲੋਕਾਂ ਘਰੇ ਕੰਮ ਕਰਦੀ ਸੀ ਤੇ ਘਰ ਚਲਦਾ ਸੀ। ਮੇਰਾ ਬਾਪੂ ਕਈ ਸਾਲਾਂ ਤੋ ਬੀਮਾਰ ਸੀ ਤੇ ਉਹ ਮੰਜੇ ਤੇ ਹੀ ਸੀ। ਮੇਰੇ ਪੈਸਿਆਂ ਨਾਲ ਉਸ ਦੀ ਦਵਾਈ ਆaੁਂਦੀ ਸੀ। ਤੇ ਵੇਲਾ ਲੰਘੀ ਜਾਂਦਾ ਸੀ। ਪਰ ਇੱਕ ਦਿਨ ਸਰਕਾਰ ਦੇ ਬੰਦਿਆਂ ਨੇ ਛਾਪਾ ਮਾਰਿਆ ਤੇ ਸਾਨੂੰ ਬਾਲ ਮਜਦੂਰੀ ਦੇ ਨਾ ਤੇ ਓਥੋਂ ਹਟਾ ਦਿੱਤਾ। ਉਹਨਾ ਸੇਠ ਤੇ ਵੀ ਪਰਚਾ ਦਰਜ ਕਰਵਾ ਦਿੱਤਾ।ਸਾਨੂੰ ਦੋ ਕਾਇਦੇ ਤੇ ਦੋ ਕਾਪੀਆਂ ਦੇ ਕੇ ਸਕੂਲ ਜਾਣ ਦੀ ਨਸੀਅਤ ਦੇ ਕੇ ਛੱਡ ਦਿੱਤਾ। ਅਗਲੇ ਦਿਨ ਸਾਡੀ ਅਖਬਾਰ ਚ ਫੋਟੋ ਵੀ ਆਈ। ਹੁਣ ਸਕੂਲ ਨਾਲੋ ਬਾਪੂ ਦੀ ਦਵਾਈ ਜਰੂਰੀ ਸੀ ਪਰ ਸਾਡੇ ਕੋਲ ਪੈਸੇ ਨਹੀ ਸਨ ਤੇ ਨਾ ਕੋਈ ਮੈਨੂੰ ਕੰਮ ਤੇ ਰੱਖਣ ਨੂੰ ਤਿਆਰ ਸੀ ਅਖੇ ਸਖਤੀ ਬਹੁਤ ਹੈ। ਦਵਾਈ ਖੁਣੋ ਤੀਜੇ ਦਿਨ ਮੇਰਾ ਬਾਪੂ ਤੁਰ ਗਿਆ।ਹੁਣ ਤੇ ਬਸ ਮੰਗ ਕੇ ਖਾਣ ਤੋ ਇਲਾਵਾ ਮੇਰੇ ਕੋਲੇ ਕੋਈ ਹੋਰ ਚਾਰਾ ਨਹੀ ਹੈ ਉਸ ਦੀ ਦੁੱਖ ਭਰੀ ਦਾਸਤਾਂ ਸੁਣ ਕੇ ਮੈਨੂੰ ਕੋਈ ਹੋਰ ਗੱਲ ਨਾ ਆਉੜੀ ਤੇ ਮੈ ਸਰਕਾਰ ਦੇ ਖੋਖਲੇ ਸਮਾਜ ਸੁਧਾਰਾਂ ਬਾਰੇ ਸੋਚਣ ਲੱਗ ਗਿਆ।ਮੈਨੂੰ ਇਹ ਬਾਲ ਮਜਦੂਰੀ ਨਹੀ ਬਾਲ ਮਜਬੂਰੀ ਲੱਗੀ।