ਪੁਸਤਕ ਦਾ ਨਾਂ: ਸੰਤ ਹਰਚੰਦ ਸਿੰਘ ਲੌਗੋਵਾਲ
(ਅਧਿਆਤਮਿਕਤਾ ਤੋਂ ਰਾਜਨੀਤੀ ਤੱਕ)
ਲੇਖਕ : ਹਰਬੀਰ ਸਿੰੰਘ ਭੰਵਰ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸਫ਼ੇ: 172 ਮੁੱਲ: 225 ਰੁਪਏ
ਹੱਥਲੀ ਪੁਸਤਕ 'ਸੰਤ ਹਰਚੰਦ ਸਿੰਘ ਲੌਗੋਵਾਲ (ਅਧਿਆਤਮਿਕਤਾ ਤੋਂ ਰਾਜਨੀਤੀ ਤੱਕ)' ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ ਦੇ ਨਾਲ-ਨਾਲ ਪੰਜਾਬ ਦੇ ਗੁੰਝਲਦਾਰ ਮਸਲਿਆਂ ਅਤੇ ਧਰਮ ਯੁੱਧ ਪ੍ਰਤੀ ਲਾਏ ਗਏ ਮੋਰਚਿਆ 'ਤੇ ਵਿਸਤ੍ਰਿਤ ਚਾਨਣਾ ਪਾਉਂਦੀ ਹੈ, ਸਾਂਭਣਯੋਗ ਪੁਸਤਕ ਹੈ। ਇਹ ਪੁਸਤਕ ਹਰਚੰਦ ਸਿੰਘ ਲੌਂਗੋਵਾਲ ਦੇ ਜੀਵਨ 'ਤੇ ਲਿਖੀ ਗਈ ਪੁਸਤਕ 'ਪੰਜਾਬ ਦਾ ਲੋਕ ਨਾਇਕ' ਦਾ ਹੀ ਸੋਧਿਆ ਹੋਇਆ ਰੂਪ ਹੈ। ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਹਰਬੀਰ ਸਿੰਘ ਭੰਵਰ ਦੁਆਰਾ ਰਚਿਤ ਹੋਰਨਾਂ ਪੁਸਤਕਾਂ ਦੇ ਇਲਾਵਾ 'ਡਾਇਰੀ ਦੇ ਪੰਨੇ', 'ਕੀ ਖ਼ਾਲਿਸਤਾਨ ਬਣੇਗਾ', 'ਕਾਲੇ ਦਿਨ: ੧੯੮੪ ਤੋਂ ਬਾਅਦ ਸਿੱਖ, ਤੀਜਾ ਘੱਲੂਘਾਰਾ: ਲਹੂ ਭਿੱਜੀ ਪੱਤਰਕਾਰੀ', 'ਧਰਮ ਯੁੱਧ ਮੋਰਚਾ ਆਦਿ ਵਿਚ ਸਿੱਖਾਂ ਦੇ ਕਾਲੇ ਦਿਨਾਂ ਦੀ ਦਾਸਤਾਨ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨ ਕੀਤੀ ਗਈ ਹੈ। ਇਨ੍ਹਾਂ ਪੁਸਤਕਾਂ ਦੀ ਤਰ੍ਹਾਂ ਹੀ ਇਹ ਪੁਸਤਕ ਵੀ ਆਉਣ ਵਾਲੀਆਂ ਪੀੜ੍ਹੀਆਂ ਅਤੇ ਇਤਿਹਾਸਕਾਰਾਂ ਲਈ ਦਸਤਾਵੇਜ਼ ਬਣੇਗੀ।
ਇਸ ਪੁਸਤਕ ਵਿਚ ਲੇਖਕ ਨੇ ਸੋਲਾਂ ਇਹੋ ਜਿਹੇ ਵਿਸ਼ਿਆਂ ਨੂੰ ਟੁੰਭਿਆ ਹੈ, ਜੋ ਸੰਤ ਲੌਂਗੋਵਾਲ ਦੀ ਸ਼ਖ਼ਸੀਅਤ ਬਾਰੇ ਠੋਸ ਜਾਣਕਾਰੀ ਮੁਹੱਈਆਂ ਕਰਵਾਉਂਦੇ ਨੇ। ਸੰਤ ਹਰਚੰਦ ਸਿੰਘ ਜੀ ਜ਼ਿਲ੍ਹਾਂ ਸੰਗਰੂਰ ਦੇ ਇਕ ਗੁਮਨਾਮ ਜਿਹੇ ਪਿੰਡ ਗੱਦੜਿਆਣੀ ਵਿਖੇ ੨ ਜਨਵਰੀ ੧੯੩੨ ਨੂੰ ਇਕ ਸਾਧਾਰਨ ਪੇਂਡੂ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਸਨ। ...ਤੇ ਪੇਂਡੂ ਭੋਲਾਪਨ, ਹਲੀਮੀ ਤੇ ਮਾਸੂਮੀਅਤ ਉਨ੍ਹਾਂ ਦੇ ਚਿਹਰੇ, ਸੁਭਾਉ ਅਤੇ ਰੋਜ਼ਾਨਾ ਜ਼ਿੰਦਗੀ ਵਿਚੋਂ ਆਪ-ਮੁਹਾਰੀ ਝਲਕਦੀ ਦਿਖਾਈ ਦਿੰਦੀ ਸੀ।ਕਿਸੇ ਫਿਲਾਸਫਰ ਦਾ ਕਥਨ ਹੈ 'ਵੱਡਾ ਆਦਮੀ ਉਹ ਹੈ, ਜਿਸ ਪਾਸ ਬੈਠਿਆਂ ਕੋਈ ਆਪਣੇ-ਆਪ ਨੂੰ ਛੋਟਾ ਮਹਿਸੂਸ ਨਾ ਕਰੇ...'। ਇਹ ਕਥਨ ਉਨ੍ਹਾਂ ਦੀ ਸ਼ਖ਼ਸੀਅਤ 'ਤੇ ਬਿਲਕੁਲ ਢੁੱਕਦਾ ਸੀ। ਸੰਤ ਜੀ ਅਕਸਰ ਹੀ ਕਿਹਾ ਕਰਦੇ ਸਨ 'ਮੈਨੂੰ ਵਾਹਿਗੁਰੂ ਉਤੇ ਅਥਾਹ ਵਿਸ਼ਵਾਸ ਹੈ। ਮੈਂ ਆਪਣੇ ਜੀਵਨ ਲਈ ਸਾਰੀ ਪ੍ਰੇਰਣਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਂਦਾ ਹਾਂ। ਗੁਰਬਾਣੀ ਦਾ ਸਿਮਰਨ ਮੈਨੂੰ ਸ਼ਕਤੀ ਬਖਸ਼ਦਾ ਹੈ, ਸ਼ਾਂਤੀ ਬਖਸ਼ਦਾ ਹੈ।'
ਸਾਰੇ ਹੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਗੁਰਦੁਆਰੇ ਸਿੱਖੀ ਦੇ ਸੋਮੇ ਹਨ। ਇਹ 'ਕੱਲੇ ਪਾਠ-ਪੂਜਾ ਦਾ ਸਥਾਨ ਹੀ ਨਹੀਂ, ਸਗੋਂ ਸਮਾਜਿਕ, ਵਿਦਿਅਕ ਤੇ ਸਭਿਆਚਾਰਕ ਕੇਂਦਰ ਵੀ ਹਨ। ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਅਸਥਾਨ ਪਿੰਡ ਲੌਂਗੋਵਾਲ ਹੈ। ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਸੀ। ੧੯੫੩ ਵਿਚ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਸੰਤ ਜੀ ਲੌਂਗੋਵਾਲ ਆ ਗਏ। ਕੀਰਤਨ ਦਾ ਪ੍ਰਵਾਹ ਚਲਦਾ ਰਿਹਾ। ਸੰਤ ਜੀ ਦੇ ਨਾਂ ਨਾਲ ਲੌਂਗੋਵਾਲ ਪਹਿਲਾਂ ਹੀ ਜੁੜ ਚੁੱਕਾ ਸੀ।...ਤੇ ਸੰਤ ਜੀ ਨੇ ਇੱਥੇ ਹੀ ਪੱਕਾ ਟਿਕਾਣਾ ਬਣਾ ਲਿਆ।
ਅਧਿਆਤਮਿਕਤਾ ਤੋਂ ਰਾਜਨੀਤੀ ਵੱਲ ਜਾਂਦਿਆਂ ਸੰਤ ਜੀ ਨੂੰ ਵੱਡੇ-ਵੱਡੇ ਅਹੁਦਿਆਂ 'ਤੇ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਆਪ ਜੀ ਦੇ ਨਾਂ ਨਾਲ ਸੰਤ ਸ਼ਬਦ ਤਾਂ ਪਹਿਲਾਂ ਹੀ ਜੁੜ ਚੁੱਕਾ ਸੀ ਜਦੋਂ ਬਚਪਨ ਵਿਚ ਹੀ ਸੰਤ ਜੋਧ ਸਿੰਘ ਤੋਂ ਗੁਰਬਾਣੀ, ਗੁਰਮਿਤ ਵਿਦਿਆ ਅਤੇ ਸ਼ਬਦ ਕੀਰਤਨ ਦੀ ਲਗਾਤਾਰ ੧੦ ਸਾਲ ਦੀ ਸਿੱਖਿਆ ਲੈ ਕੇ ਆਪਣੇ ਪਿੰਡ ਗੱਦੜਿਆਣੀ ਪਰਤੇ ਸਨ। ਗੁਰੂ ਕੀ ਕਾਂਸੀ, ਦਮਦਮਾ ਸਾਹਿਬ ਨੂੰ ੧੯੬੩ ਦੀ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਪੰਜਵੇਂ ਤਖ਼ਤ ਵਜੋਂ ਸਥਾਪਿਤ ਕੀਤਾ ਗਿਆ ਅਤੇ ਸੰਤ ਜੀ ਨੂੰ ਇਸਦੇ ਪਹਿਲੇ ਜਥੇਦਾਰ ਥਾਪਿਆ ਗਿਆ। ੧੭ ਮਈ ੧੯੮੧ ਨੁੰ ਸੰਤ ਜੀ ਦੂਜੀ ਵਾਰ ਅਕਾਲੀ ਦਲ ਦੇ ਪ੍ਰਧਾਨ ਚੁਣੁ ਗਏ। ੯ ਫਰਵਰੀ ੧੯੬੯ ਵਿਚ ਕਾਂਗਰਸ ਦੇ ਬਾਬੂ ਬ੍ਰਿਸ਼ ਭਾਨ ਨੂੰ ਹਰਾ ਕੇ ਵਿਧਾਨ ਸਭਾ ਦੇ ਮੈਂਬਰ ਬਣੇ।
ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਾਲੇ ੨੪ ਜੁਲਾਈ ੧੯੮੫ ਨੂੰ 'ਪੰਜਾਬ ਸਮਝੌਤਾ' ਹੋਇਆ, ਜੋ ਇਤਿਹਾਸਕ ਸਮਝੌਤਾ ਬਣ ਗਿਆ। ਪਰ, ਲੋਕਾਈ ਨੂੰ ਚੰਗਿਆਈ ਵੀ ਨਾ ਪਚੀ। ੨੦ ਅਗਸਤ ੧੯੮੫ ਨੂੰ ਜਦੋਂ ਸੰਤ ਜੀ ਗੁਰਦੁਆਰਾ ਅਕਾਲ ਗੜ੍ਹ, ਸ਼ੈਰਪਰ, ਜ਼ਿਲ੍ਹਾਂ ਸੰਗਰੂਰ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਕ ਕਾਨਫਰੰਸ ਨੂੰ ਸੰਬੰਧਨ ਕਰਕੇ ਹਟੇ ਹੀ ਸਨ ਕਿ ਦੋ ਜਨੂਨੀ ਸਿੱਖ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ। ...ਤੇ ਨਾ ਪੁਰਾ ਹੋਣ ਵਾਲਾ ਸਮਾਜ ਨੂੰ ਘਾਟਾ ਪੈ ਗਿਆ।
ਸੰਤ ਜੀ ਨੇ ਬਿਨਾਂ ਕਿਸੇ ਭੇਦ-ਭਾਵ ਤੋਂ, ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕੀਤੀ। ਇਹੋ ਜਿਹੀਆਂ ਸ਼ਖ਼ਸੀਅਤਾਂ ਕਦੇ-ਕਦਾਈਂ ਹੀ ਜਨਮ ਲੈਂਦੀਆਂ ਨੇ। ਉਹ ਮੋਹ-ਮਾਇਆ ਤੋਂ ਨਿਰਲੇਪ ਰਹਿੰਦੇ ਸਨ। ...ਤੇ ਦਿਲ ਨਿਰਮਲ ਨੀਰ ਜੈਸਾ ਸੀ। ਸ਼ੇਰਪੁਰ ਦੇ ਇਕ ਹਿੰਦੂ ਨੇ ਜਲੰਧਰ ਦੂਰਦਰਸ਼ਨ ਨੂੰ ਇਕ ਇੰਟਰਵਿਊ ਵਿਚ ਕਿਹਾ ਸੀ, 'ਜੇ ਅਸਲੀ ਰੂਪ ਵਿਚ ਵੇਖਿਆ ਜਾਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਹਿੰਦੂਆਂ ਲਈ ਸ਼ਹੀਦੀ ਹਰਚੰਦ ਸਿੰਘ ਲੌਂਗੋਵਾਲ ਨੇ ਦਿੱਤੀ ਹੈ। ਇਸ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਹਿੰਦੁਸਤਾਨ ਦੇ ਲੋਕ ਕਦੇ ਵੀ ਭੁਲਾ ਨਹੀਂ ਸਕਣਗੇ।'
ਸੰਤ ਜੀ ਦੀ ਸ਼ਹਾਦਤ ਨੇ ਉਨ੍ਹਾਂ ਨੂੰ ਹੋਰ ਵੀ ਮਹਾਨ ਅਤੇ ਅਮਰ ਬਣਾ ਦਿੱਤਾ ਹੈ ਅਤੇ ਸੁਕਰਾਤ ਇਬਰਾਹੀਮ, ਲਿੰਕਨ, ਮਹਾਤਮਾ ਗਾਂਧੀ, ਪੀਟਰਸ ਲੂੰਬਬਾ, ਮਾਰਟਨ ਲੂਥਰ ਆਦਿ ਮਹਾਨ ਪੁਰਖਾਂ ਵਿਚ ਲਿਆ ਖੜ੍ਹਾ ਕੀਤਾ। ਇਨ੍ਹਾਂ ਸਭਨਾਂ ਨੇ ਇਕੋ ਮਨੋਰਥ 'ਮਾਨਵਤਾ ਸੇਵਾ ਲਈ ਆਪਣੀਆਂ ਸ਼ਹਾਦਤਾਂ ਦਿੱਤੀਆ ਸਨ। ਉਰਦੂ ਦਾ ਸ਼ਿਅਰ ਹੈ:
ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਰੋਤੀ ਹੈ।
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।