ਅਭੁੱਲ ਪਲ (ਕਹਾਣੀ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਨਵੀਰ ਗੁਰੂਘਰ ਵਿੱਚ ਹਮੇਸ਼ਾ ਪਹਿਲੀ ਲਾਈਨ ਵਿੱਚ ਬੈਠਦੀ ਸੀ। ਕੀਰਤਨ ਕੇਵਲ ਐਤਵਾਰ ਵਾਲੇ ਦਿਨ ਹੀ ਹੁੰਦਾ ਸੀ ਜਿਵੇਂ ਅਮਰੀਕਾ ਦੇ ਛੋਟੇ ਗੁਰੂਘਰਾਂ ਵਿੱਚ ਹੁੰਦਾ ਹੈ। ਕੀਰਤਨ ਪੂਰਤੀ ਤੋਂ ਬਾਦ ਇੱਕ ਦੂਜੇ ਦੀ ਸਹੀ ਸਲਾਮਤ ਵਾਰੇ ਗੋਸ਼ਠੀ ਹੁੰਦੀ ਸੀ। ਸੰਗਤ ਘੱਟ ਸੀ, ਕੋਈ ਪੱਚੀ ਤੀਹ ਕੋੜਮੇ ਹੀ ਸਨ ਜਦੋਂ ਸੰਗਤ ਨੇ ਇੱਕ ਚਰਚ ਖਰੀਦ ਕੇ ਗੁਰੂਘਰ ਦੀ ਬਿਲਡਿੰਗ ਤਿਆਰ ਕੀਤੀ। ਹੁਣ ਤਾਂ ਸੌ ਦੇ ਨੇੜੇ ਟੱਬਰ ਹੋ ਗਏ, ਸ਼ਹਿਰ ਵਿੱਚ। ਮੁੰਡੇ ਕੁੜੀਆਂ ਵੀ ਰੱਬ ਦੀ ਦਿਆ ਨਾਲ ਹੁਣ ਕਾਫੀ ਆ ਜਾਂਦੇ ਨੇ, ਸੰਗਤ ਸੁਸ਼ੋਭਿਤ ਕਰਨ। ਪੰਜਾਬੀ ਸਕੂਲ ਵੀ ਚਲਣ ਲਗ ਪਿਆ। ਤਨਵੀਰ ਵੀ ਵਿਆਹ ਕਰਵਾ ਕਿ ਹੀ ਆਈ ਸੀ, ਕੋਈ ਵੀਹ ਕੁ ਸਾਲ ਪਹਿਲਾਂ, ਇਸ ਸ਼ਹਿਰ ਵਿੱਚ। ਧੀ ਦੀ ਮਾਂ ਅਮਰੀਕਾ ਵਿੱਚ ਹੀ ਬਣੀ ਸੀ। ਧੀ, ਗੁਰਨੀਤ, ਦਾ ਵਿਆਹ, ਐਮ ਟੈਕ ਕਰਨ ਮਗਰੋਂ, ਇੱਕ ਪੰਜਾਬ ਚੋਂ ਆਏ ਆਈ ਟੀ ਦੇ ਵਿਦਵਾਨ, ਜੁਆਨ ਮੁੰਡੇ ਨਾਲ ਕਰ ਦਿੱਤਾ ਸੀ ਜੋ ਇਸੇ ਸ਼ਹਿਰ ਵਿੱਚ ਰਹਿਣ ਲਗ ਪਿਆ।

ਅੱਜ ਗੁਰੂਘਰ ਅਜੀਬ ਗੱਲ ਹੋਈ। ਇੱਕ ਚੰਗੀ ਡੀਲ ਡੌਲ ਵਾਲਾ, ਉੱਚੇ ਕੱਦ ਵਾਲਾ ਬੰਦਾ, ਜਿਸ ਦੀ ਦਾਹੜੀ ਚਿੱਟੀ ਹੋ ਗਈ ਸੀ, ਪਰ ਬਦਨ ਤੋਂ ਬਹੁਤਾ ਬੁਢਾ ਨਹੀਂ ਸੀ ਲਗਦਾ, ਮੱਥਾ ਟੇਕਣ ਵਾਲੀ ਕਤਾਰ ਵਿੱਚ  ਆ ਰਿਹਾ ਸੀ। ਤਨਵੀਰ ਨੂੰ ਉਸ ਦਾ ਚਿਹਰਾ ਕੁੱਝ ਇੰਝ ਲਗਿਆ ਜਿਵੇਂ ਕਦੇ ਉਹ ਅਜੇਹੇ ਇਨਸਾਨ ਨਾਲ ਪਿਆਰ ਸੰਬੰਧ ਬਣਾਉਣ ਲਈ ਉਤਸੁਕਤ ਰਹਿੰਦੀ ਸੀ। ਉਸ ਦੀ ਵਿਚਾਰ ਲੜੀ, ਪੰਜਾਬੀ ਯੁਨੀਵਰਸਟੀ ਵਿੱਚ ਪੜ੍ਹਦੇ, ਅਪਣੇ ਜਮਾਤੀ ਪ੍ਰਭਜੀਤ ਨਾਲ ਜਾ ਜੁੜੀ। 

ਪ੍ਰਭਜੀਤ ਪੜ੍ਹਾਈ ਵਿੱਚ ਨਿਪੁਣ ਸੀ, ਇਹ ਮੈਂ ਮੰਨਦੀ ਆਂ ਪਰ ਮੇਰੇ ਨਾਲ ਗੱਲ ਕਰਨ ਤੋਂ ਕਤਰਾਉਂਦਾ ਸੀ। ਹੁਸ਼ਿਆਰ ਸੀ ਪਰ ਪਤਾ ਨਹੀਂ ਕਿਉਂ ਕੁੜੀਆਂ ਤੋਂ ਦੂਰ ਦੂਰ ਰਹਿੰਦਾ ਸੀ। ਗੱਲਾਂ ਤਾਂ ਅਸੀਂ, ਕੁੜੀਆਂ,ਹੋਰ ਮੁੰਡਿਆਂ ਨਾਲ ਕਰ ਹੀ ਲੈਂਦੀਆਂ ਸਾਂ ਪਰ ਮੈਨੂੰ ਪ੍ਰਭਜੀਤ ਨਾਲ ਬੋਲਣ ਦਾ ਚਾਅ ਹੀ ਚੜ੍ਹਿਆ ਰਹਿੰਦਾ ਸੀ। ਪ੍ਰਭਜੀਤ ਹਮੇਸ਼ਾ ਪਾਸਾ ਵੱਟ ਜਾਂਦਾ ਸੀ। ਉਸ ਦੇ ਸਾਥੀ ਬਥੇਰੀ ਖੱਪ ਪਾਉਂਦੇ ਫਿਰਦੇ ਸੀ ਪਰ ਇਹ ਕੁੜੀਆਂ ਨਾਲ ਜੇ ਬੋਲਦਾ ਵੀ ਸੀ ਤਾਂ ਬੱਸ ਹਾਂ ਜਾਂ ਨਾਂਹ ਤੱਕ ਹੀ। ਮੈਂ ਕਿਉਂ ਸਾਂ ਐਨੀ ਢੀਠ। ਸਤਿ ਸ੍ਰੀ ਅਕਾਲ ਕਹਿਣ ਦਾ ਮੌਕਾ ਅਤੇ ਸਮਾਂ ਕੱਢ ਹੀ ਲੈਂਦੀ ਸਾਂ। ਜੁਆਬ ਦਿੰਦਾ ਸੀ ਪਰ ਬਹੁਤ ਰੁੱਖਾ ਜਿਹਾ, ਫਿੱਕਾ ਜਿਹਾ, ਬੇਜਾਨਾਂ ਜਿਹਾ। ਸਮਝਦਾ ਸੀ ਕਿ ਮੈਂ ਉਸ ਨੂੰ ਪਸੰਦ ਕਰਦੀ ਆਂ। ਬੁੱਧੂ ਨਹੀਂ ਸੀ, ਉਹ।

ਕਈ ਵੇਰ ਮੇਰੇ ਮਨ ਵਿੱਚ ਇਹ ਵਿਚਾਰ ਘਰ ਕਰ ਲੈਂਦਾ ਸੀ ਕਿ ਉਹ ਮੇਰੇ ਵਾਰੇ ਵੀ ਕੁੱਝ ਤੇ ਸੋਚਦਾ ਹੀ ਹੋਵੇਗਾ। ਕੁੱਝ ਭਾਵਨਾ ਤੇ ਰੱਖਦਾ ਹੀ ਹੋਵੇਗਾ ਜਿਵੇਂ ਮੈਂ ਉਸ ਵਾਸਤੇ। ਮੇਰੇ ਅਜੇਹੇ ਸੁਆਲ, ਸੁਆਲ ਹੀ ਬਣੇ ਰਹਿ ਜਾਂਦੇ। ਕੀਰਤਨ ਅਰਦਾਸ ਤੱਕ ਪਹੁੰਚ ਗਿਆ। ਮਨ ਬੀਤੇ ਦਿਨਾਂ ਵਿੱਚ ਫਸਿਆ ਅਚਾਨਕ ਵਰਤਮਾਨ ਵਿੱਚ ਆ ਵੜਿਆ।

" ਮੁਆਫ ਕਰੀਂ ਬਾਬਾ ਜੀ।" ਬੋਲ ਕੇ ਤਨਵੀਰ, ਹੱਥ ਜੋੜ, ਅਰਦਾਸ ਵਿੱਚ ਖਲੋ ਤੇ ਗਈ, ਪਰ ਮਨ ਦੀ ਹਲਚਲ ਬਹੁਤ ਪ੍ਰਬਲ ਸੀ। ਮਨ ਬਾਬੇ ਨਾਲ ਨਾਂ ਜੁੜ ਸਕਿਆ ਅਤੇ ਚਲ ਪਈ ਸੋਚਾਂ ਦੀ ਲੜੀ। ਇਸ ਬੰਦੇ ਦੀ ਦਾਹੜੀ ਕਾਫੀ ਬੱਗੀ ਹੋ ਗਈ ਹੈ। ਪ੍ਰਭਜੀਤ ਐਨਾਂ ਬੁੱਢਾ ਤਾਂ ਨਹੀਂ ਹੋ ਸਕਦਾ। ਦਾਹੜੀ ਵਿੱਚ ਕੋਈ ਕਾਲਖ ਚਮਕੇ ਹੀ ਨਾਂ ਅਜੇਹਾ ਤਾਂ ਨਹੀਂ ਹੋ ਸਕਦਾ। ਇਹ ਬੰਦਾ ਹੋਰ ਹੋ ਸਕਦਾ ਹੈ। ਅਰਦਾਸ ਬੰਦ ਹੋ ਗਈ। ਤਨਵੀਰ ਮਨ ਚਿੱਤ ਲਗਾ ਕੇ ਗੁਰੂਵਾਕ ਸੁਣਨ ਲਗ ਪਈ।

ਅਗਲੇ ਕੀਰਤਨ ਸਮੇਂ ਬੰਦਾ ਦਾਹੜੀ ਕਾਲੀ ਕਰ ਕੇ ਆ ਗਿਆ। ਸ਼ਾਇਦ ਪਹਿਲਾਂ ਵੀ ਕਰਦਾ ਹੋਵੇ। ਤਨਵੀਰ ਦਾ ਮਨ ਯਕੀਨ ਕਰਨ ਲਗ ਪਿਆ ਕਿ ਇਹ ਤਾਂ ਹੈ ਹੀ ਪ੍ਰਭਜੀਤ। ਦੇਵਿੰਦਰ ਕੌਰ ਨਾਲ ਗੱਲਾਂ ਕਰਦਾ ਵੇਖਿਆ। ਵਿਚਾਰ ਆਇਆ ਕਿ ਅਪਣੀ ਧੀ ਗੁਰਨੀਤ ਨੂੰ ਕਹਾਂਗੀ ਉਹ ਬੰਦੇ ਦਾ ਨਾਂ ਦੇਵਿੰਦਰ ਤੋਂ ਪੁੱਛੇ। ਗੁਰਨੀਤ ਦੀ ਦੇਵਿੰਦਰ ਤਾਂ ਚੰਗੀ ਦੋਸਤ ਹੈ। ਬੰਦਾ ਜ਼ਰੂਰ ਦੇਵਿੰਦਰ ਦਾ ਹੀ ਰਿਸ਼ਤੇਦਾਰ ਲਗਦਾ ਹੈ।

ਅਜੇਹਾ ਹੀ ਹੋਇਆ, ਦੇਵਿੰਦਰ ਨੇ ਅਪਣੇ ਪਿਤਾ ਦਾ ਨਾਂ ਪ੍ਰਭਜੀਤ ਹੀ ਦੱਸਿਆ। 

ਗੁਰਨੀਤ ਨੇ ਮਾਤਾ ਵਾਰੇ ਵੀ ਪੁੱਛਿਆ।  ਦੇਵਿੰਦਰ ਨੇ ਮਾਤਾ ਦੇ ਦੇਹਾਂਤ ਦੀ ਕਥਾ ਵੀ ਸੁਣਾਈ ਅਤੇ ਕਿਹਾ ਕਿ ਪਿਤਾ ਨੂੰ ਮੇਰੇ ਕੋਲ ਰਹਿਣ ਲਈ ਆਖ ਰਹੀ ਆਂ ਪਰ ਅਜੇ ਮੰਨ ਨਹੀਂ ਰਹੇ, ਕੇਵਲ ਮਿਲਣ ਲਈ ਹੀ ਆਏ ਨੇ।

ਤਨਵੀਰ ਸੁਣ ਕੇ ਬਹੁਤ ਹੈਰਾਨ ਹੋਈ। ਰੱਬ ਵੀ ਕਿਵੇਂ ਲਿਆ ਸਾਹਮਣੇ ਖੜ੍ਹਾ ਕਰ ਦਿੰਦਾ ਹੈ, ਬੀਤੇ ਸਮੇਂ ਨੂੰ! ਹੁਣ ਕਿਸੇ ਦਿਨ ਪ੍ਰਭਜੀਤ ਦੀ ਪਤਨੀ ਦੇ ਸਵਰਗਵਾਸ ਦਾ ਅਫਸੋਸ ਕਰਾਂਗੀ। ਇਹ ਤਾਂ ਅਜੇ ਵੀ ਚੁੱਪ ਚੁਪੀਤੇ ਸੁਭਾ ਦਾ ਹੀ ਐ ਜਿਵੇਂ ਕਾਲਜ ਵਿੱਚ ਹੁੰਦਾ ਸੀ। ਉਸ ਨੇ ਮੈਨੂੰ ਵੀ ਵੇਖ ਤੇ ਲਿਆ ਹੀ ਹੋਣਾਂ ਐਂ। ਤਨਵੀਰ ਅਪਣੇ ਸੁਅਲ ਜੁਆਬਾਂ ਵਿੱਚੋਂ ਦੀ ਹੁੰਦੀ ਹੋਈ ਜਾ ਪਹੁੰਚੀ ਬੀਤੇ ਸਮੇਂ ਦੇ ਕਾਲਜ ਦੇ ਵਾਤਾਵਰਣ ਵਿੱਚ।

ਉਸ ਨੂੰ ਯਾਦ ਆਈ ਉਹ ਗੱਲ ਜਿਸ ਨੇ ਉਸ ਦੇ ਦਿਲ ਦੀ ਧੜਕਣ ਵਧਾ ਦਿੱਤੀ ਸੀ। ਉਹ ਵਰਾਂਡੇ ਵਿੱਚ ਮਿਲਿਆ ਸੀ। ਮੈਂ ਸਤਿ ਸ੍ਰੀ ਅਕਾਲ ਬੁਲਾਈ ਸੀ। ਉਹ ਖਲੋ ਗਿਆ ਅਤੇ ਬੋਲਿਆ," ਤਨਵੀਰ ਕੀ ਕਹਾਂ! ਤੇਰੀ ਸਤਿ ਸ੍ਰੀ ਅਕਾਲ ਵਿੱਚ ਬਹੁਤ ਸ਼ਕਤੀ ਐ। ਮੇਰਾ ਦਿਲ ਹਿੱਲ ਜਾਂਦਾ ਹੈ। ਐਦਾਂ ਲਗਦਾ ਐ ਜਿਵੇਂ ਤੂੰ ਸਿੱਧੀ ਰੱਬ ਕੋਲੋਂ ਬਿਨਾ ਮਿਲਾਵਟ, ਸਤਿ ਸ੍ਰੀ ਅਕਾਲ ਲਿਆ, ਆ ਮੇਰੇ ਪੱਲੇ ਵਿੱਚ ਪਰੋਸ ਦਿੰਦੀ  ਏਂ। ਤੇਰੀ ਤੱਕਣੀ ਹੋਰ ਵੀ ਪ੍ਰਭਾਵਿਤ ਕਰਦੀ ਐ ਜਿਸ ਦੇ ਸਾਹਮਣੇ ਮੈਂ ਅਪਣੇ ਆਪ ਹੀੰ ਬਹੁਤ ਕਮਜ਼ੋਰ ਜਿਹਾ ਹੋ ਜਾਂਦਾ ਹਾਂ।" ਉਹ ਬੋਲ ਕੇ ਚਲਾ ਗਿਆ। ਮੈਂ ਕਾਫੀ ਦੇਰ ਖਲੋਤੀ, ਬੁੱਤ ਬਣੀ, ਸੋਚਦੀ ਰਹੀ। ਬਾਰ ਬਾਰ ਮੇਰਾ ਮਨ ਕਹਿ ਰਿਹਾ ਸੀ," ਮੈਨੂੰ ਲਗਦਾ ਐ ਤੂੰ ਵੀ ਚਾਹੁਣ ਤੇ ਲਗ ਪਿਆ ਏਂ ਪਰ ਡਰ ਵੀ ਲਗਦਾ ਐ ਕਿਤੇ ਤੂੰ ਮਜ਼ਾਕ ਹੀ ਨਾਂ ਕਰ ਰਿਹਾ ਹੋਵੇਂ।"

ਕਈ ਦਿਨ ਮਗਰੋਂ ਜਦੋਂ ਪ੍ਰਭਜੀਤ ਕੈਫੇਟੇਰੀਆ ਵਿੱਚ ਬੈਠਾ ਚਾਹ ਪੀ ਰਿਹਾ , ਮੇਰੀ ਨਿਗਾਹ ਚੜ੍ਹ ਗਿਆ। ਮੈਂ ਓਥੇ ਕਦੇ ਨਹੀਂ ਸਾਂ ਜਾਂਦੀ। ਪਰ ਅੱਜ ਚਾਹ ਫੜ ਓਹਦੇ ਕੋਲ ਜਾ ਬੈਠੀ। ਉਹ ਝੱਟ ਬੋਲਿਆ," ਤਨਵੀਰ ਪਹਿਲਾਂ ਐਥੇ ਤੈਨੂੰ ਮੈਂ ਕਦੇ ਨਹੀਂ ਦੇਖਿਆ! ਤੇਰੀ ਤਬੀਅੱਤ ਤੇ ਖਰਾਬ ਨਹੀਂ?"

ਮੈਂ ਨਿਧੱੜਕ ਹੋ ਜੁਆਬ ਦਿੱਤਾ," ਤਕਲੀਫ ਕੋਈ ਨਹੀਂ। ਸੋਚਿਆ ਕਿ ਤੇਰੇ ਨਾਲ ਦੋ ਗੱਲਾਂ ਹੀ ਕਰ ਲਵਾਂ।"

ਓਹ ਮੁਸਕਰਾਇਆ ਤੇ ਬੋਲਿਆ," ਤਨਵੀਰ, ਜਦੋਂ ਤੇਰੇ ਵਰਗੀ ਸੋਹਣੀ ਕੁੜੀ ਸਾਹਮਣੇ ਬੈਠੀ ਹੋਵੇ ਤਾਂ ਬੰਦੇ ਦੀ ਨਿਗਾਹ, ਮੱਲੋ ਮੱਲੀ, ਉਸ ਤੇ ਜਾ ਟਿਕਦੀ ਐ। ਕਿਵੇਂ ਨਾ ਝਾਕਾਂ? ਗੁਰੂਆਂ ਨੇ ਵੀ ਕਮਾਲ ਕਰ ਦਿੱਤੀ ਐ। ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ, ਪਰ ਤ੍ਰਿਆ ਰੂਪੁ ਨ ਪੇਖੈ ਨੇਤ੍ਰ। ਤੂੰ ਗੁੱਸਾ ਨਾਂ ਕਰੀਂ ਜੇ ਮੇਰੀ ਅੱਜ ਨਜ਼ਰ ਲਗ ਗਈ ਤੈਨੂੰ।"

" ਪੁਰਾਣੇ ਖਿਆਲਾਂ ਵਿੱਚ ਨਹੀਂ ਉਲਝਣਾ ਚਾਹੀਦਾ। ਗੁਰੂਆਂ ਦਾ ਮਤਲਬ ਸੀ ਕਿ ਵਿਆਹ ਤੋਂ ਬਾਦ ਪਰਾਈ ਔਰਤ ਵੱਲ ਭੈੜੀ ਨਿਗਾਹ ਨਾਲ ਨਹੀਂ ਤੱਕਣਾਂ ਚਾਹੀਦਾ।" ਮੈਂ ਉੱਤਰ ਦਿੱਤਾ। ਮੇਰੇ ਬੋਲ ਸੁਣ ਕੇ ਉਹ ਡੂੰਘੀ ਸੋਚ ਵਿੱਚ ਡੁੱਬ ਗਿਆ।

ਮੈਂ ਪੁੱਛ ਲਿਆ," ਹੁਣ ਕੀ ਹੋ ਗਿਆ? ਮੈਥੋਂ ਕੋਈ ਗਲਤੀ ਹੋ ਗਈ।"

" ਨਹੀਂ, ਨਹੀਂ ਐਸੀ ਕੋਈ ਗੱਲ ਨਹੀਂ। ਵੈਸੇ ਪੜ੍ਹਾਈ ਤੋਂ ਬਾਦ ਤੂੰ ਨੌਕਰੀ ਕਰੇਂਗੀ?" ਉਸ ਉੱਤਰ ਦਿੱਤਾ ਅਤੇ ਸੁਆਲ ਪੁੱਛ ਲਿਆ।

" ਵਿਆਹ ਤੋਂ ਬਾਦ ਸੋਚਾਂਗੀ, ਪਤੀ ਦੀ ਕੀ ਮਰਜ਼ੀ ਐ।" ਮੈਂ ਕਹਿ ਦਿੱਤਾ। ਉਹ ਮੁਸਕਰਾਇਆ। ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇਂ ਉਹ ਮੈਨੂੰ ਕਹਿ ਰਿਹਾ ਹੋਵੇ - ਮੈਂ ਤੈਥੋਂ ਨੌਕਰੀ ਨਹੀਂ ਕਰਵਾਵਾਂਗਾ।

ਹੁਣ ਮੁਲਾਕਾਤ ਵੀ ਹੋਣ ਲਗ ਪਈ ਤੇ ਗੱਲਾਂ ਵੀ। ਉਸ ਵੱਲੋਂ ਕਦੇ ਉਹ ਨਾਂ ਦਰਸ਼ਾਇਆ ਜਾਂਦਾ ਜੋ ਮੇਰਾ ਮਨ ਸੁਣਨ ਲਈ ਬੇਚੈਨ ਸੀ। ਮੈਂ ਚਾਹੁੰਦੀ ਸਾਂ ਕਿ ਕਿਤੇ ਵਿਆਹ ਦੀ ਗੱਲ ਹੀ ਛੋਹ ਲਵੇ ਜਾਂ ਫੇਰ ਇਸ਼ਾਰਾ ਹੀ ਕਰ ਦੇਵੇ।

ਇੱਕ ਦਿਨ ਬਾਜ਼ਾਰ ਵਿੱਚ ਪੈਂਟਾਂ ਵੇਖ ਰਿਹਾ ਸੀ। ਮੈਂ ਵੀ ਉਸੇ ਦੁਕਾਨ ਤੇ, ਮਾਤਾ ਨਾਲ, ਸੂਟ ਖਰੀਦਣ ਜਾ ਵੜੀ। ਮਾਂ ਨੂੰ ਪ੍ਰਭਜੀਤ ਨਾਲ ਮਿਲਾਇਆ। ਮਾਂ ਨੇ ਉਸ ਨਾਲ ਕਈ ਗੱਲਾਂ ਕੀਤੀਆਂ। ਦੁਕਾਨ ਤੋਂ ਜਦੋਂ ਬਾਹਰ ਆਏ ਤਾਂ ਮਾਂ ਬੋਲੀ," ਧੀਏ, ਮੁੰਡਾ ਤਾਂ ਬਹੁਤ ਸੁਹਣਾ ਐ। ਦਿਲ ਕਰਦਾ ਇਸ ਦੇ ਨਾਲ ਤੇਰਾ ਵਿਆਹ ਹੋ ਜਾਵੇ ਤਾਂ ਚੰਗਾ ਹੋਵੇ।"

" ਮਾਂ ਇਹ ਪੜ੍ਹਾਈ ਵਿੱਚ ਵੀ ਹੁਸ਼ਿਆਰ ਹੈ। ਵਧੀਆ ਨੌਕਰੀ ਮਿਲ ਜਾਵੇਗੀ।" ਮੈਂ ਕਾਹਲੀ ਨਾਲ ਕਹਿ ਦਿੱਤਾ।

ਮਾਇਆਂ ਤੋਂ ਢਿੱਡ ਕੌਣ ਲੁਕਾਵੇ। ਮਾਂ ਬੋਲੀ," ਤੇਰਾ ਜਮਾਤੀ ਐ?"

" ਹਾਂ ਮਾਂ।" ਮੈਂ ਝੂਠ ਕਿਵੇਂ ਬੋਲਦੀ।

" ਮੈਨੁੰ ਪਸੰਦ ਐ। ਤੇਰੇ ਪਾਪਾ ਨਾਲ ਸਲਾਹ ਕਰਕੇ ਤੇਰਾ ਰਿਸ਼ਤਾ ਲੈ ਕੇ ਜਾਵਾਂਗੇ ਇਸ ਦੇ ਘਰ।" ਮਾਂ ਨੇ ਮੈਨੂੰ ਗਲਵੱਕੜੀ ਪਾ ਲਈ ਜਿਵੈਂ ਮੇਰੀ ਮਰਜ਼ੀ ਭਾਪ ਗਈ ਹੋਵੇ।
ਉਹ ਗੁਰਪੁਰਬ ਵਾਲਾ ਦਿਨ ਸੀ। ਮੈਂ ਪ੍ਰਭਜੀਤ ਨਾਲ ਗੱਲਾਂ ਕਰਨ ਲਈ ਉਸ ਕੋਲ ਜਾ ਖਲੋਤੀ, ਪੁੱਛਿਆ," ਪ੍ਰਭਜੀਤ, ਮੇਰੀ ਧੀ ਨੇ ਦੱਸਿਆ ਹੈ ਕਿ ਤੇਰੀ ਵਹੁਟੀ ਦਾ ਦੇਹਾਂਤ ਹੋ ਗਿਆ ਹੈ। ਕੀ ਹੋਇਆ ਸੀ?"

" ਤਨਵੀਰ, ਜਦੋਂ ਮੇਰੀ ਧੀ, ਦੇਵਿੰਦਰ ਦਾ ਜਨਮ ਹੋਇਆ, ਉਸ ਤੋਂ ਸਾਲ ਬਾਦ ਹੀ ਪੇਟ ਦਰਦ ਕਾਰਨ ਮੌਤ ਹੋ ਗਈ। ਹਸਪਤਾਲ ਤੋਂ ਲਾਸ਼ ਹੀ ਲੈ ਕੇ ਆਏ। ਜੋ ਹੋ ਗਿਆ ਉਸ ਵਾਰੇ ਕੀ ਸੋਚਣਾ।"

" ਧੀ ਦਾ ਪਾਲਣ ਪੋਸ਼ਣ ਦਾਦੀ ਨੂੰ ਹੀ ਕਰਨਾ ਪਿਆ ਹੋਵੇਗਾ?" ਮੈਂ ਅੰਦਾਜ਼ਾ ਲਗਾਇਆ।

" ਹਾਂ, ਪਰ ਜਦੋਂ ਧੀ ਅੱਠਵੀਂ ਵਿੱਚ ਪਾਸ ਹੋ ਕੇ ਹਾਈ ਸਕੂਲ ਵਿੱਚ ਪਹੁੰਚ ਗਈ ਤਦ ਦਾਦੀ ਵੀ ਨਾ ਰਹੀ। ਧੀ ਸਿਆਣੀ ਹੋ ਗਈ ਸੀ। ਕਾਲਜ ਹੋਸਟਲ ਵਿੱਚ ਰਹਿ ਕੇ ਹੀ ਕੀਤਾ। ਗੁਜ਼ਾਰਾ ਹੋ ਹੀ ਗਿਆ।" ਉਸ ਨੇ ਸੰਖੇਪ ਸ਼ਬਦਾਂ ਵਿੱਚ ਅਪਣੀ ਆਪ ਬੀਤੀ ਬੋਲੀ ਅਤੇ ਗੁਰੂਦੁਆਰੇ, ਜਾ ਕੇ ਮੱਥਾ ਟੇਕ, ਸੰਗਤ ਵਿੱਚ ਬੈਠ ਗਿਆ।

ਮੈਂ ਬਹੁਤ ਦੇਰ ਖਲੋਤੀ ਸੋਚਦੀ ਰਹੀ। ਮੇਰੇ ਮਾਪੇ ਪ੍ਰਭਜੀਤ ਦੇ ਘਰ ਗਏ ਸਨ। ਮੈਂ ਵੀ ਨਾਲ ਹੀ ਗਈ। ਸਾਡੀ ਬਹੁਤ ਮਹਿਮਾਨ ਨਿਵਾਜ਼ੀ ਕੀਤੀ। ਰਿਸ਼ਤੇ ਦੀ ਗੱਲ ਕੀਤੀ। ਪ੍ਰਭਜੀਤ ਦੇ ਪਾਪਾ ਨੇ ਅਤੀ ਨਿਮਰਤਾ ਨਾਲ ਮੇਰੇ ਪਾਪਾ ਨੂੰ ਜੁਆਬ ਦਿੱਤਾ।

" ਵੀਰ ਜੀ, ਆਪ ਦਾ ਬਹੁਤ ਸ਼ੁਕਰੀਆ, ਤੁਸੀਂ ਸਾਨੁੰ ਐਨਾ ਮਾਣ ਬਖਸ਼ਿਆ। ਮੈਂ ਇਹ ਰਿਸ਼ਤਾ ਲੈਣ ਤੋਂ ਅਸਮਰੱਥ ਹਾਂ। ਮੁੰਡੇ ਦਾ ਵਿਆਹ ਤਾਂ ਅਸੀਂ ਕਰ ਦਿੱਤਾ ਸੀ ਜਦੋਂ ਇਸ ਨੇ ਦਸਵੀਂ ਪਾਸ ਕਰ ਲਈ ਸੀ।"

ਪ੍ਰਭਜੀਤ ਵੱਲ ਵੇਖ ਪਿਉ ਨੇ ਪੁੱਤਰ ਨੂੰ ਪੁੱਛਿਆ," ਪੁੱਤਰ ਤੂੰ ਅਪਣੀ ਜਮਾਤਣ ਕੁੜੀ ਨੂੰ ਇਸ ਵਾਰੇ ਕਦੇ ਨਹੀਂ ਦੱਸਿਆ?"

" ਕਦੇ ਅਜੇਹਾ ਮੌਕਾ ਹੀ ਨਹੀਂ ਆਇਆ।" ਪ੍ਰਭਜੀਤ ਬੋਲ ਕੇ ਸ਼ਰਮਸਾਰ ਹੋ ਗਿਆ।

ਮੇਰੀਆਂ ਅੱਖਾਂ ਕਈ ਦਿਨ ਗਿੱਲੀਆ ਹੋ ਹੋ ਸੁੱਕਦੀਆ ਰਹੀਆਂ। ਮੈਨੂੰ ਯਾਦ ਆਇਆ ਉਹ ਕਈ ਵੇਰ ਕਹਿ ਚੁਕਾ ਸੀ," ਪਰ ਤ੍ਰਿਆ ਰੂਪੁ ਨ ਪੇਖੈ ਨੇਤ੍ਰ!" ਇਸ਼ਾਰਾ ਸਮਝ ਨਾ ਸਕੀ ਐਵੇਂ ਕਮਲੀ ਹੋਈ ਫਿਰਦੀ ਰਹੀ। 

" ਅੱਜ ਵੀ ਮਨ ਵਿੱਚ ਵਿਚਾਰ ਤਾਂ ਆ ਹੀ ਗਿਆ। ਕੀ ਇਸ ਨੇ ਵੀ ਮੈਨੂੰ ਕਦੇ ਉਸੇ ਭਾਵਨਾ ਨਾਲ ਤੱਕਿਆ ਹੋਵੇਗਾ ਜਿਸ ਨਾਲ ਮੈਂ ਇਸ ਨੂੰ ਵੇਖਦੀ ਰਹੀ। ਹੁਣ ਮੈਨੂੰ ਪ੍ਰਭਜੀਤ ਦੀਆਂ ਪੁਰਾਣੀਆਂ ਗੱਲਾਂ ਪਸੰਦ ਆ ਰਹੀਆ ਨੇ। ਦਿਲ ਕਰਦਾ ਜ਼ੋਰ ਜ਼ੋਰ ਦੀ ਚੀਖ ਚੀਖ ਆਖਾਂ  --- ਪਰ ਤ੍ਰਿਐ ਰੂਪੁ ਨ ਪੇਖੈ ਨੇਤ੍ਰ।"