ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ
(ਲੇਖ )
'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਨੂੰ 'ਮਈ ਦਿਵਸ' ਜਾਂ 'ਮਜ਼ਦੂਰ ਦਿਵਸ' ਵੀ ਕਿਹਾ ਜਾਂਦਾ ਹੈ। ਇਸ ਦਿਨ ਵੱਖ-ਵੱਖ ਦੇਸ਼ਾਂ ਦੇ ਮਜ਼ਦੂਰ ਸ਼ਿਕਾਗੋ ਦੇ ਉਹਨਾਂ ਮਹਾਨ ਕਿਰਤੀ ਸੂਰਬੀਰਾਂ ਨੂੰ ਸਰਧਾਂਜਲੀ ਭੇਂਟ ਕਰਦੇ ਹਨ, ਜਿਨ੍ਹਾਂ ਨੇ ਮਜ਼ਦੂਰਾਂ ਪ੍ਰਤੀ ਲੰਮੇ ਸੰਘਰਸ਼ ਦੌਰਾਨ ਕੁਰਬਾਨੀਆਂ ਦਿੱਤੀਆਂ ਸਨ। ਇਹ ਪਹਿਲੀ ਵਾਰ ੧ ਮਈ, ੧੮੯੦ ਨੂੰ ਅਮਰੀਕਾ ਤੇ ਬਾਕੀ ਯੂਰਪੀਨ ਦੇਸ਼ਾਂ ਵਿੱਚ ਮਨਾਇਆ ਗਿਆ ਸੀ । ਹੁਣ ਤਾਂ ਤਕਰੀਬਨ ਹਰ ਦੇਸ਼ ਵਿਚ ਮਨਾਇਆ ਜਾਂਦਾ ਹੈ ਤੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ । ਇਹ ਮਜ਼ਦੂਰਾਂ ਦੀ ਏਕਤਾ ਦਾ ਪ੍ਰਤੀਕ ਹੈ। ਕੋਈ ਵੀ ਦੇਸ਼ ਮਜ਼ਦੂਰਾਂ ਦੀ ਹੱਡ-ਤੋੜਵੀਂ ਮਿਹਨਤ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ। ਜੇ ਮਜ਼ਦੂਰਾਂ ਤੇ ਮਿਹਨਤਕਸ਼ਾਂ ਨੂੰ ਦੇਸ਼ ਦੀ 'ਰੀੜ ਦੀ ਹੱਡੀ' ਵੀ ਕਹਿ ਲਈਏ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ।
ਪਹਿਲੀ ਮਈ, ੧੮੮੬ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ, ਜਿਸ ਦਾ ਨਾਅਰਾ ਸੀ 'ਕੰਮ ਦੇ ਘੰਟੇ ਅੱਠ ਕਰੋ, ਬਈ ਕੰਮ ਦੇ ਘੰਟੇ ਅੱਠ ਕਰੋ' । ਪਰ, ਸਰਕਾਰ ਦੇ ਕੰਨਾਂ 'ਤੇ ਜੂੰ ਨਾ ਸਰਕੀ । ੩ ਮਈ ਨੂੰ ਪੁਲਿਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ੬ ਮਜ਼ਦੂਰ ਚਲਾਣਾ ਕਰ ਗਏ ਅਤੇ ਅਨੇਕਾਂ ਹੀ ਜ਼ਖ਼ਮੀ ਹੋ ਗਏ। ੧੧ ਨਵੰਬਰ ੧੮੮੭ ਨੂੰ ਮਜ਼ਦੂਰਾਂ ਦੇ ਵੱਡੇ ਨੇਤਾ ਅਲਬਰਟ ਪਾਰਸਨ ਅਤੇ ਉਨ੍ਹਾਂ ਦੇ ਤਿੰਨ ਸਾਥੀ-ਅਗਸਟ ਸਪਾਈਸ, ਫਿਸ਼ਰ ਅਤੇ ਜਾਰਜ ਏਂਜਲ ਨੂੰ ਅਮਰੀਕਾ ਦੀ ਜ਼ਾਲਮ ਅਤੇ ਪੂੰਜੀਵਾਦੀ ਸੱਤਾਧਾਰੀ ਸਰਕਾਰ ਨੇ ਫਾਂਸੀ ਦੇ ਦਿੱਤੀ।
੧੨ ਨਵੰਬਰ ੧੮੮੭ ਨੂੰ ਮਜ਼ਦੂਰਾਂ ਨੇ ਉਨ੍ਹਾਂ ਸ਼ਹੀਦ ਹੋਏ ਸੂਰਬੀਰਾਂ ਦੀ ਸ਼ਵ ਯਾਤਰਾ ਕੱਢੀ, ਜਿਸ ਵਿੱਚ ਛੇ ਲੱਖ ਮਜ਼ਦੂਰ ਸ਼ਾਮਿਲ ਹੋਏ । ਸਰਕਾਰ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਲਿਆ, ਪਰ ਉਹ ਨਾ ਰੁਕੇ । ਮਜ਼ਦੂਰਾਂ ਦੀ ਮੰਗ ਪਹਿਲੇ ਵਾਲੀ ਸੀ ਕਿ ਕੰਮ ਦੇ ਘੰਟੇ ਅੱਠ ਕਰੋ । ਆਖਿਰ ਸ਼ਹੀਦਾਂ ਦੀ ਕੁਰਬਾਨੀ ਨੂੰ ਬੂਰ ਪਿਆ ਅਤੇ ਕੰਮ ਦੇ ਘੰਟੇ ਅੱਠ ਕਰ ਦਿੱਤੇ ਤੇ ਇਸੇ ਸੰਦਰਭ ਵਿੱਚ ਕਾਨੂੰਨ ਬਣ ਗਿਆ; ਜਦਕਿ ਇਸ ਤੋਂ ਪਹਿਲਾਂ ੧੪ ਤੋਂ ੧੬ ਘੰਟੇ ਤੱਕ ਮਜ਼ਦੂਰਾਂ ਨੂੰ ਕੰਮ ਕਰਨਾ ਪੈਂਦਾ ਸੀ, ਭਾਵ ਘਰ ਵਾਪਸੀ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ ।
ਇਹ ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਿ ਉਨ੍ਹਾਂ ਮਹਾਨ ਮਜ਼ਦੂਰਾਂ ਨੂੰ ਸਰਧਾਂਜਲੀ ਦੇਣਾ ਜਾਂ ਲਾਲ ਸਲਾਮ ਦੇ ਨਾਅਰੇ ਲਾਉਣਾ, ਬਲਕਿ ਇਹ ਗੱਲ ਸਾਨੂੰ ਗੰਭੀਰਤਾ ਨਾਲ ਸੋਚਣੀ ਚਾਹੀਦੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੱਥੇ ਸਾਡੇ ਦੇਸ਼ ਨੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕੀਤੀ ਹੈ, ਜਿਸ ਦਾ ਸਿਹਰਾ ਅਸੀਂ ਆਪਣੇ ਕਿਰਤੀ ਤੇ ਮਿਹਨਤਕਸ਼ ਮਜ਼ਦੂਰ ਜਮਾਤ ਨੂੰ ਦਿੰਦੇ ਹਾਂ। ਕੀ ਉਹ ਵੀ ਇਸ ਤਰੱਕੀ ਦਾ ਆਰਥਿਕ ਨਿੱਘ ਮਾਣ ਰਹੀ ਹੈ?
ਇਸ 'ਮਜ਼ਦੂਰ ਦਿਵਸ' 'ਤੇ ਵੱਡੇ-ਵੱਡੇ ਸਮਾਗਮ ਕਰਵਾਏ ਜਾਂਦੇ ਹਨ, ਜਿਸ ਵਿੱਚ ਰਾਜਸੀ ਅਤੇ ਹੋਰ ਆਗੂ ਆਪਣੇ ਮਜ਼ਦੂਰ ਸਾਥੀਆਂ ਨੂੰ ਬਰਾਬਰਤਾ ਦੀ ਗੱਲ ਕਰ ਕੇ ਉਨ੍ਹਾਂ ਨੂੰ ਆਰਥਿਕ ਤੇ ਮਾਨਸਿਕ ਤੌਰ 'ਤੇ ਖੁਸ਼ਹਾਲ ਕਰਨ ਲਈ ਲੰਮੇ ਚੌੜੇ ਭਾਸ਼ਣ ਦਿੰਦੇ ਹਨ। ਪਰ, ਅੱਜ ਜੋ ਹਾਲਤ ਮਜ਼ਦੂਰ ਜਮਾਤ ਦੀ ਹੈ, ਉਹ ਕਿਸੇ ਤੋਂ ਛੁਪੀ ਨਹੀਂ ਹੈ। ਕਈ ਪਬਲਿਕ ਸਕੂਲ ਵਾਲੇ ਤਾਂ ਆਪਣੇ ਅਧਿਅਪਕਾਂ ਨੂੰ ਬਹੁਤ ਹੀ ਘੱਟ ਤਨਖਾਹ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਕਰੀਮ-ਪਾਉਡਰ ਦਾ ਖ਼ਰਚ ਵੀ ਪੂਰਾ ਨਹੀਂ ਹੁੰਦਾ। ਅੱਜ ਲੱਕ ਤੋੜਵੀਂ ਮਹਿੰਗਾਈ ਹੈ। ਕੀ ਉਹ ਆਪਣੇ ਬੱਚਿਆਂ ਨੂੰ ਉਚੇਰੀ ਤੇ ਮਿਆਰੀ ਵਿੱਦਿਆ ਦੇਣ ਦੇ ਸਮਰੱਥ ਹਨ? ਉਹ ਤਾਂ ਦੋ ਡੰਗ ਦੀ ਰੋਟੀ ਬਾਰੇ ਹੀ ਸੋਚਦੇ ਰਹਿੰਦੇ ਹਨ। ਕੋਈ ਕੀ ਜਾਣੇ ਗ਼ਰੀਬਾਂ ਦੇ ਦੁੱਖੜੇ?
ਮਨੁੱਖ ਦੀ ਜ਼ਿੰਦਗੀ 'ਚ ਅਨੇਕਾਂ ਪੜਾਅ ਆਉਂਦੇ ਹਨ। ਕਦੇ ਅਰਸ਼ 'ਤੇ ਅਤੇ ਕਦੀ ਫਰਸ਼ 'ਤੇ। ਜਦੋਂ ਬੰਦਾ ਅਰਸ਼ 'ਤੇ ਪਹੁੰਚਦਾ ਹੈ ਤਾਂ ਉਹ ਇਹ ਨਹੀਂ ਜਾਣਦਾ ਹੁੰਦਾ ਕਿ ਉਸ ਨੇ ਇੱਕ ਦਿਨ ਫਰਸ਼ 'ਤੇ ਵੀ ਆਉਣਾ ਹੈ। ਉਹ ਅਨੇਕ ਪੁੱਠੇ-ਸਿੱਧੇ ਕੰਮ ਕਰਦਾ ਹੈ। ਗ਼ਰੀਬਾਂ ਜਾਂ ਪਰਜਾ ਨੂੰ ਤੰਗ ਕਰਦਾ ਹੈ। ਆਖਿਰ ਲੋਕਾਂ ਦੀ ਆਹ ਪੈ ਜਾਂਦੀ ਹੈ ਅਤੇ ਉਹ ਮਨੁੱਖ ਦੁਬਾਰਾ ਫਰਸ਼ 'ਤੇ ਆ ਜਾਂਦਾ ਹੈ। ਇਹੋ ਜਿਹੀ ਘਟਨਾ ਸਧਨਾ ਭਗਤ ਜੀ ਨਾਲ ਵਾਪਰੀ ਸੀ। ਉਹ ਬੱਕਰੇ ਦਾ ਮਾਸ ਵੇਚਦਾ ਸੀ। ਇੱਕ ਦਿਨ ਰਾਤ ਨੂੰ ਇੱਕ ਸ਼ਾਹੂਕਾਰ ਮੀਟ ਲੈਣ ਲਈ ਸਧਨਾ ਜੀ ਕੋਲ ਆਇਆ। ਮੀਟ ਖਤਮ ਹੋ ਚੁੱਕਾ ਸੀ। ਪਰ, ਸ਼ਾਹੂਕਾਰ ਲਿਹਾਜ ਵਾਲਾ ਬੰਦਾ ਸੀ। ਜਦੋਂ ਸਧਨਾ ਜੀ ਜੀਊਂਦੇ ਬੱਕਰੇ ਦੇ 'ਕੋਫਤੇ' ਕੱਟਣ ਲਈ ਅੱਗੇ ਵਧਿਆ ਤਾਂ ਬੱਕਰਾ ਹੱਸ ਪਿਆ, ਕਹਿਣ ਲੱਗਾ, 'ਹੇ ਸਧਨਾ! ਜਗੋਂ ਬਾਹਰੀ ਕਰਨ ਲੱਗੇ ਜੇ' ਪਿਛਲੇ ਜਨਮ ਵਿੱਚ ਤੂੰ ਬੱਕਰਾ ਤੇ ਮੈਂ ਕਸਾਈ ਸੀ। ਇਸ ਤਰ੍ਹਾਂ ਇਹ ਸਿਲਸਿਲਾ ਤੁਰਿਆ ਆ ਰਿਹਾ ਸੀ। ਸਧਨੇ ਨੂੰ ਗਿਆਨ ਹੋ ਗਿਆ ਅਤੇ ਉਹ ਨੇਕੀ ਦੇ ਰਾਹ 'ਤੇ ਚੱਲ ਪਿਆ। ਲੋਕਾਂ ਨੂੰ ਫਿਰ ਵੀ ਸਮਝ ਨਹੀਂ ਆਉਂਦੀ।
ਦੁਨੀਆਂ ਵਿੱਚ ਸਭ ਤੋਂ ਵੱਧ ਮਜ਼ਦੂਰ-ਸ਼ਕਤੀ ਭਾਰਤ ਵਿੱਚ ਹੈ ਅਤੇ ਉਹ ਵੀ ਮੁੱਖ ਤੌਰ 'ਤੇ ਗੈਰ ਸੰਗਠਿਤ ਖੇਤਰ ਵਿੱਚ। ਇਸ ਖੇਤਰ ਵਿੱਚ ਮਜ਼ਦੂਰ ਸੁਰੱਖਿਆ ਦੀ ਕੋਈ ਖਾਸ ਵਿਵਸਥਾ ਨਹੀਂ ਹੈ। ਭਾਵੇਂ ਸਰਕਾਰ ਨੇ ਮਜ਼ਦੂਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਈ ਯੋਜਨਾਵਾਂ ਬਣਾਈਆਂ ਹਨ, ਪਰ ਮਜ਼ਦੂਰਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ। ਅੱਜ ਵੀ ਮਜ਼ਦੂਰਾਂ ਦੀ ਸਰੇਆਮ ਲੁੱਟ-ਘਸੁੱਟ ਹੋ ਰਹੀ ਹੈ, ਪਰ ਪੁੱਛਣ ਵਾਲਾ ਕੋਈ ਨਹੀਂ।
ਮਜ਼ਦੂਰ ਆਪਣੇ ਹੱਕਾਂ ਦੀ ਰਾਖੀ ਲਈ ਪਹਿਰੇ ਦਿੰਦੇ ਹਨ। ਜਦੋਂ ਉਨ੍ਹਾਂ ਦੇ ਹੱਕਾਂ 'ਤੇ ਕੁਹਾੜਾ ਵੱਜਦਾ ਹੈ ਤਾਂ ਉਹੀ ਮਜ਼ਦੂਰ ਹੜਤਾਲ 'ਤੇ ਉਤਰ ਆਉਂਦੇ ਹਨ ਅਤੇ ਮਰਨ-ਮਰਾਉਣ ਲਈ ਤਿਆਰ ਹੋ ਜਾਂਦੇ ਹਨ। 'ਸਾਡੇ ਹੱਕ ਏਥੇ ਰੱਖ', 'ਮਜ਼ਦੂਰ ਏਕਤਾ ਜਿੰਦਾਬਾਦ', 'ਦੁੱਕੀ ਤਿੱਕੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ', ਆਦਿ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਦਾ ਹੈ ਅਤੇ ਪਰਮਾਤਮਾ ਵੀ ਨੇੜੇ ਹੋ ਕੇ ਸੁਣਦਾ ਹੈ। ਅੰਤ ਵਿੱਚ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਂਦੀਆਂ ਹਨ। ਇਹ ਤਾਂ ਉਹੀ ਹਿਸਾਬ ਹੋਇਆ ਜਦ ਤੱਕ ਬੱਚਾ ਰੋਵੇ ਨਾ, ਮਾਂ ਵੀ ਦੁੱਧ ਨਹੀਂ ਦਿੰਦੀ।
ਅੱਜ ਲੋੜ ਹੈ, ਮਜ਼ਦੂਰ ਵਰਗ 'ਤੇ ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਕੋਈ ਮਾੜਾ ਅਸਰ ਨਾ ਪਵੇ, ਸਗੋਂ ਮਜ਼ਦੂਰਾਂ ਨੂੰ ਵੀ ਇਨ੍ਹਾਂ ਸੁਧਾਰਾ ਦਾ ਲਾਭ ਮਿਲਣਾ ਚਾਹੀਦਾ ਹੈ। ਇਸ ਦੇ ਲਈ ਕੁਝ ਸੁਝਾਅ ਇਹ ਵੀ ਹਨ:
• ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਲਈ ਮੁਫਤ ਤਕਨੀਕੀ ਸਿੱਖਿਆ ਦਾ ਪ੍ਰਬੰਧ ਕਰੇ।
• ਹਰ ਮਜ਼ਦੂਰ ਦੀ ਘੱਟ ਤੋਂ ਘੱਟ ਦਸ ਹਜ਼ਾਰ ਰੁਪਏ ਮਾਸਿਕ ਤਨਖਾਹ ਨਿਸ਼ਚਤ ਕੀਤੀ ਜਾਵੇ।
• ਕਿਸੇ ਦੀ ਮਜ਼ਦੂਰੀ ਨਾ ਮਾਰੀ ਜਾਵੇ, ਬਲਕਿ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਉਸ ਦੀ ਮਜ਼ਦੂਰੀ ਦਿੱਤੀ ਜਾਵੇ ।
• ਕੁਝ ਛੁੱਟੀਆਂ ਵੀ ਨਿਰਧਾਰਤ ਕੀਤੀ ਜਾਣ।
• ਕੰਮ ਕਰਨ ਦਾ ਸਮਾਂ ਨਿਸ਼ਚਤ ਹੋਣਾ ਚਾਹੀਦਾ ਹੈ।
• ਹਰ ਮਜ਼ਦੂਰ ਦਾ ਬੀਮਾ ਕੀਤਾ ਹੋਣਾ ਚਾਹੀਦਾ ਹੈ।
• ਜੇ ਕੋਈ ਐਸੀ-ਵੈਸੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਘਰ ਦੇ ਇੱਕ ਮੈਂਬਰ ਨੂੰ ਕੰਮ 'ਤੇ ਜ਼ਰੂਰ ਰੱਖਿਆ ਜਾਵੇ।
• ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਨੂੰ ਕਿਰਤ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਏ ਤਾਂ ਜੁ ਮਜ਼ਦੂਰਾਂ ਦੀ ਹਾਲਤ ਬਿਹਤਰ ਬਣ ਸਕੇ।
• ਬਾਲ ਮਜ਼ਦੂਰੀ ਬੰਦ ਹੋਣੀ ਚਾਹੀਦੀ ਹੈ। ਸਰਕਾਰ ਨੇ ਇਸ ਨੂੰ ਰੋਕਣ ਲਈ ਕੁਝ ਕਾਨੂੰਨ ਵੀ ਬਣਾਏ ਹਨ। ਪਰ, ਸੋਚਣ ਵਾਲੀ ਗੱਲ ਇਹ ਹੈ ਕਿ ਉਹ ਮਾਸੂਮ ਬੱਚੇ ਕੀ ਖਾਣਗੇ ਅਤੇ ਕਿਹੜੀ ਛੱਤ ਦੇ ਥੱਲੇ ਕਾਲੀਆਂ ਰਾਤਾਂ ਕੱਟਣਗੇ? ਸਰਕਾਰ ਉਨ੍ਹਾਂ ਦੇ ਪਾਲਣ ਪੋਸ਼ਣ ਅਤੇ ਸਿੱਖਿਆ ਦਾ ਪ੍ਰਬੰਧ ਖੁਦ ਕਰੇ।
ਆਓ, 'ਮਜ਼ਦੂਰ ਦਿਵਸ' 'ਤੇ ਪ੍ਰਣ ਕਰੀਏ ਕਿ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਅਦਾ ਕਰਾਂਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਦੇ ਸਰਵ-ਪੱਖੀ ਵਿਕਾਸ ਲਈ ਯੋਜਨਾਵਾਂ ਘੜੇ ਤਾਂ ਜੁ ਮਜ਼ਦੂਰ ਜਮਾਤ ਦੀ ਹਾਲਤ ਵੀ ਵਧੀਆ ਬਣ ਸਕੇ, ਨਤੀਜੇ ਵਜੋਂ ਆਪਣਾ ਦੇਸ਼ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦਾ ਹੋਇਆ ਟੀਸੀ 'ਤੇ ਜਾ ਪਹੁੰਚੇ, ਪਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਮਜ਼ਦੂਰ ਜਮਾਤ ਵੱਲ ਵਿਸ਼ੇਸ਼ ਧਿਆਨ ਦੇਈਏ।