466. ਕੁੜੀ ਹੀਰ ਕੋਲ ਆਈ
ਕੁੜੀ ਆਪਣਾ ਆਪ ਛੁੜਾ ਨੱਠੀ ਤੀਰ ਗ਼ਜ਼ਬ ਦਾ ਜਿਊ ਵਿੱਚ ਕਸਿਆ ਈ
ਸਹਿਜੇ ਆ ਕੇ ਹੀਰ ਦੇਕੋਲ ਬਹਿ ਕੇ ਹਾਲ ਓਸ ਨੂੰ ਖੋਲ ਕੇ ਦੱਸਿਆ ਈ
ਛਡ ਨੰਗ ਨਾਮੂਸ ਫਕੀਰ ਹੋਇਆ ਰਹੇ ਰੋਂਦੜਾ ਕਦੀ ਨਾ ਹੱਸਿਆ ਈ
ਏਸ ਹੁਸਨ ਕਮਾਨ ਨੂੰ ਹੱਥ ਫੜਕੇ ਆ ਕਹਿਰ ਦਾ ਤੀਰ ਕਿਉਂ ਕੱਸਿਆ ਈ
ਘਰੋਂ ਮਾਰ ਕੇ ਮੁਹਲਿਆਂ ਕਢਿਆਂ ਈ ਜਾ ਕੇ ਕਾਲੜੇ ਬਾਗ਼ ਵਿੱਚ ਧਸਿਆ ਈ
ਵਾਰਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ ਨੀਰ ਓਸ ਦੇ ਨੈਨਾਂ ਥੀਂ ਵੱਸਿਆ ਈ
467. ਹੀਰ ਦਾ ਕੁ ਨੂੰ ਉੁੱੱਤਰ
ਕੁੜੀਏ ਦੇਖ ਰੰਝੇਟੜੇ ਕੱਚ ਕੀਤਾ ਖੋਲ ਜਿਊ ਦਾ ਭੇਤ ਪਸਾਰਿਉ ਨੇ
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ ਓਸ ਨੂੰ ਤੁਰਤ ਸੂਲੀ ਚਾੜ੍ਹਉ ਨ
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ ਐਵੇਂ ਬੋਲਨੋ ਅਗਨ ਸੰਘਾਰਿਉ ਨੇ
ਯੂਸਫ ਬੋਲ ਕੇ ਬਾਪ ਥੇਂ ਖਾਬ ਦੱਸੀ ਓਸਨੂੰ ਖੂਹ ਦੇ ਵਿੱਚ ਉਤਾਰਿਉ ਨੇ
ਵਾਰਸ ਸ਼ਾਹ ਕਾਰੂਨ ਨੂੰ ਸਣੇ ਦੌਲਤ ਹੇਠ ਜ਼ਮੀਂ ਦੇ ਚਾ ਨਿਘਾਰਿਉ ਨੇ
468. ਉਹੀ
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ ਜਦੋਂ ਉਸਦਾ ਜਿਉ ਤੂੰ ਖੱਸਿਆ ਸੀ
ਉਹਦੀ ਨਜ਼ਰ ਦੇ ਸਾਮਣੇ ਖੇਡੀ ਸਏਂ ਮੁਲਕ ਓਸ ਦੇ ਬਾਬ ਦਾ ਵੱਸਿਆ ਸੀ
ਆ ਸਾਹੁਰੇ ਵੌਹਟੜੀ ਹੋ ਬੈਠੀ ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ
ਆਇਆ ਹੋ ਫਕੀਰ ਤਾਂ ਲੜੇ ਸਹਿਤੀ ਗੜਾ ਕਹਿਰ ਦਾ ਓਸ ਤੇ ਵਸਿਆ ਸੀ
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ
ਪਿੱਛਾ ਦੇ ਨਾ ਮਾੜਿਆਂ ਜਾਨ ਕੇ ਨੀ ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ
ਡੋਲੀ ਚੜ੍ਹੀ ਤਾਂ ਯਾਰ ਤੋਂ ਛੁਟ ਪਈ ਏ ਤਦੋਂ ਮੁਲਕ ਸਾਰੇ ਤੈਨੂੰ ਹੱਸਿਆ ਸੀ
ਜਦੋਂ ਮਏਂ ਨੇ ਕੂਚ ਦਾ ਹੁਕਮ ਕੀਤਾ ਤੰਗ ਤੋਬਰਾ ਨਫਰ ਨੇ ਕੱਸਿਆ ਸੀ
ਜਦੋਂ ਰੂਹ ਇਕਰਾਰ ਅਖਰਾਜ ਕੀਤਾ ਤਦੋਂ ਜਾ ਕਲਬੂਤ ਵਿੱਚ ਧਸਿਆ ਸੀ
ਜਿਹੜੇ ਨਵੇਂ ਸੋ ਉਹ ਹਜ਼ੂਰ ਹੋਏ ਵਾਰਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ
469. ਉਹੀ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ
ਨੈਨਾਂ ਤੇਰਿਆਂ ਜਟ ਨੂੰ ਕਤਲ ਕੀਤਾ ਚਾਕ ਹੋਇਕੇ ਖੋਲੀਆਂ ਚਾਰ ਰਹਿਆ
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ
ਅੰਤ ਕੰਨ ਪੜਾ ਫਕੀਰ ਹੋਇਆ ਘਤ ਮੁੰਦਰਾਂ ਵਿੱਚ ਉਜਾੜ ਰਹਿਆ
ਓਸ ਵਰਨ ਨਾ ਮਿਲੇ ਤੂੰ ਸਤਰ ਖਾਨੇ ਥੱਕ ਹੁਟ ਕੇ ਅੰਤ ਨੂੰ ਹਾਰ ਰਹਿਆ
ਤੈਨੂੰ ਚਾਕ ਦੀ ਆਖਦਾ ਜਗ ਸਾਰਾ ਐਵੇਂ ਓਸ ਨੂੰ ਮਿਹਣੇ ਮਾਰ ਰਹਿਆ
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ ਉਹ ਨਫਸ ਤੇ ਹਿਰਸ ਨੂੰ ਮਾਰ ਰਹਿਆ
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ ਵਾਰਸ ਵਿੱਚ ਡੁੱਬਾ ਇੱਕੇ ਪਾਰ ਰਹਿਆ
470. ਹੀਰ ਦਾ ਉੁੱੱਤੱਤਰ, ਨਖਰੇ ਨਾਲ
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ ਜਾ ਲਾ ਲੈ ਜ਼ੋਰ ਜੋ ਲਾਵਨਾ ਈ
ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਵਨਾ ਈ
ਲਖ ਜ਼ੋਰ ਤੂੰ ਲਾ ਜੋ ਲਾਵਨਾ ਈ ਅਸਾਂ ਬੱਧਿਆ ਬਾਝ ਨਾ ਆਵਨਾ ਈ
ਸੁਰਮਾ ਅੱਖੀਆਂ ਦੇ ਵਿੱਚ ਪਾਵਨਾ ਈ ਅਸਾਂ ਵੱਡਾ ਕਮੰਦ ਪਵਾਵਨਾ ਈ
ਰੁਖ ਦੇ ਯਾਰ ਭਤਾਰ ਤਾਈਂ ਸੈਦਾ ਖੇੜੇ ਦੇ ਨਾਲ ਲੜਾਵਨਾ ਈ
ਸੀਤਾ ਪੂਜ ਬੈਠਾ ਸੈਦਾ ਵਾਂਗ ਦਹਿਸਰ ਸੋਹਣੀ ਲੰਕ ਨੂੰ ਓਸ ਲੁਟਾਵਨਾ ਈ
ਰਾਂਝੇ ਕੰਨ ਪੜ੍ਹਾਇਕੇ ਜੋਗ ਲੀਤਾ ਅਸਾਂ ਜੇਜ਼ੀਆ ਜੋਗ ਤੇ ਲਾਵਨਾ ਈ
ਵਾਰਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ ਹਾਸਲ ਬਾਗ਼ ਦਾ ਅਸਾਂ ਲਿਆਵਨਾ ਈ
471. ਕੁੜੀ ਦਾ ਉੱਤਰ
ਆਕੀ ਹੋਇਕੇ ਖੇੜਿਆਂ ਵਿੱਚ ਵੜੀਏ ਇਸ਼ਕ ਹੁਸਨ ਦੀ ਵਾਰਸੇ ਜੱਟੀਏ ਨੀ
ਪਿੱਛਾ ਅੰਤ ਨੂੰ ਦੇਵਨਾ ਹੋਵੇ ਜਿਸ ਨੂੰ ਝੁੱਘਾ ਓਸ ਦਾ ਕਾਸ ਨੂੰ ਪੁੱਟੀਏ ਨੀ
ਜਿਹੜਾ ਦੇਖ ਕੇ ਮੁੱਖ ਨਿਹਾਲ ਹੋਵੇ ਕੀਚੇ ਕਤਲ ਨਾ ਹਾਂਹ ਪਲਟੀਏ ਨੀ
ਇਹ ਆਸ਼ਕੀ ਵੇਲ ਅੰਗੂਰ ਦੀ ਹੈ ਮੁਢੋਂ ਏਸ ਨੂੰ ਪੁੱਟ ਨਾ ਸੁੱਟੀਏ ਨੀ
ਇਹ ਜੋਬਨਾ ਨਿਤ ਲਾ ਹੋਵਨਾ ਈ ਤਾਉਂ ਬੱਦਲਾਂ ਜਦੀ ਜਾਣ ਡੱਟੀਏ ਨੀ
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ ਨਿਤ ਧਾਂਵਦੀ ਸੈਂ ਉਹ ਨੂੰ ਡੱਟੀਏ ਨੀ
ਪਿੱਛਾ ਨਾ ਦੀਚੇ ਸੱਚੇ ਆਸ਼ਕਾਂ ਨੂੰ ਜੋ ਕੁਝ ਜਾਨ ਤੇ ਬਣੇ ਸੋ ਕੱਟੀਏ ਨੀ
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ ਤੀਰ ਮਾਰ ਕੇ ਆਪ ਨਾ ਛੱਟੀਏ ਨੀ
ਅੱਠੇ ਪਹਿਰ ਵਸਾਰੀਏ ਨਹੀਂ ਸਾਹਿਬ ਕਦੀ ਹੋਸ਼ ਦੀ ਅਖ ਪਰਤੀ ਨੀ
ਮਿਠੀ ਚਾਟ ਹਲਾਇਕੇ ਤੋਤੜੇ ਨੂੰ ਪਿੱਛੋਂ ਕੰਕਰੀ ਰੋੜ ਨਾ ਘਤੀਏ ਨੀ
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ
ਉਠ ਝਬਦੇ ਜਾਇਕੇ ਹੋ ਹਾਜ਼ਰ ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ
472. ਉਹੀ ਚਲਦਾ
ਜਿਵੇਂ ਮੁਰਸ਼ਦਾ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੀਰੇ
ਕਰੀਂ ਸਭ ਤਕਸੀਰ ਮੁਆਫ ਸਾਡੀ ਪੈਰੀਂ ਪਵਾਂ ਜੇ ਮਨਏਂ ਨਾਲ ਮੇਰੇ
ਬਖਸ਼ੇ ਨਿਤ ਗੁਨਾਹ ਖੁਦਾ ਸੱਚਾ ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ
ਵਾਰਸ ਸ਼ਾਹ ਮਨਾਵੜਾ ਅਸਾਂ ਆਂਦਾ ਸਾਡੀ ਸੁਲਾਹ ਕਰਾਂਦਾ ਨਾ ਤੇਰੇ
473. ਉੱਤਰ ਸਹਿਤੀ
ਅਸਾਂ ਕਿਸੇ ਦੇ ਨਾਲ ਕੁਝ ਨਹੀਂ ਮਤਲਬ ਸਿਰੋਪਾ ਲਏ ਖੁਸ਼ੀ ਹਾਂ ਹੋ ਰਹੇ
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ ਮਾਰੇ ਸ਼ਰਮ ਦੇ ਅੱਦਰੇ ਹੋ ਰਹੇ
ਗੁੱਸੇ ਨਾਲ ਇਹ ਵਾਲ ਪੈਕਾਨ ਵਾਂਗ ਸਾਡੇ ਜਿਉ ਦੇ ਵਾਲ ਗਡੋ ਰਹੇ
ਨੀਲ ਮੱਟੀਆਂ ਵਿੱਚ ਡਬੋ ਰਹੇ ਲਖ ਲਖ ਮੈਲੇ ਨਿਤ ਧੋ ਰਹੇ
ਵਾਰਸ ਸ਼ਾਹ ਨਾ ਸੰਗ ਨੂੰ ਰੰਗ ਆਵੇ ਲਖ ਸੂਹੇ ਦੇ ਵਿੱਚ ਸਮੋ ਰਹੇ
474. ਉੱਤਰ ਹੀਰ
ਹੀਰ ਆਨ ਜਨਾਬ ਵਿੱਚ ਅਰਜ਼ ਕੀਤਾ ਨਿਆਜ਼ਮੰਦ ਹਾਂ ਭਖਸ਼ ਮਰਗ਼ੋਲੀਆਂ ਨੀ
ਕੀਤੀ ਸਭ ਤਕਸੀਰ ਸੋ ਬਖਸ਼ ਮੈਨੂੰ ਜੋ ਕੁਛ ਆਖਸੈ ਮੈਂ ਤੇਰੀ ਗੋਲੀ ਆਂ ਨੀ
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁਝ ਲੜਦਿਆਂ ਤੁਧ ਨੂੰ ਬੋਲੀਆਂ ਨੀ
ਅੱਛੀ ਪੀੜ ਵੰਡਾਵੜੀ ਭੈਣ ਮੇਰੀ ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ
ਮੇਰਾ ਕੰਮ ਕਰ ਮੁੱਲ ਲੈ ਬਾਝ ਦਮਾਂ ਦੋਨਾ ਬੋਲ ਲਏ ਜੋ ਕੁਝ ਬੋਲੀਆਂ ਨੀ
ਘਕ ਬਾਰ ਤੇ ਮਾਲ ਜ਼ਰ ਹੁਕਮ ਤੇਰਾ ਸਭੇ ਤੇਰੀਆਂ ਢਾਂਡੀਆਂ ਖੋਲੀਆਂ ਨੀ
ਮੇਰਾ ਯਾਰ ਆਇਆ ਚਲ ਦੇਖ ਆਈਏ ਪਈ ਮਾਰਦੀ ਸਏਂ ਨਿਤ ਬੋਲੀਆਂ ਨੀ
ਜਿਸ ਜ਼ਾਤ ਸਫਾਤ ਚੌਧਰਾਈ ਛੱਡੀ ਮੇਰੇ ਵਾਸਤੇ ਚਾਰੀਆ ਖੋਲੀਆ ਨੀ
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ ਜਿਸ ਚੂੰਡੀਆਂ ਕਵਾਰ ਦੀਆਂ ਖੋਲੀਆਂ ਨੀ
ਵਾਰਸ ਸ਼ਾਹ ਹੁਣ ਗੁਮਰ ਦੇ ਨਾਲ ਬੈਠਾ ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ
475. ਉੱਤਰ ਸਹਿਤੀ
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ ਉਹਨੂੰ ਰਬ ਨਾ ਅਰਸ਼ ਤੇ ਚਾੜਨਾ ਏ
ਝੂਠ ਬੋਲਿਆਂ ਜਿਨ੍ਹਾਂ ਬਿਆਜ ਖਾਧੇ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ
ਅਸੀਂ ਜਿਊ ਦੀ ਮੈਲ ਚੁਕਾ ਬੈਠੇ ਵਤ ਕਰਾਂ ਨਾ ਸੀਵਣਾ ਪਾੜਨਾ ਏਂ
ਸਾਨੂੰ ਮਾਰ ਲੈ ਭਈੜੇ ਪਿੱਟਿਆਂ ਨੂੰ ਚਾੜ੍ਹ ਸੀਖ ਉਤੇ ਹੈ ਤੂੰ ਚਾੜ੍ਹਣਾ ਏ
ਅੱਗੇ ਜੋਗੀ ਥੋਂ ਮਾਰ ਕਰਾਈ ਆ ਹੁਣ ਹੋਰ ਕੀ ਪੜਤਣਾ ਪਾੜਨਾ ਏ
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ
ਘਰ ਬਾਰ ਥੀਂ ਚਾ ਜਵਾਬ ਦਿੱਤਾ ਹੋਰ ਆਖ ਕੀ ਸੱਚ ਨਤਾਰਨਾ ਏ
ਮੇਰੇ ਨਾਲ ਨਾ ਵਾਰਸਾ ਬੋਲ ਐਵੇਂ ਮਤਾਂ ਹੋ ਜਾਈ ਕੋਈ ਕਾਰਨਾ ਏਂ
476. ਉੱਤਰ ਹੀਰ
ਆ ਸਹਿਤੀਏ ਵਾਸਤਾ ਰਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ
ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਓਸ ਨੂੰ ਖੋਲੀਏ ਨੀ
ਤੇਰੇ ਜੇਹੀ ਨਨਾਣ ਹੋ ਮੇਲ ਕਰਨੀ ਜਿਉ ਜਾਨ ਭੀ ਓਸ ਥੋਂ ਘੋਲੀਏ ਨੀ
ਜੋਗੀ ਚਲ ਮਨਾਈਏ ਬਾਗ਼ ਵਿੱਚੋਂ ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ
ਜੋ ਕੁਝ ਕਹੇ ਸੋ ਸਿਰੇ ਤੇ ਮੰਨ ਲਈਏ ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ
ਚਲ ਨਾਲ ਮੇਰੇ ਜਿਵੇਂ ਭਾਗ ਪਰੀਏ ਮੇਲੇ ਕਰਨੀਏ ਵਿੱਚ ਵਚੋਲੀਏ ਨੀ
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ
477. ਸਹਿਤੀ ਨੇ ਹੀਰ ਦੀ ਗੱਲੱਲ ਮੰਨੰਨ ਲਈ
ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ ਰਾਜ਼ੀ ਹੋ ਅਬਲੀਸ ਭੀ ਨੱਚਦਾ ਏ
ਤਿਵੇਂ ਸਹਿਤੀ ਦੇ ਜਿਉ ਵਿੱਚ ਖੁਸ਼ੀ ਹੋਈ ਜਿਊ ਰੰਨ ਦਾ ਛਲੜਾ ਕੱਚ ਦਾ ਏ
ਜਾ ਬਖਸ਼ਿਆ ਸਭ ਗੁਨਾਹ ਤੇਰਾ ਤੈਨੂੰ ਇਸ਼ਕ ਕਦੀਮ ਥੋਂ ਸੱਚ ਦਾ ਏ
ਵਾਰਸ ਸ਼ਾਹ ਚਲ ਯਾਰ ਮਨਾ ਆਈਏ ਏਥੇ ਨਵਾਂ ਅਖਾੜਾ ਮਚਦਾ ਏ
478. ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਜਾ ਕਪੜੇ ਵਿੱਚ ਲੁਕਾਇਆ ਈ
ਜੇਹਾ ਵਿੱਚ ਨਮਾਜ਼ ਵਿਸਵਾਸ ਗ਼ੈਬੋਂ ਅਜ਼ਾਜ਼ੀਲ ਬਣਾ ਲੈ ਆਇਆ ਈ
ਉਤੇ ਪੰਜ ਰੁਪਏ ਸੂ ਰੋਕ ਰੱਖੇ ਜਾ ਫਕੀਰ ਥੇ ਫੇਰੜਾ ਪਾਇਆ ਈ
ਜਦੋਂ ਆਵੰਦੀ ਜੋਗੀ ਨੇ ਉਹ ਡਿੱਠੀ ਪਿਛਾਂ ਆਪਣਾ ਮੁਖ ਭਵਾਹਿਆ ਈ
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ ਤਾਉ ਦੋਜ਼ਖੇ ਦਾ ਕੇਹਾ ਆਇਆ ਈ
ਤਲਬ ਮੀਂਹ ਦੀ ਵਗਿਆ ਆਣ ਝੱਬੜ ਯਾਰੋ ਆਖਰੀ ਦੌਰ ਹੁਣ ਆਇਆ ਈ
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ ਅੱਗੋਂ ਮੂਲ ਜਵਾਬ ਨਾ ਆਇਆ ਈ
ਆਮਲ ਚੋਰ ਤੇ ਚੌਧਰੀ ਜਟ ਹਾਕਮ ਵਾਰਸ ਸ਼ਾਹ ਨੂੰ ਰੱਬ ਦਖਾਇਆ ਈ
479. ਰਾਂਝੇ ਦਾ ਉੱਤਰ
ਜਦੋਂ ਖਲਕ ਪੈਦਾ ਕੀਤੀ ਰਬ ਸੱਚੇ ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁਕੜੀ ਬਕਰੀ ਉਠ ਸਾਰੇ
ਏਹਾ ਮੂਲ ਫਸਾਦ ਦਾ ਹੋਏ ਪੈਦਾ ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ
ਆਦਮ ਕਢ ਬਹਿਸ਼ਤ ਥੀਂ ਖਵਾਰ ਕੀਤਾ ਇਹ ਡਾਇਨਾਂ ਧੁਰੋਂ ਹੀ ਕਰਨ ਕਾਰੇ
ਇਹ ਕਰਨ ਫਕੀਰ ਚਾ ਰਾਜਿਆਂ ਨੂੰ ਓਹਨਾਂ ਰਾਉ ਰਜ਼ਾਦੜੇ ਸਿਧ ਮਾਰੇ
ਵਾਰਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ ਅਤੇ ਮਹਿਰੀਆਂ ਵਿੱਚ ਨੇ ਐਬ ਸਾਰੇ
480. ਉੱਤਰ ਸਹਿਤੀ
ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕਢਿਆ ਈ
ਆਈ ਮੇਲ ਤਾਂ ਜੰਨਤੋਂ ਮਿਲੇ ਧੱਕੇ ਰੱਸਾ ਆਸ ਉਮੀਦ ਦਾ ਵਢਿਆ ਈ
ਆਖ ਰਹੇ ਫਰੇਸ਼ਤੇ ਕਣਕ ਦਾਣਾ ਨਾਹੀਂ ਖਾਵਣਾ ਹੁਕਮ ਕਰ ਛਡਿਆ ਈ
‘ਵਲਾ ਤਕਰਬਾ ਹਾਜ਼ੇਹਿਸ਼ ਸ਼ਜਾਰਤਾ’ ਨਾਲੇ ਸੱਪ ਤੇ ਮੋਰ ਨੂੰ ਕੱਢਿਆ ਈ
ਇਹ ਸਮਝ ਸ਼ੈਤਾਨ ਭੀ ਮਰਦ ਹੋਇਆ ਨਾਉਂ ਰੰਨਾਂ ਦਾ ਬੁਰਾ ਕਰ ਛੱਡਿਆ ਈ
ਗੋਂ ਆਦਮੇ ਹਵਾ ਨੂੰ ਖਵਾਰ ਕੀਤਾ ਸਾਥ ਓਸ ਦਾ ਏਸ ਨਾ ਛੱਡਿਆ ਈ
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ ਮੂੰਹ ਝੂਠ ਦਾ ਕਾਸ ਨੂੰ ਟਡਿਆ ਈ
ਮਰਦ ਚੋਰ ਤੇ ਠਗ ਜਵਾਰੀਏ ਨੇ ਸਾਕ ਬਦੀ ਦਾ ਨਰਾਂ ਨੇ ਲਦਿਆ ਈ
ਫਰਕਾਨ ਵਿੱਚ ‘ਫਨਕਰੂ’ ਰਬ ਕਿਹਾ ਜਦੋਂ ਵਹੀ ਰਸੂਲ ਨੇ ਸੱਦਿਆ ਈ
ਵਾਰਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ
481. ਉੱਤਰ ਰਾਂਝਾ
ਰੰਨਾਂ ਦਹਿੰਸਰੇ ਨਾਲ ਕੀ ਗਾਹ ਕੀਤਾ ਰਾਜੇ ਭੋਗ ਨੂੰ ਦੇ ਲਗਾਮੀਆਂ ਨੀ
ਸਿਰਕਪ ਤੇ ਨਾਲ ਸਲਵਾਹਣੇ ਦੇ ਦੇਖ ਰੰਨਾਂ ਨੇ ਕੀਤੀਆਂ ਖਾਮੀਆਂ ਨੀ
ਮਰਦ ਹੈਣ ਸੋ ਰਖਦੇ ਹੇਠ ਸੋਟੇ ਸਿਰ ਚਾੜ੍ਹੀਆਂ ਨੇ ਓਹਨਾਂ ਕਾਮੀਆਂ ਨੀ
ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ ਕੌਣ ਤਿਨ੍ਹਾਂ ਦੀਆਂ ਭਰੇ ਗਾ ਹਾਮੀਆਂ ਨੀ
482. ਉੱਤਰ ਸਹਿਤੀ
ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ
ਘਰ ਵਸਦੇ ਔਰਤਾਂ ਨਾਲ ਸੋਹਣ ਸ਼ਰਮਵੰਦ ਤੇ ਸਤਰ ਦੀਆਂ ਥੀਵੀਆਂ ਨੇ
ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ ਇੱਥ ਹਾਰ ਸੰਘਾਰ ਵਿੱਚ ਖੀਵੀਆਂ ਨੇ
ਵਾਰਸ ਸ਼ਾਹ ਹਿਆ ਦੇ ਨਾਲ ਇੰਦਰ ਅੱਖੀਂ ਹੇਠ ਜ਼ਮੀਂ ਦੇ ਸੀਵੀਆਂ ਨੇ
483. ਉੱਤਰ ਰਾਂਝਾ
ਵਫਾਦਾਰ ਨਾ ਰੰਨ ਜਹਾਨ ਉਤੇ ਲਾਡੇ ਸ਼ੇਰ ਕੁਜ਼ੰਗ ਵਿੱਚ ਨੱਥ ਨਾਹੀਂ
ਗਧਾ ਨਹੀਂ ਕੁਲੰਦ ਮਨਖਟ ਖੋਜਾ ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ
ਨਾਮਰਦ ਦੇ ਵਾਰ ਨਾ ਕਿਸੇ ਗਾਂਵੇਂ ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਨਾਂ ਜ਼ੋਰ ਨੈਂ ਦਾ ਚੜ੍ਹੇ ਅਗੱਥ ਨਾਹੀਂ
ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ
ਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਇਹਨਾਂ ਬੰਦਿਆਂ ਦੇਕਾਈ ਹੱਥ ਨਾਹੀਂ
484. ਉੱਤਰ ਸਹਿਤੀ
ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ ਅਤੇ ਮਰਨ ਦੇ ਸੋਹੰਦੇ ਵੈਨ ਮੀਆਂ
ਘਰ ਬਾਰ ਦੀ ਜ਼ੇਬ ਤੇ ਹੈਨ ਜ਼ੀਨਤ ਨਾਲ ਤ੍ਰੀਮਤਾਂ ਸਾਕ ਤੇ ਸੈਨ ਮੀਆਂ
ਇਹ ਤ੍ਰੀਮਤਾਂ ਸੇਜ ਦੀਆਂ ਵਾਰਸੀ ਨੇਂ ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ
ਵਾਰਸ ਸ਼ਾਹ ਇਹ ਜੋਰਵਾਂ ਜੋਰਦੀਆਂ ਨੇ ਅਤੇ ਮਹਿਰੀਆਂ ਮਿਹਰ ਦੀਆਂ ਹੈਨ ਮੀਆਂ
485. ਉੱਤਰ ਰਾਂਝਾ
ਸੱਚ ਆਖ ਰੰਨੇ ਕੇਹੀ ਧੁੰਮ ਚਾਇਆ ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ
ਦਹਿੰਸਰ ਮਾਰਿਆ ਭੇਤ ਘਰੋਗੜੇ ਨੇ ਸਣੇ ਲੰਕ ਦੇ ਓਸ ਨੂੰ ਪੁਟਿਆ ਜੇ
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ ਮਾਰੇ ਤੁਸਾਂ ਦੇਸਭ ਨਖੁਟਿਆਂ ਜੇ
ਕਤਲ ਅਮਾਮ ਹੋਏ ਕਰਬਲਾ ਅੰਦਰ ਮਾਰ ਦੀਨ ਦਿਆਂ ਵਾਰਸਾਂ ਸੁਟਿਆ ਜੇ
ਜੋ ਕੋ ਸ਼ਰਮ ਹਿਆ ਦਾ ਆਦਮੀ ਸੀ ਜਾਨ ਮਾਲ ਥੋਂ ਓਸ ਨੂੰ ਪੁਟਿਆ ਜੇ
ਵਾਰਸ ਸ਼ਾਹ ਫਕੀਰ ਤਾਂ ਨੱਸ ਆਇਆ ਪਿੱਛਾ ਏਸ ਦਾ ਆਨ ਕਿਉ ਖੁਟਿਆ ਜੇ
486. ਉੱਤਰ ਸਹਿਤੀ
ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ
ਜੇਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇਂ ਵੱਡਾ ਆਪ ਨੂੰ ਗੌਸ ਸਦਾਵਨਾ ਹੈਂ
ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ ਵਤ ਕਿਸੇ ਨਾ ਜਗ ਤੇ ਆਵਨਾ ਹੈਂ
ਅਸਾਂ ਚਿੱਠੀਆਂ ਘਲ ਸਦਾਇਆ ਹੈ ਸਾਥੋਂ ਆਪਣਾ ਆਪ ਛੁਪਾਵਨਾ ਹੈਂ
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ
ਚਾਕ ਸਦ ਕੇ ਬਾਗ਼ ਥੀਂ ਕਢ ਛੱਡੂੰ ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ
ਅੰਨ ਖਾਨਾਂ ਹੈ ਰੱਜ ਕੇ ਗਧੇ ਵਾਂਗੂੰ ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ ਵਾਰਸ ਸ਼ਾਹ ਫਕੀਰ ਸਦਾਵਨਾ ਹੈਂ
487. ਉੱਤਰ ਰਾਂਝਾ
ਬਾਗ਼ ਛਡ ਗਏ ਗੋਪੀ ਚੰਦ ਜੇਹੇ ਸ਼ੱਦਾਦ ਫਰਊਨ ਕਹਾਇ ਗਿਆ
ਨੌਸ਼ੀਰਵਾਂ ਛੱਡ ਬਗ਼ਦਾਦ ਟੁਰਿਆ ਉਹ ਅਪਦੀ ਵਾਰ ਲੰਘਾ ਗਿਆ
ਆਦਮ ਛਡ ਬਹਿਸ਼ਤ ਦੇ ਬਾਗ ਢੱਠਾ ਭੁਲੇ ਵਿਸਰੇ ਕਣਕ ਨੂੰ ਖਾ ਗਿਆ
ਫਰਊਨ ਖੁਦਾ ਕਹਇਕੇ ਤੇ ਮੂਸਾ ਨਾਲ ਅਸ਼ਟੰਡ ਉਠਾਇ ਗਿਆ
ਨਮਰੂਦ ਸ਼ੱਦਾਦ ਜਹਾਨ ਉਤੇ ਦੋਜ਼ਖ ਅਤੇ ਬਹਿਸ਼ਤ ਬਣਾ ਗਿਆ
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ ਬਨ੍ਹ ਸਿਰੇ ਤੇ ਪੰਡ ਉਠਾ ਗਿਆ
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ ਮਖਾਸਰੋਂ ਇੰਦ ਲੁਟਾ ਗਿਆ
ਸੁਲੇਮਾਨ ਸਕੰਦਰੋਂ ਲਾਇ ਸੱਭੇ ਸੱਤਾਂ ਨਵਾਂ ਤੇ ਹੁਕਮ ਚਲਾ ਗਿਆ
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ ਜਿਹੜਾ ਆਪ ਖੁਦਾ ਕਹੋ ਗਿਆ
ਮੋਇਆ ਬਖਤ ਨਸਰ ਜਿਹੜਾ ਚਾੜ੍ਹ ਡੋਲਾ ਸੱਚੇ ਰਬ ਨੂੰ ਤੀਰ ਚਲਾ ਗਿਆ
ਰੇਰੇ ਜੇਹੀਆਂ ਕੇਤੀਆਂ ਹੋਈਆਂ ਨੇ ਤੈਨੂੰ ਚਾ ਕੀ ਬਾਗ਼ ਦਾ ਆ ਗਿਆ
ਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਸਿਰ ਬੰਦਿਆਂ ਦੇ ਗਿਲਾ ਆ ਗਿਆ
488. ਉੱਤਰ ਸਹਿਤੀ
ਪੰਡ ਝਗੜਿਆਂ ਦੀ ਕਹੀ ਖੋਲ ਬੈਠੋਂ ਵੱਡਾ ਮਹਿਜ਼ਰੀ ਘੰਡ ਲਡ ਬਾਵਲਾ ਵੇ
ਅਸਾਂ ਇੱਕ ਰਸਾਣ ਹੈ ਢੂੰਡ ਆਂਦੀ ਭਲਾ ਦੱਸ ਖਾਂ ਕੀ ਹੈ ਰਾਵਲਾ ਵੇ
ਉਤੇ ਰੱਖਿਆ ਕੀ ਏ ਨਜ਼ਰ ਤੇਰੀ ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ
ਦੱਸੇ ਬਿਨਾ ਨਾ ਜਾਪਦੀ ਜ਼ਾਤ ਪੀਰੀ ਛੜੇ ਬਾਝ ਨਾ ਥੀਂਵਦਾ ਚਾਵਲਾ ਵੇ
ਕੀ ਰੋਗ ਹੈ ਕਾਸਦਾ ਇਹ ਬਾਸਨ ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ ਵਾਰਸ ਸ਼ਾਹ ਨਾ ਹੋ ਉਤਾਵਲਾ ਵੇ
489. ਉੱਤਰ ਰਾਂਝਾ
ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ ਕੇਹਾ ਘਤਿਉ ਆਣ ਵਸੂਰਿਆ ਈ
ਕਰੇਂ ਚਾਵੜਾਂ ਚੱਘੜਾਂ ਨਾਲ ਮਸਤੀ ਅਜੇ ਤੀਕ ਅਨਜਾਨਾਂ ਨੂੰ ਘੂਰਿਆ ਈ
ਫਕਰ ਆਖਸਨ ਸੋਈ ਕੁਝ ਰਬ ਕਰਸੀ ਐਵੇ ਜੋਗੀ ਨੂੰ ਚਾ ਵਡੂਰਿਆ ਈ
ਉਤੇ ਪੰਜ ਪੈਸੇ ਲਾਲ ਰੋਕ ਧਰਿਉ ਖੰਡ ਚਾਵਲਾਂ ਦਾ ਥਾਲ ਪੂਰਿਆ ਈ
490. ਉੱਤਰ ਸਹਿਤੀ
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁਟੇ ਜਾ ਚੰਮੜੇ ਦਾਂਦ ਪਤਾਲੂਆਂ ਨੂੰ
ਅੰਨਾ ਭੇਜਿਆ ਅੰਬ ਅਨਾਰ ਵੇਖਣ ਜਾ ਚੰਮੜੇ ਤੂਤ ਸੰਭਾਲੂਆਂ ਨੂੰ
ਘਲਿਆ ਫੁਲ ਗੁਲਾਬ ਦਾ ਤੋੜ ਲਿਆਵੀਂ ਜਾ ਲੱਗਾ ਹੈ ਲੈਣ ਕਚਾਲੂਆਂ ਨੂੰ
ਅੰਨ੍ਹਾਂ ਮੋਹਰੀ ਲਾਈਏ ਕਾਫਲੇ ਦਾ ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ
ਖਚਰ ਪਵਾ ਦੇ ਚਾਲੜੇ ਕਰਨ ਲੱਗੋਂ ਅਸਾਂ ਫਾਟਿਆ ਕੁਟਿਆ ਚਾਲੂਆਂ ਨੂੰ
ਵਾਰਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ
491. ਉੱਤਰ ਰਾਂਝਾ
ਜਾ ਖੋਲ ਕੇ ਦੇਖ ਜੋ ਸਿਦਕ ਆਵੀ ਕੇਹਾ ਸ਼ਕ ਦਿਲ ਆਪਣੇ ਪਾਇਉਈ
ਕਿਹਿਆ ਅਸਾਂ ਸੋ ਰਬ ਤਹਿਕੀਕ ਕਰਸੀ ਕੇਹਾ ਆਣ ਕੇ ਮਗ਼ਜ਼ ਖਪਾਇਉਈ
ਜਾ ਦੇਖ ਜੋ ਵਸਵਸਾ ਦੂਰ ਹੋਵੀ ਕੇਹਾ ਡੌਰੂਵੜਾ ਆਨ ਵਜਾਇਉਈ
ਸ਼ਕ ਮਿਟੀ ਜੋ ਥਾਲ ਨੂੰ ਖੋਲ ਵੇਖੇਂ ਏਥੇ ਮਕਰ ਕੀ ਆਣ ਫੈਲਾਇਉਈ
492. ਸਹਿਤੀ ਨੇ ਕਰਾਮਾਤ ਦੇਖੇਖੀ
ਸਹਿਤੀ ਖੋਲ ਕੇ ਥਾਲ ਜਾਂ ਧਿਆਨ ਕੀਤਾ ਖੰਡ ਚਾਵਲਾਂ ਦਾ ਕਾਲ ਹੋ ਗਿਆ
ਛੁਟਾ ਤੀਰ ਫਕੀਰ ਦੇ ਮੁਅਜਜ਼ੇ ਦਾ ਵਿੱਚੋਂ ਕੁਫਰ ਦਾ ਜਿਊ ਪਰੋ ਗਿਆ
ਜਿਹੜਾ ਚਲਿਆ ਨਿਕਲ ਯਕੀਨ ਆਹਾ ਕਰਾਮਾਤ ਨੂੰ ਦੇਖ ਖਲੋ ਗਿਆ
ਗਰਮ ਗ਼ਜ਼ਬ ਦੀ ਆਤਸ਼ੋਂ ਆਬ ਆਹਾ ਬਰਫ ਕਸ਼ਫ ਦੀ ਨਾਲ ਸਮੋ ਗਿਆ
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ ਓਸ ਕੋਹ ਲਿਆ ਉਹ ਰੋ ਗਿਆ
ਵਾਰਸ ਸ਼ਾਹ ਜੋ ਕੀਮੀਆ ਨਾਲ ਛੁੱਥਾ ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ
493. ਸਹਿਤੀ ਨੂੰ ਹੀਰ ਤੇ ਯਕੀਨ
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ
ਕਰਾਂ ਬਾਂਦੀਆਂ ਵਾਂਗ ਬਜਾ ਖਿਦਮਤ ਨਿਤ ਪਾਂਵਦੀ ਰਹਾਂ ਗੀ ਫੇਰੀਆਂ ਮੈਂ
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ ਦਿਲ ਜਾਨ ਥੀਂ ਤੁਧ ਤੇ ਹੀਰੀਆਂ ਮੈਂ
ਕਰਾਮਾਤ ਤੇਰੀ ਉਤੇ ਸਿਦਕ ਕੀਤਾ ਤੇਰੇ ਕਸ਼ਫ ਦੇ ਹੁਕਮ ਨੇ ਘੇਰੀਆਂ ਮੈਂ
ਸਾਡੀ ਜਾਨ ਤੇ ਮਾਲ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ ਤੇਰੇ ਇਸਮ ਆਜ਼ਮ ਹੁਬ ਟੇਰੀਆਂ ਮੈਂ
ਇੱਕ ਫਕਰ ਇੱਲਾਹ ਦਾ ਰਖ ਤਕਵਾ ਹੋਰ ਢਾਹ ਬੈਠੀ ਸਭੇ ਢੇਰੀਆਂ ਮੈਂ
ਪੂਰੀ ਨਾਲ ਹਿਸਾਬ ਨਾ ਹੋ ਸਕਾਂ ਵਾਰਸ ਸ਼ਾਹ ਕੀ ਕਰਾਂ ਗੀ ਸੀਰੀਆਂ ਮੈਂ
494. ਉੱਤਰ ਰਾਂਝਾ
ਘਰ ਆਪਣੇ ਵਿੱਚ ਚਵਾ ਕਰਕੇ ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ
ਨਾਲ ਜੋਗੀਆਂ ਮੋਰਚਾ ਲਾਇਉਈ ਰੱਜੇ ਜਟ ਵਾਂਗੂੰ ਵੱਡੀ ਫੂਕੀਏ ਨੀ
ਜਦੋਂ ਬੰਨ੍ਹ ਝੇੜੇ ਥਕ ਹੁਟ ਰਹੀਏ ਜਾ ਪਿੰਡ ਦੀਆਂ ਰੰਨਾਂ ਤੇ ਕੂਕੀਏ ਨੀ
ਕਢ ਗਾਲੀਆਂ ਸਣੇ ਰਬੇਲ ਬਾਦੀ ਘਿਨ ਮੋਲ੍ਹਿਆਂ ਅਸਾਂ ਤੇ ਘੂਕੀਏ ਨੀ
ਭਲੋ ਭਲੀ ਜਾਂ ਢਿਠਿਆਂ ਆਸ਼ਕਾਂ ਦੀ ਵਾਂਗ ਕੁਤਿਆਂ ਅੰਤ ਨੂੰ ਚੂਕੀਏਂ ਨੀ
ਵਾਰਸ ਸ਼ਾਹ ਕੀਂ ਪੁਛ ਲੈ ਬੰਦਗੀ ਨੂੰ ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ
495. ਉਤਰ ਸਹਿਤੀ
ਸਾਨੂੰ ਬਖਸ਼ ਇੱਲਾਹ ਦੇ ਨਾਂਉ ਮੀਆਂ ਸਾਥੋਂ ਭੁੱਲਿਆ ਇਹ ਗੁਨਾਹ ਹੋਇਆ
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਨਾ ਧੁਰੋਂ ਆਦਮੋਂ ਭੁਲਨਾ ਰਾਹ ਹੋਇਆ
ਆਦਮ ਭੁਲ ਕੇ ਕਣਕ ਖਾ ਬੈਠਾ ਕਢ ਜੰਨਤੋਂ ਹੁਕਮ ਫਨਾ ਹੋਇਆ
ਸ਼ੈਤਾਨ ਉਸਤਾਦ ਫਰਿਸ਼ਤਿਆਂ ਦਾ ਭੁੱਲਾ ਸਿਜਦਿਉਂ ਕਿਬਰ ਦੇ ਰਾਹ ਹੋਇਆ
ਮੁਢੋਂ ਰੂਹ ਹੈ ਕੌਲ ਦੇ ਕਾਲ ਵੜਿਆ ਜੁੱਸਾ ਛੱਡ ਕੇ ਅੰਤ ਫਨਾ ਹੋਇਆ
ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ ਵਾਰਦ ਓਸ ਤੇ ਕਹਿਰ ਇੱਲਾਹ ਹੋਇਆ
ਭੁਲ ਜ਼ਕਰੀਏ ਲਈ ਪਨਾਹ ਹੇਜ਼ਮ ਆਰੇ ਨਾਲ ਉਹ ਚੀਰ ਦੋ ਫਾਹ ਹੋਇਆ
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ ਲੋਕਾਂ ਵਿੱਚ ਮੀਆਂ ਵਾਰਸ ਸ਼ਾਹ ਹੋਇਆ
496. ਉੱਤਰ ਰਾਂਝਾ
ਘਰ ਪਈੜੇ ਵੱਡੀ ਹਵਾ ਤੈਨੂੰ ਦਿਤਿਉਂ ਛਿਬੀਆਂ ਨਾਲ ਅੰਗੂਠੀਆਂ ਦੇ
ਅੰਤ ਸੱਚ ਦਾ ਸੱਚ ਆ ਨਿਤਰੇ ਗਾ ਕੋਈ ਦੇਸ ਨਾ ਵਸਦੇ ਝੂਠੀਆਂ ਦੇ
ਫਕਰ ਮਾਰਿਉ ਅਸਾ ਨੇ ਸਬਰ ਕੀਤਾ ਨਹੀਂ ਜਾਣਦੀ ਦਾਉ ਤੂੰ ਘੂਠੀਆਂ ਦੇ
ਜਟੀ ਹੋ ਫਕੀਰ ਦੇ ਨਾਲ ਲੜਏਂ ਛੰਨਾ ਭੇੜਿਉਈ ਨਾਲ ਠੂਠਿਆਂ ਦੇ
ਸਾਨੂੰ ਬੋਲੀਆਂ ਮਾਰ ਕੇ ਨਿੰਦ ਦੀ ਸੈਂ ਯੁੰਮਨ ਡਿਠੋ ਈ ਟੁੱਕਰਾਂ ਜੂਠਿਆਂ ਦੇ
ਵਾਰਸ ਸ਼ਾਹ ਫਕੀਰ ਨੂੰ ਛੇੜਦੀ ਸਏ ਡਿਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ
497. ਉਹੀ
ਕਰੇ ਜਿਨ੍ਹਾਂ ਦੀਆਂ ਰਬ ਹਮਾਇਥਤਾਂ ਨੀ ਹੱਕ ਤਿਨ੍ਹਾਂ ਦਾ ਖੂਬ ਮਾਅਮੂਲ ਕੀਤਾ
ਜਦੋਂ ਮੁਸ਼ਰਕਾਂ ਆਨ ਸਵਾਲ ਕੀਤਾ ਤਦੋਂ ਚੰਨ ਦੋ ਖਣ ਰਸੂਲ ਕੀਤਾ
ਕਢ ਪੱਥਰੋਂ ਊਠਨੀ ਰਬ ਸੱਚੇ ਕਰਾਮਾਤ ਪੈਗੰਹਰੀ ਮੂਲ ਕੀਤਾ
ਵਾਰਸ ਸ਼ਾਹ ਨੇ ਕਸ਼ਫ ਦਿਖਾਇ ਦਿੱਤਾ ਤਦੋਂ ਜੱਟੀ ਨੇ ਫਕਰ ਕਬੂਲ ਕੀਤਾ
498. ਉਹੀ
ਫਿਰੇਂ ਜ਼ੁਅਮ ਦੀ ਭਰੀ ਤੇ ਸਾਣ ਚੜ੍ਹੀ ਆ ਟਲੀਂ ਨੀ ਮੁੰਡੀਏ ਵਾਸਤਾ ਈ
ਮਰਦ ਮਾਰ ਮਰਖਣੇ ਜੰਗ ਬਾਜ਼ੇ ਮਾਨ ਮੱਤੀਏ ਗੁੰਡੀਏ ਵਾਸਤਾ ਈ
ਬਖਸ਼ੀ ਸਭ ਗੁਨਾਹ ਤਕਸੀਰ ਤੇਰੀ ਲਿਆ ਹੀਰ ਨੀ ਨੁੰਦੀਏ ਵਾਸਤਾ ਈ
ਵਾਰਸ ਸ਼ਾਹ ਸਮਝਾ ਜਟੇਟੜੀ ਨੂੰ ਲਾਹ ਦਿਲੇ ਦੀ ਘੁੰਢੀਏ ਵਾਸਤਾ ਈ
499. ਉੱਤਰ ਸਹਿਤੀ
ਜੀਕੂੰ ਤੁਸੀਂ ਫਰਮਾਉ ਸੋ ਜਾ ਆਖਾਂ ਤੇਰੇ ਹੁਕਮ ਦੀ ਤਾਬਿਅ ਹੋਈਆਂ ਮੈਂ
ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ ਵਿਸਰੀ ਆਨ ਵਗੋਈਆਂ ਮੈਂ
ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ ਕਾਸਦ ਹੋਇਕੇ ਜਾ ਖਲੋਈਆਂ ਮੈਂ
ਵਾਰਸ ਸ਼ਾਹ ਦੇ ਮੁਆਜਜ਼ੇ ਸਾਫ ਕੀਤੀ ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ
500. ਉੱਤਰ ਰਾਂਝਾ
ਲਿਆ ਹੀਰ ਸਿਆਲ ਜੋ ਦੀਦ ਕਰੀਏ ਆ ਜਾ ਵੋ ਦਿਲਬਰਾ ਵਾਸਤਾ ਈ
ਜਾਇਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ ਘੁੰਢ ਲਾਹ ਵੋ ਦਿਲਬਰਾ ਵਾਸਤਾ ਈ
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ ਝਾਕ ਲਾਹ ਵੋ ਦਿਲਬਰਾ ਵਾਸਤਾ ਮੈਂ ਈ
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ ਗਲੋਂ ਲਾਹ ਵੋ ਦਿਲਬਰਾ ਵਾਸਤਾ ਈ
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ ਤੇਰੀ ਚਾਹ ਵੋ ਦਿਲਬਰਾ ਵਾਸਤਾ ਈ
ਲੋੜ੍ਹੇ ਲੁਟਿਆਂ ਨੈਨਾਂ ਦੀ ਝਾਕ ਦੇ ਕੇ ਲੋੜ੍ਹ ਜਾ ਵੋ ਦਿਲਬਰਾ ਵਾਸਤਾ ਈ
ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ ਮੂੰਹ ਘਾਹ ਵੋ ਦਿਲਬਰਾ ਵਾਸਤਾ ਈ
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ ਮਿਲ ਜਾ ਵੋ ਦਿਲਬਰਾ ਵਾਸਤਾ ਈ
ਵਾਰਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ ਸਿਰੋਂ ਲਾ ਵੋ ਦਿਲਬਰਾ ਵਾਸਤਾ ਈ