ਨਾਂ ਉਹ ਦੂਰ ,ਨਾਂ ਹੀ ਨੇੜੇ
ਰਿਸ਼ਤਾ ਇੰਝ ਬਣਾਇਆ ,
ਵਾਂਗ ਹਵਾ ਦੇ ਛੂਹ ਕੇ ਲੰਘਿਆ
ਹਥ ਕਦੀ ਨਹੀਂ ਆਇਆ ।
ਫੁੱਲ ਦਾ ਬੂਟਾ ਕਿੱਥੇ ਬੀਜਾਂ
ਥਾਂ ਪਈ ਲੱਭਾਂ ਵਿਹੜੇ ,
ਥਾਂ ਲਭਦੇ ਹੀ ਰੁੱਤ ਗਵਾਚੀ
ਹਥ ਵਿੱਚ ਹੀ ਕੁਮਲਾਇਆ ।
ਹਰੀਆਂ ਭਰੀਆਂ ਰੁੱਤਾਂ ਆਈਆਂ
ਮਹਿੱਕਾਂ ਪਿੱਛੇ ਦੌੜੀ ,
ਮੂੰਹ ਭਾਰ ਕੰਡਿਆਂ 'ਤੇ ਡਿੱਗੀ
ਮੂੰਹ ਮੱਥਾ ਛਿਲਵਾਇਆ ।
ਤੰਨ ਮੰਨ ਦੋਵੇਂ ਗੱਲ੍ਹਾਂ ਕਰਦੇ
ਕਿਸ ਬਿਰਹਨ ਲੜ ਲੱਗੇ ,
ਦੋ ਘੜੀ ਦਾ ਸੁੱਖ ਨਹੀਂ ਲੱਭਾ
ਅੱਗ ਦਾ ਜਨੰਮ ਹੰਢਾਇਆ ।
ਰਾਹ ਤੋਂ ਡਿੱਗੀਆਂ ਕੋੱਡੀਆਂ ਲੱਭਾਂ
ਇਸ ਕੰਮੀਂ ਜ਼ਿੰਦਗੀ ਰੋਲੀ ,
ਆਪੇ ਘੱਟਾ ਮਿੱਟੀ ਉਡਾ ਕੇ
ਆਪਣੇ ਝਾਟੇ ਪਾਇਆ ।
ਹਾਰ ਥੱਕ ਕੇ ਛਾਂ ਹੁਣ ਲਭਦੀ
ਵੱਲ ਅਸਮਾਨੀ ਤਕਦੀ ,
ਗਗਨ ਵੱਸੇ ,ਤੇਰਾ ਕਿਹੜਾ ਬੇਲੀ ,
ਬਣ ਜਾਏ ਠੰਡਾ ਸਾਇਆ ।