ਤਕਦੀਰਾਂ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ ,
ਜਿਹੜੇ ਲੜਾਉਦੇ ਰਹਿੰਦੇ ਨੇ ਨਿੱਤ ਹੀ ਤਦਬੀਰਾਂ ਨੂੰ ।

ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ ,
ਰੋਣ ਵਾਲਿਆ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ I

ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿਥੇ ਲੈ ਕੇ ਜਾਵੇਗਾ ,
ਨਾਲ ਨੀ ਕੋਈ ਲੈ ਜਾਂਦਾ ਇਥੇ ਬਣਾਈਆਂ ਜਗੀਰਾਂ ਨੂੰ I

ਅੱਜ ਵੀ ਡੋਲ੍ਹੋ ਤੋਰੇ ਜਾਂਦੇ ਨੇ, ਨਾਲ ਵਿਦੇਸ਼ੀ ਬੁਢਿਆਂ ਦੇ ,
ਕਦੋ ਮਿਲੇਗੀ ਫ਼ੈਸਲੇ ਦੀ ਅਜ਼ਾਦੀ ਦੇਸ ਦੀਆਂ ਹੀਰਾਂ ਨੂੰ I

ਨਾ  ਲਾਵੇ ਕੋਈ ਤ੍ਰਿਵੇਣੀ, ਟਾਹਲੀ, ਅੰਬ ਤੇ ਜਾਮਣ  ਨੂੰ ,
ਫਿਰ ਕਿੱਥੋਂ ਛਾਂ ਲੱਭਣੀ ਹੈ, ਰਾਹ ਚਲਦੇ ਰਾਹਗੀਰਾਂ ਨੂੰ ।

ਕੌਣ ਚਲਦਾ ਹੁਣ ਪੀਰ-ਪੈਗਬਰਾਂ ਦੀਆਂ ਸਿੱਖਿਆਵਾਂ ਤੇ ,
ਲੋਕੀ ਪੂੱਜਦੇ  ਨੇ ਪੱਥਰ ਦੀਆਂ ਮੂਰਤਾਂ ਤੇ ਤਸਵੀਰਾਂ ਨੂੰ ।