ਹੈ ਪਾਇਆ ਇਸ਼ਕ ਨੇ ਰੁਤਬਾ ਵਫਾਵਾਂ ਪਾਲਦੇ ਰਹਿਣਾ I
ਲੁਟਾਉਣਾ ਹੁਸਨ ਤੋਂ ਰਿਸ਼ਮਾਂ ਤੇ ਆਪਾ ਬਾਲਦੇ ਰਹਿਣਾ I
ਨਵੇਂ ਜ਼ਖਮਾਂ ਤੇ ਦਰਦਾਂ ਤੋਂ ਜੇ ਦਿਲ ਆਬਾਦ ਹੋ ਜਾਵੇ,
ਨਵਾਂ ਖੰਜਰ ਕੋਈ ਇਸਨੇ ਸਦਾ ਹੀ ਭਾਲਦੇ ਰਹਿਣਾ I
ਮਿਟਾ ਦੇਣੀ ਮੇਰੀ ਮੂਰਤ ਤੁਸਾਂ ਬਸ ਰੇਤ ਤੇ ਵਾਹ ਕੇ,
ਮੇਰੀ ਸੂਰਤ ਤੁਸਾਂ ਦਿਲ ਵਿਚ ਸਦਾ ਪਰ ਢਾਲਦੇ ਰਹਿਣਾ I
ਤੁਫਾਨੀ ਨ੍ਹੇਰ ਰਾਹਾਂ ਤੇ ਬਲਾਂਗਾ ਦੀਵਿਆਂ ਵਾਂਗੂ,
ਤੇਰੀ ਬਸ ਰੌਸ਼ਨੀ ਖਾਤਰ ਅਸਾਂ ਦਿਲ ਜਾਲਦੇ ਰਹਿਣਾ I
ਮੇਰੀ ਔਕਾਤ ਵਿਚ ਖ਼ਾਹਿਸ਼ ਭਲੇ ਹੀ ਗਰਕ ਹੋ ਜਾਵੇ,
ਮੁਸ਼ਕਤ ਨਾਲ ਪਰ ਆਪਾ ਅਸਾਂ ਨੇ ਘਾਲਦੇ ਰਹਿਣਾ I
ਤੂੰ ਭਾਵੇਂ ਕੈਦ ਵਿਚ ਰੱਖਿਆ ਹੈ ਮੇਰੀ ਸੋਚ ਦਾ ਪੰਛੀ,
ਪਰਾਂ ਵਿਚ ਖਿਆਲ ਅੰਬਰਾਂ ਦੇ ਅਸਾਂ ਪਰ ਪਾਲਦੇ ਰਹਿਣਾ I
ਕਦੇ ਮਾਸੂਮ ਨਜ਼ਰਾਂ ਤੋਂ ਵੀ ਮਾਪੀਂ ਦਿਲ ਦੀ ਗਹਿਰਾਈ,
ਸਮੁੰਦਰ ਦਿਲ ਦੇ ਹਰ ਵੇਲੇ ਨਾ ਤੂੰ ਖੰਗਾਲਦੇ ਰਹਿਣਾ I
ਤੂੰ ਪਿਆਸੀ ਦਿਲ ਦੀ ਧਰਤੀ ਤੇ ਐ ਸੱਜਣਾ ਤਰਸ ਤਾਂ ਖਾਵੀਂ,
ਬਿਨਾ ਵਰ੍ਹਿਆਂ ਨਹੀਂ ਚੰਗਾ ਥਲਾਂ ਨੂੰ ਟਾਲਦੇ ਰਹਿਣਾ I