ਸੰਨ 1977 ਵਿੱਚ ਮੈਂ ਪਹਿਲੀ ਵਾਰ ਪਠਾਨਕੋਟ ਤੋਂ ਛੋਟੀ ਰੇਲ ਗੱਡੀ ਰਾਂਹੀ ਕਾਂਗੜਾ, ਪਾਲਮਪੁਰ ਹੁੰਦਾ ਹੋਇਆ ਬੈਜਨਾਥ ਸਟੇਸ਼ਨ ਤੱਕ ਦਾ ਸਫ਼ਰ ਕੀਤਾ ਸੀ। ਇਸ ਰੇਲ ਗੱਡੀ ਦਾ ਆਖਰੀ ਪੜਾ ਜੋਗਿੰਦਰ ਨਗਰ ਸੀ। ਸਾਡਾ ਐਨ.ਸੀ.ਸੀ ਦਾ ਕੈਂਪ ਬੈਜਨਾਥ ਪਪਰੋਲਾ ਏਰੀਏ ਵਿੱਚ ਲੱਗਿਆ ਸੀ। ਉਸ ਸਮੇਂ ਮੇਰੀ ਉਮਰ 15 ਸਾਲ ਦੀ ਸੀ। 40 ਸਾਲ ਪੁਰਾਣੀਆਂ ਯਾਦਾਂ ਮੇਰੇ ਦਿਲ ਵਿੱਚ ਸਮਾਈਆਂ ਹੋਈਆਂ ਹਨ। ਪਹਾੜਾਂ ਦੀ ਖੂਬਸੂਰਤੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਮੈਂ ਕੁਦਰਤ ਦੇ ਨਜ਼ਾਰਿਆਂ ਦਾ ਆਸ਼ਿਕ ਹੋ ਗਿਆ। ਉਸ ਤੋਂ ਬਾਅਦ ਸਮੇਂ-ਸਮੇਂ ਤੇ ਮੈਂ ਸ਼ਿਮਲਾ, ਨਾਰਕੰਡਾ, ਮਨਾਲੀ, ਰੋਹਤਾਂਗ, ਡਲਹੌਜੀ, ਮੰਸੂਰੀ, ਜੰਮੂ ਕਸ਼ਮੀਰ ਅਤੇ ਕਸੌਲੀ ਸਮੇਤ ਅਨੇਕਾ ਸਥਾਨਾਂ ਦੇ ਨਜ਼ਾਰਿਆ ਨੂੰ ਤੱਕ ਆਪਣੀ ਰੂਹ ਨੂੰ ਤ੍ਰਿਪਤ ਕਰਦਾ ਰਿਹਾ ਹਾਂ। ਮੈਂ ਉਹਨਾਂ ਸਥਾਨਾਂ ਨੂੰ ਜਿਆਦਾ ਪਸੰਦ ਕਰਦਾ ਹਾਂ ਜਿੱਥੇ ਇਕਾਂਤ ਹੋਵੇ। ਸ਼ਾਂਤ ਵਾਤਾਵਰਣ ਮੈਨੂੰ ਕੁਦਰਤ ਨਾਲ ਗੱਲਾਂ ਕਰਨ ਦਾ ਮੌਕਾ ਦਿੰਦਾ ਹੈ।
ਇਸ ਦੇਵ-ਭੂਮੀ ਦੀਆਂ ਯਾਦਾਂ ਨੂੰ ਤਾਜਾ ਕਰਨ ਲਈ ਮੈਂ ਅਤੇ ਮੇਰਾ ਦੋਸਤ ਮਲਵਿੰਦਰ (ਕਨੇਡਾ ਨਿਵਾਸੀ) ਅਤੇ ਉਸਦਾ ਰਿਸ਼ੇਤਦਾਰ ਰਾਜੂ ਅਸੀਂ ਤਿੰਨੇ ਹੀ 15 ਅਪ੍ਰੈਲ 2017 ਨੂੰ ਸਵੇਰੇ 6 ਵਜੇ ਕਾਰ ਵਿੱਚ ਸਵਾਰ ਹੋ ਕੇ ਅਹਿਮਦਗੜ੍ਹ ਤੋਂ ਬਰੋਟ ਵੈਲੀ ਲਈ ਚੱਲ ਪਏ। ਬਰੋਟ ਦੀ ਦੂਰੀ ਸਾਡੇ ਸ਼ਹਿਰ ਤੋਂ 313 ਕਿਲੋਮੀਟਰ ਹੈ। ਅਸੀਂ ਲੁਧਿਆਣਾ, ਫਗਵਾੜਾ ਹੁੰਦੇ ਹੋਏ ਹੁਸ਼ਿਆਰਪੁਰ ਪਹੁੰਚ ਗਏ। ਹੁਸ਼ਿਆਰਪੁਰ ਤੋਂ ਬਾਅਦ ਹੀ ਪਹਾੜੀ ਸਫ਼ਰ ਸ਼ੁਰੂ ਹੋ ਗਿਆ। ਜਿਉਂ-ਜਿਉਂ ਅੱਗੇ ਨੂੰ ਵੱਧਦੇ ਗਏ ਪਹਾੜਾਂ ਦੀ ਖੂਬਸੂਰਤੀ ਵੀ ਪਲ-ਪਲ ਵੱਧਦੀ ਜਾਂਦੀ ਸੀ। ਸਵੇਰ ਦਾ ਨਾਸ਼ਤਾ ਅਸੀਂ ਘਰੋਂ ਹੀ ਤਿਆਰ ਕਰਵਾ ਕੇ ਲੈ ਗਏ ਸੀ। ਇੱਕ ਹੋਟਲ ਵਿੱਚ ਬੈਠ ਕੇ ਨਾਸ਼ਤਾ ਕੀਤਾ, ਘਰ ਦੇ ਬਣੇ ਹੋਏ ਪਰੌਠੇ ਭਾਵੇਂ ਠੰਡੇ ਹੋ ਗਏ ਸੀ, ਠੰਡੇ ਪਰੌਠਿਆਂ ਦਾ ਸਵਾਦ ਮੈਂ ਬਿਆਨ ਨਹੀ ਕਰ ਸਕਦਾ।
ਨਾਸ਼ਤੇ ਦਾ ਸਵਾਦ ਲੈ ਕੇ ਅਗਲੀ ਮੰਜਿਲ ਵੱਲ ਵੱਧਦੇ ਹੋਏ ਕਾਂਗੜੇ ਪਹੁੰਚ ਗਏ। ਕਾਂਗੜਾਂ ਹਿਮਾਚਲ ਦਾ ਇੱਕ ਖੂਬਸੂਰਤ ਸ਼ਹਿਰ ਹੈ। ਕਾਂਗੜੇ ਤੋਂ ਪਾਲਮਪੁਰ ਜਾਂਦੇ ਖੱਬੇ ਹੱਥ ਸ਼ਿਵਾਲਿਕ ਦੀਆਂ ਅਸਮਾਨ ਛੋਹਦੀਆਂ ਧੌਲਾਧਾਰ ਪਹਾੜੀਆਂ ਅਡੋਲ ਚਿੱਟੀ ਚਾਦਰ ਓੜ੍ਹ ਕੇ ਸਾਡਾ ਸਵਾਗਤ ਕਰ ਰਹੀਆਂ ਸਨ। ਉਹਨਾਂ ਦੀ ਇੱਕ ਹੀ ਝਲਕ ਨੇ ਸਾਡੇ ਮਨ ਅਤੇ ਦਿਲ ਦੀਆਂ ਵਿਸਮਾਦੀ ਤਰੰਗਾਂ ਨੂੰ ਛੇੜ ਦਿੱਤਾ, “ਧੰਨ ਹੋ ਗਏ ਇਹਨਾਂ ਦੇ ਦੀਦਾਰ ਕਰਕੇ” ਪਹਾੜਾਂ ਦੇ ਸੁੰਦਰ ਨਜ਼ਾਰਿਆਂ ਦੀ ਕਸ਼ਿਸ਼ ਹੀ ਇੰਨੀ ਜਿਆਦਾ ਹੋ ਜਾਂਦੀ ਹੈ ਕਿ ਤੁਸੀਂ ਇੰਨਾਂ ਨੂੰ ਨਿਹਾਰੇ ਬਿਨਾਂ ਇੱਕ ਵੀ ਕਦਮ ਅੱਗੇ ਨਹੀ ਵੱਧ ਸਕਦੇ, ਜਿੱਥੇ ਵੀ ਇਹੋ ਜਿਹੀ ਖਿੱਚ ਪੈਂਦੀ ਗੱਡੀ ਰੋਕ ਕੇ aੁੱਤਰਦੇ ਫਿਰ ਇੱਕ ਲੰਬਾ ਸਾਹ ਭਰਕੇ ਖੂਬਸੂਰਤ ਬਨਸਪਤੀ ਦੀ ਮਹਿਕ ਨੂੰ ਮਹਿਸੂਸ ਕਰਦੇ! ਫਿਰ ਦਿਲ-ਕਸ਼ ਨਜ਼ਾਰੇ ਨੂੰ ਚਾਰੇਂ ਦਿਸ਼ਾਵਾਂ ਤੋਂ ਨਿਹਾਰ ਕੇ ਕੁਦਰਤ ਦੇ ਵਾਰੇ-ਵਾਰੇ ਜਾਂਦੇ। ਜਿਉਂ-ਜਿਉਂ ਪਾਲਮਪੁਰ ਵੱਲ ਵੱਧਦੇ ਗਏ ਕੁਦਰਤ ਦੇ ਸੁੰਦਰ ਨਜ਼ਾਰੇ ਹੋਰ ਵੀ ਵੱਧਦੇ ਗਏ। ਪਾਲਮਪੁਰ ਤੋਂ ਸੱਜੇ ਪਾਸੇ ਇੱਕ ਰਸਤਾ ਉਸ ਮਹਾਨ ਸੰਤ, ਦਰਵੇਸ਼, ਕਲਾ ਦੇ ਪੁਜਾਰੀ, ਕਲਾਕਾਰ ਸ. ਸੋਭਾ ਸਿੰਘ ਜੀ ਦੇ ਸਟੂਡੀਓ ਅੰਧਰੇਟੇ ਨੂੰ ਜਾਂਦਾ ਸੀ। ਅੰਧਰੇਟਾ ਕਲਾਕਾਰਾਂ ਦਾ ਹੋਣ ਕਰਕੇ ਦੁਨੀਆਂ ਦੇ ਨਕਸ਼ੇ ਉੁੱਪਰ ਪ੍ਰਸਿੱਧ ਹੈ। ਇੱਥੇ ਨਾਟਕਾਂ ਦੀ ਨੁੱਕੜ-ਦਾਦੀ ਨੋਰ੍ਹਾ ਰਿਚਡ ਜੀ ਦਾ ਘਰ ਅਤੇ ਥੇਟਰ ਵੀ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਮੇਂ ਨੂੰ ਇੱਥੇ ਹੀ ਗੁਜ਼ਾਰਿਆ ਸੀ। ਸ. ਸੋਭਾ ਸਿੰਘ ਜੀ ਨੇ ਵੀ 1949 ਤੋਂ ਲੈ ਕੇ ਜੀਵਨ ਦੇ ਆਖਰੀ ਸਾਲ 1986 ਤੱਕ ਇੱਥੇ ਹੀ ਗੁਜ਼ਾਰੇ ਸਨ। ਅੰਧਰੇਟੇ ਨੂੰ ਕਲਾਕਾਰਾਂ ਦਾ ਅੰਧਰੇਟਾ ਕਹਿਣਾ ਕੋਈ ਅਤਿ-ਕਥਨੀ ਨਹੀ ਹੋਵੇਗੀ। ਇਹ ਸਥਾਨ ਪਾਲਮਪੁਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਉਸ ਪਾਕਿ-ਪਵਿੱਤਰ ਰੂਹ ਨੂੰ ਯਾਦ ਕਰਦਿਆਂ ਸਿਜ਼ਦਾ ਕੀਤਾ ਅਤੇ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ।

ਪਾਲਮਪੁਰ ਤੋਂ ਅੱਗੇ ਵੱਧਦੇ ਪਪਰੌਲਾ ਹੁੰਦੇ ਹੋਏ ਬੈਜਨਾਥ ਪਹੁੰਚ ਗਏ। ਇਹ ਇਲਾਕਾ ਮੇਰੇ ਦਿਲ ਵਿੱਚ ਪਿਛਲੇ 40 ਸਾਲ ਤੋਂ ਵਸਿਆ ਹੋਇਆ ਹੈ। ਕਿਉਂਕਿ ਇਸ ਏਰੀਏ ਨਾਲ ਮੇਰਾ ਜ਼ਜਬਾਤੀ ਰਿਸ਼ਤਾ ਹੈ। ਸਾਡਾ ਅਗਲਾ ਪੜਾ ਬੈਜਨਾਥ ਤੋਂ ਜੋਗਿੰਦਰ ਨਗਰ ਜਾਂਦੇ ਹੋਏ ਇਸਦੇ ਵਿਚਕਾਰ ਬੈਜਨਾਥ ਤੋਂ 13 ਕਿਲੋਮੀਟਰ ਦੀ ਦੂਰੀ ਤੇ ਮੇਨ ਸੜਕ ਤੋਂ ਇੱਕ ਸਾਈਡ ਤੇ ਬੀਰ ਨਾਂ ਦਾ ਪਿੰਡ ਆਉਂਦਾ ਹੈ। ਇੱਥੇ ਪੈਰਾ-ਗਲਾਈਡਿੰਗ ਦਾ ਲੈਡਿੰਗ ਸਥਾਨ ਹੈ। ਬੀਰ ਤੋਂ 16 ਕਿਲੋਮੀਟਰ ਉੱਪਰ ਧੌਲਾਧਾਰ ਦੇ ਪੈਰਾਂ ਵਿੱਚ ਬਲਿੰਗ ਨਾਂ ਦੀ ਖੂਬਸੂਰਤ ਪਹਾੜੀ ਹੈ। ਇਸ ਦੀ ਉਚਾਈ ਸਮੁੰਦਰ ਤਲ ਤੋਂ 8000 ਫੁੱਟ ਹੈ। ਬੀਰ ਬਲਿੰਗ ਪੈਰਾ-ਗਲਾਈਡਿੰਗ ਲਈ ਦੁਨੀਆਂ ਦੇ ਪਹਿਲੇ 10 ਸਥਾਨਾਂ ਵਿੱਚੋਂ ਇੱਕ ਹੈ। ਇੱਥੇ 2015 ਵਿੱਚ ਪੈਰਾ-ਗਲਾਈਡਿੰਗ ਦਾ ਵਰਲਡ ਕੱਪ ਹੋਇਆ ਸੀ। ਜਿਸ ਵਿੱਚ ਦੇਸ਼ਾਂ-ਵਿਦੇਸ਼ਾ ਵਿਚੋਂ ਪੈਰਾ-ਗਲਾਈਡਿੰਗ ਦੇ ਸ਼ੋਕੀਨਾਂ ਨੇ ਹਿੱਸਾ ਲਿਆ ਸੀ। ਜੁਲਾਈ ਤੋਂ ਸਤੰਬਰ ਤੱਕ ਮੌਨਸੂਨ ਸੀਜਨ ਸਮੇਂ ਪੈਰਾ-ਗਲਾਈਡਿੰਗ ਦੀ ਉਡਾਣ ਬੰਦ ਕਰ ਦਿੰਦੇ ਹਨ। ਬਾਕੀ ਸਾਰਾ ਸਾਲ ਸੈਲਾਨੀ ਇਸਦਾ ਆਨੰਦ ਲੈਂਦੇ ਹਨ।
ਜਦੋਂ ਅਸੀਂ ਬੀਰ ਪਹੁੰਚੇ ਬਹੁਤ ਹੀ ਸੁੰਦਰ, ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ। ਅਨੇਕਾਂ ਹੀ ਰੰਗ-ਬਰੰਗੇ ਪੈਰਾ-ਗਲਾਈਡਰ ਪੰਛੀਆਂ ਦੀ ਤਰ੍ਹਾਂ ਹਵਾ ਵਿੱਚ ਉਡਾਰੀਆਂ ਮਾਰ ਰਹੇ ਸਨ। ਕਲਾ ਬਾਜੀਆਂ ਲਾਉਂਦੇ ਕਦੇ ਅਸਮਾਨ ਛੋਹਦੀਆਂ ਉੱਚਾਈਆਂ ਵੱਲ ਜਾਂਦੇ ਤੇ ਕਦੇ ਥੱਲੇ ਵੱਲ ਨੂੰ ਆਉਂਦੇ। ਉਡਾਣ ਭਰਨ ਲਈ ਪਾਇਲਟ ਤੁਹਾਨੂੰ ਆਪਣੀ ਗੱਡੀ ਵਿੱਚ 16 ਕਿਲੋਮੀਟਰ ਉੱਪਰ ਬਲਿੰਗ ਲੈ ਕੇ ਜਾਂਦੇ ਹਨ। aਪਰੋਂ ਉਡਾਣ ਭਰ ਕੇ ਤੁਹਾਨੂੰ 25-30 ਮਿੰਟ ਹਵਾ ਵਿੱਚ ਘੁੰਮਾਉਂਦੇ ਹਨ। ਖੁੱਲੇ ਅਸਮਾਨ ਵਿੱਚ ਪੰਛੀ ਦੀ ਤਰ੍ਹਾਂ ਉਡਣ ਦਾ ਅਨੁਭਵ ਜਹਾਜ਼ ਨਾਲੋਂ ਵੀ ਵਧੀਆ ਹੁੰਦਾ ਹੈ। ਉਪਰੋਂ ਕੁਦਰਤੀ ਸੁੰਦਰਤਾ ਨੂੰ ਤੱਕਣਾ ਬਹੁਤ ਹੀ ਦਲੇਰੀ ਭਰਿਆ ਰੋਮਾਂਚ ਹੈ। ਤੁਸੀਂ ਆਪਣੀ ਉਡਦਿਆਂ ਦੀ ਵੀਡੀਓ ਬਣਾ ਸਕਦੇ ਹੋ। ਇੱਕ ਵਾਰ ਉਡਾਣ ਭਰਨ ਦੇ 2500 ਰੁਪਏ ਲੱਗਦੇ ਹਨ। ਇੱਕ ਘੰਟੇ ਦੀ ਉਡਾਣ ਦਾ 4500 ਰੁਪਏ ਲੈਂਦੇ ਹਨ। ਖੂਬਸੂਰਤ ਹਰੀਆਂ ਭਰੀਆਂ ਵਾਦੀਆਂ ਦੇ ਵਿਚਾਲੇ ਖੁੱਲੇ ਮੈਦਾਨ, ਲੈਡਿੰਗ ਸਥਾਨ ਤੇ ਬਹੁਤ ਹੀ ਰੌਣਕ ਸੀ।
ਇੱਥੋਂ ਦੇ ਰੋਮਾਂਚਕ ਨਜ਼ਾਰਿਆਂ ਨੂੰ ਤੱਕ ਅਸੀਂ ਬਰੋਟ ਲਈ ਅੱਗੇ ਵੱਧੇ। ਇੱਥੋ ਸਾਡੀ ਮੰਜਿਲ 52 ਕਿਲੋਮੀਟਰ ਦੂਰ ਸੀ। ਮੌਸਮ ਸਾਫ ਤੇ ਧੁੱਪ ਆਪਣੇ ਜੋਬਨ ਤੇ ਸੀ। ਆਸ-ਪਾਸ ਦੇ ਨਜ਼ਾਰੇ ਸੁਹਾਵਣੇ ਸਨ। ਦਿਲ ਵਿੱਚ ਨਵਾਂ ਉਤਸ਼ਾਹ ਸੀ। ਐਫ.ਐਮ ਦਾ ਸੰਗੀਤ ਰੂਹ ਨੂੰ ਨਸ਼ਿਆ ਰਿਹਾ ਸੀ। ਵਾਪਿਸ ਉਸੇ ਸੜਕ ਮੰਡੀ-ਪਠਾਨਕੋਟ ਐਨ.ਐਚ 154 ਤੇ ਆ ਗਏ। ਇੱਥੋ ਚੌਤਰਾਂ-ਭਟੇੜ ਹੁੰਦੇ ਹੋਏ ਜੋਗਿੰਦਰ ਨਗਰ ਪਹੁੰਚ ਗਏ। ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦਾ ਇੱਕ ਖੂਬਸੂਰਤ ਸ਼ਹਿਰ ਹੈ। ਇਸ ਦੀ ਸਮੁੰਦਰ ਤਲ ਤੋਂ 3314 ਫੁੱਟ ਉੱਚਾਈ ਹੈ। ਇਸ ਦਾ ਪੁਰਾਣਾ ਨਾਂ ਸਕਰਾਹੱਟੀ ਸੀ। ਮੰਡੀ ਦੇ ਪ੍ਰਸਿੱਧ ਰਾਜਾ ਜੋਗਿੰਦਰ ਸੈਨ ਦੇ ਨਾਂ ਤੇ ਇਸਦਾ ਨਾਮ ਜੋਗਿੰਦਰ ਨਗਰ ਪੈ ਗਿਆ। ਜੋਗਿੰਦਰ ਨਗਰ ਏਸ਼ੀਆਂ ਦਾ ਪਹਿਲਾ ਸ਼ਹਿਰ ਹੈ। ਜਿਸ ਵਿੱਚ ਤਿੰਨ ਜਲ ਬਿਜਲੀ ਉਤਪਾਦਨ ਘਰ ਹਨ। ਇੱਥੋਂ ਦਾ ਮਸ਼ਹੂਰ ਸ਼ਾਨਨ ਜਲ ਬਿਜਲੀ ਉਤਪਾਦਨ ਘਰ ਹੈ। ਇਸ ਦਾ ਨਿਰਮਾਣ ਸੰਨ 1925 ਦੇ ਵਿੱਚ ਰਾਜਾ ਜੋਗਿੰਦਰ ਸੈਨ ਤੇ ਅੰਗਰੇਜ ਇੰਜੀਨੀਅਰ ਵੀ.ਸੀ ਬੈਟੀ ਦੇ ਯਤਨਾਂ ਸਦਕਾ ਸ਼ਹਿਰ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਸਥਾਪਿਤ ਹੋਇਆ ਸੀ। ਇਸ ਪ੍ਰਾਜੈਕਟ ਵਿੱਚ ਵਰਤਿਆ ਜਾਣ ਵਾਲਾ ਪਾਣੀ ਜੋਗਿੰਦਰ ਨਗਰ ਦੇ ਪਿੱਛੇ ਵਸੇ ਬਰੋਟ ਨਗਰ ਵਿੱਚ ਓਹਲ ਨਦੀਂ ਦੇ ਪਾਣੀ ਨੂੰ ਰੋਕ ਕੇ ਜਲ ਭੰਡਾਰ ਕੀਤੇ ਪਾਣੀ ਨੂੰ ਸ਼ਾਨਨ ਪ੍ਰਾਜੈਕਟ ਤੱਕ ਲਿਆਉਣ ਲਈ 7.3 ਕਿਲੋਮੀਟਰ ਲੰਬੀ ਸੁਰੰਗ ਬਣਾਈ। ਜਿਸ ਵਿੱਚੋਂ ਵੱਡੀਆਂ-ਵੱਡੀਆਂ ਪਾਈਪਾਂ ਰਾਹੀਂ ਪਾਣੀ ਨੂੰ ਲਿਆਂਦਾ ਗਿਆ। ਸ਼ਾਨਨ ਤੋਂ ਬਰੋਟ ਤੱਕ ਪਹਾੜੀ ਦੇ ਉਪੱਰ ਦੀ ਸਮਾਨ ਦੀ ਢੋਆ-ਢੁਆਈ ਲਈ ਟਰਾਲੀ ਲਾਈਨ ਵਿਛਾਈ ਗਈ ਸੀ। ਇਸਨੂੰ ਲੋਹੇ ਦੇ ਰੱਸਿਆਂ ਦੁਆਰਾ ਚਲਾਇਆ ਜਾਂਦਾ ਸੀ। ਇਹ ਮਾਰਗ ਸਿਰਫ 12 ਕਿਲੋਮੀਟਰ ਦਾ ਹੈ। ਜੋਗਿੰਦਰ ਨਗਰ ਤੋਂ ਸੜਕ ਰਾਹੀਂ ਵਾਇਆ ਘਟਾਸਨੀ ਬਰੋਟ 35 ਕਿਲੋਮੀਟਰ ਹੈ। ਪ੍ਰੰਤੂ ਇਸ ਟਰਾਲੀ ਮਾਰਗ ਦੀ ਸਾਂਭ ਸੰਭਾਲ ਨਹੀ। ਅਗਰ ਇਸ ਟਰਾਲੀ ਮਾਰਗ ਨੂੰ ਚਾਲੂ ਕੀਤਾ ਜਾਵੇ ਤਾਂ ਇਹ ਅਤਿ ਰੋਮਾਂਚਕ ਰਸਤਾ ਹੈ। ਸ਼ਾਨਨ ਜਲ ਬਿਜਲੀ ਉਤਪਾਦਨ ਘਰ ਦੀ 110 ਮੈਗਾਵਾਟ ਸਮਰੱਥਾ ਹੈ। ਇਸ ਸਮੇਂ ਪੰਜਾਬ ਬਿਜਲੀ ਬੋਰਡ ਦੇ ਅਧੀਨ 99 ਸਾਲਾਂ ਲੀਜ਼ ਉੱਪਰ ਹੈ। ਹਿਮਾਚਲ ਸਰਕਾਰ ਇਸਦੀ ਮਿਆਦ ਪੂਰੀ ਹੋਣ ਦੀ ਇੰਤਜ਼ਾਰ ਵਿੱਚ ਹੈ। ਜੋ 2024 ਵਿੱਚ ਪੂਰੀ ਹੋ ਜਾਵੇਗੀ। ਇਸ ਪ੍ਰਾਜੈਕਟ ਵਿੱਚ ਵਰਤੇ ਪਾਣੀ ਨਾਲ ਅੱਗੇ ਬੱਸੀ ਪਾਵਰ ਪ੍ਰਾਜੈਕਟ ਚਲਾਇਆ ਜਾਂਦਾ ਹੈ।

ਜੋਗਿੰਦਰ ਨਗਰ ਨੂੰ ਪਾਰ ਕਰਦੇ ਹੋਏ ਅਸੀ ਮੰਡੀ ਪਠਾਨਕੋਟ ਸੜਕ ਤੇ ਘਟਾਸਨੀ ਤੋਂ ਖੱਬੇ ਹੱਥ ਬਰੋਟ ਵੱਲ ਨੂੰ ਹੋ ਗਏ। ਬਰੋਟ ਵੈਲੀ ਦੀ ਚੜ੍ਹਾਈ ਤੋਂ ਪਹਿਲਾਂ ਇੱਕ ਦੁਕਾਨ ਉੱਪਰ ਰੁਕੇ ਇੱਥੋਂ ਇੱਕ-ਇੱਕ ਕੱਪ ਚਾਹ ਦਾ ਪੀ ਕੇ ਤਰੋ-ਤਾਜ਼ਾ ਹੋ ਕੇ ਅੱਗੇ ਵਧੇ। ਬਰੋਟ ਜਾਣ ਵਾਲੀ ਸੜਕ ਤੰਗ ਅਤੇ ਖ਼ਰਾਬ ਸੀ। ਇੱਕ ਪਾਸੇ ਅਸਮਾਨ ਛੂੰਹਦੀਆਂ ਪਹਾੜੀਆਂ ਅਤੇ ਦੂਜੇ ਪਾਸੇ ਮੀਲਾਂ ਲੰਬੀ ਡੂੰਘੀ ਖਾਈ ਸੀ। ਆਵਾਜਾਈ ਬਹੁਤ ਹੀ ਘੱਟ ਸੀ। ਸੰਘਣੇ ਜੰਗਲ, ਸ਼ਾਂਤ ਵਾਤਾਵਰਣ, ਤਿੱਖੇ ਮੋੜ, ਉੱਚੀ ਚੜ੍ਹਾਈ ਅਤੇ ਕਦੇ ਉਤਰਾਈ ਬਹੁਤ ਹੀ ਰੋਮਾਂਚ ਭਰਪੂਰ ਰਸਤਾ ਸੀ। ਕਾਰ ਬਹੁਤ ਹੀ ਸਾਵਧਾਨੀ ਨਾਲ ਚਲਾਉਣੀ ਪੈਂਦੀ ਹੈ। ਸਾਨੂੰ ਡਰ ਬਿਲਕੁਲ ਵੀ ਨਹੀ ਲੱਗ ਰਿਹਾ ਸੀ। ਕਾਰ ਮਲਵਿੰਦਰ ਚਲਾ ਰਿਹਾ ਸੀ। ਇਸਨੂੰ ਇਹੋ ਜਿਹੇ ਰਸਤਿਆਂ ਤੇ ਗੱਡੀ ਚਲਾਉਣ ਦਾ ਬਹੁਤ ਅਨੁਭਵ ਹੈ। ਮੈਂ ਕਾਰ ਬਿਲਕੁਲ ਵੀ ਨਹੀ ਚਲਾਈ ਕਿਉਂਕਿ ਗੱਡੀ ਚਲਾਉਣ ਵਾਲਾ ਆਸ-ਪਾਸ ਦੇ ਨਜ਼ਾਰਿਆਂ ਨੂੰ ਨਹੀ ਤੱਕ ਸਕਦਾ। ਮੇਰਾ ਦਿਲ ਬਾਹਰ ਦੇ ਨਜ਼ਾਰਿਆਂ ਨੂੰ ਤੱਕ-ਤੱਕ ਨਹੀ ਭਰ ਰਿਹਾ ਸੀ।
ਇੱਕ ਖਾਸ ਧਿਆਨ ਰੱਖਣਯੋਗ ਗੱਲ ਜੋਗਿੰਦਰ ਨਗਰ ਤੋਂ ਬਾਅਦ ਪੈਟਰੋਲ ਪੰਪ ਮੰਡੀ ਵਿੱਚ ਹੈ, ਇਸ 72 ਕਿਲੋਮੀਟਰ ਦੇ ਰਾਸਤੇ ਵਿੱਚ ਕਿਤੇ ਵੀ ਕੋਈ ਪੈਟਰੋਲ ਪੰਪ ਨਹੀ ਹੈ ਅਤੇ ਨਾਂ ਹੀ ਬਰੋਟ ਵੈਲੀ ਵਿੱਚ ਹੈ। ਇੱਥੇ ਪੈਟਰੋਲ ਤੁਹਾਨੂੰ ਕੁੱਝ ਇੱਕ ਦੁਕਾਨਾਂ ਤੋਂ ਮਿਲਦਾ ਹੈ, ਜੋ 100 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੰਦੇ ਹਨ। ਸੋ ਜੋਗਿੰਦਰ ਨਗਰ ਤੋਂ ਹੀ ਕਾਰ ਦੀ ਟੈਂਕੀ ਭਰਵਾ ਲੈਣੀ ਚਾਹੀਦੀ ਹੈ।
ਓਹਲ ਨਦੀਂ ਦੇ ਨਾਲ-ਨਾਲ ਕਦੇ ਉੱਪਰ ਤੇ ਕਦੇ ਥੱਲੇ ਸੱਪ ਵਾਂਗ ਵਲ ਖਾਂਦੇ ਅੱਗੇ ਵੱਧਦੇ ਗਏ। ਆਸ-ਪਾਸ ਖੂਬਸੂਰਤ ਰੰਗ ਬਰੰਗੀ ਬਨਸਪਤੀ ਦਿਲ ਨੂੰ ਮੋਹਦੀਂ ਸੀ। ਚੀਲ ਦੇ ਰੁੱਖਾਂ ਦੀ ਖੁਸ਼ਬੂ ਮਹਿਕਾਂ ਖਿਲੇਰਦੀ ਸੀ। ਕਿਤੇ-ਕਿਤੇ ਪੌੜੀ ਨੁਮਾਂ ਖੇਤ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਸਨ। ਪਿੰਡ ਟਿਕਨ ਨੂੰ ਪਾਰ ਕਰਦੇ ਹੋਏ ਓਹਲ ਨਦੀਂ ਦੇ ਨਾਲ-ਨਾਲ ਬਰੋਟ ਵੱਲ ਨੂੰ ਵਧਦੇ ਗਏ, ਆਖਿਰ ਖੂਬਸੂਰਤ ਵੈਲੀ ਦੇ ਦੀਦਾਰ ਹੋ ਗਏ। ਉਪਰੋਂ ਓਹਲ ਦਰਿਆ ਦੇ ਪਾਣੀ ਨੂੰ ਰੋਕ ਕੇ ਬਣਾਈਆਂ ਹੋਈਆਂ ਛੋਟੀਆਂ-ਛੋਟੀਆਂ ਝੀਲਾਂ ਨਜ਼ਰ ਆਈਆਂ।
ਹਿਮਾਚਲ ਦੇ ਮੰਡੀ ਜਿਲ੍ਹੇ ਦਾ ਚੌਹਾਰ ਘਾਟੀ ਵਿੱਚ ਵਸਿਆ ਬਰੋਟ ਇੱਕ ਰਮਣੀਕ ਛੋਟਾ ਜਿਹਾ ਪਿੰਡ ਹੈ। ਇਸਦੀ ਸਮੁੰਦਰ ਤਲ ਤੋਂ 6001 ਫੁੱਟ ਉਚਾਈ ਹੈ। ਦੇਵਦਾਰ ਦੇ ਉੱਚੇ-ਉੱਚੇ ਦਰੱਖਤਾਂ ਨਾਲ ਭਰੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਸਾਂਤ ਬਰੋਟ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਸੀ। ਛੋਟੀਆਂ-ਛੋਟੀਆਂ ਝੀਲਾਂ ਇਸਦੀ ਸੁੰਦਰਤਾਂ ਨੂੰ ਚਾਰ ਚੰਨ ਲਾਉਂਦੀਆਂ ਹਨ। ਇੱਥੋਂ ਦਾ ਸਾਂਤ ਮਹੌਲ ਮਨ ਨੂੰ ਮੋਹ ਲੈਂਦਾ ਹੈ। ਬਰੋਟ ਜਿਆਦਾਤਰ ਸੈਲਾਨੀਆਂ ਦੀ ਨਜ਼ਰ ਤੋਂ ਪਰੇ ਹੈ। ਇਸ ਲਈ ਇਹ ਹਮੇਸ਼ਾ ਹੀ ਕੁਦਰਤ ਪ੍ਰੇਮੀਆਂ ਦੇ ਇੰਤਜ਼ਾਰ ਵਿੱਚ ਬਾਹਾਂ ਫੈਲਾਏ ਰੱਖਦਾ ਹੈ। ਬਰੋਟ ਓਹਲ ਨਦੀ ਦੇ ਕਿਨਾਰੇ ਤੇ ਵਸਿਆ ਹੈ। ਇਸਦੀ ਆਬਾਦੀ ਇੱਕ ਹਜ਼ਾਰ ਦੇ ਕਰੀਬ ਹੈ। ਇੱਥੇ ਸਰਕਾਰੀ, ਗੈਰ ਸਰਕਾਰੀ ਗੈਸਟ ਹਾਊਸ ਬਣੇ ਹੋਏ ਹਨ। ਸੈਲਾਨੀਆਂ ਦੇ ਰਹਿਣ ਲਈ ਵੱਧੀਆ ਪ੍ਰਬੰਧ ਹੈ। ਸਰਕਾਰੀ ਸਕੂਲ, ਕੰਪਿਊਟਰ ਕੇਂਦਰ, ਸੰਗੀਤ ਕੇਂਦਰ ਵੀ ਹੈ। ਇਹ ਮੇਹਨਤੀ ਲੋਕ ਖੇਤੀਬਾੜੀ, ਸਬਜੀਆਂ ਦੀ ਪੈਦਾਵਾਰ, ਹੱਥ ਖੱਡੀ, ਭੇਡਾਂ-ਬੱਕਰੀਆਂ ਪਾਲਣ ਵਰਗੇ ਧੰਦੇ ਕਰਕੇ ਸਬਰ ਤੇ ਸੰਤੋਖ ਦਾ ਜੀਵਨ ਬਸ਼ਰ ਕਰਦੇ ਹਨ।
ਬਰੋਟ ਵਿੱਚ ਦਾਖਲ ਹੁੰਦੇ ਹੀ ਮੇਨ ਸੜਕ ਤੋਂ ਖੱਬੇ ਹੱਥ ਮੁੜ ਕੇ ਇੱਕ ਛੋਟੇ ਜਿਹੇ ਬਜ਼ਾਰ, ਜਿਸ ਵਿੱਚ ਗਿਣਤੀ ਦੀਆਂ ਹੀ ਦੁਕਾਨਾਂ ਸਨ। ਸਾਹਮਣੇ ਗੱਡੀ ਰੋਕ ਕੇ ਹੋਟਲ ਦਾ ਪਤਾ ਕੀਤਾ, ਉਸ ਦੁਕਾਨਦਾਰ ਨੇ ਓਹਲ ਨਦੀ ਦਾ ਪੁਲ ਪਾਰ ਕਰਕੇ ਨਦੀ ਦੇ ਕਿਨਾਰੇ ਬਣੇ ਅਸ਼ੋਕਾ ਗੈਸਟ ਹਾਊਸ ਵਿੱਚ ਕਮਰਾ ਲੈ ਲਿਆ।
ਹੁਣ ਸ਼ਾਮ ਹੋ ਚੁੱਕੀ ਸੀ। ਪਹਾੜਾਂ ਦੀ ਖੂਬਸੂਰਤੀ ਵੱਧਦੀ ਜਾਂਦੀ ਸੀ। ਜਿਉਂ-ਜਿਉਂ ਹਨੇਰਾ ਹੋਣਾ ਸ਼ੁਰੂ ਹੋਇਆ ਆਸ-ਪਾਸ ਦੀਆਂ ਉੱਚੀਆਂ ਪਹਾੜੀਆਂ ਵਿੱਚ ਲਾਈਟਾਂ ਤਾਰਿਆਂ ਦੀ ਤਰ੍ਹਾਂ ਟਿਮ-ਟਿਮਾਉਣ ਲੱਗੀਆਂ। ਠੰਡ ਵੀ ਆਪਣਾ ਜ਼ੋਬਨ ਵਿਖਾ ਰਹੀ ਸੀ। ਸਾਨੂੰ ਜੈਕਟਾਂ ਪਹਿਨਣੀਆਂ ਪਈਆਂ। ਸੁਗੰਧੀ ਭਰੀ ਫਿਜ਼ਾ ਮਸਤੀ ਵਿੱਚ ਮਦਹੋਸ਼ ਕਰ ਰਹੀ ਸੀ। ਇਸ ਮਦਹੋਸ਼ੀ ਦੇ ਆਲਮ ਨੂੰ ਰੰਗੀਨੀ ਦੇ ਰੰਗ ਵਿੱਚ ਰੰਗਿਆ। ਥੋੜਾ ਚਹਿਲ-ਕਦਮੀ ਲਈ ਬਾਹਰ ਨਿਕਲੇ। ਇਕ-ਦਮ ਸ਼ਾਂਤ ਸਕੂਨ ਭਰਿਆ ਮਹੌਲ ਸੀ। ਇੱਕ ਦੋ ਸਥਾਨਕ ਵਸਨੀਕਾਂ ਨੂੰ ਮਿਲੇ ਤੇ ਉਹਨਾਂ ਦੇ ਜੀਵਨ ਬਾਰੇ ਜਾਣਨਾ ਚਾਹਿਆ। ਪਹਾੜੀ ਲੋਕ ਬਹੁਤ ਹੀ ਸ਼ਹਿਜ ਅਤੇ ਸ਼ਾਂਤ ਸ਼ੁਭਾਅ ਦੇ ਹੁੰਦੇ ਹਨ। ਸ਼ਾਇਦ ਕਾਹਲ ਨਾਂ ਦੀ ਚੀਜ਼ ਇਹਨਾਂ ਦੀ ਜਿੰਦਗੀ ਵਿੱਚੋਂ ਮਨਫੀ ਹੋਵੇ। ਹਸਮੁੱਖ ਚੇਹਰੇ, ਮਿਹਨਤੀ ਸੁਭਾਅ ਇਹਨਾਂ ਦੀ ਜਿੰਦਗੀ ਦਾ ਅਹਿਮ ਅੰਗ ਹੈ। ਮਰਦਾਂ ਦੇ ਨਾਲ ਔਰਤਾਂ ਵੀ ਬਹੁਤ ਮਿਹਨਤੀ ਹਨ। ਸੀਮਿਤ ਲੋੜਾਂ ਸਾਦੀ ਜਿੰਦਗੀ, ਹੰਸੂ-ਹੰਸੂ ਕਰਦੇ ਚੇਹਰੇ ਦੀਆਂ ਲਾਲੀਆਂ ਖੁਸ਼ ਮਿਜਾਜੀ ਦਾ ਆਈਨਾਂ ਹੁੰਦੀਆਂ ਹਨ।
ਅਸੀਂ ਲੋਕ ਤੇਜ ਤਰਾਰ ਜਿੰਦਗੀ ਦੇ ਥਕਾਏ ਪ੍ਰਦੂਸ਼ਿਤ ਵਾਤਾਵਰਣ, ਜ਼ਹਿਰੀਲੇ ਖਾਣ ਅਤੇ ਸ਼ੋਰ ਸ਼ਰਾਬੇ ਦੇ ਮਹੌਲ ਤੋਂ ਉਕਤਾ ਕੁਦਰਤ ਦੀ ਗੋਦ ਵਿੱਚ ਕੁੱਝ ਪਲ ਅਰਾਮ ਦੇ ਬਤੀਤ ਕਰਕੇ ਬਹੁਤ ਸਕੂਨ ਮਹਿਸੂਸ ਕਰਦੇ ਹਾਂ। ਪ੍ਰੰੰਤੂ ਇਹ ਲੋਕ ਹਮੇਸ਼ਾ ਹੀ ਉਸ ਕੁਦਰਤ ਦੀ ਗੋਦ ਵਿੱਚ ਆਨੰਦਮਈ ਜੀਵਨ ਬਤੀਤ ਕਰਦੇ ਹਨ।
ਇਹ ਲੋਕ ਹਮੇਸ਼ਾ ਕੁਦਰਤ ਉੱਪਰ ਹੀ ਨਿਰਭਰ ਕਰਦੇ ਹਨ। ਇਨ੍ਹਾਂ ਦੀ ਖੇਤੀ ਮੀਹਾਂ ਉੱਪਰ ਹੀ ਨਿਰਭਰ ਕਰਦੀ ਹੈ। ਇਸੇ ਲਈ ਇੱਥੇ ਪੈਦਾ ਹੋਈਆਂ ਸ਼ਬਜੀਆਂ, ਫਲ ਅਤੇ ਹੋਰ ਫਸਲਾਂ ਦੀ ਕਵਾਲਟੀ ਉੱਚ-ਮਿਆਰੀ ਹੁੰਦੀ ਹੈ। ਇਸ ਲਈ ਇਹ ਬਿਮਾਰੀਆਂ ਦਾ ਸ਼ਿਕਾਰ ਨਹੀ ਹੁੰਦੇ। “ਜਿੰLਗਦੀ ਵਿੱਚ ਇਨਸਾਨ ਨੂੰ ਹੋਰ ਕੀ ਚਾਹੀਦਾ ਹੈ” ?
ਰਾਤ ਦਾ ਖਾਣਾ ਬਾਹਰ ਹੀ ਖਾਧਾ। ਫਿਰ ਓਹਲ ਨਦੀ ਦੇ ਨਾਲ-ਨਾਲ ਉਸ ਦੇ ਸੁਰਬੱਧ ਸੰਗੀਤ ਦਾ ਆਨੰਦ ਮਾਣਦੇ, ਮਹਿਕਦੀਆਂ ਫਿਜ਼ਾਵਾਂ ਦੀਆਂ ਘੁੱਟਾਂ ਭਰਦੇ ਹੋਏ ਇਸ ਦਰਿਆ ਦੇ ਕਿਨਾਰੇ ਬਣੇ ਰੋਸ਼ਨ ਗੈਸਟ ਹਾਊਸ ਦੇ ਮਾਲਿਕ ਨੂੰ ਮਿਲਣ ਪਹੁੰਚੇ ਕਿਉਂਕਿ ਸਾਡੇ ਮਿੱਤਰ ਸੁਖਜਿੰਦਰ ਧਾਲੀਵਾਲ ਨੇ ਇਸ ਗੈਸਟ ਹਾਊਸ ਬਾਰੇ ਦੱਸਿਆ ਸੀ। ਰਸਮੀ ਮੁਲਾਕਾਤ ਤੋਂ ਬਾਅਦ ਅਗਲੀ ਵਾਰ ਉਸਦੇ ਗੈਸਟ ਹਾਊਸ ਵਿੱਚ ਰੁਕਣ ਦਾ ਵਾਅਦਾ ਕਰਦੇ ਹੋਏ ਵਾਪਸ ਆਏ। ਠੰਡੀਆਂ ਹਵਾਵਾਂ, ਸਾਂਤ ਵਾਤਾਵਰਣ ਅਤੇ ਚੰਨ ਤਾਰਿਆਂ ਨਾਲ ਗੱਲਾਂ ਕਰਦੇ ਹੋਏ ਹੋਟਲ ਵਾਪਸ ਆਏ। ਅੱਜ ਦੀ ਰਾਤ ਬਰੋਟ ਦੀ ਗੋਦ ਵਿੱਚ ਕੰਬਲਾਂ ਦੇ ਨਿੱਘ ਨਾਲ ਗੁਜ਼ਾਰੀ।
ਅਲਾਰਮ ਨੇ ਸਵੇਰੇ 4 ਵਜੇ ਦਸਤਕ ਦਿੱਤੀ, ਅਸੀਂ ਪੰਜ ਵੱਜਦੇ ਨੂੰ ਤਿਆਰ ਹੋ ਗਏ। ਮੈਂ ਸਵੇਰ ਦੇ ਪਹੁ ਫੁਟਾਲੇ ਦਾ ਆਨੰਦ ਲੈਣ ਲਈ ਬੇਤਾਬ ਸੀ। ਹੋਟਲ ਤੋਂ ਬਾਹਰ ਆ ਕੇ ਕੁਦਰਤ ਦੇ ਇਸ ਅਦਭੁੱਤ ਨਜ਼ਾਰੇ ਨੂੰ ਤੱਕਣ ਲੱਗੇ। ਓਹਲ ਨਦੀ ਦੇ ਨਾਲ-ਨਾਲ ਜਿਧਰੋਂ ਓਹਲ ਨਦੀ ਦਾ ਪਾਣੀ ਮੰਤਰ ਮੁਗਧ ਸੰਗੀਤ ਦੀਆਂ ਧੁਨਾਂ ਉੱਪਰ ਨੱਚਦਾ-ਟੱਪਦਾ ਬੇਰੋਕ ਟੋਕ ਆ ਰਿਹਾ ਸੀ, ਵੱਲ ਨੂੰ ਸੈਰ ਕਰਦੇ ਹੋਏ ਚੱਲ ਪਏ। ਪੰਛੀ ਪਰਮਾਤਮਾਂ ਦੇ ਸ਼ੁਕਰਾਨੇ ਵਿੱਚ ਖੁLਸ਼ੀਆਂ ਦੇ ਗੀਤ ਗਾ ਰਹੇ ਸੀ। ਅਸਮਾਨ ਆਪਣੀ ਰੰਗਤ ਵਿੱਚ ਰੰਗਿਆ ਹੋਇਆ ਸੀ। ਦੇਵਦਾਰ ਦੇ ਘਣੇ ਜੰਗਲਾਂ ਵਿੱਚ ਸੁਗੰਧੀ ਭਰਿਆ ਵਾਤਾਵਰਣ, ਕਾਦਰ ਦੀ ਕੁਦਰਤ ਕਿਸੇ ਕਾਇਨਾਤ ਤੋਂ ਘੱਟ ਨਹੀ ਸੀ। ਅੰਮ੍ਰਿਤ ਵੇਲੇ ਦਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਡੀਆਂ ਉਸ ਪ੍ਰਭੂ ਨਾਲ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਹਨ। ਤੁਸੀਂ ਉਸਦੇ ਰੰਗ ਵਿੱਚ ਰੰਗਕੇ ਬਲਿਹਾਰੇ ਜਾਂਦੇ ਹੋ। ਜਿਉਂ-ਜਿਉਂ ਅਸੀਂ ਅੱਗੇ ਨੂੰ ਵੱਧਦੇ ਗਏ ਤਿਉਂ-ਤਿਉਂ ਉਸਦੀ ਸੁੰਦਰਤਾ ਵਧਦੀ ਗਈ। ਉਸ ਪਰਮਾਤਮਾਂ ਦੇ ਜ਼ਰੇ-ਜ਼ਰੇ ਨੂੰ ਤੱਕ ਅਸੀਂ ਨਿਹਾਲ ਹੋ ਗਏ। ਮੇਰੇ ਕੋਲ ਉਸ ਕੁਦਰਤ ਦੀ ਸੁੰਦਰਤਾਂ ਨੂੰ ਬਿਆਨ ਕਰਨ ਲਈ ਕੋਈ ਵੀ ਸ਼ਬਦ ਨਹੀਂ। ਮੈਂ ਉਸਦੇ ਲਾਇਕ ਹੀ ਨਹੀ, ਮੈਂ ਉਸ ਕਾਦਰ ਦੀ ਸਾਜੀ ਸੁੰਦਰ ਸ੍ਰਿਸ਼ਟੀ ਦਾ ਬਿਆਨ ਕਰ ਸਕਾਂ। ਮੇਰਾ ਰੋਮ-ਰੋਮ ਉਸਦੀ ਮਿੱਠੀ ਮਹਿਕ, ਮੰਤਰ ਮੁਗਧ ਸੰਗੀਤ, ਪੰਛੀਆਂ ਦੀ ਚਹਿ-ਚਹਾਠ ਅਤੇ ਬਨਸਪਤੀ ਦੀ ਖੁਸ਼ਬੂ ਦੇ ਰੰਗ ਵਿੱਚ ਰੰਗਿਆ ਗਿਆ। ਇਸ ਤੋਂ ਵੱਧ ਮੈਨੂੰ ਕੁੱਝ ਹੋਰ ਨਹੀ ਚਾਹੀਦਾ।
ਕੱਚੇ-ਰਸਤੇ ਅੱਗੇ ਨੂੰ ਵੱਧਦੇ-ਵੱਧਦੇ ਅਸੀ ਦੋ ਕਿਲੋਮੀਟਰ ਅੱਗੇ ਤੱਕ ਚੱਲੇ ਗਏ। ਇਸ ਤੋਂ ਅੱਗੇ ਝਰਵਰ ਨਾਂ ਦਾ ਛੋਟਾ ਜਿਹਾ ਪਿੰਡ ਸੀ ਜੋ ਬਰੋਟ ਤੋਂ 4.9 ਕਿਲੋਮੀਟਰ ਦੀ ਦੂਰੀ ਤੇ ਸੀ। ਹੁਣ ਸੂਰਜ ਦੀਆਂ ਸੁਨਿਹਰੀ ਕਿਰਨਾਂ ਉੱਚੇ ਦੇਵਦਾਰ ਦੇ ਜੰਗਲਾਂ ਨੂੰ ਚੁੰਮ ਰਹੀਆਂ ਸਨ। ਜੰਗਲ ਦਾ ਉਪਰਲਾ ਹਿੱਸਾ ਸੁਨਿਹਰੀ ਰੰਗ ਵਿੱਚ ਰੰਗਿਆਂ ਗਿਆ। ਜਿੱਥੇ ਕਿਰਨਾਂ ਨਹੀ ਪੈਂਦੀਆਂ ਉਹ ਗੂੜ੍ਹੀ ਹਰੀ ਚਾਦਰ ਵਿੱਚ ਲਿਪਟਿਆ ਨਜ਼ਰ ਆ ਰਿਹਾ ਸੀ। ਇਹ ਦ੍ਰਿਸ਼ ਵੀ ਦੇਖਣਯੋਗ ਸੀ। ਦਿਲ ਚਾਹੁੰਦਾ ਸੀ ਕਿ ਬਸ ਇੱਥੇ ਦਾ ਹੀ ਹੋ ਕੇ ਰਹਿ ਜਾਵਾਂ। ਜੰਗਲ, ਝਰਨੇ, ਵਹਿੰਦੇ ਅੰਮ੍ਰਿਤ ਦਾ ਸੰਗੀਤ, ਇਹਨਾਂ ਦੀ ਖੂਬਸੂਰਤੀ ਦਾ ਆਲਮ ਧਰਤੀ ਉੱਪਰ ਸਵਰਗ ਹੀ ਜਾਪਦਾ ਸੀ।
ਕਾਦਰ ਦੀ ਕੁਦਰਤ ਦੀਆਂ ਸਿਫ਼ਤਾਂ ਕਰਦੇ ਵਾਪਿਸ ਉਸੇ ਰਸਤੇ ਆਏ, ਓੁਹਲ ਦਰਿਆ ਦੇ ਕਿਨਾਰੇ ਠੰਡੀ ਗੋਲਾਈ ਟਰੈਕਿੰਗ ਕੈਂਪ ਹੈ। ਕੁੱਝ ਲੋਕ ਇੱਥੇ ਟੈਂਟਾਂ ਵਿੱਚ ਹੀ ਰੁੱਕੇ ਹੋਏ ਸਨ। ਇੱਕ ਟਰੈਕਿੰਗ ਗਰੁੱਪ ਟਰੈਕਿੰਗ ਦੀ ਤਿਆਰੀ ਵਿੱਚ ਸੀ। ਇੱਥੋਂ ਹੀ ਵੱਖ-ਵੱਖ ਦਿਸ਼ਾਵਾਂ ਨੂੰ ਤੁਸੀਂ ਗਾਇਡ ਦੇ ਨਾਲ ਜੰਗਲਾਂ ਦੇ ਵਿੱਚ ਪੈਦਲ ਯਾਤਰਾਂ ਦਾ ਆਨੰਦ ਮਾਣ ਸਕਦੇ ਹੋ। ਕੁੱਝ ਵਿਦੇਸ਼ੀ ਸੈਲਾਨੀ ਇੱਥੇ ਵੱਖ ਵੱਖ ਖੋਜਾਂ ਕਰਨ ਲਈ ਪੈਦਲ ਯਾਤਰਾਂ ਕਰਦੇ ਹਨ। ਪਹਾੜਾਂ ਵਿੱਚ ਦਰੁਲੱਭ ਜੜੀਆਂ ਬੂਟੀਆਂ ਦਾ ਖਜਾਨਾਂ ਪਾਇਆ ਜਾਂਦਾ ਹੈ।
ਇੱਥੋਂ ਪੈਦਲ ਯਾਤਰਾ ਬਰੋਟ ਤੋਂ ਕੁੱਲੂ ਵਾਇਆ ਦੇਨਾਸਰ ਲੇਕ, ਬਰੋਟ ਤੋਂ ਕੁੱਲੂ ਵਾਇਆ ਭੁਭੂ ਪਾਸ, ਬਰੋਟ ਤੋਂ ਮਨਾਲੀ, ਬਰੋਟ ਤੋਂ ਬੀਰ-ਬਲਿੰਗ ਵਾਇਆ ਰਾਜ ਗੁੰਧਾ (ਇਹੋ ਹੀ ਵਰਲਡ ਕੱਪ ਪੈਰਾ-ਗਲਾਈਡਿੰਗ ਸਥਾਨ ਹੈ) ਬਰੋਟ ਤੋਂ ਜੋਗਿੰਦਰ ਨਗਰ ਵਾਇਆ ਵਿੰਚ ਕੈਂਪ ਹੌਲੇਜ ਟਰਾਲੀ ਸਟੇਸ਼ਨ ਜਾਇਆ ਜਾ ਸਕਦਾ ਹੈ। ਇੱਥੇ ਤੁਸੀਂ ਹੋਰ ਵੀ ਵੱਖ-ਵੱਖ ਖੇਡਾਂ ਦਾ ਆਨੰਦ ਮਾਣ ਸਕਦੇ ਹੋ।
ਅਸੀਂ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੁਦਰਤ ਦੇ ਹਸੀਨ ਨਜ਼ਾਰਿਆਂ ਨੂੰ ਤੱਕ ਵਾਪਿਸ ਬਰੋਟ ਪਹੁੰਚ ਗਏ। ਇਹਨਾਂ ਨਜ਼ਾਰਿਆਂ ਦਾ ਆਨੰਦ ਲੈਣ ਲਈ ਸਭ ਤੋਂ ਢੁੱਕਵਾਂ ਸਮਾਂ ਸਵੇਰ ਅਤੇ ਸ਼ਾਮ ਦਾ ਹੀ ਹੁੰਦਾ ਹੈ। ਇਸ ਸਮੇਂ ਕੁਦਰਤ ਦੀ ਸੁੰਦਰਤਾ ਡੁੱਲ-ਡੁੱਲ ਪੈਂਦੀ ਹੈ। ਬਾਕੀ ਤੁਹਾਡੇ ਉਪਰ ਨਿਰਭਰ ਕਰਦਾ ਹੈ ਤੁਸੀਂ ਇਸਨੂੰ ਕਿਸ ਨਜ਼ਰ ਨਾਲ ਤੱਕਦੇ ਹੋ। ਇਹੋ ਜਿਹੇ ਮਹੌਲ ਵਿੱਚ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਵੀ ਊਰਜ਼ਾਵਾਨ ਹੋ ਜਾਂਦੇ ਹੋ। ਸਾਨੂੰ ਜੰਗਲਾਂ ਦੀ ਸੁੱਧ ਆਕਸੀਜਨ ਜੀਵਨ ਪ੍ਰਦਾਨ ਕਰਦੀ ਹੈ। ਦਰਿਆਵਾਂ ਦੇ ਪਾਣੀ ਦਾ ਨਿਰੰਤਰ ਵਹਿਣਾ ਜੀਵਨ ਦੀ ਦਿਸ਼ਾ ਪ੍ਰਦਾਨ ਕਰਦਾ ਹੈ ਕਿ ਲੱਖ ਰੁਕਾਵਟਾਂ ਦੇ ਬਾਵਜ਼ੂਦ ਸ਼ਾਂਤ ਹੋ ਕੇ ਮਸਤੀ ਦੀ ਚਾਲ ਚੱਲਦੇ ਰਹਿਣਾ ਹੀ ਜੀਵਨ ਹੈ।
ਸਵੇਰ ਦਾ ਨਾਸ਼ਤਾ ਉਸੇ ਹੀ ਛੋਟੇ ਜਿਹੇ ਹੋਟਲ ਦੇ ਬਾਹਰ ਦਰਿਆ ਦੇ ਕਿਨਾਰੇ ਬੈਠਕੇ ਕੀਤਾ। ਇੱਥੇ ਸਾਡੀ ਮੁਲਾਕਾਤ ਜਲੰਧਰ ਤੋਂ ਪਹੁੰਚੇ ਸਰਦਾਰ ਜੀ ਜੋ ਰਿਟਾਇਰਡ ਇੰਜੀਨੀਅਰ ਸਨ ਨਾਲ ਹੋਈ। ਉਹਨਾਂ ਦੱਸਿਆ ਕਿ “ਮੈਂ ਕਾਰ ਜੋਗਿੰਦਰ ਨਗਰ ਖੜੀ ਕਰਕੇ ਬੱਸ ਰਾਹੀਂ ਬਰੋਟ ਆਇਆ ਹਾਂ, ਤੰਗ ਸੜਕ ਉੱਪਰ ਕਾਰ ਚਲਾਉਣ ਦਾ ਰਿਸਕ ਨਹੀ ਲਿਆ”। ਫਿਰ ਅਸੀਂ ਬਰੋਟ ਤੋਂ 16 ਕਿਲੋਮੀਟਰ ਉੱਪਰ ਬੜਾ ਗਾਂਉ ਨਾਂ ਦੇ ਪਿੰਡ ਵੱਲ ਨੂੰ ਕਾਰ ਵਿੱਚ ਸਵਾਰ ਹੋ ਕੇ ਚੱਲ ਪਏ। ਇੱਕ ਦੋ ਛੋਟੇ-ਛੋਟੇ ਪਿੰਡਾਂ ਨੂੰ ਪਾਰ ਕਰਦੇ ਹੋਏ ਅੱਗੇ ਵਧੇ। ਇਸ ਸਾਈਡ ਕਿਤੇ-ਕਿਤੇ ਥੋੜੇ ਖੁਸ਼ਕ ਪਹਾੜ ਸਨ। ਤੰਗ ਸੜ੍ਹਕ ਆਸ-ਪਾਸ ਪੌੜੀ ਨੁਮਾ ਖੇਤ ਬਹੁਤ ਖੁਲ੍ਹੇ ਏਰੀਏ ਵਿੱਚ ਸਨ। ਖੇਤਾਂ ਦੀ ਬਣਤਰ ਬਹੁਤ ਹੀ ਸੁੰਦਰ ਦ੍ਰਿਸ਼ ਪੇਸ਼ ਕਰਦੀ ਸੀ। ਧੁੱਪ ਥੋੜੀ ਜਿਆਦਾ ਹੋ ਗਈ ਸੀ। ਇੱਥੇ ਵੀ ਹੌਲੀਡੇ ਦਾਦਾ ਨੇਚਰ ਕੈਂਪ ਬਣਿਆ ਹੋਇਆ ਸੀ। ਇੱਥੇ ਵੀ ਤੁਸੀਂ ਵੱਖ ਵੱਖ ਤਰ੍ਹਾਂ ਦੀਆਂ ਸਾਹਸੀ ਖੇਡਾਂ ਦਾ ਆਨੰਦ ਮਾਣ ਸਕਦੇ ਹੋ। ਇਸ ਤੋਂ ਅੱਗੇ ਵਧਦੇ ਹੋਏ ਅਸੀਂ ਬੜਾ ਗਾਂਉ ਪਹੁੰਚ ਗਏ। ਇਹ ਬੱਸ ਦਾ ਆਖਰੀ ਸਟਾਪ ਹੈ। ਇੱਕ ਸਥਾਨਕ ਵਸਨੀਕ ਨੇ ਦੱਸਿਆ ਕਿ ਇਸ ਤੋਂ ਅੱਗੇ ਸੜਕ ਅਜੇ ਬਣੀ ਨਹੀ, ਉਸਾਰੀ ਅਧੀਨ ਹੈ। ਜਦੋਂ ਇਹ ਸੜਕ ਬਣ ਜਾਵੇਗੀ ਤਾਂ ਇਹ ਏਰੀਆ ਬੀਰ- ਬਲਿੰਗ ਦੀਆਂ ਪਹਾੜੀਆਂ ਨਾਲ ਜੁੜ ਜਾਵੇਗਾ। ਬੜਾ ਗਾਂਉ ਬੀਰ-ਬਲਿੰਗ ਦੀਆਂ ਪਹਾੜੀ ਦੇ ਬਿਲਕੁਲ ਪਿੱੱਛੇ ਹੈ। ਜਿਸ ਨਾਲ ਬਰੋਟ ਦੀ ਦੂਰੀ ਕਾਫੀ ਘਟ ਜਾਵੇਗੀ।
ਕੁੱਝ ਸਮਾਂ ਇੱਥੇ ਰੁੱਕੇ, ਇੱਕ ਟੈਂਟ ਵਿੱਚ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਲਿਆ। ਆਸ-ਪਾਸ ਦੇ ਵਾਤਾਵਰਣ, ਇੱਥੋ ਦੇ ਵਸਿੰਦਿਆਂ ਦੇ ਜੀਵਨ ਪ੍ਰਤੀ ਅਨੇਕਾਂ ਸਵਾਲਾਂ ਦੇ ਵਲ-ਵਲੇ ਮਨ ਵਿੱਚ ਉੱਠਦੇ ਬੈਠਦੇ ਰਹੇ। ਇੱਥੇ ਬੈਠਕੇ ਚਾਹ ਦੇ ਕੱਪ ਦਾ ਨਸੀਬ ਵਿੱਚ ਹੋਣਾ ਪਰਮਾਤਮਾਂ ਅਤੇ ਬਣਾ ਕੇ ਪਿਲਾਉਣ ਵਾਲੇ ਦਾ ਸ਼ੁਕਰਾਨਾ ਕੀਤਾ। ਮੌਸਮ ਗਰਮੀ ਵਾਲਾ ਹੋ ਗਿਆ ਸੀ।
ਦੁਪਿਹਰ ਦੇ ਸਮੇਂ ਵਾਪਿਸ ਬਰੋਟ ਪਹੁੰਚ ਗਏ। ਬਰੋਟ ਤੋਂ 7 ਕਿਲੋਮੀਟਰ ਉੱਪਰ, ਉੱਤਰ ਸਾਈਡ ਇੱਕ ਪਿੰਡ ਲੁਹਾਰਡੀ ਹੈ। ਜੋ ਕੁਦਰਤੀ ਖੂਬਸੂਰਤੀ ਨਾਲ ਮਾਲਾਮਾਲ ਹੈ। ਲੁਹਾਰਡੀ ਦੇ ਦਰਸ਼ਨ ਅੱਗਲੇ ਫੇਰੇ ਜਦੋਂ ਜੂਨ ਦੀਆਂ ਛੁੱਟੀਆਂ ਵਿੱਚ ਪ੍ਰੀਵਾਰ ਨੂੰ ਵੀ ਕੁਦਰਤ ਦੇ ਰੂ-ਬਰੂ ਕਰਵਾਉਣ ਲਈ ਲੈ ਕੇ ਆਵਾਂਗੇ। ਬਰੋਟ ਦੀਆਂ ਯਾਦਾਂ ਦਿਲ ਵਿੱਚ ਵਸਾਉਂਦੇ ਹੋਏ ਵਾਪਿਸ ਆਪਣੀ ਅਗਲੀ ਮੰਜ਼ਿਲ ਮੰਡੀ, ਭੁੰਤਰ ਹੁੰਦੇ ਹੋਏ ਮਨੀਕਰਨ ਦੇ ਰਸਤੇ ਪੈ ਗਏ। ਮਨੀਕਰਨ ਪਹੁੰਚਦਿਆਂ ਸ਼ਾਮ ਹੋ ਗਈ ਸੀ। ਇੱਕ ਰਾਤ ਮਨੀਕਰਨ ਗੁਜ਼ਾਰੀ ਅਤੇ 17 ਅਪ੍ਰੈਲ ਸੋਮਵਾਰ ਸਵੇਰੇ 5 ਵਜੇ ਹੀ ਮਨੀਕਰਨ ਤੋਂ ਚੱਲ ਪਏ। ਸਵੇਰ ਦਾ ਸਫ਼ਰ ਬਹੁਤ ਹੀ ਆਨੰਦਮਈ ਸੀ। ਮਨਾਲੀ, ਰੋਪੜ ਸੜਕ ਤੇ ਆਵਾਜਾਈ ਬਹੁਤ ਹੁੰਦੀ ਹੈ। ਮੈਂ ਇਸ ਰੂਟ ਤੇ ਬਹੁਤ ਦੇਰ ਮਗਰੋਂ ਸਫ਼ਰ ਕਰ ਰਿਹਾ ਸੀ। ਇੱਕ ਗੱਲ ਬਹੁਤ ਮਾੜੀ ਲੱਗੀ ਜੋ ਕਿ ਭੂੰਤਰ ਤੋਂ ਲੈ ਕੇ ਆਨੰਦਰਪੁਰ ਸਾਹਿਬ ਤੱਕ ਅਵਾਰਾ ਗਊਆਂ ਦੇ ਝੁੰਡ ਸੜ੍ਹਕ ਤੇ ਆਵਾਜਾਈ ਵਿੱਚ ਬਹੁਤ ਵਿਘਨ ਪਾ ਰਹੇ ਸੀ। ਹਰ ਮੋੜ ਤੇ ਅਵਾਰਾ ਪਸ਼ੂ ਖੜੇ ਸਨ। ਕਈ ਗਊਆਂ ਸੜਕ ਦੇ ਵਿਚਾਲੇ ਹੀ ਬੈਠੀਆਂ, ਖੜੀਆਂ ਸਨ। ਸਰਕਾਰ ਨੂੰ ਇਹਨਾਂ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਅਵਾਰਾ ਪਸ਼ੂਆਂ ਕਰਕੇ ਕਈ ਕੀਮਤੀ ਜਾਨਾ ਦਾ ਨੁਕਸਾਨ ਹੋ ਜਾਂਦਾ ਹੈ।
ਬਰੋਟ ਦੇ ਹਸੀਨ ਨਜ਼ਾਰਿਆਂ ਨੂੰ ਯਾਦ ਕਰਦੇ ਹੋਏ ਸ਼ਾਮ ਨੂੰ ਵਾਪਿਸ ਆਪਣੇ ਸ਼ਹਿਰ ਪਹੁੰਚ ਗਏ।