ਗ਼ਜ਼ਲ (ਗ਼ਜ਼ਲ )

ਗੁਰਭਜਨ ਗਿੱਲ   

Email: gurbhajansinghgill@gmail.com
Cell: +91 98726 31199
Address: 113 ਐਫ., ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ
ਲੁਧਿਆਣਾ India 141002
ਗੁਰਭਜਨ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਏਸੇ ਦਾ ਪਛਤਾਵਾ ਹੁਣ ਵੀ ,ਦਰਦ ਦਿਲੇ ਦਾ ਕਹਿ ਨਹੀਂ ਹੋਇਆ। 
ਇਹ ਗੱਲ ਵੀ ਮੈਂ ਤਾਂ ਦੱਸੀ ਏ, ਮੇਰੇ ਕੋਲੋਂ ਰਹਿ ਨਹੀਂ ਹੋਇਆ। 

ਤੁਰਿਆ ਰਹਿੰਦਾਂ ਸ਼ਾਮ ਸਵੇਰੇ ,ਪੈਰੀਂ ਬੰਨ੍ਹ ਕੇ ਸਫ਼ਰ ਲੰਮੇਰੇ, 
ਸੂਰਜ ਦੀ ਟਿੱਕੀ ਨੂੰ ਚੁੰਮਣੈਂ ,ਏਸੇ ਕਰਕੇ ਬਹਿ ਨਹੀਂ ਹੋਇਆ। 

ਮਾਣ ਮਰਤਬੇ ਦੁਨੀਆਦਾਰੀ ,ਕੀ ਔਖੇ ਸੀ ਹਾਸਿਲ ਕਰਨੇ,
ਸੱਚ ਪੁੱਛੋ ਤਾਂ ਗ਼ਰਜ਼ਾਂ ਖ਼ਾਤਰ ,ਏਨਾ ਥੱਲੇ ਲਹਿ ਨਹੀਂ ਹੋਇਆ। 

ਅੱਖੀਆਂ ਅੰਦਰ ਮੇਰੇ ਵੀ ਤਾਂ ,ਗ਼ਮ ਦੇ ਕਿੰਨੇ ਤਲਖ਼ ਸਮੁੰਦਰ,
ਕੀ ਕਰਦਾ ਮੈਂ ਹੰਝੂਆਂ ਤੋਂ ਹੀ ,ਪਿਘਲਣ ਮਗਰੋਂ ਵਹਿ ਨਹੀਂ ਹੋਇਆ। 

ਜਾਣਕਾਰ ਸਾਂ ਕੰਧਾਂ ਮੈਨੂੰ ,ਕਦੇ ਹੁੰਗਾਰਾ ਭਰਨਾ ਨਹੀਂਉਂ,
ਮੇਰੇ ਤੋਂ ਹੀ ਚੁੱਪ ਦਾ ਪਰਬਤ ,ਹਿੱਕੜੀ ਉੱਤੇ ਸਹਿ ਨਹੀਂ ਹੋਇਆ। 

ਸਾਨੂੰ ਗਿਣਨ ਮਸ਼ਾਲਚੀਆਂ ਵਿੱਚ ,ਵੇਖ ਹਨ੍ਹੇਰਾ ਕਿੰਨਾ ਵਧਿਆ, 
ਅਸਲ ਨਿਸ਼ਾਨਾ ਤੈਥੋਂ ਮੈਥੋਂ ,ਅੱਜ ਤੀਕਰ ਵੀ ਤਹਿ ਨਹੀਂ ਹੋਇਆ। 

ਚਾਰ ਚੁਫ਼ੇਰ ਹਨ੍ਹੇਰਾ ਕਾਲਖ਼ ,ਰਾਜ ਭਾਗ ਤੇ ਕਾਬਜ਼ ਤਾਂਹੀਂਓ ,
ਮਾਚਸ ਦੀ ਡੱਬੀ ਤੇ ਮੈਥੋਂ ,ਤੀਲੀ ਬਣ ਕੇ ਖਹਿ ਨਹੀਂ ਹੋਇਆ।