ਉੱਚਿਆਂ ਟਿੱਬਿਆਂ ਤੇ
(ਕਵਿਤਾ)
ਉੱਚਿਆੰ ਟਿੱਬਿਆਂ ਤੇ ਮੈਂ ਬੈਠਾ
ਮੁੱਠੀਓ ਧੂੜ ਉਡਾਵਾਂ।
ਪੁੱਠੀਓ ਕਿਰ ਕੇ ਮੈਂ ਵੀ ਕਿਧਰੇ
ਦੂਰ ਕਿਤੇ ਉੱਡ ਜਾਵਾਂ।
ਕਿਸੇ ਬਸੰਤੀ ਫੁੱਲ ਦੀ ਚਾਦਰ
ਤੇ ਜਾ ਕੇ ਸੌਂ ਜਾਵਾਂ।
ਹਰੇ ਕਚੂਰ ਪੱਤਰ ਦੀ ਫੋਟ ਚ
ਅੱਖ ਨਾਲ ਹੌਜ਼ ਬਣਾਵਾਂ।
ਉਮਰਾਂ ਦੀ ਮੈਂ ਪਿਆਸ ਮਿਟਾਵਾਂ।
ਤੇ ਹਰਿਆ ਹੋ ਜਾਵਾਂ।
ਉੱਡ ਕਿਸੇ ਆਸ਼ਕ ਦੀ ਕਬਰੇ
ਮੈਂ ਕਿਧਰੇ ਬਹਿ ਜਾਵਾਂ।
ਫਿੱਕੀ ਮਹਿੰਦੀ ਵਾਲੇ ਹੱਥ ਦੇ
ਪੀਲੇ ਚੌਲ ਮੈਂ ਖਾਵਾਂ।
ਟੁੱਟੀ ਚੁੰਝ ਨਾਲ ਕੱਢ ਦੋ ਕਬਰਾਂ
ਦੋਹਾਂ ਵਿੱਚ ਸੌਂ ਜਾਵਾਂ।
ਉੱਚਿਆਂ ਟਿੱਬਿਆਂ ਤੇ
ਕਿਸੇ ਜੋਗੀ ਦੇ ਮੋਢੇ ਬਹਿ ਕੇ
ਪਰਦੇਸਾਂ ਵੱਲ ਜਾਵਾਂ।
ਉਸ ਜੋਗੀ ਦੇ ਤਿਲਕ ਦੀ ਸੁਰਖ਼ੀ
ਨੀਲੇ ਹੋਠੀਂ ਲਾਵਾਂ।
ਉਸ ਸੁਰਖ਼ੀ ਨਾਲ ਸੂਰਜ ਬਾਲਾਂ
ਜੀਵਨ ਨੂੰ ਰੁਸ਼ਨਾਵਾਂ।
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁੱਠੀਓ ਧੂੜ ਉਡਾਵਾਂ
ਦੂਰ ਕਿਤੇ ਉੱਡ ਜਾਵਾਂ।