ਕਸ਼ਮੀਰੋ (ਮਿੰਨੀ ਕਹਾਣੀ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਨੀ ਕਸ਼ਮੀਰੋ ਕੋਠੇ  'ਤੇ ਕੀ ਖੇਹ ਪਈ ਖਾਣੀਂ ਏਂ ,ਥੱਲੇ ਮਰ " ,
ਕਸ਼ਮੀਰੋ ਦੀ ਮਾਂ ਨੇ  ਗੁੱਸੇ 'ਚ ਆਵਾਜ਼ ਮਾਰੀ ।
''ਮੈਂ ਵਾਲ  ਸੁਕਾ ਕੇ ਆਉਣੀ ਆਂ " ਕਸ਼ਮੀਰੋ ਦਾ ਖਿੱਝ ਕੇ ਜਵਾਬ ਸੀ ।
ਕਸ਼ਮੀਰੋ ਸੁਨਿਆਰਿਆਂ ਦੀ ਕੁੜੀ ,ਕੋਠੇ 'ਤੇ ਸਿਰ ਧੋ ਕੇ ਵਾਲ ਸੁਕਾ ਰਹੀ ਸੀ । ਵਾਲ ਘਟ ਸੁਕਾ ਰਹੀ ਸੀ , ਇਧਰ ਉਧਰ ਝਾਤੀਆਂ ਜ਼ਿਆਦਾ ਮਾਰ ਰਹੀ ਸੀ ।ਕਦੀ ਵਾਲ ਇੱਕ ਮੋਢੇ 'ਤੇ ਸੁਟਦੀ, ਕਦੇ ਦੂਸਰੇ 'ਤੇ ਅਤੇ ਕੋਠੇ 'ਤੇ ਮਟਕ ਮਟਕ ਕੇ ਚਲਦੀ । ਮੈਂ ਆਪਣੇ ਕੋਠੇ ਤੋਂ  ਸਭ ਦੇਖ ਰਿਹਾ ਸੀ ਅਤੇ ਮੈਨੂੰ ਦੇਖ ਕੇ ਕੁਝ ਜ਼ਿਆਦਾ ਹੀ ਮਟਕ ਰਹੀ ਸੀ । ਉਸ ਦਾ ਘਰ ਸਾਡੇ ਘਰ ਤੋਂ ਦੋ ਘਰ ਛੱਡ ਕੇ ਸੀ ਅਤੇ ਛੱਤਾਂ 'ਤੇ ਬੰਨੇ ਤਾਂ ਹੈ ਨਹੀਂ ਸਨ , ਛੱਤਾਂ ਨਾਲ ਛੱਤਾਂ ਜੁੜੀਆਂ ਸਨ । ਸਾਡੇ ਘਰ ਦੀ ਛੱਤ ਦੁਵਾਲੇ ਚਾਰ ਕੁ ਫੁੱਟ ਦਾ ਇੱਟਾਂ ਦਾ ਬੰਨਾ ਸੀ ,ਉਹ ਜ਼ਿਆਦਾ ਕੋਈ ਉਹਲਾ ਨਹੀਂ ਸੀ ਕਰਦਾ । ਮੈਂ ਹਫਤੇ ਦੀ ਛੁੱਟੀ 'ਤੇ ਘਰ ਆਇਆ  ਹੋਇਆ ਸੀ  ਅਤੇ ਕੋਠੇ 'ਤੇ ਧੁੱਪ ਸੇਕ ਰਿਹਾ ਸੀ ।
         ਮਾਂ ਨੇ ਦਸਿਆ ਕਿ ਕਸ਼ਮੀਰੋ ਦਾ ਆਉਂਦੇ ਐਤਵਾਰ ਵਿਆਹ ਏ ।ਮੁੰਡੇ ਵਾਲੇ ਦਸ ਕੁ ਜਣੇ ਅੰਬਾਲੇ ਤੋਂ ਵਿਆਉਣ ਆ ਰਹੇ ਨੇ ।ਸੁਣਿਆਂ ਉਹ ਵੀ ਸੁਨਿਆਰੇ ਨੇ । ਕਸ਼ਮੀਰੋ ਦਾ ਘਰ ਪੈਸੇ -ਧੇਲੇ ਵਲੋਂ ਮਾੜਾ ਹੀ  ਸੀ । ਉਸ ਦਾ ਪਿਓ ਇੱਕ ਦੁਕਾਨ ਦੇ ਅੱਗੇ ਆਪਣਾ ਅੱਡਾ ਲਾਕੇ ਮਾੜਾ ਮੋਟਾ ਸੁਨਿਆਰ ਦਾ ਕੰਮ ਕਰਦਾ ਸੀ ।
         ਕਸ਼ਮੀਰੋ ਦੀ ਇੱਕ ਅੱਖ ਜਨਮ ਤੋਂ ਹੀ ਖਰਾਬ ਸੀ , ਛੋਟੀ ਸੀ ਅਤੇ ਦਿਖਾਈ ਵੀ ਘਟ ਦੇਂਦਾ ਸੀ  । ਰੰਗ ਗੋਰਾ ਸੀ , ਅੱਖ ਨੂੰ ਛੱਡ ਕੇ  ਬਾਕੀ ਸਭ ਬਣਦੀ  ਫਬਦੀ ਸੀ । ਚਲਦੀ ਖੂਬ ਮਟਕ ਮਟਕ ਕੇ ਸੀ ਅਤੇ ਜਦੋਂ ਕੋਈ ਦੇਖ ਰਿਹਾ ਹੋਵੇ ,ਹੋਰ ਜ਼ਿਆਦਾ ਮਟਕ ਕੇ ਚਲਦੀ ਸੀ ।
         ਸ਼ਾਮ ਨੂੰ ਗੱਲੀ ਵਿੱਚ ਕਸ਼ਮੀਰੋ ਮਿਲ ਗਈ ।ਮੇਰੇ ਸਾਹਮਣੇ ਖਲੋ  ਗਈ , ਗਲੀ ਵਿੱਚ  ਹੋਰ ਕੋਈ ਨਹੀਂ ਸੀ ।  ਬੋਲੀ -'' ਮੈਂ , ਤੈਨੂੰ  ਧੁੱਪ ਸੇਕਦੇ ਨੂੰ  ਅੱਜ ਛੱਤ 'ਤੇ ਦੇਖਿਐ  , ਛੁੱਟੀ ਆਇਆਂ ਲੱਗਦੈਂ  "  ।
         "ਹਾਂ , ਪਤਾ ਲੱਗਾ ਏ ,ਤੇਰਾ ਵਿਆਹ  ਹੋ ਰਿਹਾ ਏ " , ਮੇਰਾ ਜਵਾਬ ਸੀ ।
          " ਹੈਰਾਨ ਕਿਉਂ ਹੁੰਦਾ ਏਂ , ਕੀ ਮੇਰਾ ਵਿਆਹ ਨਹੀਂ ਹੋ ਸਕਦਾ , ਫਿਕਰ ਵਾਲੀ ਕੋਈ ਗੱਲ ਨਹੀਂ , ਮੇਰੀ ਖੱਬੀ ਅੱਖ ਨਹੀਂ ,ਮੇਰਾ ਘਰ ਵਾਲਾ ਵੀ ਮੇਰੇ ਵਰਗਾ  ਹੀ ਏ , ਉਸਦੀ ਸੱਜੀ ਅੱਖ ਖਰਾਬ ਏ " ।
          ਮੈਂ ਉਸ ਵੱਲ ਨਜ਼ਰ ਭਰ ਵੇਖ ਕੇ ਬੋਲਿਆ , " ਚੰਗੀ ਗੱਲ ਹੈ , ਬੜੀ ਖੁਸ਼ੀ ਵਾਲੀ ਖਬਰ ਏ " ।
          ਉਹ ਖਚਰਾ ਜਿਹਾ ਮੁਸਕਰਾਈ ਅਤੇ ਮੋਢੇ 'ਤੇ ਚੁੰਨੀ ਠੀਕ ਕਰਦੇ ਬੋਲੀ - " ਮੇਰੇ ਵਿਆਹ 'ਤੇ ਜ਼ਰੂਰ ਆਵੀਂ  ,ਭਾਵੇਂ   ਛੁੱਟੀ  ਹੋਰ ਲੈਣੀ ਪਵੇ "|                     "ਠੀਕ ਏ ਜ਼ਰੂਰ ਆਵਾਂ ਗਾ ," ਮੇਰਾ ਉਤਰ ਸੀ ।
            "ਮੈਂਨੂੰ ਵਿਦਾ ਹੁੰਦੀ ਨੂੰ ਰੱਜ ਕੇ ਵੇਖ ਲਵੀਂ , ਉਸ ਤੋਂ ਬਾਅਦ  ਮੈਂ ਕੋੱਠੇ 'ਤੇ ਨਹੀਂ ਦਿਸਣਾ "  , ਉਸ ਨੇ ਆਪਣੇ ਦਿਲ ਦੀ ਕਹਿ ,ਹਸਦੀ ਹੋਈ ਅੱਗੇ ਨਿਕਲ ਗਈ ਅਤੇ ਮੈਂ ਸੁੰਨ ਖੜਾ , ਮਟਕ ਮਟਕ ਜਾਂਦੀ ਨੂੰ ਪਿੱਛੋਂ ਦੇਖ ਰਿਹਾ ਸੀ ।