ਸੀ ਇੱਕ ਗਰਮੀ ਦੀ ਦੁਪਹਿਰ ਮੀਆਂ ਘਰ ਨੂੰ ਆਇਆ
ਕੱਪੜੇ ਧੋ ਭਾਂਡੇ ਮਾਂਜ ਮਸਾਂ ਬੀਵੀ ਸੀ ਖਾਣਾ ਬਣਾਇਆ
ਇੱਕ ਤੇ ਥਾਲੀ ਵਿੱਚ ਆ ਗਈ ਰੋਟੀ ਥੋੜੀ ਮੱਚੀ ਜਿਹੀ
ਕੁਦਰਤੀ ਦੂਜਾ ਦਾਲ ਵਿੱਚ ਲੂਣ ਘੱਟ ਹੀ ਸੀ ਪਾਇਆ ।।
ਕੰਮ ਕਰੇਂਦਾ ਸਵੇਰ ਦਾ ਪਹਿਲੋਂ ਹੀ ਅੱਕਿਆ ਅਕਾਇਆ
ਦੂਜਾ ਰੋਟੀ ਮੱਚੇਂਦੀ ਦਾ ਗੁੱਸਾ ਮੀਆਂ ਸਿਰ ਤਾਈਂ ਆਇਆ
ਥਾਲੀ ਮੰਜਿਓ ਸਿੱਟ ਕੇ ਨਾਲੇ ਪਾਣੀ ਵੀ ਦਿੱਤਾ ਡੋਲ
ਕਹਿੰਦਾ ਇਹੀ ਕੁਝ ਮਾਂ ਤੇਰੀ ਨੇ ਤੈਨੂੰ ਦੱਸ ਸਿਖਾਇਆ।।
ਕਹਿੰਦਾ ਤੇਰੇ ਵਰਗੀ ਬੀਵੀ ਨਾਲੋਂ ਬੰਦਾ ਛੜਾ ਹੀ ਚੰਗਾ
ਅੱਗੋਂ ਉਸ ਮਾਂ ਦੀ ਧੀ ਨੇ ਬਲਦੀ ਅੱਗ ਤੇ ਤੇਲ ਪਾਇਆ
ਦਿੱਤੇ ਮੀਆਂ ਜੀ ਨੂੰ ਪੇਕਿਓ ਲਿਆਂਦੇ ਦਾਜ ਦੇ ਮੇਹਣੇ
ਨਾਲੇ ਸਹੁਰਿਆਂ ਦੀ ਚੋਂਦੀ ਛੱਤ ਦਾ ਚੇਤਾ ਕਰਾਇਆ ।।
ਆਕੜੋਂ ਪੱਟੀ ਨੇ ਝੱਟ ਪੇਕਿਆਂ ਨੂੰ ਖਿੱਚੀ ਤਿਆਰੀ
ਚੱਕ ਟੇਚੀ ਭਰਲੇ ਲੀੜੇ ਨਾਲੇ ਸੂਟ ਬਦਲਵਾਂ ਪਾਇਆ
ਵਿਚਾਰੇ ਬੁੜ ਬੁੜ ਕਰਦੇ ਮੀਆਂ ਮੋਢੇ ਰੱਖਲੀ ਸਾਫੀ
ਤੇ ਭੁੱਖੇ ਭਾਣੇ ਸਾਇਕਲ ਤੇ ਸਹੁਰਿਆਂ ਨੂੰ ਫੇਰਾ ਪਾਇਆ ।।
ਸਹੁਰੇ ਪਹੁੰਚਦੇ ਹੋਇਆ ਚੰਦਰਾ ਰੋਟੀ ਦਾ ਵੇਲਾ ਖੁੰਝਿਆ
ਹਾਲ ਪੁਛਕੇ ਉਨਾਂ ਵੀ ਹੱਥ ਚਾਹ ਦਾ ਗਿਲਾਸ ਫੜਾਇਆ
ਲੜਾਈ ਬਾਰੇ ਨਾ ਦੱਸ ਕੇ ਤੇ ਬੀਵੀ ਨੂੰ ਉੱਥੇ ਛੱਡ ਕੇ
ਲਾਡੀ ਭੁੱਖਣ ਭਾਣਾ ਮੀਆਂ ਘਰ ਨੂੰ ਪਰਤ ਕੇ ਆਇਆ ।।
ਫਿਰ ਸਹੁਰਿਆਂ ਤੋਂ ਆਣ ਕੇ ਮੀਆਂ ਗੂੜੀ ਨੀਂਦਰੇ ਸੁੱਤਾ
ਤੇ ਵਿੱਚ ਨੀਂਦਰਾ ਰੱਬ ਨੇ ਪਕਵਾਨਾਂ ਦਾ ਢੇਰ ਲਾਇਆ
ਇੱਕ ਬਰਤਨ ਭਰਿਆ ਪਨੀਰ ਦਾ ਦੂਜੇ ਵਿੱਚ ਪਰਸ਼ਾਦੇ
ਤੀਜਾ ਬਰਤਨ ਵੇਖ ਖੀਰ ਦਾ ਮੂੰਹ ਵਿੱਚ ਪਾਣੀ ਆਇਆ।।
ਕੋਲੇ ਪਈਆਂ ਮਠਿਆਈਆਂ ਸੋਚੇ ਬਾਅਦ ਵਿੱਚ ਖਾਊ
ਭਰਕੇ ਕੌਲੀ ਪਨੀਰ ਦੀ ਤੇ ਪਰਸ਼ਾਦੇ ਪੰਜ ਲਿਆਇਆ
ਅਚਾਨਕ ਬੀਵੀ ਉੱਥੇ ਆ ਗਈ ਜੀ ਹੱਥੀਂ ਲੈ ਕੇ ਲੂਣ
ਤੇ ਰੁੱਗ ਭਰਕੇ ਲੂਣ ਦਾ ਉਸ ਮੀਆਂ ਦੀ ਥਾਲੀ ਪਾਇਆ।।
ਭਰਿਆ ਭਰਾਇਆ ਥਾਲ ਮੀਆਂ ਹੱਥੋਂ ਹੀ ਛੁੱਟਗਿਆ ਜੀ
ਤੇ ਉੱਭੜਵਾਹੇ ਉੱਠ ਕੇ ਗੂੜੀ ਨੀਂਦਰੋਂ ਬਾਹਰੇ ਆਇਆ
ਦੋਵੇਂ ਅੱਖਾਂ ਮਲ ਕੇ ਉਸ ਦੁਆਲਾ ਤੱਕਿਆ ਗੌਰ ਨਾਲ
ਪਰ ਪਕਵਾਨਾਂ ਵਾਲਾ ਨਾ ਬਰਤਨ ਕੋਈ ਥਿਆਇਆ।।
ਉਸ ਬੀਵੀ ਨੂੰ ਹਾਕ ਮਾਰੀ ਪਰ ਉੱਤਰ ਕੋਈ ਨਾ ਆਇਆ
ਤੇ ਥੱਲੇ ਡੁੱਲੀ ਪਈ ਦਾਲ ਨੇ ਦੁਪਹਿਰਾ ਚੇਤੇ ਕਰਾਇਆ
ਹਨੇਰਾ ਹੋਣ ਦੇ ਨਾਲ ਗੁੱਸੇ ਦੇ ਬੱਦਲ ਤਾਂ ਸੀ ਲੰਘ ਚੱਲੇ
ਪਰ ਭੁੱਖ ਦੀਆਂ ਫੌਜਾਂ ਸੀ ਢਿੱਡੀ ਆਤੰਕ ਮਚਾਇਆ ।।
ਮੀਆਂ ਦੀ ਅੰਮੀ ਜਾਨ ਨੂੰ ਸੀ ਰੱਬ ਨੇ ਕੋਲ ਬੁਲਾਇਆ
ਤੇ ਨਾ ਹੀ ਇੰਨੀ ਦੌਲਤ ਸੀ ਕਿ ਹੋਵੇ ਨੌਕਰ ਲਾਇਆ
ਲਾਡੀ ਬੀਵੀ ਵੀ ਬੈਠੀ ਪੇਕੇ ਹੁਣ ਆਪੇ ਪਉ ਪਕਾਉਣੀ
ਇਹ ਸੋਚ ਕੇ ਮੀਆਂ ਜੀ ਰਸੋਈ ਵੱਲੀਂ ਕਦਮ ਵਧਾਇਆ ।।