ਅਕਸਰ ਹੀ
ਕਿਧਰੇ ਅੰਦਰ,ਬਾਹਰ
ਜਾਣ ਤੋਂ ਪਹਿਲਾਂ
ਗੁਲਾਬੀ ਵਾਸ਼ ਬੇਸਨ 'ਚ
ਝਾਕਦਿਆਂ
ਵੀਹ ਮੈਗਾ ਪਿਕਸਲ ਦੇ
ਕੈਮਰੇ ਵਾਲਾ
ਅਕਸ ਦਿਸਦਾ ਹੈ
ਸਾਫ,ਸ਼ਫਾਫ
ਤੇ ਮੂੰਹ,ਹੱਥ ਧੋਣ ਤੋਂ
ਇਨਕਾਰੀ ਹੋ ਜਾਂਦੈ ਮਨ...
ਮਤੇ ਵਾਸ਼ ਬੇਸਨ ਦੀ
ਲਿਸ਼,ਲਿਸ਼ ਚਮਕ
ਫਿੱਕੀ ਨਾ ਪੈ ਜਾਏ
ਫੇਸ ਵਾਸ਼
ਤੇ ਪਾਣੀ- ਛਿੱਟਾਂ ਨਾਲ-
ਬਿਨ ਦੱਸਿਆਂ
ਬਿਨ ਪੁਛਿਆਂ
ਹੋਰ ਵੀ ਲੋੜਾਂ,ਥੋੜਾਂ
ਹੁੰਦੀਆਂ ਰਹਿੰਦੀਆਂ ਪੂਰੀਆਂ
ਮਸਲਨ
ਪੈਂਟ,ਕਮੀਜ ਦਾ ਕੰਬੀਨੇਸ਼ਨ...
ਸਕੂਟਰ ਦੇ ਮਿਰਰ 'ਤੇ
ਟੰਗਿਆ ਹੁੰਦਾ
ਮੈਚਿੰਗ ਹੈਲਮਟ...
ਸ਼ੋਲਡਰ ਬੈਗ 'ਚ
ਰੱਖੇ ਹੁੰਦੇ ਨੇ
ਨਿੱਤ ਦਿਨ ਦੇ
ਵਰਤੋਂ,ਵਿਹਾਰ ਵਾਲੇ
ਕਾਗਜ,ਪੱਤਰ
ਤੇ ਲੋੜੀਂਦੇ ਪੈਸੇ,ਧੇਲੇ-
ਸਵੇਰ ਦੀ ਹੋਵੇ
ਜਾਂ ਸ਼ਾਮ ਦੀ
ਚਾਹ ਪਿਆਲੀ 'ਚ
ਹਮੇਸ਼ਾ ਪਈ ਹੁੰਦੀ ਹੈ
ਲੋੜੀਂਦੀ ਮਿਕਦਾਰ 'ਚ
ਸ਼ੂਗਰ ਫਰੀ
ਤੇ ਦੋ,ਤਿੰਨ
ਚੀਜ਼ ਬਿਸਕੁਟ -
ਬੜਾ ਸਹਿਲ
ਤੇ ਸਕੂਨਮਈ ਹੁੰਦਾ ਏ ਘਰ
ਬੀਵੀ ਦੀ ਹਾਜਰੀ 'ਚ
ਜਿਵੇਂ ਕੋਈ
ਮਲਟੀ ਕਲਰ
ਉੱਨ ਦਾ ਮਖਮਲੀ ਗੋਲਾ
ਰੈਪਰ ਚੜ੍ਹਿਆ-
|