25
ਬਲਵੰਤ ਸਿਪਾਹੀ ਦੀ ਗੱਲ ਗ਼ਲਤ ਨਹੀਂ ਸੀ ।
ਨਵਾਂ ਥਾਣੇਦਾਰ ਸੱਚਮੁੱਚ ਦਿਓ ਵਰਗਾ ਸੀ, ਛੇ ਫ਼ੁੱਟ ਕੱਦ । ਬਿੱਲੀਆਂ ਅੱਖਾਂ । ਕੁੰਢੀਆਂ ਮੁੱਛਾਂ । ਤੁਰਦਾ ਤਾਂ ਧਰਤੀ ਕੰਬਣ ਲੱਗਦੀ । ਬੋਲਦਾ ਤਾਂ ਸਭ ਦੇ ਦਿਲ ਹਿਲਾ ਦਿੰਦਾ ।
ਉਸੇ ਜਿੰਨਾ ਖ਼ਤਰਨਾਕ ਸੀ, ਉਸ ਦਾ ਸਹਾਇਕ, ਛੋਟਾ ਥਾਣੇਦਾਰ ਨਾਜਰ ਸਿੰਘ । ਕੁਇੰਟਲ ਦੇਹ, ਚੌੜੀ ਛਾਤੀ, ਸੂਹੀਆਂ ਅੱਖਾਂ 'ਚੋਂ ਕਹਿਰ ਵਰਸਾਉਣ ਵਾਲਾ । ਜਿਸ ਕੋਲ ਵੀ ਜਾ ਖੜਦਾ, ਅਗਲਾ ਡਰਦਾ ਆਪੇ ਬਕਣ ਲੱਗਦਾ ।
ਹੌਲਦਾਰ ਵੀ ਜਿੰਨਾਂ ਦਾ ਰੂਪ । ਸਿਪਾਹੀ ਉਹਨਾਂ ਦੇ ਵੀ ਗੁਰੂ ।
ਥਾਣੇ ਦਾ ਵਿਹੜਾ ਯੁੱਧਭੂਮੀ ਬਣ ਗਿਆ ਲੱਗਦਾ ਸੀ । ਇਕ ਪਾਸੇ ਸਨ ਮਾੜਚੂ ਜਿਹੇ ਨਿਹੱਥੇ ਮੁਜਰਮ, ਦੂਜੇ ਪਾਸੇ ਸਨ ਝੋਟਿਆਂ ਵਰਗੇ ਹਥਿਆਰਬੰਦ ਪੁਲਸੀਏ ।
ਐਸ.ਐਚ.ਓ. ਲਾਲ ਸਿੰਘ ਨੇ ਤਫ਼ਤੀਸ਼ੀ ਅਫ਼ਸਰਾਂ ਦੀ ਯੋਗਤਾ ਦਾ ਪੈਮਾਨਾ ਉਹਨਾਂ ਦੀ ਕੁੱਟਮਾਰ ਕਰ ਸਕਣ ਦੀ ਸ਼ਕਤੀ ਰੱਖਿਆ ਸੀ । ਪਾਰਟੀ ਦੀ ਯੋਗਤਾ ਦੇ ਆਧਾਰ 'ਤੇ ਹੀ ਉਹਨਾਂ ਨੂੰ ਮੁਜਰਮ ਸੰਭਾਲੇ ਜਾਂਦੇ ਸਨ ।
ਕਿਸੇ ਪਾਰਟੀ ਨੂੰ ਘੋਟਾ ਲਾਉਣ ਦਾ ਹੁਕਮ ਹੋਇਆ ਸੀ, ਕਿਸੇ ਨੂੰ ਕੁਰਸੀ ਅਤੇ ਕਿਸੇ ਨੂੰ ਮੰਜਾ ।
ਕੁਝ ਨੂੰ ਪਿੱਪਲ ਨਾਲ ਬੰਨ੍ਹਿਆ ਗਿਆ ਸੀ । ਕੁਝ ਟਾਹਣੀਆਂ 'ਤੇ ਤੋਰੀਆਂ ਵਾਂਗ ਲਟਕ ਰਹੇ ਸਨ । ਕੋਈ ਪੁੱਠਾ ਲਟਕ ਰਿਹਾ ਸੀ, ਕੋਈ ਸਿੱਧਾ । ਰੱਸਾ ਕਿਸੇ ਦੇ ਗਿੱਟਿਆਂ ਵਿਚ ਪਾਇਆ ਗਿਆ ਸੀ ਅਤੇ ਕਿਸੇ ਦੇ ਗੁੱਟਾਂ ਵਿਚ ।
ਕਿਸੇ ਨੂੰ ਪਿੰਜਰੇ ਵਿਚ ਤਾੜ ਕੇ ਤੜਪਾਇਆ ਜਾ ਰਿਹਾ ਸੀ, ਕਿਸੇ ਨੂੰ ਬਰਫ਼ ਦੀਆਂ ਸਿਲੀਆਂ 'ਤੇ ਪਾ ਕੇ ।
ਟੱਟੀਆਂ ਕੋਲ ਗੰਦ ਦਾ ਬੱਠਲ ਭਰੀ ਬੈਠੀ ਜਮਾਂਦਾਰਨੀ ਬੜੀ ਖ਼ੁਸ਼ ਸੀ । ਉਸ ਦੇ ਕੋਲ ਗੰਦ ਚੁੱਕਣ ਵਾਲਾ ਕੜਛਾ ਪਿਆ ਸੀ । ਰਮੇਸ਼, ਦਰਸ਼ੀ ਅਤੇ ਜਨਕਾ ਉਸ ਦੇ ਹਵਾਲੇ ਸਨ ।
ਬੜੇ ਮਜ਼ੇ ਨਾਲ ਉਸ ਨੇ ਤਿੰਨਾਂ ਦੇ ਮੂੰਹ 'ਤੇ ਗੰਦ ਬੰਨ੍ਹਿਆ ਸੀ । ਉਹਨਾਂ ਦੇ ਹੱਥ ਪਿਛਾਂਹ ਪਿੱਠ 'ਤੇ ਲਿਜਾ ਕੇ ਬੰਨ੍ਹ ਦਿੱਤਾ ਗਿਆ ਸੀ । ਥਾਣੇਦਾਰ ਦੀ ਸਖ਼ਤ ਤਾੜਨਾ ਸੀ । ਉਹ ਜਿੰਨਾ ਚਿਰ ਕੁਝ ਬਕਣ ਦਾ ਇਸ਼ਾਰਾ ਨਾ ਕਰਨ, ਉਹਨਾਂ ਦੇ ਮੂੰਹਾਂ ਤੋਂ ਗੰਦ ਨਾ ਲਾਹਿਆ ਜਾਵੇ । ਉਹ ਥਾਣੇ ਕਚਹਿਰੀ ਘੁੰਮਦੇ ਰਹਿੰਦੇ ਹਨ । ਹੋ ਸਕਦੈ ਉਹਨਾਂ ਕਦੇ ਮੁਜਰਮਾਂ ਨੂੰ ਸਾਜ਼ਿਸ਼ ਕਰਦੇ ਸੁਣਿਆ ਹੋਵੇ ।
ਘੀਚਰ ਅਤੇ ਨਿਹਾਲਾ ਉਹਨਾਂ ਨਾਲੋਂ ਕੁਝ ਤਕੜੇ ਸਨ । ਇਸ ਲਈ ਉਹਨਾਂ 'ਤੇ ਸਖ਼ਤੀ ਦੀ ਜ਼ਰੂਰਤ ਸੀ । ਕਤਲ ਬਾਰੇ ਜਾਣਕਾਰੀ ਰੱਖਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ।
ਉਹਨਾਂ ਨੂੰ ਮੁਨਸ਼ੀ ਦੇ ਦਫ਼ਤਰ ਅੱਗੇ ਕੁਰਸੀ ਡਾਹੀ ਬੈਠੇ ਹੌਲਦਾਰ ਦੇ ਹਵਾਲੇ ਕੀਤਾ ਗਿਆ ਸੀ ।
ਹੌਲਦਾਰ ਦੇ ਦੋਹਾਂ ਹੱਥਾਂ ਵਿਚ ਡੰਡੇ ਫੜੇ ਹੋਏ ਸਨ । ਮੁਜਰਮਾਂ ਨੂੰ ਉਸ ਦੇ ਸਾਹਮਣੇ ਪੈਰਾਂ ਭਾਰ ਬੈਠਣ ਦਾ ਹੁਕਮ ਹੋਇਆ । ਉਹਨਾਂ ਦੇ ਵਿਗੜੇ ਦਿਮਾਗ਼ ਨੂੰ ਦਰੁੱਸਤ ਕਰਨ ਲਈ ਉਹਨਾਂ ਦੇ ਸਿਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ । ਦੋ ਕੁ ਵਾਰ ਉਹਨਾਂ ਸਿਰਾਂ 'ਤੇ ਹੱਥ ਰੱਖ ਕੇ ਮਾਰਾਂ ਨੂੰ ਠੱਲ੍ਹਣਾ ਚਾਹਿਆ, ਉਲਟਾ ਡੰਡਿਆਂ ਦੀ ਬਾਰਸ਼ ਤੇਜ਼ ਹੋ ਗਈ ।
ਬਿਨਾਂ ਕੋਈ ਇਕਬਾਲ ਕਰੇ ਉਹ ਇਕ ਪਾਸੇ ਨੂੰ ਲੁੜ੍ਹਕ ਗਏ ।
ਦੋ ਸਿਪਾਹੀ ਆਏ ਅਤੇ ਬਾਹਾਂ ਤੋਂ ਫੜ ਕੇ ਬੈਰਕਾਂ ਨੂੰ ਲੈ ਤੁਰੇ ।
ਇਸ ਤਫ਼ਤੀਸ਼ ਤੋਂ ਵਿਹਲਾ ਹੋ ਕੇ ਅਗਲੇ ਹੁਕਮਾਂ ਲਈ ਹੌਲਦਾਰ ਨੇ ਥਾਣੇਦਾਰ ਨੂੰ ਸਲੂਟ ਮਾਰਿਆ ।
ਪੁਲਿਸ ਕੋਲ ਬੰਦੇ ਬਹੁਤ ਸਨ, ਪਰ ਸਮਾਂ ਘੱਟ ਸੀ । ਦਿਨ ਛਿਪਣ ਨੂੰ ਆਇਆ ਸੀ । ਕੰਮ ਅੱਧਾ ਵੀ ਨਹੀਂ ਸੀ ਨਿੱਬੜਿਆ ।
ਲਾਲ ਸਿੰਘ ਦਾ ਸਾਰਾ ਸਮਾਂ ਸਿਫ਼ਾਰਸ਼ੀਆਂ ਦੇ ਹੜ੍ਹ ਠੱਲ੍ਹਣ 'ਤੇ ਲੱਗ ਗਿਆ ਸੀ । ਜੱਜ ਤੋਂ ਲੈ ਕੇ ਡੀ.ਸੀ. ਤਕ ਦੀਆਂ ਸਿਫ਼ਾਰਸ਼ਾਂ ਆ ਗਈਆਂ ਸਨ । ਅੱਕ ਕੇ ਉਸ ਨੇ ਫ਼ੋਨ ਹੀ ਕਟਵਾ ਦਿੱਤਾ । ਕਾਂਗਰਸੀਆਂ ਤੋਂ ਲੈ ਕੇ ਕਾਮਰੇਡ ਤਕ ਸਭ ਥਾਣੇ ਦਾ ਚੱਕਰ ਮਾਰ ਗਏ ਸਨ । ਲਾਲ ਸਿੰਘ ਜਾਣਬੁੱਝ ਕੇ ਉਹਨਾਂ ਨੂੰ ਪੁੱਠਾ ਹੀ ਪੈਂਦਾ ਰਿਹਾ ਤਾਂ ਜੋ ਮੁੜ ਉਹ ਸਿਫ਼ਾਰਸ਼ ਕਰਨ ਦੀ ਹਿੰਮਤ ਨਾ ਕਰਨ । ਖਿਝੇ ਥਾਣੇਦਾਰ ਨੇ ਥਾਣੇ ਦੇ ਗੇਟ ਨੂੰ ਜਿੰਦਾ ਲਗਵਾ ਦਿੱਤਾ । ਜਿੰਨਾ ਚਿਰ ਅੰਦਰਲੇ ਮੁਜਰਮਾਂ ਤੋਂ ਪੁੱਛਗਿੱਛ ਨਹੀਂ ਹੋ ਜਾਂਦੀ, ਕਿਸੇ ਲਈ ਦਰਵਾਜ਼ਾ ਨਾ ਖੋਲ੍ਹਿਆ ਜਾਵੇ ।
ਜੇ ਥਾਣੇਦਾਰ ਚਲਾਕ ਸੀ ਤਾਂ ਮੁਜਰਮ ਵੀ ਦੋ ਚੰਦੇ ਵੱਧ ਸਨ । ਕਪਤਾਨ ਤਕ ਪਹੁੰਚ ਕਰ ਕੇ ਵਾਇਰਲੈੱਸ ਕਰਵਾ ਸਕਦੇ ਸਨ । ਕਿਸੇ ਸਿਫ਼ਾਰਸ਼ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹ ਆਪਣੀ ਤਸੱਲੀ ਕਰਨਾ ਚਾਹੁੰਦਾ ਸੀ ।
ਨਾਜ਼ਰ ਸਿੰਘ ਢੀਚੂ ਅਤੇ ਸਾਧੂ ਦੀ ਤਫ਼ਤੀਸ਼ ਕਰ ਕੇ ਹਟਿਆ ਸੀ । ਉਹਨਾਂ ਨੂੰ ਕੁਟਾਪਾ ਚਾੜ੍ਹਦੇ ਨਾਜ਼ਰ ਦਾ ਆਪਣਾ ਬਲੱਡ ਪਰੈਸ਼ਰ ਹਾਈ ਹੋ ਗਿਆ ਸੀ । ਉਸ ਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ । ਮੱਥਾ ਪਸੀਨੇ ਨਾਲ ਤਰ ਹੋ ਗਿਆ ਸੀ । ਤਫ਼ਤੀਸ਼ ਦੀ ਰਿਪੋਰਟ ਦਿੰਦੇ ਨਾਜ਼ਰ ਨੂੰ ਕਈ ਵਾਰ ਰੁਕਣਾ ਪੈਂਦਾ ਸੀ ।
ਉਸ ਨੇ ਸਿੱਟਾ ਕੱਢਿਆ ਸੀ ਕਿ ਢੀਚੂ ਅਤੇ ਸਾਧੂ ਨਿਰਦੋਸ਼ ਸਨ । ਉਹ ਤਾਂ ਸਾਧਾਰਨ ਜਿਹੇ ਲੜਕੇ ਸਨ । ਬੰਟੀ ਦੇ ਕਤਲ ਵਰਗੀ ਗੁੰਝਲਦਾਰ ਸਾਜ਼ਿਸ਼ ਉਹਨਾਂ ਦੇ ਵੱਸ ਦਾ ਰੋਗ ਨਹੀਂ ਸੀ ।
ਪੀਲੂ ਅਤੇ ਪਿਚਕੂ ਦੀ ਤਫ਼ਤੀਸ਼ ਸਿਪਾਹੀਆਂ ਦੇ ਵੱਸ ਦੀ ਨਹੀਂ ਸੀ । ਉਹਨਾਂ 'ਤੇ ਘੋਟਾ ਲੱਗਣਾ ਚਾਹੀਦਾ ਸੀ । ਜਿਹੜੇ ਕਈਕਈ ਕਤਲ ਭੁਗਤ ਚੁੱਕੇ ਹੋਣ, ਉਹ ਮਾੜੀਮੋਟੀ ਤਫ਼ਤੀਸ਼ ਨੂੰ ਕੀ ਸਮਝਦੇ ਹਨ ? ਉਹਨਾਂ ਤੋਂ ਨਾਜ਼ਰ ਸਿੰਘ ਵਰਗਾ ਥਾਣੇਦਾਰ ਹੀ ਕੁਝ ਹਾਸਲ ਕਰ ਸਕਦਾ ਸੀ । ਨਾਜ਼ਰ ਚਾਹੁੰਦਾ ਸੀ, ਪੀਲੂ ਹੁਰਾਂ 'ਤੇ ਝੱਟ ਲਾਉਣ ਤੋਂ ਪਹਿਲਾਂ ਉਸ ਨੂੰ ਕੁਝ ਸਮਾਂ ਆਰਾਮ ਲਈ ਦਿੱਤਾ ਜਾਵੇ ਅਤੇ ਕੁਝ ਹੋਰ ਬੰਦੇ ਵੀ । ਘੋਟਾ ਲਾਉਣ ਲਈ ਘੱਟੋਘੱਟ ਅੱਠਦਸ ਬੰਦਿਆਂ ਦੀ ਲੋੜ ਪੈਂਦੀ ।
ਲਾਲ ਸਿੰਘ ਨਾਜ਼ਰ ਨੂੰ ਸਮਾਂ ਨਹੀਂ ਸੀ ਦੇ ਸਕਦਾ, ਬੰਦੇ ਜ਼ਰੂਰ ਦੇ ਸਕਦਾ ਸੀ ।
ਵੈਸੇ ਤਾਂ ਉਸ ਕੋਲ ਹੌਲਦਾਰ ਵੀ ਵਿਹਲਾ ਸੀ, ਪਰ ਇਸ ਹੌਲਦਾਰ ਲਈ ਉਸ ਕੋਲ ਹੋਰ ਬਥੇਰੇ ਬੰਦੇ ਬੈਠੇ ਸਨ । ਨਾਜ਼ਰ ਸਿੰਘ ਸਿਪਾਹੀਆਂ ਨਾਲ ਕੰਮ ਚਲਾ ਸਕਦਾ ਸੀ ।
ਕਿਹੜੇ ਬੰਦੇ ਫ਼ਾਰਗ ਕੀਤੇ ਜਾ ਸਕਦੇ ਸਨ, ਇਸ ਦਾ ਜਾਇਜ਼ਾ ਲੈਣ ਲਈ ਲਾਲ ਸਿੰਘ ਨੇ ਸਾਰੀਆਂ ਪਾਰਟੀਆਂ 'ਤੇ ਨਜ਼ਰ ਮਾਰੀ ।
ਦੋ ਸਿਪਾਹੀ ਤਾਂ ਉਸ ਨੂੰ ਉਹ ਵਾਧੂ ਲੱਗੇ, ਜਿਹੜੇ ਇਕ ਸਾਂਸੀ ਦਾ ਜਮੂਰਾਂ ਨਾਲ ਮਾਸ ਖਿੱਚ ਰਹੇ ਸਨ । ਕਿਸੇ ਬਾਜ਼ੀਗਰ ਦੇ ਨਹੁੰ ਉਖਾੜਦੇ ਦੋ ਸਿਪਾਹੀ ਵੀ ਉਥੋਂ ਹਟਾਏ ਜਾ ਸਕਦੇ ਸਨ । ਸਾਂਸੀ ਬਾਜ਼ੀਗਰਾਂ ਦਾ ਕੀ ? ਜਦੋਂ ਮਰਜ਼ੀ ਵੰਝ 'ਤੇ ਚਾੜ੍ਹ ਦੇਵੋ । ਇਹਨਾਂ ਦੀ ਕਿਹੜੀ ਸਿਫ਼ਾਰਸ਼ ਆਉਣੀ ਸੀ ।
ਪੀਲੂ ਅਤੇ ਪਿਚਕੂ ਪਾਰਟੀਬਾਜ਼ ਸਨ । ਉਹਨਾਂ ਦੀ ਸਿਫ਼ਾਰਸ਼ ਮੁੱਖ ਮੰਤਰੀ ਤਕ ਕਿਸੇ ਵੀ ਪੱਧਰ ਤੋਂ ਹੋ ਸਕਦੀ ਸੀ ।
ਔਖਾਸੌਖਾ ਨਾਜ਼ਰ ਉਹਨਾਂ ਦੀ ਤਫ਼ਤੀਸ਼ ਜ਼ਰੂਰ ਕਰ ਲਏ । ਸ਼ੱਕੀ ਬੰਦਿਆਂ ਨਾਲ ਆਪ ਘੁਲਣ ਦੀ ਜ਼ਰੂਰਤ ਨਹੀਂ । ਉਹ ਚੁੱਪ ਕਰ ਕੇ ਕੁਰਸੀ 'ਤੇ ਬੈਠਾ ਰਹੇ, ਸਵਾਲ ਪੁੱਛਦਾ ਰਹੇ । ਬਾਕੀ ਕੰਮ ਟਰੇਂਡ ਸਿਪਾਹੀਆਂ ਤੋਂ ਕਰਾਏ ।
ਉਕਤ ਚਾਰੇ ਸਿਪਾਹੀ ਉਸ ਨੇ ਨਾਜ਼ਰ ਨੂੰ ਦੇ ਦਿੱਤੇ । ਜੇ ਹੋਰ ਬੰਦੇ ਦੀ ਜ਼ਰੂਰਤ ਤਾਂ ਸਵੇਰ ਤੋਂ ਵਿਹਲੇ ਬੈਠੇ ਪਾਲੇ ਨੂੰ ਨਾਲ ਲੈ ਲਏ । ਥਾਣੇ 'ਚ ਮਾਰ ਖਾਣ ਦਾ ਉਸ ਦਾ ਬਹੁਤ ਤਜਰਬਾ । ਮੁਸਤਵਿਆਂ ਦੀਆਂ ਟੰਗਾਂਬਾਹਾਂ ਤਾਂ ਕਾਬੂ ਕਰ ਹੀ ਲਏਗਾ ।
ਨਾਜ਼ਰ ਮੰਨ ਗਿਆ । ਜੇ ਇੰਨੇ ਬੰਦੇ ਮਿਲ ਜਾਣ ਤਾਂ ਉਹ ਕੰਮ ਚਲਾ ਲਏਗਾ ।
''ਖੜਾ ਹੋ ਓਏ ਗਧੀ ਦਿਆ ਪੁੱਤਰਾ । ਕਿਵੇਂ ਲਾਟ ਸਾਹਿਬ ਵਾਂਗ ਕੱਛਾਂ 'ਚ ਹੱਥ ਦੇਈ ਬੈਠੈਂ ?'' ਢੂਹੀ 'ਤੇ ਡੰਡੇ ਦੀ ਹੁੱਝ ਮਾਰਦੇ ਨਾਜ਼ਰ ਨੇ ਪਾਲੇ ਨੂੰ ਖੜਾ ਹੋਣ ਦਾ ਇਸ਼ਾਰਾ ਕੀਤਾ ।
ਨਾਜ਼ਰ ਦਾ ਹੁਕਮ ਸੁਣ ਕੇ ਪਾਲੇ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗੇ । ਹੱਡਾਂ ਨੂੰ ਜਰਕਾਉਣ ਵਾਲਾ ਡੰਡੇ ਦਾ ਦਰਦ ਤਾਂ ਉਹ ਭੁੱਲ ਗਿਆ, ਪਰ ਇਸ ਗੱਲ ਦਾ ਫ਼ਿਕਰ ਖਾਣ ਲੱਗਾ ਕਿ ਪਾਲੇ ਦਾ ਨੰਬਰ ਹੁਣ ਲੱਗਾ ਸੀ । ਪਤਾ ਨਹੀਂ ਕੀ ਵਾਪਰਨ ਵਾਲਾ ਸੀ ।
ਢੀਚੂ ਅਤੇ ਸਾਧੂ ਉੱਤੇ ਨਾਜ਼ਰ ਦੀ ਵਰਸਦੀ ਡਾਂਗ ਪਾਲੇ ਨੇ ਦੇਖੀ ਸੀ । ਜੇ ਮਾਮੂਲੀ ਮੁਜਰਮਾਂ ਤੇ ਘੰਟਾ ਡਾਂਗ ਵਰਸ ਸਕਦੀ ਸੀ ਤਾਂ ਪਾਲੇ ਵਰਗੇ ਚੋਰ ਦੀ ਖ਼ੈਰ ਕਿਥੇ ? ਉਸ ਨਾਲ ਕੁਝ ਵੀ ਵਾਪਰ ਸਕਦਾ ਸੀ ।
ਥਰਥਰ ਕੰਬਦਾ ਪਾਲਾ ਹੱਥ ਬੰਨ੍ਹ ਕੇ ਖੜਾ ਹੋ ਗਿਆ । ਉਸ ਦੇ ਸਾਰੇ ਸਰੀਰ ਵਿਚ ਦਰਦ ਦੀਆਂ ਤ੍ਰਾਟਾਂ ਛਿੜ ਪਈਆਂ । ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ । ਚੜ੍ਹਨ ਵਾਲੇ ਕੜਕ ਲਈ ਕਿਸ ਅੰਗ ਨੂੰ ਤਿਆਰ ਕਰੇ ? ਪਾਲੇ ਦਾ ਤਾਂ ਕੋਈ ਵੀ ਅੰਗ ਤਫ਼ਤੀਸ਼ ਦੇ ਕਾਬਲ ਨਹੀਂ ਸੀ ਰਿਹਾ ।
''ਚੱਲ ਘੋਟਾ ਚੁੱਕ ਕੇ ਲਿਆ ।'' ਪਾਲੇ ਦੇ ਜੁੜੇ ਹੱਥਾਂ 'ਤੇ ਡੰਡਾ ਮਾਰਦੇ ਨਾਜ਼ਰ ਨੇ ਪਿੱਪਲ ਹੇਠਾਂ ਵਾਧੂ ਪਏ ਇਕ ਬਾਲੇ ਨੂੰ ਚੁੱਕ ਲਿਆਉਣ ਦਾ ਹੁਕਮ ਸੁਣਾਇਆ ।
ਘੋਟੇ ਦਾ ਨਾਂ ਸੁਣਦਿਆਂ ਹੀ ਪਾਲੇ ਨੂੰ ਤਰੇਲੀ ਆ ਗਈ । ਇਸ ਘੋਟੇ ਦੀ ਤਾਬ ਨਾ ਝੱਲਦਿਆਂ ਇਕ ਵਾਰ ਉਸ ਦੇ ਗੋਡੇ ਦੀ ਚੱਪਣੀ ਲਹਿ ਗਈ ਸੀ । ਅੱਜ ਤਕ ਉਸ ਦੇ ਗੋਡੇ ਵਿਚ ਦਰਦ ਰਹਿੰਦਾ । ਦੋਬਾਰਾ ਘੋਟਾ ਲਵਾਉਣ ਦੀ ਹਿੰਮਤ ਕਿੱਥੇ ?
ਨੀਮਬੇਹੋਸ਼ੀ ਦੀ ਹਾਲਤ ਵਿਚ ਪਾਲੇ ਨੂੰ ਕੋਈ ਪਤਾ ਨਾ ਲੱਗਾ, ਕਦੋਂ ਉਸ ਨੇ ਘੋਟਾ ਚੁੱਕਿਆ ਅਤੇ ਕਦੋਂ ਕੰਬਲ ਵਿਛਾਇਆ ।
ਇਕ ਵਾਰ ਉਸ ਨੂੰ ਝਉਲਾ ਜਿਹਾ ਪਿਆ, ਜਿਵੇਂ ਕੱਪੜੇ ਲਾਹੁਣ ਦਾ ਹੁਕਮ ਪਾਲੇ ਨੂੰ ਨਹੀਂ, ਪਿਚਕੂ ਨੂੰ ਹੋਇਆ ਸੀ ।
''ਧੌਣ 'ਤੇ ਬੈਠ ਜਾ । ਦੇਖੀਂ ਹਿੱਲ ਨਾ ਸਕੇ ।'' ਜਦੋਂ ਪਾਲੇ ਦੇ ਗਿੱਟਿਆਂ 'ਤੇ ਡੰਡਾ ਮਾਰ ਕੇ ਪਾਲੇ ਨੂੰ ਪਿਚਕੂ ਦੀ ਗਰਦਨ ਨੂੰ ਚੰਗੀ ਤਰ੍ਹਾਂ ਨੱਪਣ ਦਾ ਹੁਕਮ ਹੋਇਆ ਤਾਂ ਕਿਤੇ ਜਾ ਕੇ ਉਸ ਦੇ ਹੋਸ਼ ਪਰਤੇ ।
''ਬੰਟੀ ਦੇ ਕਾਤਲਾਂ ਬਾਰੇ ਕੁਝ ਪਤੈ ਤਾਂ ਭਲਮਾਣਸੀ ਨਾਲ ਦੱਸ ਸਕਦੈਂ । ਨਹੀਂ ਤਾਂ ਝੁਰਲੂ ਤਿਆਰ ।'' ਅਲਫ਼ ਨੰਗਾ ਕਰ ਕੇ ਕੰਬਲ 'ਤੇ ਪੈਣ ਦਾ ਹੁਕਮ ਦੇਣ ਤੋਂ ਪਹਿਲਾਂ ਨਾਜ਼ਰ ਨੇ ਪਿਚਕੂ ਨੂੰ ਇਕ ਮੌਕਾ ਦਿੱਤਾ ।
''ਵਾਹਿਗੁਰੂ ਦੀ ਸਹੁੰ ਮੈਨੂੰ ਕੁਝ ਨੀ ਪਤਾ । ਜਿਹੜੇ ਕਤਲ ਅਸੀਂ ਕੀਤੇ ਆ', ਉਹ ਸਾਰੇ ਦੱਸ ਦਿੰਨਾ ।'' ਪਿਚਕੂ ਨੇ ਲੇਲ੍ਹੜੀ ਕੱਢੀ ।
''ਜੇ ਤੁਸੀਂ ਆਸਾਨੀ ਨਾਲ ਮੰਨ ਜਾਓ ਤਾਂ ਤੁਹਾਨੂੰ ਬਦਮਾਸ਼ ਕਿਹੜਾ ਆਖੇ ? ਦੇਖਦਾ ਜਾ ਬੰਟੀ ਦਾ ਕਤਲ ਵੀ ਕਿਵੇਂ ਮੰਨਦੈਂ ਤੂੰ.....? ਰੱਖੋ ਬਈ ਘੋਟਾ ਜਵਾਨੋ ।'' ਬੈਠ ਕੇ ਗੱਲ ਕਰਨ ਲਈ ਉੱਠਣ ਲੱਗੇ ਪਿਚਕੂ ਦੀ ਢੂਹੀ 'ਚ ਠੁੱਡਾ ਮਾਰ ਕੇ ਦੁਬਾਰਾ ਹੇਠਾਂ ਸੁੱਟ ਕੇ ਨਾਜ਼ਰ ਨੇ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ।
ਪਾਲੇ ਨੇ ਪਿਚਕੂ ਦੀ ਗਰਦਨ ਨੱਪੀ । ਦੋ ਸਿਪਾਹੀ ਬਾਹਾਂ ਫੜ ਕੇ ਬੈਠ ਗਏ । ਇਕ ਨੇ ਪਹਿਲਾਂ ਖੁੱਚਾਂ 'ਚ ਪਰਨਾ ਰੱਖਿਆ । ਫੇਰ ਘੁਮਾਫਿਰਾ ਕੇ ਘੋਟਾ ਫਿੱਟ ਕੀਤਾ । ਬਾਕੀ ਦੇ ਦੋ ਨੇ ਟੰਗਾਂ ਨੂੰ ਗਿੱਟਿਆਂ ਕੋਲੋਂ ਫੜ ਕੇ ਹੌਲੀਹੌਲੀ ਟੰਗਾਂ ਨੂੰ ਪਿਚਕੂ ਦੀ ਪਿੱਠ ਵੱਲ ਦਬਾਉਣਾ ਸ਼ੁਰੂ ਕੀਤਾ ।
ਜਿਜਿ ਗਿੱਟਿਆਂ 'ਤੇ ਜ਼ੋਰ ਵਧਦਾ ਗਿਆ, ਤਿਤਿ ਪਿਚਕੂ ਦੀਆਂ ਚੀਕਾਂ ਉੱਚੀਆਂ ਹੁੰਦੀਆਂ ਗਈਆਂ । ਸਾਰੇ ਸਰੀਰ 'ਚੋਂ ਵਹਿ ਤੁਰੀਆਂ ਪਸੀਨੇ ਦੀਆਂ ਨਦੀਆਂ ਦਾ ਵਹਾ ਤੇਜ਼ ਹੋ ਗਿਆ । ਪਾਲਾ ਪਿਚਕੂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ । ਉਸ ਨੂੰ ਪਤਾ ਸੀ ਜਦੋਂ ਘੋਟਾ ਲਗਦਾ ਤਾਂ ਹੱਡੀਆਂ ਖਿੱਚ ਨਾ ਸਹਾਰਦੀਆਂ ਹੋਈਆਂ, ਟੁੱਟੂੰਟੁੱਟੂੰ ਕਰਨ ਲੱਗਦੀਆਂ ਹਨ । ਦਿਲ ਜ਼ੋਰਜ਼ੋਰ ਦੀ ਧੜਕਦਾ । ਦਿਮਾਗ਼ ਵਿਚ ਵਾਵਰੋਲੇ ਉੱਠ ਖੜੋਂਦੇ ਹਨ । ਮਾਸ ਫਟਣ ਲੱਗਦਾ , ਹਫ਼ਦਿਆਂ ਦਾ ਮੂੰਹ ਸੁੱਕ ਜਾਂਦਾ । ਜੀਭ ਤਾਲੂਏ ਨਾਲ ਜਾ ਲੱਗਦੀ । ਅੱਖਾਂ ਬਾਹਰ ਨੂੰ ਆ ਜਾਂਦੀਆਂ ਹਨ । ਬੰਦਾ ਜਿਊਣ ਨਾਲੋਂ ਮਰਨ ਨੂੰ ਤਰਜੀਹ ਦੇਣ ਲੱਗਦਾ । ਉਹਨਾਂ ਘੜੀਆਂ ਨੂੰ ਬੇਸਬਰੀ ਨਾਲ ਉਡੀਕਦਾ , ਜਦੋਂ ਘੋਟਾ ਖੁੱਚਾਂ 'ਚੋਂ ਕੱਢਿਆ ਜਾਣਾ ਹੁੰਦਾ । ਇਹ ਕੁਝ ਕੁ ਪਲ ਸਦੀਆਂ ਜਿੱਡੇ ਲੰਬੇ ਲੱਗਣ ਲੱਗਦੇ ਹਨ । ਉਹ ਮਨ ਹੀ ਮਨ ਤੋਬਾ ਕਰਦਾ । ਅੱਗੇ ਤੋਂ ਮਾੜੇ ਕੰਮ ਨਾ ਕਰਨ ਦੀ ਸਹੁੰ ਖਾਂਦਾ ।
ਇਹੋ ਹਾਲਤ ਪਿਚਕੂ ਦੀ ਹੋ ਰਹੀ ਸੀ । ਉਹ ਹਾਲਦੁਹਾਈ ਪਾ ਰਿਹਾ ਸੀ । ਗਿੱਟਿਆਂ 'ਤੇ ਵਧ ਰਹੇ ਜ਼ੋਰ ਨੂੰ ਘਟਾਉਣ ਲਈ ਅਰਜ਼ਾਂ ਕਰ ਰਿਹਾ ਸੀ । ਸਹੁੰਆਂ ਖਾਖਾ ਨਿਰਦੋਸ਼ ਹੋਣ ਦੇ ਸਬੂਤ ਦੇ ਰਿਹਾ ਸੀ ।
ਜਦੋਂ ਪਿਚਕੂ ਦੀਆਂ ਚੀਕਾਂ ਮੱਧਮ ਪੈ ਗਈਆਂ ਅਤੇ ਲੱਤਾਂਬਾਹਾਂ ਦੀ ਫੜਫੜਾਹਟ ਘਟ ਗਈ ਤਾਂ ਗਿੱਟਿਆਂ ਤੋਂ ਦਬਾਅ ਘਟਾਇਆ ਗਿਆ । ਹੌਲੀਹੌਲੀ ਟੰਗਾਂ ਨੂੰ ਅਸਲੀ ਥਾਂ ਲਿਆਂਦਾ ਗਿਆ । ਖੁੱਚਾਂ ਤੋਂ ਘੋਟਾ ਚੁੱਕ ਕੇ, ਜੰਮੇ ਖ਼ੂਨ ਦਾ ਦੌਰਾ ਵਧਾਉਣ ਲਈ ਖੁੱਚਾਂ ਅਤੇ ਪਿੰਜਣੀਆਂ ਦੀ ਮਾਲਸ਼ ਕੀਤੀ ਗਈ । ਸੁੱਕੇ ਬੁੱਲ੍ਹਾਂ 'ਤੇ ਪਾਣੀ ਲਾਇਆ ਗਿਆ । ਜਦੋਂ ਉਸ ਨੇ ਅੱਖਾਂ ਖੋਲ੍ਹ ਲਈਆਂ ਤਾਂ ਦੋ ਸਿਪਾਹੀਆਂ ਨੇ ਮੋਢਿਆਂ ਦਾ ਸਹਾਰਾ ਦੇ ਕੇ ਉਸ ਨੂੰ ਤੁਰਨ ਦਾ ਅਭਿਆਸ ਕਰਾਇਆ । ਕੁਝ ਕਦਮ ਸਿਪਾਹੀਆਂ ਦੇ ਸਹਾਰੇ ਤੁਰ ਕੇ ਪਿਚਕੂ ਆਪੇ ਤੁਰਨ ਲੱਗਾ ।
ਉਸ ਨੂੰ ਕੁਝ ਸੁਸਤਾਉਣ ਲਈ ਇਕ ਪਾਸੇ ਬਿਠਾ ਦਿੱਤਾ ਗਿਆ ।
ਜਿਸ ਫੁਰਤੀ ਨਾਲ ਪਾਲੇ ਨੇ ਨਾਜ਼ਰ ਦੀ ਸਹਾਇਤਾ ਕੀਤੀ ਸੀ, ਉਸ 'ਤੇ ਨਾਜ਼ਰ ਗਦਗਦ ਹੋ ਗਿਆ । ਅੱਗੋਂ ਤੋਂ ਉਹ ਪਾਲੇ ਨੂੰ ਹਰ ਤਫ਼ਤੀਸ ਵਿਚ ਆਪਣੇ ਨਾਲ ਰੱਖਣ ਲੱਗਾ ।
ਪਾਲਾ ਖ਼ੁਸ਼ ਸੀ । ਪੁਲਿਸ ਉਸ ਨੂੰ ਕੁੱਟਣਾ ਭੁੱਲ ਗਈ ਸੀ ।
*
26
ਸ਼ਹਿਰ ਵਿਚ ਅਜਿਹੇ ਨੇਤਾਵਾਂ ਦੀ ਬਹੁਤ ਕਮੀ ਸੀ, ਜਿਹੜੇ ਦੜਦੜਾਂਦੇ ਥਾਣੇ ਚਲੇ ਜਾਣ ਅਤੇ ਬਿਨਾਂ ਰੋਕਟੋਕ ਬੇਕਸੂਰ ਬੰਦੇ ਨੂੰ ਛੁਡਾ ਲੈਣ ।
ਕੁਝ ਗਿਣਵੇਂਚੁਣਵੇਂ ਬੰਦਿਆਂ ਵਿਚ ਬਾਬੂ ਜੀ ਦਾ ਨੰਬਰ ਸਭ ਤੋਂ ਉਪਰ ਸੀ । ਕੋਈ ਥਾਣੇਦਾਰ ਆਵੇ ਕੋਈ ਜਾਵੇ, ਉਹਨਾਂ ਦੀ ਚੌਧਰ ਹਮੇਸ਼ਾ ਬਣੀ ਰਹਿੰਦੀ ਸੀ । ਬਾਬੂ ਜੀ ਨੂੰ ਤਾਂ ਲੋਕਾਂ ਵਿਚ ਆਪਣੀ ਸ਼ਾਖ਼ ਬਣਾਈ ਰੱਖਣ ਲਈ ਪੁਲਿਸ ਦੀ ਜ਼ਰੂਰਤ ਸੀ ਹੀ, ਪੁਲਿਸ ਨੂੰ ਵੀ ਉਹਨਾਂ ਦੀ ਜ਼ਰੂਰਤ ਸੀ ।
ਪਾਰਟੀ ਵਿਚ ਬਾਬੂ ਜੀ ਦੀ ਪਹੁੰਚ ਕੇਂਦਰ ਤੱਕ ਸੀ । ਉਹ ਜ਼ਿਲ੍ਹੇ ਦੇ ਪਰਧਾਨ ਸਨ ਅਤੇ ਆਲ ਇੰਡੀਆ ਕਮੇਟੀ ਦੇ ਮੈਂਬਰ । ਪਾਰਟੀ ਵਿਚ ਏਡੇ ਅਹੁਦੇ 'ਤੇ ਪਹੁੰਚ ਕੇ ਵੀ ਉਹਨਾਂ ਨੇ ਲੋਕਾਂ ਨਾਲੋਂ ਨਾਤਾ ਨਹੀਂ ਸੀ ਤੋੜਿਆ । ਕਾਰ ਹੁੰਦੇ ਹੋਏ ਵੀ ਆਪਣਾ ਪੁਰਾਣਾ ਸਾਈਕਲ ਨਹੀਂ ਸੀ ਛੱਡਿਆ । ਸਾਰਾ ਦਿਨ ਆਪਣੇ ਸਾਈਕਲ 'ਤੇ ਸ਼ਹਿਰ 'ਚ ਘੁੰਮਦੇ ਰਹਿੰਦੇ । ਪੰਜੀਂਸੱਤੀਂ ਦਿਨੀਂ
ਦੋਚਾਰ ਪਿੰਡਾਂ ਦਾ ਦੌਰਾ ਵੀ ਕਰ ਆਦੇ । ਦੌਰੇ ਦਾ ਉਹਨਾਂ ਨੂੰ ਦੁਹਰਾ ਫ਼ਾਇਦਾ ਹੁੰਦਾ । ਅਸਰ ਰਸੂਖ਼ ਤਾਂ ਵਧਦਾ ਹੀ ਸੀ, ਨਾਲ ਵਕਾਲਤ ਕਰਦੇ ਜਵਾਈ ਲਈ ਕੇਸ ਵੀ ਤਿਆਰ ਕਰ ਆਦੇ ।
ਵੈਸੇ ਤਾਂ ਥਾਣੇ ਲਿਜਾਣ ਵਾਲਾ ਕੋਈ ਨਾ ਕੋਈ ਉਹਨਾਂ ਦੇ ਦਰਾਂ 'ਤੇ ਬੈਠਾ ਹੀ ਰਹਿੰਦਾ ।
ਉਸ ਨਾਲ ਥਾਣੇ ਜਾਣ ਦਾ ਮੌਕਾ ਮਿਲ ਜਾਂਦਾ । ਕਿਸੇ ਦਿਨ ਸੁਖਸ਼ਾਂਤੀ ਹੁੰਦੀ ਤਾਂ ਉਹ ਆਪ ਗੇੜਾ ਮਾਰ ਆਦੇ । ਬਹਾਨਾ ਘੜਦੇ ਸੰਗਰੂਰ ਪੁਲਿਸ ਕਪਤਾਨ ਦੇ ਆਏ ਸੁਨੇਹੇ ਦਾ । ਉਸ ਨੇ ਕਪਤਾਨ ਨੂੰ ਮਿਲਣ ਜਾਣਾ , ਕਿਸੇ ਦਾ ਕੋਈ ਕੰਮਕਾਰ ਅੜਿਆ ਹੁੰਦਾ, ਨੋਟ ਕਰ ਲੈਂਦੇ ।
ਕੋਈ ਹਵਾਲਾਤ ਵਿਚ ਬੰਦ ਕੀਤਾ ਮੁਜਰਮ ਦਿਖ ਜਾਂਦਾ, ਉਸ ਦੀ ਤਕਲੀਫ਼ ਪੁੱਛਦੇ । ਘਰਦਿਆਂ ਨੂੰ ਬੁਲਾ ਕੇ ਕੇਸ ਰਫ਼ਾਰਫ਼ਾ ਕਰਦੇ ਜਾਂ ਜਵਾਈ ਬਾਬੂ ਨੂੰ ਆਖ ਕੇ ਕਚਹਿਰੀ ਜ਼ਮਾਨਤ ਕਰਵਾ ਦਿੰਦੇ ।
ਪੁਲਿਸ ਵੱਲੋਂ ਫੜੇ ਬਹੁਤ ਬੰਦੇ ਬਾਬੂ ਜੀ ਰਾਹੀਂ ਹੀ ਰਿਹਾਅ ਹੁੰੰਦੇ । ਸ਼ਹਿਰ ਨਾਲੋਂ ਪੇਂਡੂ ਮਸਲਿਆਂ ਵੱਲ ਉਹ ਬਹੁਤਾ ਧਿਆਨ ਦਿੰਦੇ । ਪੇਂਡੂ ਪੈਸੇ ਵੀ ਖੁੱਲ੍ਹ ਕੇ ਖ਼ਰਚਦੇ, ਅਹਿਸਾਨ ਵੀ ਸਾਰੀ ਉਮਰ ਮੰਨਦੇ । ਸ਼ਹਿਰੀ ਨਾਲੇ ਕੰਮ ਕਰਾ ਲੈਂਦੇ ਨਾਲੇ ਉਲਾਂਭਾ ਦਿੰਦੇ, ਜ਼ਿਆਦਾ ਪੈਸੇ ਖ਼ਰਚਾ ਦਿੱਤੇ ।
ਇਸ ਵਾਰ ਬਾਬੂ ਜੀ ਬੇਵੱਸ ਸਨ । ਨਵੇਂ ਸਟਾਫ਼ ਨੇ ਉਹਨਾਂ ਨੂੰ ਕੋਈ ਅਹਿਮੀਅਤ ਹੀ ਨਾ ਦਿੱਤੀ । ਇਕ ਵਾਰ ਥਾਣੇ ਗਏ ਤਾਂ ਕਿਸੇ ਨੇ ਕੁਰਸੀ ਤਕ ਨਾ ਪੁੱਛੀ । ਖੜੇਖੜੇ ਹੀ ਮੁੜਨਾ ਪਿਆ । ਧਾਨਕਿਆਂ ਦੇ ਪੱਪੂ ਨੂੰ ਛੁਡਾਉਣ ਦੀ ਗੱਲ ਤੋਰੀ ਤਾਂ ਲਾਲ ਸਿੰਘ ਕੁੱਦ ਕੇ ਪਿਆ ।
''ਲੀਡਰਾਂ ਦਾ ਫ਼ਰਜ਼ ਪੁਲਿਸ ਦੀ ਸਹਾਇਤਾ ਕਰਨਾ, ਨਾ ਕਿ ਪੁਲਿਸ ਦੇ ਕੰਮਾਂ ਵਿਚ ਦਖ਼ਲ ਦੇਣਾ । ਉਸ ਨੂੰ ਹਾਲੇ ਥਾਣੇ ਲਿਆਂਦਾ ਵੀ ਨਹੀਂ ਗਿਆ ਕਿ ਤੁਸੀਂ ਪਹਿਲਾਂ ਆ ਧਮਕੇ ।
ਇਕ ਪਾਸੇ ਤਾਂ ਤੁਸੀਂ ਸਿਫ਼ਾਰਸ਼ਾਂ ਕਰਦੇ ਨਹੀਂ ਥੱਕਦੇ, ਦੂਜੇ ਪਾਸੇ ਉਲਾਂਭੇ ਦਿੰਦੇ ਹੋ ਕਿ ਪੁਲਿਸ ਦੋਸ਼ੀਆਂ ਨੂੰ ਨਹੀਂ ਫੜਦੀ । ਇਸ ਤਰ੍ਹਾਂ ਪੁਲਿਸ ਕਿਵੇਂ ਕੰਮ ਕਰੇ ?''
ਬਾਬੂ ਜੀ ਮੂੰਹ ਲਟਕਾ ਕੇ ਆ ਗਏ । ਸ਼ੁਕਰ ਸੀ ਉਸ ਸਮੇਂ ਕੋਈ ਬਾਹਰਲਾ ਬੰਦਾ ਥਾਣੇ ਹਾਜ਼ਰ ਨਹੀਂ ਸੀ, ਨਹੀਂ ਤਾਂ ਉਹਨਾਂ ਦੀ ਸਾਰੀ ਇੱਜ਼ਤ ਮਿੱਟੀ ਵਿਚ ਮਿਲ ਜਾਣੀ ਸੀ । ਪਹਿਲਾਂ ਹੀ ਅਕਾਲੀ ਪਾਰਟੀ ਦਾ ਜ਼ੋਰ ਇਕੋ ਗੱਲ ਤੇ ਲੱਗਾ ਹੋਇਆ ਸੀ ਕਿ ਕੇਂਦਰ ਪੰਜਾਬ ਵਿਚ ਅਕਾਲੀ ਸਰਕਾਰ ਨੂੰ ਗੇਰਨਾ ਚਾਹੁੰਦਾ ਸੀ । ਇਹ ਸਾਰੀ ਗੜਬੜ ਕਾਂਗਰਸ ਦੀ ਕਰਾਈ ਹੋਈ ਸੀ । ਕਿਸੇ ਵਿਰੋਧੀ ਨੂੰ ਪਤਾ ਲੱਗ ਗਿਆ ਕਿ ਬਾਬੂ ਜੀ ਕਿਸੇ ਨੂੰ ਛੁਡਾਉਣ ਆਏ ਸਨ ਤਾਂ ਉਸ ਨੇ ਸ਼ਹਿਰ ਵਿਚ ਢੰਡੋਰਾ ਪਿੱਟ ਦੇਣਾ ਸੀ । ਬਾਬੂ ਦਾ ਨਾਂ ਕਤਲ ਵਰਗੇ ਨਾਜ਼ੁਕ ਮਸਲੇ ਨਾਲ ਜੁੜ ਸਕਦਾ ਸੀ । ਆਪਣੀ ਪਾਰਟੀ ਦੇ ਬੰਦਿਆਂ ਨੇ ਹੀ ਉਸ ਦੀ ਸਿਆਸੀ ਜ਼ਿੰਦਗੀ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਦੇਣੀਆਂ ਸਨ ।
ਘਰ ਅੱਗੇ ਜੁੜਦੀ ਭੀੜ ਨੂੰ ਥਾਣੇ ਜਾਣ ਤੋਂ ਅਸਮਰਥਤਾ ਪਰਗਟ ਕਰਨ ਲਈ ਬਾਬੂ ਜੀ ਕੋਲ ਕੋਈ ਬਹਾਨਾ ਨਹੀਂ ਸੀ । ਸਰਕਾਰੇਦਰਬਾਰੇ ਕੋਈ ਸੁਣਦਾ ਨਹੀਂ ਸੀ । ਵਿਰੋਧੀ ਪਾਰਟੀ ਦਾ ਰਾਜ ਸੀ । ਝ ਵੀ ਇਹ ਮੁੱਖ ਮੰਤਰੀ ਦਾ ਇਲਾਕਾ ਸੀ । ਹਰ ਅਫ਼ਸਰ ਪੁੱਠੇਸਿੱਧੇ ਢੰਗ ਨਾਲ ਉਸ ਦਾ ਰਿਸ਼ਤੇਦਾਰ ਬਣਿਆ ਬੈਠਾ ਸੀ । ਬਾਬੂ ਜੀ ਗਰਹਿ ਮੰਤਰੀ ਤਕ ਪਹੁੰਚ ਤਾਂ ਕਰ ਸਕਦੇ ਸਨ, ਪਰ ਇਸ ਨਾਜ਼ੁਕ ਮਸਲੇ ਵਿਚ ਕੇਂਦਰ ਵੀ ਮੁੱਖ ਮੰਤਰੀ ਤੋਂ ਉਪਰ ਦੀ ਨਹੀਂ ਸੀ ਚੱਲ ਸਕਦਾ ।
ਲੋਕਾਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਨੂੰ ਇਕੋ ਰਾਹ ਲੱਭਿਆ । ਪੁਲਿਸ ਇਸ ਤਰ੍ਹਾਂ ਸਮਝਣ ਵਾਲੀ ਨਹੀਂ । ਇਕਦੋ ਬੰਦੇ ਫੜੇ ਹੋਣ ਤਾਂ ਉਹ ਛੁਡਾ ਲੈਣ । ਉਹਨਾਂ ਨੇ ਤਾਂ ਸਾਰਾ ਇਲਾਕਾ ਹੀ ਬਗਲ ਲਿਆ । ਉਹ ਗ੍ਰਹਿ ਮੰਤਰੀ ਨੂੰ ਮਿਲਣ ਦਿੱਲੀ ਜਾ ਰਹੇ ਹਨ । ਥਾਣੇਦਾਰ ਦੇ ਤਬਾਦਲੇ ਲਈ ਉਹਨਾਂ 'ਤੇ ਜ਼ੋਰ ਪਾਉਣਗੇ । ਜਿੰਨਾ ਚਿਰ ਇਸ ਦਾ ਤਬਾਦਲਾ ਨਹੀਂ ਹੁੰਦਾ, ਉਹ ਸ਼ਹਿਰ ਨਹੀਂ ਵੜਨਗੇ ।
ਦਿੱਲੀ ਕਿਸ ਭੜੂਏ ਨੇ ਜਾਣਾ ਸੀ । ਆਪਣੇ ਦੋਸਤਾਂ ਕੋਲ ਚੰਡੀਗੜ੍ਹ ਜਾ ਬੈਠੇ । ਜਦੋਂ ਟਿਕਟਿਕਾ ਹੋ ਗਿਆ, ਮੁੜ ਆਉਣਗੇ ।
ਬਾਬੂ ਪਿੱਛੋਂ ਵਾਰੀ ਆਦੀ ਸੀ ਭਾਰਤੀ ਜਨਤਾ ਪਾਰਟੀ ਦੇ ਪੰਡਤ ਦੀਨ ਦਿਆਲ ਜੀ ਦੀ । ਥਾਣੇ ਕਚਹਿਰੀ ਵਿਚ ਰਸੂਖ਼ ਰੱਖਣ ਲਈ ਉਹ ਵੀ ਮਸ਼ਹੂਰ ਸਨ । ਸ਼ਹਿਰ ਦੀਆਂ ਬਹੁਤੀਆਂ ਗੜਬੜਾਂ ਉਹੋ ਦਬਾਦਾ ਸੀ । ਬਾਬੂ ਜੀ ਗ਼ਾਇਬ ਹੋਏ ਤਾਂ ਲੋਕ ਉਧਰ ਨੂੰ ਝੁਕ ਗਏ ।
ਦੀਨ ਦਿਆਲ ਜੀ ਦਾ ਮਨ ਕਾਤਲਾਂ ਨੂੰ ਗਿਰਫ਼ਤਾਰ ਕਰਾਉਣ ਵਿਚ ਸੀ । ਉਹ ਫੜਫੜਾਈ ਨੂੰ ਜਾਇਜ਼ ਮੰਨਦੇ ਸਨ । ਪੁਲਿਸ ਕਿਸੇ ਤੋਂ ਪੁੱਛੇਗੀ ਨਹੀਂ ਤਾਂ ਕਾਤਲ ਕਿਥੋਂ ਫੜੇਗੀ ? ਉਹ ਕਿਸੇ ਨੂੰ ਵੀ ਛੁਡਾਉਣ ਦੇ ਹੱਕ ਵਿਚ ਨਹੀਂ ਸਨ । ਨਾਲੇ ਫੜੇ ਵੀ ਤਾਂ ਛੋਟੀਆਂਮੋਟੀਆਂ ਜਾਤਾਂ ਦੇ ਬੰਦੇ ਗਏ ਸਨ । ਉਹਨਾਂ ਨੂੰ ਛੁਡਾਏ ਕਾਂਗਰਸ ਜਾਂ ਕਮਿਊਨਿਸਟ ਪਾਰਟੀ । ਜੇ ਲਾਲੇ ਫੜੇ ਜਾਣ ਤਾਂ ਉਸ ਦਾ ਜਾਣਾ ਬਣਦਾ ਸੀ ।
ਮਜਬੂਰ ਹੋ ਕੇ ਕਿਸੇ ਲਈ ਜਾਣਾ ਪਿਆ ਤਾਂ ਉਹੋ ਘੜਿਆ ਘੜਾਇਆ ਜਵਾਬ ਪੱਲੇ ਪਿਆ :
''ਪਰਧਾਨ ਜੀ, ਸੋਥੋਂ ਤਾਂ ਇਹ ਉਮੀਦ ਨਹੀਂ ਸੀ । ਜੇ ਤੁਸੀਂ ਇਹੋ ਚਾਹੁੰਦੇ ਹੋ ਤਾਂ ਅਸੀਂ ਸਾਰੇ ਬੰਦੇ ਛੱਡ ਦਿੰਦੇ ਹਾਂ । ਹੱਥਾਂ 'ਤੇ ਹੱਥ ਧਰ ਕੇ ਬੈਠ ਜਾਂਦੇ ਹਾਂ । ਭੋਗ ਤਕ ਤਾਂ ਫੇਰ ਬੰਦੇ ਤੁਸੀਂ ਹੀ ਫੜ ਸਕਦੇ ਹੋ, ਪੁਲਿਸ ਤਾਂ ਨੀ ਫੜ ਸਕਦੀ ।''
ਪਰਧਾਨ ਦਾ ਕੋਈ ਤਰਕ ਨਹੀਂ ਸੀ ਸੁਣਿਆ ਗਿਆ । ਇਕ ਦੀ ਸੌਸੌ ਸੁਣਾ ਕੇ ਬੇਰੰਗ ਮੋੜ ਦਿੱਤਾ । ਬਹੁਤੀ 'ਤੂੰਤੂੰ ਮੈਂਮੈਂ' ਕਰਨੀ ਪਰਧਾਨ ਨੂੰ ਖ਼ਤਰਨਾਕ ਲੱਗੀ ।
ਹਰਖ਼ੀ ਪੁਲਿਸ ਦਾ ਕੀ ? ਵਿਚੇ ਉਲਝਾ ਲਏ । ਉਸ ਦੇ ਖ਼ਿਲਾਫ਼ ਉਲਟਪੁਲਟ ਪਰਚਾਰ ਹੀ ਕਰ ਦੇਵੇ ।
ਪਰਧਾਨ ਦੀ ਪੱਗ ਤਾਂ ਹੀ ਬਚੀ ਰਹਿ ਸਕਦੀ ਸੀ ਕਿ ਜੇ ਦੋਚਾਰ ਦਿਨ ਇਧਰਉਧਰ ਟਲੇ ਰਹਿਣ । ਕੱਪੜਾ ਖ਼ਰੀਦਣ ਦੇ ਬਹਾਨੇ ਉਹ ਰਾਤੋਰਾਤ ਬੰਗਲੌਰ ਵਾਲੀ ਗੱਡੀ ਚੜ੍ਹ ਗਏ ।
ਬੰਦੇ ਛੁਡਾਉਣ ਲਈ ਤਾਂ ਵਿਉਪਾਰ ਮੰਡਲ ਦਾ ਪਰਧਾਨ ਅਤੇ ਮਾਸਟਰ ਵੀ ਹਾਜ਼ਰ ਸਨ, ਪਰ ਉਹ ਪੈਸੇ ਤੋਂ ਬਿਨਾਂ ਗੱਲ ਨਹੀਂ ਸੀ ਕਰਦੇ । ਪੈਸੇ ਚੱਲਣ ਦੀ ਹਾਲੇ ਸੰਭਾਵਨਾ ਨਹੀਂ ਸੀ ।
ਦੂਸਰੇ ਤੀਸਰੇ ਨੰਬਰ ਦੇ ਨੇਤਾਵਾਂ ਕੋਲ ਨਾ ਕੋਈ ਜਾਂਦਾ ਸੀ ਨਾ ਉਹ ਕਿਸੇ ਨੂੰ ਹੁੰਗਾਰਾ ਭਰਦੇ ਸਨ । ਉਹ ਸਾਫ਼ ਆਖ ਦਿੰਦੇ ਸਨ ਕਿ ਇਸ ਪੁਲਿਸ ਤੋਂ ਬੰਦਾ ਛੁਡਾਉਣਾ ਉਹਨਾਂ ਦੇ ਵੱਸ ਦਾ ਨਹੀਂ । ਸਾਫ਼ ਗੱਲ ਕਹਿਣ ਨਾਲ ਉਹਨਾਂ ਦਾ ਲੂਣ ਨਹੀਂ ਟਿਰਕਦਾ ।
ਮਜਬੂਰ ਹੋਏ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਧਰ ਜਾਣ ।
ਪੁਲਿਸ ਸੀ ਕਿ ਛੋਟੇਛੋਟੇ ਬਹਾਨੇ ਲਾ ਕੇ ਬੰਦੇ ਚੁੱਕੀ ਜਾ ਰਹੀ ਸੀ ।
ਡੰਗਰਾਂ ਵਾਲੇ ਹਸਪਤਾਲ ਦੇ ਆਲੇਦੁਆਲੇ ਜਮਾਂਦਾਰਾਂ ਦੇ ਘਰ ਸਨ । ਉਹਨਾਂ ਨੂੰ ਇਸ ਬਹਾਨੇ ਚੁੱਕਿਆ ਗਿਆ ਸੀ ਕਿ ਬੰਟੀ ਦੇ ਕਾਤਲ ਜਾਂ ਤਾਂ ਇਹਨਾਂ ਵਿਚ ਹੀ ਲੁਕੇ ਰਹੇ ਜਾਂ ਫੇਰ ਉਹਨਾਂ ਨੇ ਕਾਤਲਾਂ ਨੂੰ ਜ਼ਰੂਰ ਇਥੇ ਘੁੰਮਦੇਫਿਰਦੇ ਦੇਖਿਆ ਹੋਣਾ । ਪਰਦੇਸੋਂ ਆ ਕੇ ਵੱਸੇ ਇਹਨਾਂ ਜਮਾਂਦਾਰਾਂ ਦੀ ਆਪਣੀ ਵੱਖਰੀ ਭਾਸ਼ਾ , ਵੱਖਰਾ ਪਹਿਰਾਵਾ ਅਤੇ ਵੱਖਰੀ ਡੀਲਡੌਲ । ਆਪਣੀ ਬਰਾਦਰੀ ਤੋਂ ਬਾਹਰਲੇ ਬੰਦੇ ਨੂੰ ਇਹ ਝਟ ਪਹਿਚਾਣ ਲੈਂਦੇ ਹਨ । ਦੱਸਣ ਕਾਤਲ ਕੌਣ ਸੀ ?
ਜਮਾਂਦਾਰਾਂ ਦੇ ਚੌਧਰੀ ਨੇ ਬਥੇਰੀ ਹਾਲਦੁਹਾਈ ਪਾਈ । ਉਹਨਾਂ ਕੋਲ ਅਜਿਹਾ ਕੁਝ ਸੋਚਣ ਦੀ ਵਿਹਲ ਕਿਥੇ ? ਉਹਨਾਂ ਦੀ ਸਵੇਰ ਲੋਕਾਂ ਦੀਆਂ ਟੱਟੀਆਂ ਵਿਚ ਗੁਜ਼ਰਦੀ , ਦੁਪਹਿਰ ਘਰੋਘਰੀ ਰੋਟੀਆਂ ਮੰਗਣ ਵਿਚ ਅਤੇ ਸ਼ਾਮ ਬੱਠਲ ਪੀਪੇ ਸਾਫ਼ ਕਰਨ ਵਿਚ ।
ਕਿਸੇ ਨੇ ਚੌਧਰੀ ਦੀ ਇਕ ਨਾ ਸੁਣੀ । ਉਸ ਨੂੰ ਬਸਤੀ ਵਿਚ ਹੀ ਠੁੱਡੇ ਪੈਣੇ ਸ਼ੁਰੂ ਹੋ ਗਏ ।
ਅਗਲੀ ਸਵੇਰ ਕਈ ਬੰਦਿਆਂ ਨੂੰ ਮੰਦਰ ਅੱਗੇ ਕੁੱਟ ਗਏ । ਕਿਸੇ ਦੇ ਢਿੱਡ ਵਿਚ ਠੁੱਡੇ ਮਾਰੇ ਗਏ ਸਨ । ਉਸ ਨੂੰ ਉਲਟੀਆਂ ਆ ਰਹੀਆਂ ਸਨ । ਕਿਸੇ ਦੇ ਪੈਰਾਂ ਦੀਆਂ ਤਲੀਆਂ ਸੁੱਜੀਆਂ ਹੋਈਆਂ ਸਨ ਅਤੇ ਕਿਸੇ ਦੇ ਚੱਡਿਆਂ ਵਿਚ ਦਰਦ ਸੀ ।
ਵਾਣ ਵੱਟਣਿਆਂ ਨੂੰ ਇਸ ਲਈ ਘੇਰਿਆ ਗਿਆ ਸੀ, ਕਿਕਿ ਸਕੂਲ ਦਾ ਇਕ ਰਿਕਸ਼ਾ ਚਾਲਕ ਵਾਣ ਵੱਟਣਾ ਸੀ । ਕੋਈ ਵਸਾਹ ਨਹੀਂ, ਕਿਸੇ ਨੇ ਰਿਕਸ਼ੇ ਵਾਲੇ ਨੂੰ ਵਰਗਲਾ ਲਿਆ ਹੋਵੇ । ਰਿਕਸ਼ੇ ਵਾਲਾ ਵੀ ਫ਼ਰਾਰ ਸੀ । ਹੋ ਸਕਦੈ ਕੋਈ ਰਿਕਸ਼ੇ ਵਾਲੇ ਦਾ ਅਤਾਪਤਾ ਦੱਸ ਸਕੇ ।
ਉਹਨਾਂ ਦਾ ਹਮਾਇਤੀ ਜਥੇਦਾਰ ਵੀ ਕਿਧਰੇ ਜਾ ਕੇ ਸੌਂ ਗਿਆ ਲੱਗਦਾ ਸੀ ।
ਕਈ ਵਾਣ ਵੱਟਣਿਆਂ ਨੂੰ ਅਗਲੇ ਦਿਨ ਹਸਪਤਾਲ ਦਾਖ਼ਲ ਕਰਾਇਆ ਗਿਆ । ਤਾਰਾ ਗੁੰਮ ਪਿਆ ਸੀ । ਕਦੇਕਦੇ ਹੀ ਪਾਗ਼ਲਾਂ ਵਾਂਗ ਦੋਚਾਰ ਚੀਕਾਂ ਮਾਰ ਸਕਦਾ । ਫੇਰ ਲੰਬੀ ਚੁੱਪ ਧਾਰ ਲੈਂਦਾ । ਛੱਜੂ ਦਾ ਗਿੱਟਾ ਉੱਤਰ ਗਿਆ ਸੀ । ਉਸ ਨੂੰ ਪਲਸਤਰ ਲਾਇਆ ਗਿਆ ਸੀ ।
ਜੱਗੂ ਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ । ਉਸ ਦੀਆਂ ਅੱਖਾਂ ਵਿਚ ਜਲਨ ਸੀ ।
ਲਾਲਾ ਜੀ ਦੇ ਗੁਆਂਢ ਵਿਚ ਵੀ ਭਲੀ ਨਹੀਂ ਸੀ ਗੁਜ਼ਾਰੀ ਗਈ । ਜਿਸ ਕਿਸੇ ਦਾ ਵੀ ਜੇ ਕਦੇ ਲਾਲਾ ਜੀ ਜਾਂ ਉਸ ਦੀ ਨੂੰਹ ਨਾਲ ਮੂੰਹ ਮੋਟਾ ਹੋਇਆ ਸੀ, ਉਸ ਨੂੰ ਵੀ ਬੁਲਾ ਲਿਆ ਗਿਆ ਸੀ । ਔਰਤਾਂ ਦਾ ਗ਼ੁੱਸਾ ਭੈੜਾ ਹੁੰਦਾ । ਕੁਝ ਬਾਂਝ ਔਰਤਾਂ 'ਤੇ ਵੀ ਪੁਲਿਸ ਦਾ ਨਜ਼ਲਾ ਝੜਿਆ । ਪੁੱਤਰ ਦੀ ਪਰਾਪਤੀ ਲਈ ਕੀਤੇ ਜਾਣ ਵਾਲੇ ਟੂਣੇਟਾਮਣਾਂ ਲਈ ਵੀ ਕਈ ਵਾਰ ਬੱਚੇ ਚੁੱਕੇ ਜਾਂਦੇ ਹਨ । ਕਿਸੇ ਨੇ ਆਪਣਾ ਗ਼ੁੱਸਾ ਬੱਚੇ 'ਤੇ ਨਾ ਢਾਲ ਦਿੱਤਾ ਹੋਵੇ । ਇਸ ਤੱਥ ਦੀ ਖੋਜ ਲਈ ਪਹਿਲਾਂ ਘਰਾਂ ਦੇ ਨੌਕਰਚਾਕਰ ਬੁਲਾਏ ਗਏ । ਨੌਕਰਾਂ ਬਿਨਾਂ ਅਜਿਹੇ ਕਾਰਜ ਸਿਰੇ ਨਹੀਂ ਚੜ੍ਹਦੇ ।
ਲਾਲਾ ਜੀ ਦੇ ਵਿਰੋਧੀਆਂ 'ਤੇ ਵੀ ਪੁਲਿਸ ਦੀ ਅੱਖ ਸੀ । ਸਮਾਜ ਸੇਵੀ ਸੰਸਥਾਵਾਂ ਵਿਚ ਗੁੱਟਬੰਦੀ ਸੀ । ਚਾਰ ਵੋਟਾਂ ਵੱਧ ਲੈਣ ਦੀ ਝਾਕ ਨਾਲ ਸਿਆਸਤਦਾਨ ਇਹਨਾਂ 'ਤੇ ਕਾਬਜ਼ ਹੋਣ ਲਈ ਹਮੇਸ਼ਾ ਜੂਝਦੇ ਰਹਿੰਦੇ ਸਨ । ਪਿਛਲੀਆਂ ਚੋਣਾਂ ਵਿਚ ਇਹਨਾਂ ਸੰਸਥਾਵਾਂ ਨੇ ਖੁੱਲ੍ਹ ਕੇ ਹਿੱਸਾ ਲਿਆ ਸੀ । ਕਿਸੇ ਨੇ ਲਾਲਾ ਜੀ ਦਾ ਲੱਕ ਤੋੜਨ ਲਈ ਇਹ ਕਾਰਾ ਕੀਤਾ ਹੋਵੇ, ਇਹ ਵੀ ਅਤਿਕਥਨੀ ਨਹੀਂ ਸੀ । ਲਾਲਾ ਜੀ ਦੇ ਵਿਰੋਧੀਆਂ ਦੀ ਲਿਸਟ ਬਣਾ ਕੇ ਪੁਲਿਸ ਨੇ ਪਹਿਲਾਂ ਚੇਲੇਚਪਟੇ ਬੁਲਾਏ ।
ਜਿਹੜਾ ਵੀ ਇਕ ਵਾਰ ਥਾਣੇ ਬੁਲਾ ਲਿਆ, ਉਹ ਸੁੱਕਾ ਵਾਪਸ ਨਹੀਂ ਆਇਆ । ਕਿਸੇ ਦੀ ਬਾਂਹ 'ਤੇ ਪਲਸਤਰ ਸੀ ਤਾਂ ਕਿਸੇ ਦੇ ਗਿੱਟੇ 'ਤੇ ਪੱਟੀ ।
ਲੋਕਾਂ ਨੂੰ ਇਕੋ ਫ਼ਿਕਰ ਖਾ ਰਿਹਾ ਸੀ । ਜੇ ਇਸੇ ਤਰ੍ਹਾਂ ਲੋਕਾਂ ਦੀਆਂ ਲੱਤਾਂਬਾਹਾਂ ਟੁੱਟਦੀਅ ਰਹੀਆਂ ਤਾਂ ਸ਼ਹਿਰ ਦਿਨਾਂ ਵਿਚ ਲੂਲ੍ਹਾਲੰਗੜਾ ਹੋ ਜਾਣਾ ਸੀ ।
ਸਭ ਤੋਂ ਵੱਡੀ ਬੀਮਾਰੀ ਇਹ ਸੀ ਕਿ ਉਹਨਾਂ ਦੇ ਦੁੱਖੜੇ ਸੁਣਨ ਵਾਲਾ ਕੋਈ ਵੀ ਨਹੀਂ ਸੀ । ਨੇਤਾ ਲੋਕ ਕਿਧਰੇ ਛਾਈਂਮਾਈਂ ਹੋ ਗਏ ਸਨ ।
ਲੋਕ ਇਕ ਹੋਰ ਵੱਡੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਸਨ । ਬਾਹਰਅੰਦਰ ਜਾਣਾ ਦੁੱਭਰ ਹੋਇਆ ਪਿਆ ਸੀ । ਕੋਈ ਇਕਦੋ ਦਿਨ ਲਈ ਵੀ ਬਾਹਰ ਚਲਾ ਜਾਵੇ ਤਾਂ ਪੁਲਿਸ ਉਸ ਨੂੰ ਭਗੌੜਾ ਕਰਾਰ ਦੇ ਦਿੰਦੀ ਸੀ । ਆਦਿਆਂ ਹੀ ਉਸ ਨੂੰ ਢਾਅ ਲਿਆ ਜਾਂਦਾ ਸੀ ਜਾਂ ਪਿੱਚੋਂ ਵਾਰਿਸਾਂ ਨੂੰ ਬਗਲ ਲਿਆ ਜਾਂਦਾ ਸੀ । ਪੁਲਿਸ ਆਖਦੀ ਸੀ ਕਿ ਜੇ ਕਿਸੇ ਨੇ ਸ਼ਹਿਰ ਛੱਡਣਾ ਤਾਂ ਇਸ ਦੀ ਇਜਾਜ਼ਤ ਪੁਲਿਸ ਤੋਂ ਪਹਿਲਾਂ ਲਈ ਜਾਵੇ । ਇਜਾਜ਼ਤ ਲੈਣ ਗਏ ਬੰਦੇ ਨੂੰ ਉਹ ਬਿਠਾ ਲੈਂਦੇ ਸਨ । ਕਈਕਈ ਦਿਨ ਬਿਠਾਈ ਰੱਖਦੇ । ਡਰਦਾ ਕੋਈ ਥਾਣੇ ਵੀ ਨਹੀਂ ਸੀ ਜਾ ਸਕਦਾ । ਕੋਈ ਕਰੇ ਤਾਂ ਕੀ ਕਰੇ ?
ਜਦੋਂ ਭੈਣ ਨੂੰ ਪੰਜੀਰੀ ਦੇ ਕੇ ਮੁੜੇ ਅਸ਼ੋਕ ਨੂੰ ਇਸੇ ਜੁਰਮ ਵਿਚ ਫੜਿਆ ਗਿਆ ਤਾਂ ਸਥਿਤੀ ਨੇ ਇਕ ਨਵਾਂ ਮੋੜ ਕੱਟਿਆ ।
ਬਾਬਾ ਗੁਰਦਿੱਤ ਸਿੰਘ ਆਪਣੇ ਘਰ ਦੇ ਵਿਹੜੇ ਵਿਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ, ਜਦੋਂ ਅਸ਼ੋਕ ਦੀ ਸਹਿਮੀ ਮਾਂ ਨੇ ਉਸ ਨੂੰ ਇਹ ਭੈੜੀ ਖ਼ਬਰ ਸੁਣਾਈ ।
ਬਾਬੇ ਨੂੰ ਪਤਾ ਸੀ ਅਸ਼ੋਕ ਤਿੰਨ ਦਿਨਾਂ ਦਾ ਚੰਡੀਗੜ੍ਹ ਗਿਆ ਹੋਇਆ ਸੀ । ਮੁੜ ਤਾਂ ਉਸ ਨੇ ਸ਼ਾਮ ਨੂੰ ਹੀ ਆਉਣਾ ਸੀ, ਪਰ ਪਰਾਹੁਣੇ ਨੇ ਜ਼ਿਦ ਕਰ ਕੇ ਰੱਖ ਲਿਆ ਸੀ । ਉਸ ਦਾ ਹੁਣੇਹੁਣੇ ਚੰਡੀਗੜ੍ਹ ਤਬਾਦਲਾ ਹੋਇਆ ਸੀ । ਉਹ ਅਸ਼ੋਕ ਨੂੰ ਚੰਡੀਗੜ੍ਹ ਘੁਮਾਉਣਾ ਚਾਹੁੰਦਾ ਸੀ ।
ਬਾਬੇ ਲਈ ਇਹ ਖ਼ਬਰ ਅਸਹਿ ਸੀ । ਹੁਣ ਤਕ ਉਹ ਪੁਲਿਸ ਅੱਤਿਆਚਾਰ ਬਰਦਾਸ਼ਤ ਕਰਦਾ ਆ ਰਿਹਾ ਸੀ । ਉਸ ਦਾ ਖ਼ੂਨ ਤਾਂ ਖ਼ੌਲਦਾ ਰਿਹਾ ਸੀ, ਪਰ ਉਹ ਬਹੁਤਾ ਕੁਝ ਨਹੀਂ ਸੀ ਕਰ ਸਕਿਆ । ਪੁਲਿਸ ਨੇ ਅਜਿਹੀ ਦਹਿਸ਼ਤ ਪਾਈ ਸੀ ਕਿ ਡਰਦਾ ਕੋਈ ਬਾਬੇ ਕੋਲ ਖੜੋਨ ਨੂੰ ਤਿਆਰ ਨਹੀਂ ਸੀ । ਜਥੇਬੰਦ ਹੋ ਕੇ ਸੰਘਰਸ਼ ਦੀ ਤਾਂ ਗੱਲ ਹੀ ਦੂਰ ਸੀ ।
ਬਾਬੇ ਨੇ ਲਾਲਾ ਜੀ ਨਾਲ ਵੀ ਗੱਲ ਕੀਤੀ ਸੀ । ਉਸ ਦਾ ਮਰਨ ਵਾਲਾ ਤਾਂ ਮਰ ਗਿਆ ।
ਗ਼ਰੀਬਾਂ ਦੇ ਪੁੱਤਾਂ ਨੂੰ ਤਾਂ ਨਾ ਕੁਟਾਵੇ । ਸਾਰਾ ਸ਼ਹਿਰ ਤ੍ਰਾਹਤ੍ਰਾਹ ਕਰ ਰਿਹਾ ਸੀ । ਸਾਰੀ ਲੋਕਾਈ ਲਾਲਾ ਜੀ ਨੂੰ ਗਾਲ੍ਹਾਂ ਕੱਢ ਰਹੀ ਸੀ । ਪੁਲਿਸ ਅੱਤਿਆਚਾਰ ਲਈ ਉਹ ਲਾਲੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ।
ਲਾਲਾ ਭੁੱਬਾਂ ਮਾਰ ਕੇ ਰੋ ਪਿਆ । ਉਸ ਨੂੰ ਬੰਟੀ ਦੇ ਕਾਤਲਾਂ ਦੀ ਲੋੜ ਨਹੀਂ ਸੀ । ਉਹ ਤਾਂ ਖ਼ੁਦ ਪੁਲਿਸ ਨੂੰ ਕਈ ਵਾਰ ਬੇਨਤੀ ਕਰ ਚੁੱਕਾ ਸੀ । ਲੋਕਾਂ ਦੇ ਪੁੱਤਾਂ ਦੇ ਹੱਡ ਕੁੱਟ ਕੇ ਉਸ ਦੇ ਪੋਤੇ ਦੀ ਆਤਮਾ ਨੂੰ ਕਸ਼ਟ ਨਾ ਦਿਓ । ਲੋਕਾਂ ਦੀਆਂ ਦੁਰਸੀਸਾਂ ਪੋਤੇ ਨੂੰ ਸਵਰਗ ਵਿਚ ਵੀ ਚੈਨ ਨਹੀਂ ਲੈਣ ਦੇਣਗੀਆਂ ।
ਪਰ ਉਹ ਕੀ ਕਰੇ ? ਉਸ ਦੀ ਕੌਣ ਸੁਣਦਾ ਸੀ ? ਪੁਲਿਸ ਇਹ ਆਖ ਕੇ ਟਾਲ ਦਿੰਦੀ ਕਿ ਇਸ ਤਰ੍ਹਾਂ ਆਖਣਾ ਲਾਲਾ ਜੀ ਦੀ ਵਡੱਤਣ ਦਾ ਸਬੂਤ । ਪੁਲਿਸ ਦਾ ਵੀ ਕੋਈ ਫ਼ਰਜ਼ । ਮੁੱਖ ਮੰਤਰੀ ਜੀ ਉਹਨਾਂ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਗਏ ਹਨ । ਪੁਲਿਸ ਨੇ ਬੰਟੀ ਦੇ ਭੋਗ ਤੋਂ ਪਹਿਲਾਂਪਹਿਲਾਂ ਕਾਤਲਾਂ ਨੂੰ ਲੱਭਣਾ ਹੀ ਲੱਭਣਾ ।
ਲਾਲਾ ਬਾਬੇ ਦਾ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਨੂੰ ਤਿਆਰ ਸੀ । ਪੁਲਿਸ ਅੱਤਿਆਚਾਰ ਹਰ ਹਾਲਤ ਵਿਚ ਬੰਦ ਹੋਣਾ ਚਾਹੀਦਾ ਸੀ ।
ਇਕੱਲਾ ਬਾਬਾ ਕੀ ਕਰੇ ? ਲੋਕ ਬਿਲਕੁਲ ਹੀ ਸਹਿਯੋਗ ਦੇਣ ਲਈ ਤਿਆਰ ਨਹੀਂ ਸਨ ।
ਬਾਬੇ ਦੇ ਕਿਸੇ ਵੀ ਕਾਰਕੁਨ ਨੂੰ ਭੀੜ ਪਈ ਤਾਂ ਬਾਬਾ ਸ਼ੇਰ ਵਾਂਗ ਗਰਜਿਆ ਸੀ । ਜਦੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਮੂ 'ਤੇ ਝੂਠਾ ਮੁਕੱਦਮਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਹਰਕਤ ਵਿਚ ਆ ਗਈਆਂ ਸਨ । ਸ਼ਾਮੂ ਦੇ ਨਾਲਨਾਲ ਕਈ ਹੋਰਾਂ ਦਾ ਵੀ ਖਹਿੜਾ ਛੁੱਟ ਗਿਆ ਸੀ ।
ਅਸ਼ੋਕ ਦੀ ਗਿਰਫ਼ਤਾਰੀ ਬਾਬੇ ਲਈ ਇਕ ਚੈਲਿੰਜ ਸੀ । ਹੁਣ ਚੁੱਪ ਬੈਠੇ ਰਹਿਣਾ ਅਸੰਭਵ ਸੀ । ਅਸ਼ੋਕ ਉਸ ਨੂੰ ਪੁੱਤਾਂ ਨਾਲੋਂ ਵੱਧ ਪਿਆਰਾ ਸੀ । ਪੁੱਤਰ ਇਕੱਲੇ ਉਹੋ ਨਹੀਂ ਹੁੰਦੇ, ਜਿਹੜੇ ਬੰਦੇ ਦੇ ਤੁਖ਼ਮ ਤੋਂ ਪੈਦਾ ਹੋਏ ਹੁੰਦੇ ਹਨ । ਅਸਲ ਪੁੱਤਰ ਉਹ ਹੁੰਦੇ ਹਨ, ਜਿਹੜੇ ਬੰਦੇ ਦੀ ਸੋਚ ਨੂੰ ਅੱਗੇ ਤੋਰਦੇ ਹਨ ।
ਬਾਬੇ ਦੀ ਸੋਚ ਨੂੰ ਅੱਗੇ ਲਿਜਾਣ ਵਾਲੇ ਨੌਜਵਾਨਾਂ ਵਿਚ ਅਸ਼ੋਕ ਬੜੀ ਅਹਿਮ ਥਾਂ ਰੱਖਦਾ ਸੀ ।
ਅਸ਼ੋਕ ਦੇ ਮੋਢਿਆਂ 'ਤੇ ਦੋ ਮਹੱਤਵਪੂਰਨ ਸੰਸਥਾਵਾਂ ਦਾ ਬੋਝ ਸੀ । ਲੈਨਿਨ ਨਾਟਕ ਕਲਾ ਕੇਂਦਰ ਦਾ ਉਹ ਸੰਚਾਲਕ ਸੀ ਅਤੇ ਭਗਤ ਸਿੰਘ ਨੌਜਵਾਨ ਸਭਾ ਦਾ ਸੂਬਾ ਸਕੱਤਰ ।
ਅੱਜ ਦੇ ਕਾਲੇ ਦਿਨਾਂ ਵਿਚ ਜਦੋਂ ਕਿ ਵੱਡੇਵੱਡੇ ਸਮਾਜਸੁਧਾਰਕ ਅਤੇ ਲੀਡਰ ਦਹਿਸ਼ਤਗਰਦਾਂ ਦੇ ਖ਼ਿਲਾਫ਼ ਇਕ ਸ਼ਬਦ ਬੋਲਣ ਤੋਂ ਵੀ ਡਰਦੇ ਹਨ, ਇਹ ਦੋਵੇਂ ਸੰਸਥਾਵਾਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਸਨ । ਲੋਕਾਂ ਨੂੰ ਫ਼ਿਰਕਾਪਰਸਤੀ ਅਤੇ ਮੂਲਵਾਦੀ ਸ਼ਕਤੀਆਂ ਪਿੱਛੇ ਕੰਮ ਕਰਦੇ ਸਵਾਰਥਾਂ ਨੂੰ ਸਮਝਾਉਣ ਲਈ ਉਹ ਪਿੰਡਪਿੰਡ ਜਾ ਕੇ ਡਰਾਮੇ ਕਰਦੇ ਅਤੇ ਗੀਤ ਗਾਦੇ ਹਨ । ਸਭਿਆਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੇ, ਲੋਕਦੁਸ਼ਮਣਾਂ 'ਤੇ ਗਲ ਧਰਨ ਵਾਲੇ ਅਤੇ ਸਮੁੱਚੀ ਕੌਮ ਦੀ ਮੁਕਤੀ ਦੀ ਗੱਲ ਕਰਨ ਵਾਲੇ ਨੌਜਵਾਨ ਦਹਿਸ਼ਤਗਰਦ ਕਿਵੇਂ ਹੋ ਸਕਦੇ ਹਨ ?
ਬਾਬੇ ਨੂੰ ਗ਼ੁੱਸਾ ਆ ਰਿਹਾ ਸੀ । ਕੀ ਸੀ.ਆਈ.ਡੀ. ਦੀਆਂ ਰਿਪੋਰਟਾਂ ਕਿਧਰੇ ਗੁਆਚ ਗਈਆਂ ਸਨ ? ਕੀ ਉਹਨਾਂ ਨੂੰ ਨਹੀਂ ਪਤਾ ਕਿ ਭਗਤ ਸਿੰਘ ਨੌਜਵਾਨ ਸਭਾ ਜਾਂ ਲੈਨਿਨ ਨਾਟਕ ਕਲਾ ਕੇਂਦਰ ਨੇ ਹੀ ਨਹੀਂ, ਸਗੋਂ ਬਾਬੇ ਦੀ ਪਾਰਟੀ ਨਾਲ ਸੰਬੰਧਤ ਹਰ ਸੰਸਥਾ ਨੇ ਬੰਟੀ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ ਅਤੇ ਰੈਲੀਆਂ ਵੀ ਕੀਤੀਆਂ ਸਨ । ਇਕੱਲੇ ਬੰਟੀ ਦੇ ਕਤਲ ਦੀ ਹੀ ਨਹੀਂ, ਉਹ ਤਾਂ ਦਹਿਸ਼ਤਗਰਦੀ ਦੀ ਹਰ ਘਟਨਾ ਦੀ ਨਿੰਦਾ ਕਰਦੇ ਸਨ । ਉਹਨਾਂ ਦੇ ਕਈ ਵਰਕਰ ਸ਼ਹੀਦੀਆਂ ਵੀ ਪਾ ਚੁੱਕੇ ਸਨ ।
ਇਸ ਤੋਂ ਪਹਿਲਾਂ ਕਿ ਅਸ਼ੋਕ ਦੀ ਹੱਡੀਪੱਸਲੀ ਇਕ ਹੋ ਜਾਵੇ, ਬਾਬੇ ਦਾ ਥਾਣੇ ਜਾਣਾ ਬਹੁਤ ਜ਼ਰੂਰੀ ਸੀ ।
ਪੁਰਾਣੇ ਦਿਨ ਹੁੰਦੇ ਤਾਂ ਬਾਬੇ ਨੇ ਤੁਫ਼ਾਨ ਵਾਂਗ ਝੁੱਲ ਜਾਣਾ ਸੀ । ਬੁਢਾਪੇ ਕਾਰਨ ਹੁਣ ਓਨੀ ਚੁਸਤੀ ਨਹੀਂ ਸੀ ਰਹੀ । ਹੱਡਗੋਡੇ ਜਵਾਬ ਦੇ ਗਏ ਸਨ । ਜਵਾਨੀ 'ਚ ਪੁਲਿਸ ਹੱਥੋਂ ਖਾਧੀ ਮਾਰ ਹੁਣ ਰੰਗ ਦਿਖਾ ਰਹੀ ਸੀ । ਕੰਨ ਸਾਥ ਛੱਡਦੇ ਜਾ ਰਹੇ ਸਨ । ਅੱਖਾਂ ਵੀ ਪਹਿਲਾਂ ਵਾਲੇ ਜੌਹਰ ਨਹੀਂ ਸੀ ਦਿਖਾਦੀਆਂ । ਜੇ ਕੋਈ ਸਾਥ ਦੇ ਰਿਹਾ ਸੀ ਤਾਂ ਉਹ ਸੀ ਬਾਬੇ ਦਾ ਦਿਮਾਗ਼ । ਉਹ ਤਾਂ ਸਗੋਂ ਹੋਰ ਵੀ ਦੂਰ ਦੀ ਸੋਚਣ ਲੱਗਾ ਸੀ । ਦਿਨੋਦਿਨ ਸਿਆਣਾ ਹੁੰਦਾ ਜਾ ਰਿਹਾ ਸੀ ।
ਇਕ ਉਹ ਵੀ ਸਮਾਂ ਸੀ, ਜਦੋਂ ਬਾਬੇ ਦੇ ਇਸੇ ਦਿਮਾਗ਼ ਨੂੰ ਇਕ ਛੋਟੀ ਜਿਹੀ ਪਹੇਲੀ ਸੁਲਝਾਉਣ ਲਈ ਕਈ ਵਰ੍ਹੇ ਲੱਗ ਗਏ ਸਨ ।
ਗੱਲ ਉਹਨਾਂ ਦਿਨਾਂ ਦੀ ਸੀ ਜਦੋਂ ਬਾਬਾ ਰਈਸਾਂ ਵਰਗੀ ਜ਼ਿੰਦਗੀ ਜਿਊਂਦਾ ਸੀ । ਇਕ ਕਾਬਲ ਡਾਕਟਰ ਦੇ ਮੁੰਡੇ ਨੂੰ ਫ਼ਿਕਰ ਵੀ ਕਿਸ ਗੱਲ ਦਾ ਹੋ ਸਕਦਾ ਸੀ । ਜੋ ਮਰਜ਼ੀ ਖਾਏ, ਜੋ ਮਰਜ਼ੀ ਹੰਢਾਏ ।
ਉਹਨਾਂ ਦਾ ਬੰਗਲਾ ਸਟੇਸ਼ਨ ਤੋਂ ਦੋ ਮੀਲ ਦੂਰ ਸੀ ।
ਇਕ ਵਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਏ ਗੁਰਦਿੱਤ ਸਿੰਘ ਨੂੰ ਬਾਪੂ ਜੀ ਗੱਡੀ ਭੇਜਣਾ ਭੁੱਲ ਗਏ । ਬੰਗਲੇ ਪਹੁੰਚਣ ਲਈ ਉਸ ਨੂੰ ਰਿਕਸ਼ੇ 'ਚ ਚੜ੍ਹਨਾ ਪਿਆ ।
ਰਿਕਸ਼ੇ ਵਾਲਾ ਗੱਲਾਂ ਤਾਂ ਬੜੇ ਚਾਅ ਨਾਲ ਕਰ ਰਿਹਾ ਸੀ, ਪਰ ਉਸ ਦੇ ਸਵਾਲ ਬਾਬੇ ਨੂੰ ਚਿੜਾ ਰਹੇ ਸਨ । ਉਸ ਨੇ ਕੀ ਲੈਣਾ ਸੀ ਕਿ ਬਾਬਾ ਕਿਥੋਂ ਆਇਆ ਅਤੇ ਕੀ ਕਰਦਾ ?
ਉਹ ਲਾਹੌਰ ਇੰਜੀਨੀਅਰੀ ਕਰਦਾ । ਪਹਿਲੇ ਸਵਾਲ ਦਾ ਜਵਾਬ ਤਾਂ ਉਸ ਨੇ ਦੇ ਦਿੱਤਾ । ਅਗਲੇ ਸਵਾਲ 'ਤੇ ਝਿੜਕ ਕੇ ਚੁੱਪ ਕਰਾ ਦਿੱਤਾ । ਉਸਨੂੰ ਗੁਰਦਿੱਤ ਸਿੰਘ ਦੀ ਨਿੱਜੀ ਜ਼ਿੰਦਗੀ ਵਿਚ ਝਾਕਣ ਦਾ ਕੋਈ ਹੱਕ ਨਹੀਂ ਸੀ ।
ਬੰਗਲੇ ਪੁੱਜ ਕੇ ਜਦੋਂ ਰਿਕਸ਼ੇ ਵਾਲੇ ਨੇ ਮਜ਼ਦੂਰੀ ਲੈਣੋਂ ਨਾਂਹ ਕਰ ਦਿੱਤੀ ਤਾਂ ਗੁਰਦਿੱਤ ਦੀਆਂ ਅੱਖਾਂ ਖੁੱਲ੍ਹੀਆਂ । ਉਹ ਤਾਂ ਉਸ ਦਾ ਬਚਪਨ ਦਾ ਦੋਸਤ ਛਾਂਗਾ ਸੀ । ਉਹ ਅੰਗਰੇਜ਼ ਬਣੇ ਗੁਰਦਿੱਤ ਨੂੰ ਦੇਖ ਕੇ ਡਾਹਡਾ ਖ਼ੁਸ਼ ਹੋਇਆ ਸੀ । ਇਸੇ ਲਈ ਗੁਰਦਿੱਤ ਸਿੰਘ ਬਾਰੇ ਜਾਣਨ ਲਈ ਉਤਾਵਲਾ ਸੀ ।
ਉਸੇ ਦਿਨ ਗੁਰਦਿੱਤ ਸਿੰਘ ਅੰਦਰ ਇਕ ਸਵਾਲ ਖੜਾ ਹੋ ਗਿਆ ਸੀ । ਆਖ਼ਰ ਛਾਂਗਾ ਇੰਨਾ ਕਿ ਪੱਛੜ ਗਿਆ ?
ਛੋਟਾ ਹੁੰਦਾ ਛਾਂਗਾ ਜਮਾਤ ਦਾ ਮਨੀਟਰ ਸੀ । ਉਸਤਾਦ ਉਸ ਦੀ ਸਮਝ ਅਤੇ ਯਾਦਦਾਸ਼ਤ 'ਤੇ ਰਾਨ ਸਨ । ਇਕ ਵਾਰ ਇਸ਼ਾਰਾ ਵੀ ਕਰ ਦਿਓ, ਝੱਟ ਗੱਲ ਸਮਝ ਜਾਂਦਾ ਸੀ । ਉਸਤਾਦ ਤਾਂ ਆਖਦੇ ਸਨ, ਉਸ ਨੇ ਇਕ ਦਿਨ ਬਹੁਤ ਵੱਡਾ ਆਦਮੀ ਬਣਨਾ ।
ਪਰ ਉਹ ਰਿਕਸ਼ਾਚਾਲਕ ਹੀ ਮਸਾਂ ਬਣ ਸਕਿਆ ਸੀ, ਕਿਕਿ ਉਸ ਦਾ ਬਾਪ ਇਕ ਮਜ਼ਦੂਰ ਸੀ । ਗੁਰਦਿੱਤ ਦੇ ਬਾਪ ਵਾਂਗ ਡਾਕਟਰ ਨਹੀਂ ਸੀ । ਛਾਂਗੇ ਦਾ ਬਾਪ ਛਾਂਗੇ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਸੀ । ਮਾਂ ਦਾ ਗੋਹਾਕੂੜਾ ਕਰਨਾ ਵੀ ਚੁੱਲ੍ਹਾ ਮਘਦਾ ਰੱਖਣ ਵਿਚ ਸਹਾਈ ਨਹੀਂ ਸੀ ਹੋ ਸਕਿਆ । ਪੜ੍ਹ ਕੇ ਕਿਹੜਾ ਛਾਂਗੇ ਨੇ ਡੀ.ਸੀ. ਬਣ ਜਾਣਾ ਸੀ । ਖ਼ਾਲੀ ਪੇਟ ਨੂੰ ਰੋਟੀ ਦੀ ਫੌਰੀ ਜ਼ਰੂਰਤ ਸੀ । ਉਹ ਸਾਲਾਂਬੱਧੀ ਛਾਂਗੇ ਦੇ ਮੂੰਹ ਵੱਲ ਨਹੀਂ ਸੀ ਦੇਖ ਸਕਦੇ ।
ਪਹਿਲਾਂ ਛਾਂਗੇ ਨੇ ਹੋਟਲ 'ਤੇ ਭਾਂਡੇ ਮਾਂਜੇ । ਹੁਣ ਰਿਕਸ਼ਾ ਚਲਾ ਰਿਹਾ ਸੀ ।
ਛਾਂਗਾ ਭੂਤ ਬਣ ਕੇ ਬਾਬੇ ਨੂੰ ਚੰਬੜ ਗਿਆ । ਆਖ਼ਿਰ ਛਾਂਗੇ ਨੂੰ ਉੱਨਤੀ ਕਰਨ ਦਾ ਮੌਕਾ ਕਿ ਨਾ ਮਿਲਿਆ ? ਉਹ ਗੁਰਦਿੱਤ ਵਾਂਗ ਇੰਜੀਨੀਅਰ ਜਾਂ ਡਾਕਟਰ ਕਿ ਨਹੀਂ ਬਣ ਸਕਿਆ ?
ਮਜ਼ਦੂਰ ਦਾ ਪੁੱਤਰ ਮਜ਼ਦੂਰ ਕਿ ? ਡਾਕਟਰ ਦਾ ਪੁੱਤਰ ਡਾਕਟਰ ਕਿ ? ਰਾਜੇ ਦਾ ਪੁੱਤਰ ਰਾਜਾ ਕਿ ?
ਇਸ ਸਵਾਲ ਦਾ ਜਵਾਬ ਲੱਭਣ ਲਈ ਬਾਬੇ ਨੇ ਢੇਰ ਕਿਤਾਬਾਂ ਦਾ ਪੜ੍ਹਿਆ ।
ਜਦੋਂ ਦਾ ਜਵਾਬ ਲੱਭਾ , ਸਾਰੀ ਜ਼ਿੰਦਗੀ ਇਸੇ ਲੇਖੇ ਲਾ ਰੱਖੀ ।
ਛਾਂਗੇ ਵਰਗੇ ਕਰੋੜਾਂ ਦੀ ਮੁਕਤੀ ਲਈ ਗੁਰਦਿੱਤ ਨੇ ਕਾਲਜ ਵਿਚ ਹੀ ਡਰਾਮੇ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ ਸਨ ।
ਇੰਜੀਨੀਅਰ ਬਣਿਆ ਤਾਂ ਅਫ਼ਸਰਾਂ ਨੂੰ ਖ਼ੁਸ਼ ਰੱਖਣ ਦੀ ਥਾਂ ਉਹ ਲੇਬਰ ਨੂੰ ਖ਼ੁਸ਼ ਰੱਖਣ ਦੇ ਯਤਨ ਕਰਦਾ ਰਹਿੰਦਾ ।
ਸਭ ਤੋਂ ਪਹਿਲੀ ਬਗ਼ਾਵਤ ਉਸ ਨੇ ਆਪਣੇ ਬਾਪ ਵਿਰੁੱਧ ਕੀਤੀ । ਉਹ ਗੁਰਦਿੱਤ ਸਿੰਘ ਨੂੰ ਜਗੀਰਦਾਰਾਂ ਦੇ ਵਿਆਹੁਣਾ ਚਾਹੁੰਦੇ ਸਨ । ਗੁਰਦਿੱਤ ਨੂੰ ਅਜਿਹੀ ਸਾਥਣ ਦੀ ਜ਼ਰੂਰਤ ਸੀ, ਜਿਹੜੀ ਮਾਲਦਾਰ ਨਹੀਂ, ਸਮਝਦਾਰ ਹੋਵੇ । ਅਜਿਹੀ ਸਾਥਣ ਉਹਨਾਂ ਆਪਣੀ ਨਾਟਕਮੰਡਲੀ ਵਿਚੋਂ ਲੱਭੀ । ਘਰ ਵਿਚ ਹੰਗਾਮਾ ਹੋਇਆ ਸੀ । ਕੁੜੀ ਨੀਵੀਂ ਜਾਤ ਦੀ ਤਾਂ ਸੀ ਹੀ, ਅਪੰਗ ਵੀ ਸੀ । ਬਾਬੇ ਨੂੰ ਕੋਈ ਪਰਵਾਹ ਨਹੀਂ ਸੀ ।
ਬਲਰਾਜ ਸਾਹਨੀ ਨੂੰ ਭਾਸ਼ਾ ਵਿਭਾਗ ਨੇ ਪੰਜ ਹਜ਼ਾਰ ਰੁਪਿਆ ਇਨਾਮ 'ਚ ਦਿੱਤਾ ਤਾਂ ਉਹ ਸਾਰੀ ਰਕਮ ਬਾਬੇ ਦੇ ਹਵਾਲੇ ਕਰ ਗਿਆ ।
ਬਾਬੇ ਨੇ ਝੱਟ ਲੋਕਪੱਖੀ ਅਤੇ ਜੁਝਾਰੂ ਸਾਹਿਤ ਛਾਪਣ ਦਾ ਪਰੋਜੈਕਟ ਬਣਾ ਲਿਆ । ਪੁੰਗਰਦੇ ਅਗਾਂਹਵਧੂ ਲੇਖਕਾਂ ਨੂੰ ਹੱਲਾਸ਼ੇਰੀ ਦੇਣ ਲਈ ਅਤੇ ਲੋਕਾਂ ਵਿਚ ਨਿੱਗਰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਇਕ ਮਾਸਿਕ ਪੱਤਰ ਕੱਢਣਾ ਸ਼ੁਰੂ ਕਰ ਦਿੱਤਾ । ਹੁਣ ਤਕ ਉਹ ਸੈਂਕੜੇ ਪੁਸਤਕਾਂ ਵੀ ਛਾਪ ਚੁੱਕੇ ਹਨ ਅਤੇ ਵੀਸੀਆਂ ਲੇਖਕਾਂ ਨੂੰ ਪਹਿਲੀ ਕਤਾਰ ਵਿਚ ਖੜੇ ਹੋਣ ਵਿਚ ਸਹਾਈ ਹੋ ਚੁੱਕੇ ਹਨ ।
ਇਨਕਲਾਬੀ ਦੌਰ ਆਇਆ ਤਾਂ ਬਾਬਾ ਨੌਜਵਾਨਾਂ ਵੱਲ ਝੁਕ ਗਿਆ । ਉਹ ਹਥਿਆਰਬੰਦ ਇਨਕਲਾਬ ਦਾ ਹਾਮੀ ਸੀ ।
ਲਹਿਰ ਖੇਰੂੰਖੇਰੂੰ ਹੋਈ ਤਾਂ ਉਹਨਾਂ ਦੀਆਂ ਆਸਾਂ ਵੀ ਢਹਿਢੇਰੀ ਹੋ ਗਈਆਂ ।
ਬਾਬਾ ਹਿੰਮਤ ਹਾਰਨ ਵਾਲਾ ਨਹੀਂ ਸੀ । ਲੋਕਆਧਾਰ ਬਣਾਉਣ ਲਈ ਉਹਨਾਂ ਕਈ ਉਪਰਾਲੇ ਅਰੰਭੇ । ਨਾਟਕ ਮੰਡਲੀਆਂ ਬਣਾਈਆਂ । ਸਭਿਆਚਾਰਕ ਮੰਚ ਕਾਇਮ ਕੀਤੇ ।
ਕ੍ਰਾਂਤੀਕਾਰੀ ਸਭਾ ਦੀ ਸਥਾਪਨਾ ਕੀਤੀ । ਤਰਕਸ਼ੀਲਾਂ ਨੂੰ ਅੱਗੇ ਲਿਆਂਦਾ ।
ਸੂਬੇ ਵਿਚ ਕਾਲੀ ਹਨੇਰੀ ਝੁੱਲਣ ਲੱਗੀ ਤਾਂ ਹੋਰ ਦਲੇਰੀ ਨਾਲ ਲੜਨ ਲੱਗੇ । ਥਾਂਥਾਂ ਨਾਟਕ ਖੇਡੇ, ਭਾਸ਼ਣ ਦਿੱਤੇ, ਰੈਲੀਆਂ ਕੀਤੀਆਂ ਅਤੇ ਮਾਰਚ ਕੀਤੇ ।
ਥਾਣੇ ਜਾਂਦੇ ਬਾਬੇ ਨੂੰ ਲੱਗ ਰਿਹਾ ਸੀ, ਹੁਣ ਪੁਲਿਸ ਨਾਲ ਟੱਕਰਨ ਦਾ ਮੌਕਾ ਆ ਗਿਆ ਸੀ ।
ਤੁਫ਼ਾਨ ਵਾਂਗ ਚੜ੍ਹ ਆਏ ਬਾਬੇ ਨੂੰ ਸੰਤਰੀ ਦੀ ਰੋਕਣ ਦੀ ਹਿੰਮਤ ਨਹੀਂ ਸੀ ।
ਪੂਰੇ ਮਾਣ ਨਾਲ ਪਹਿਲਾਂ ਸੰਤਰੀ ਨੇ ਸਿਰ ਝੁਕਾਇਆ ਅਤੇ ਫੇਰ ਬੰਦੂਕ ਨੂੰ ਮੋਢੇ 'ਤੇ ਰੱਖ ਕੇ ਇ ਸਲਾਮੀ ਦਿੱਤੀ ਬਾਬਾ ਜਿਵੇਂ ਮੁੱਖ ਮੰਤਰੀ ਹੋਵੇ ।
ਬਾਬੇ ਦੇ ਉਪਾਸ਼ਕਾਂ ਦੀ ਸ਼ਹਿਰ ਵਿਚ ਕੋਈ ਕਮੀ ਨਹੀਂ ਸੀ । ਉਹ ਕਿਹੜਾ ਬੰਦਾ ਸੀ, ਜਿਸ ਦੀ ਕਦੇ ਨਾ ਕਦੇ ਉਸ ਨੇ ਸਹਾਇਤਾ ਨਹੀਂ ਸੀ ਕੀਤੀ । ਕਿਸੇ ਅਪੰਗ ਨੂੰ ਉਹਨਾਂ ਟਰਾਈਸਾਈਕਲ ਲੈ ਕੇ ਦਿੱਤਾ, ਕਿਸੇ ਨੂੰ ਬੁਢਾਪਾ ਪੈਨਸ਼ਨ ਲਗਵਾਈ ਅਤੇ ਕਿਸੇ ਹੋਣਹਾਰ ਬੱਚੇ ਨੂੰ ਵਜ਼ੀਫ਼ਾ ਲਗਵਾਇਆ । ਸਾਰਾ ਸ਼ਹਿਰ ਹੀ ਉਸ ਅੱਗੇ ਸਿਰ ਝੁਕਾਦਾ ਸੀ ।
ਥਾਣੇ ਅੰਦਰ ਸਟਾਫ਼ ਨੂੰ ਬਾਬੇ ਦੀ ਅਹਿਮੀਅਤ ਦਰਸਾਉਣ ਲਈ ਸੰਤਰੀ ਦਾ ਸਲੂਟ ਹੀ ਕਾਫ਼ੀ ਸੀ ।
ਭੈਅਭੀਤ ਜਿਹੇ ਹੋਏ ਮੁਲਾਜ਼ਮ ਥਾਥਾਈਂ ਖੜੇ ਹੋ ਗਏ । ਸਾਰੇ ਥਾਣੇ ਵਿਚ ਸੰਨਾਟਾ ਛਾ ਗਿਆ ।
ਅਸ਼ੋਕ ਪਿੱਪਲ ਹੇਠਾਂ ਬੈਠਾ ਸੀ । ਉਸ ਨੂੰ ਹਾਲੇ ਲਾਲ ਸਿੰਘ ਦੇ ਪੇਸ਼ ਕਰਿਆ ਜਾਣਾ ਸੀ ।
ਐਸ.ਐਚ.ਓ. ਕਿਸੇ ਹੋਰ ਮੁਸਤਵੇ ਦੀ ਪੁੱਛਗਿੱਛ ਵਿਚ ਰੁੱਝਾ ਹੋਇਆ ਸੀ ।
ਬਾਬੇ ਨੂੰ ਥਾਣੇ ਆਇਆ ਦੇਖ ਕੇ ਅਸ਼ੋਕ ਖੜਾ ਹੋ ਗਿਆ ।
ਬਾਬਾ ਬਿਨਾਂ ਕਿਸੇ ਦੀ ਇਜ਼ਾਜਤ ਲਏ ਥਾਣੇਦਾਰ ਦੇ ਦਫ਼ਤਰ ਵਿਚ ਜਾ ਵੜਿਆ । ਅਸੋਕ ਪਿੱਛੇਪਿੱਛੇ ਤੁਰ ਪਿਆ ।
ਦਫ਼ਤਰ ਵਿਚ ਬੈਠੇ ਸਾਰੇ ਸਿਪਾਹੀਆਂ ਨੇ ਖੜੇ ਹੋ ਕੇ ਬਾਬੇ ਦਾ ਸਵਾਗਤ ਕੀਤਾ । ਇਕ ਸਿਪਾਹੀ ਨੇ ਝੁਕ ਕੇ ਗੋਡੇ ਹੱਥ ਲਾਏ । ਪੂਰੇ ਮਾਣਸਤਿਕਾਰ ਨਾਲ ਉਸ ਨੂੰ ਕੁਰਸੀ 'ਤੇ ਬਿਠਾਇਆ ਗਿਆ ।
''ਹਾਂ ਜੀ.....ਸਰਦਾਰ ਜੀ.....। ਮੇਰੇ ਇਸ ਮੁੰਡੇ ਨੂੰ ਕਿਸ ਜੁਰਮ ਵਿਚ ਲਿਆਂਦਾ ਗਿਐ ?''
ਇਸ ਤੋਂ ਪਹਿਲਾਂ ਕਿ ਲਾਲ ਸਿੰਘ ਨੂੰ ਸਮਝ ਪੈਂਦੀ ਕਿ ਇਹ ਬੁੱਢਾ ਕੌਣ , ਮੁਲਾਜ਼ਮਾਂ ਨੇ ਝੁਕਝੁਕ ਕੇ ਸਲਾਮ ਕਿ ਕੀਤਾ , ਬਾਬੇ ਦੀ ਗੜਕਵੀਂ ਆਵਾਜ਼ ਵਿਚ ਆਪਣੇ ਅੰਦਰ ਬਲਦੀ ਅੱਗ ਬਾਹਰ ਉਗਲੀ ।
ਅਚਾਨਕ ਹੋਏ ਇਸ ਸਵਾਲ ਤੋਂ ਲਾਲ ਸਿੰਘ ਭਵੰਤਰ ਗਿਆ । ਪਹਿਲਾਂ ਉਸ ਨੇ ਅਸੋਕ ਵੱਲ ਤੱਕਿਆ ਅਤੇ ਫਿਰ ਕੋਲ ਖੜੇ ਹੌਲਦਾਰ ਵੱਲ ।
''ਸਿਰ ਕਿ ਸੁੱਟ ਲਿਆ ? ਦੱਸ ਇਹਨਾਂ ਨੂੰ ਕਿ ਬੁਲਾਇਐ ?'' ਲਾਲ ਸਿੰਘ ਨੂੰ ਖਹਿੜਾ ਛੁਡਾਉਣਾ ਮੁਸ਼ਕਿਲ ਹੋ ਰਿਹਾ ਸੀ । ਉਹ ਸਾਰਾ ਬੋਝ ਹੌਲਦਾਰ ਦੇ ਮੋਢਿਆਂ 'ਤੇ ਸੁੱਟਣ ਲੱਗਾ ।
ਅੱਗੋਂ ਹੌਲਦਾਰ ਵੀ ਘੱਟ ਨਹੀਂ ਸੀ । ਆਪਣੇ ਮੋਢੇ 'ਤੇ ਰੱਖ ਕੇ ਬੰਦੂਕ ਚਲਵਾ ਦੇਣ ਵਾਲਾ ਉਹ ਵੀ ਨਹੀਂ ਸੀ । ਉਸ ਨੇ ਭਾਰ ਨਾਜ਼ਰ ਵੱਲ ਨੂੰ ਖਿਸਕਾ ਦਿੱਤਾ । ਨਾਜ਼ਰ ਨੂੰ ਲੱਭਿਆ ਗਿਆ, ਉਹ ਕਿਧਰੇ ਨਹੀਂ ਸੀ ।
ਬਾਬੇ ਨੂੰ ਉਡੀਕ ਕਰਨ ਦਾ ਹੁਕਮ ਹੋਇਆ । ਜੇ ਮੁੰਡਾ 'ਸਾਫ਼' ਹੋਇਆ ਤਾਂ ਉਸ ਨੂੰ ਬਾਬੇ ਦੇ ਪਿੱਛੇਪਿੱਛੇ ਭੇਜਣ ਦਾ ਯਕੀਨ ਦਿਵਾਇਆ ।
''ਇਸ ਦਾ ਬੱਸ ਇੰਨਾ ਕਸੂਰ ਕਿ ਤਿੰਨ ਦਿਨ ਘਰੋਂ ਬਾਹਰ ਰਿ.....। ਮੇਰੀ ਗੱਲ ਧਿਆਨ ਨਾਲ ਸੁਣ ਲਓ.....। ਕਤਲ ਨਾਲ ਇਸ ਦਾ ਕੋਈ ਲਾਗਾਦੇਗਾ ਨਹੀਂ । ਅਸੀਂ ਤਾਂ ਇਸ ਜਬਰ ਦੇ ਵਿਰੁੱਧ ਲੜਨ ਵਾਲੇ ਹਾਂ । ਮੈਂ ਇਸ ਨੂੰ ਲੈ ਚੱਲਿਆ ਹਾਂ । ਜੇ ਇਸ ਦੇ ਖ਼ਿਲਾਫ਼ ਕੋਈ ਸਬੂਤ ਮਿਲਿਆ ਤਾਂ ਮੈਨੂੰ ਸੁਨੇਹਾ ਭੇਜ ਦੇਣਾ । ਮੈਂ ਮੁੰਡਾ ਹਾਜ਼ਰ ਕਰ ਦਿਆਂਗਾ ।'' ਆਖ ਕੇ ਬਾਬੇ ਨੇ ਅਸ਼ੋਕ ਦੀ ਬਾਂਹ ਫੜੀ ਅਤੇ ਉਸ ਨੂੰ ਲੈ ਕੇ ਬਾਹਰ ਨੂੰ ਤੁਰ ਪਿਆ ।
ਬਾਬੇ ਨੂੰ ਰੋਕਣ ਦੀ ਕਿਸੇ ਦੀ ਹਿੰਮਤ ਨਾ ਪਈ । ਸਭ ਇਕਦੂਜੇ ਵੱਲ ਤੱਕਦੇ ਹੀ ਰਹਿ ਗਏ । ਮੁਲਾਜ਼ਮਾਂ ਦੇ ਮੋਨ ਨੂੰ ਦੇਖ ਕੇ ਲਾਲ ਸਿੰਘ ਵੀ ਬੁੱਤ ਬਣ ਗਿਆ । ਲਾਲ ਸਿੰਘ ਤਾਂ ਸ਼ਹਿਰ 'ਚ ਨਵਾਂ ਆਇਆ ਸੀ, ਪਰ ਸਿਪਾਹੀ ਤਾਂ ਪੁਰਾਣੇ ਸਨ । ਬੁੱਢਾ ਮੁਸਤਵਾ ਛੁਡਾ ਕੇ ਲੈ ਗਿਆ, ਪਰ ਉਹ ਡਰਨੇ ਬਣੇ ਦੇਖਦੇ ਰਹੇ । ਬੁੱਢਾ ਜ਼ਰੂਰ ਕੋਈ ਸ਼ੈਅ ਹੋਵੇਗੀ । ਬਿਨਾਂ ਸੋਚੇਸਮਝੇ ਮੁਸੀਬਤ ਸਹੇੜਨ ਵਾਲਾ ਲਾਲ ਸਿੰਘ ਵੀ ਨਹੀਂ ਸੀ । ਬਜ਼ਾਰ ਦੀ ਭੀੜ ਵਿਚ ਲੋਪ ਹੁੰਦੀ ਜੋੜੀ ਨੂੰ ਉਹ ਚੁੱਪਚਾਪ ਦੇਖਦਾ ਰਿਹਾ ।
ਬਾਬੇ ਦੀ ਕਾਰਵਾਈ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿਚ ਫੈਲ ਗਈ ।
ਲੋਕਾਂ ਨੂੰ ਜਿਵੇਂ ਨਵਾਂ ਰਾਹ ਲੱਭ ਗਿਆ । ਉਹ ਤਾਂ ਭੁੱਲੇ ਹੀ ਬੈਠੇ ਸਨ । ਬਾਕੀ ਲੀਡਰ ਤਾਂ ਪੱਤਰਾ ਵਾਚ ਗਏ । ਬਾਬਾ ਪਿੱਠ ਦਿਖਾਉਣ ਵਾਲਾ ਨਹੀਂ ਸੀ । ਨਾ ਬਾਬੇ ਦੇ ਸਾਥੀਸੰਗੀ ।
ਉਹ ਤਾਂ ਲੜਨਮਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ ।
ਬਾਬੇ ਦੇ ਘਰ ਵੱਲ ਲੋਕ ਇ ਵਹੀਰਾਂ ਘੱਤ ਕੇ ਤੁਰ ਪਏ, ਜਿਵੇਂ ਉਥੇ ਕੋਈ ਅਜਿਹਾ ਅੰਮਿਰਤਕੁੰਡ ਪਰਗਟ ਹੋ ਗਿਆ ਹੋਵੇ, ਜਿਸ ਨੇ ਲੋਕਾਂ ਦੀ ਮੁਰਦਾ ਰੂਹ ਵਿਚ ਨਵੀਂ ਤਾਕਤ ਫੁਕ ਦੇਣੀ ਹੋਵੇ ।
ਬਾਬਾ ਕੋਈ ਮੈਦਾਨ ਛੱਡਣ ਵਾਲਾ ਸੀ ? ਲੋਕ ਤਿਆਰ ਹਨ ਤਾਂ ਉਹ ਸਭ ਤੋਂ ਪਹਿਲਾਂ ਕੁਰਬਾਨੀ ਦੇਣ ਲਈ ਤਿਆਰ ।
ਉਸੇ ਸ਼ਾਮ ਨਹਿਰੂ ਪਾਰਕ ਵਿਚ ਜਲਸਾ ਰੱਖਿਆ ਗਿਆ । ਉਹਨਾਂ ਸੈਂਕੜੇ ਮੁੰਡਿਆਂ ਨੂੰ ਮੰਚ 'ਤੇ ਪੇਸ਼ ਕੀਤਾ ਗਿਆ, ਜਿਨ੍ਹਾਂ 'ਤੇ ਪੁਲਿਸ ਨੇ ਜਬਰ ਢਾਹਿਆ ਸੀ ।
ਲੋਕਾਂ ਨੇ ਤਾਂ ਆਪਣੇ ਦੁਖੜੇ ਰੋਣ ਲਈ ਜਲਸੇ 'ਚ ਪੁੱਜਣਾ ਹੀ ਸੀ, ਅੰਦਰਖ਼ਾਤੇ ਸਿਆਸੀ ਲੋਕਾਂ ਦੇ ਸੁਨੇਹੇ ਵੀ ਆਉਣ ਲੱਗੇ । ਜੇ ਕੋਈ ਸਾਂਝਾ ਫ਼ਰੰਟ ਬਣਾ ਲਿਆ ਜਾਵੇ ਤਾਂ ਉਹ ਵੀ ਪੁਲਿਸ ਵਿਰੁੱਧ ਆਵਾਜ਼ ਉਠਾਉਣ ਲਈ ਤਿਆਰ ਸਨ । ਵਿਰੋਧੀ ਪਾਰਟੀਆਂ ਨੇ ਤਾਂ ਆਉਣਾ ਹੀ ਸੀ, ਇਕ ਦੋ ਜਥੇਦਾਰ ਵੀ ਗਰਮ ਹੋਏ ਫਿਰਦੇ ਸਨ । ਬੇਸ਼ੱਕ ਮੁੱਖ ਮੰਤਰੀ ਨਰਾਜ਼ ਹੋ ਜਾਵੇ, ਉਹ ਹੋਰ ਅੱਤਿਆਚਾਰ ਬਰਦਾਸ਼ਤ ਨਹੀਂ ਕਰ ਸਕਦੇ । ਚੁੱਪ ਬੈਠੇ ਰਹੇ ਤਾਂ ਪਿੱਛੋਂ ਲੋਕਾਂ ਨੂੰ ਕੀ ਮੂੰਹ ਦਿਖਾਉਣਗੇ ?
ਬਾਬੇ ਨੂੰ ਕੀ ਇਤਰਾਜ਼ ਸੀ ? ਜਲਸੇ ਵਿਚ 'ਲੋਕ ਸੰਘਰਸ਼ ਸੰਮਤੀ' ਦੇ ਗਠਨ ਦਾ ਅੇਲਾਨ ਕਰ ਦਿੱਤਾ ਗਿਆ । ਉਹਨਾਂ ਸੰਮਤੀ ਵਿਚ ਕੁਝ ਸਿਆਸੀ ਬੰਦੇ ਸ਼ਾਮਲ ਤਾਂ ਕੀਤੇ, ਪਰ ਬਹੁਮੱਤ ਆਪਣੇ ਸਮਰਥਕਾਂ ਦਾ ਹੀ ਰੱਖਿਆ । ਪਤਾ ਸੀ, ਲੋੜ ਪੈਣ 'ਤੇ ਸਿਆਸੀ ਬੰਦਿਆਂ ਨੇ ਪੂਛ ਦਬਾ ਕੇ ਭੱਜ ਜਾਣਾ ਸੀ ।
ਅਗਲੇ ਦਿਨ ਝੰਡਾ ਮਾਰਚ ਕਰਨ ਦਾ ਐਲਾਨ ਹੋਇਆ । ਓਨਾ ਚਿਰ ਸੰਘਰਸ਼ ਜਾਰੀ ਰਹੇਗਾ, ਜਿੰਨਾ ਚਿਰ ਥਾਣੇ ਬੈਠਾ ਇਕਇਕ ਬੇਕਸੂਰ ਬੰਦਾ ਛੱਡ ਨਹੀਂ ਦਿੱਤਾ ਜਾਂਦਾ ।
ਬਾਬੇ ਨੇ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ । ਨਾਟਕ ਕੇਂਦਰ, ਸੰਗੀਤ ਮੰਡਲੀਆਂ ਅਤੇ ਤਰਕਸ਼ੀਲ ਹਾਲ ਦੀ ਘੜੀ ਆਪਣੇ ਪਰੋਗਰਾਮ ਠੱਪ ਕਰ ਦੇਣ ।
ਉਹ ਸਭ ਸ਼ਹਿਰ ਪੁੱਜਣ ਅਤੇ ਲੋਕ ਸੰਘਰਸ਼ ਨੂੰ ਸੰਭਾਲਣ । ਇਨਕਲਾਬੀ ਸਾਹਿਤ ਸਭਾ ਨੂੰ ਵੀ ਬੁਲਾਇਆ ਗਿਆ । ਸਾਹਿਤ ਫੇਰ ਰਚਿਆ ਜਾਵੇ, ਪਹਿਲਾਂ ਇਤਿਹਾਸ ਸਿਰਜਿਆ ਜਾਵੇ ।
ਬਾਬੇ ਨੇ ਕ੍ਰਾਂਤੀਕਾਰੀ ਫ਼ਰੰਟ ਦੇ ਕੁਝ ਅੰਡਰਗਰਾਊਂਡ ਸਾਥੀਆਂ ਨੂੰ ਵੀ ਸੱਦਿਆ । ਕਿਸੇ ਸਮੇਂ ਹਥਿਆਰਬੰਦ ਸੰਘਰਸ਼ ਦੀ ਜ਼ਰੂਰਤ ਵੀ ਪੈ ਸਕਦੀ । ਪੇਂਡੂ ਇਕਾਈਆਂ ਅਤੇ ਭਗਤ ਸਿੰਘ ਨੌਜਵਾਨ ਸਭਾ ਪਹਿਲਾਂ ਹੀ ਚੌਕਸ ਸੀ । ਬਾਬੇ ਦੇ ਇਸ਼ਾਰੇ 'ਤੇ ਪਿੰਡਾਂ 'ਚੋਂ ਲੋਕ ਵਹੀਰਾਂ ਘੱਤ ਕੇ ਆਉਣ ਨੂੰ ਤਿਆਰ ਸਨ ।
ਦੋ ਦਿਨਾਂ 'ਚ ਹੀ ਸੰਮਤੀ ਨੂੰ ਕਾਮਯਾਬੀ ਹਾਸਲ ਹੋ ਗਈ ।
ਕੋਈ ਨਵਾਂ ਬੰਦਾ ਤਾਂ ਕੀ ਫੜਨਾ ਸੀ, ਇਕਇਕ ਕਰ ਕੇ ਪੁਲਿਸ ਨੂੰ ਪਹਿਲੇ ਵੀ ਛੱਡਣੇ ਪਏ ।
....ਚਲਦਾ...