ਗੱਲ ਅੱਗੇ ਨਾ ਖਿਲਰੇ
(ਕਹਾਣੀ)
" ਛੱਤ ਉੱਤੇ ਚਾਰੇ ਪਾਸੇ ਇਟਾਂ ਦਾ ਜੰਗਲਾ ਬਣਾਉਣਾ ਹੈ। ਕੋਈ ਰਾਜ ਮਿਸਤਰੀ ਵਿਹਲਾ ਹੀ ਨਹੀਂ ਮਿਲਦਾ। ਐਵੇਂ ਕੋਈ ਜੁਆਕ ਕੋਠੇ ਤੋਂ ਡਿਗ ਪਿਆ ਤੇ ਜੇ ਸੱਟ ਲਗ ਗਈ ਤਾਂ ਬਹੁਤ ਦੁਖੀ ਹੋਵਾਂਗੇ।" ਜੀਵਨ ਨੇ ਪਤਨੀ ਨੂੰ ਆਖਿਆ।
" ਚੰਨਣ ਸਿਓਂ ਮਿਸਤ੍ਰੀ ਦੀ ਨੂੰਹ, ਬਚਨੀ, ਕਹਿੰਦੀ ਸੀ ਕਿ ਬਾਪੂ ਜੀ ਅੱਜ ਕੱਲ੍ਹ ਕੰਮ ਨਹੀਂ ਲੱਭਦੇ। ਵਿਹਲੇ ਮੰਜੀ ਤੋੜਦੇ ਨੇ। ਉਸ ਨੂੰ ਹੀ ਪੁੱਛ ਕੇ ਵੇਖ ਲਵੋ। ਛੋਟਾ ਜਿਹਾ ਕੰਮ ਹੈ ਸ਼ਾਇਦ ਫੜ ਹੀ ਲਵੇ।" ਪਤਨੀ ਦੀ ਸਲਾਹ ਸਹੀ ਲਗਦੀ ਸੀ, ਮੰਨਣ ਯੋਗ ਸੀ।
" ਗੱਲ ਕਰਕੇ ਵੇਖ ਲਵਾਂਗਾ। ਉਸ ਨੂੰ ਥੋੜ੍ਹੀ ਸ਼ਰੀਰਕ ਅਰੋਗਤਾ ਤਾਂ ਹੈ ਐਵੇਂ ਕਿਤੇ ਸੱਟ ਹੀ ਨਾਂ ਖਾ ਬੈਠੇ। ਦੇਹ ਨੂੰ ਕਾਂਬੇ ਜਿਹੇ ਦੀ ਬਿਮਾਰੀ ਨੇ ਜਕੜ ਲਿਆ ਹੈ। ਉਸ ਦੀ ਯਾਦ ਸ਼ਕਤੀ ਵੀ ਢਿੱਲੀ ਪੈ ਗਈ ਹੈ। ਵੈਸੇ ਸੰਝ ਸਵੇਰ ਤੁਰਦਾ ਫਿਰਦਾ ਤਾਂ ਠੀਕ ਹੀ ਹੈ।" ਪਤੀ ਦੀ ਚਿੰਤਾ ਵੀ ਅਧਾਰ ਰਹਿਤ ਨਹੀਂ ਸੀ।
" ਉਸ ਦਾ ਪੁੱਤਰ, ਰਾਮ ਸਿੰਘ, ਕਦੋਂ ਸਮਾਂ ਕੱਢ ਸਕਦਾ ਐ, ਤੁਸੀਂ ਪਤਾ ਕਰਕੇ ਵੇਖੋ। ਸ਼ਾਇਦ ਪਿਉ ਪੁੱਤਰ ਮਿਲ ਕੇ ਸਾਡੀ ਮਦਦ ਕਰ ਦੇਣ।" ਪਤਨੀ ਨੇ ਮੁੜ ਵਿਚਾਰ ਸਾਹਮਣੇ ਰੱਖਿਆ।
" ਕੁੜੀਆਂ ਦੇ ਸਕੂਲ ਵਿੱਚ ਇੱਕ ਨਵਾਂ ਕਮਰਾ ਜੋੜਿਆ ਜਾ ਰਿਹਾ ਹੈ। ਸਕੂਲ ਵਾਲਿਆਂ ਨੇ ਉਸ ਨੂੰ ਠੇਕਾ ਦਿੱਤਾ ਹੈ, ਦਿਹਾੜੀ ਨਹੀਂ ਦੇਂਦੇ। ਮੈਂ ਪੁੱਛਣ ਗਿਆ ਸੀ। ਉਹ ਪੈੜ ਤੇ ਚੜ੍ਹਿਆ ਵਾਹੋ ਦਾਹੀ ਕੰਮ ਕਰ ਰਿਹਾ ਸੀ। ਉਸ ਕੋਲ ਤਾਂ ਗੱਲ ਕਰਨ ਦਾ ਵੀ ਸਮਾਂ ਨਹੀਂ ਸੀ। ਲਗਾਤਾਰ ਇੱਟ ਤੇ ਇੱਟ ਟਿਕਾਈ ਜਾ ਰਿਹਾ ਸੀ ਤਾਂ ਜੋ ਘੱਟ ਤੋਂ ਘੱਟ ਸਮੇਂ ਵਿੱਚ ਕੰਮ ਨਿੱਬੜ ਜਾਵੇ ਅਤੇ ਦਿਹਾੜੀ ਵਧੀਆ ਨਿਕਲ ਆਵੇ। ਮੁਨਾਫਾ ਚੰਗਾ ਮਿਲੇ। ਕਹਿੰਦਾ ਸੀ, ਬਾਈ ਹਫਤੇ ਕੁ ਬਾਅਦ ਗੱਲ ਕਰਾਂਗਾ ਅਜੱ ਸਮੇ ਦੀ ਕਿੱਲਤ ਹੈ। ਮੈਨੂੰ ਲਗਿਆ ਕਿ ਕਦੇ ਕਦੇ ਰਾਮ ਸਿੰਘ ਦਾ ਬਦਨ ਵੀ ਝੋਲਾ ਜਿਹਾ ਖਾ ਜਾਂਦਾ ਹੈ। ਪਿਓ ਦਾ ਰੋਗ ਪੁੱਤਰ ਵੱਲ ਹੀ ਨਾਂ ਆ ਰਿਹਾ ਹੋਵੇ।" ਪਤੀ ਨੇ ਦੱਸਿਆ।
" ਰਾਮ ਸਿੰਘ ਦੀ ਪਤਨੀ ਵੀ ਕਾਫੀ ਚਿੰਤਿਤ ਹੈ। ਇਲਾਜ ਤਾਂ ਪਿਓ ਪੁੱਤਰ ਦੋਹਾਂ ਦਾ ਹੀ ਕਰਵਾਉਣਾ ਪੈ ਸਕਦਾ ਹੈ। ਪਰ ਗਰੀਬੀ ਦੀ ਵੀ ਬਿਮਾਰੀ ਨਾਲ ਕੋਈ ਮਿਲੀ ਭੁਗਤ ਲਗਦੀ ਐ। ਰੋਗ ਗਰੀਬ ਨੂੰ ਫੜ ਹੀ ਲੈਂਦਾ ਐ। ਰੱਬ ਕਰੇ ਵਿਚਾਰੇ ਤੰਦਰੁਸਤ ਰਹਿਣ।" ਪਤਨੀ ਬੋਲ ਕੇ ਕੰਮ ਲਗ ਗਈ।
ਹਫਤੇ ਕੁ ਮਗਰੋਂ ਜੀਵਨ, ਰਾਮ ਸਿੰਘ ਤੋਂ ਪੁਛ ਗਿਛ ਕਰਨ ਫੇਰ ਸਕੂਲ ਵਿੱਚ ਗਿਆ। ਜੋ ਨਜਰ ਆਇਆ ਉਹ ਹੈਰਾਨ ਕਰਨ ਵਾਲ਼ਾ ਨਜ਼ਾਰਾ ਸੀ। ਬਣੀ ਬਣਾਈ ਕੰਧ ਢਾਈ ਜਾ ਰਹੀ ਸੀ। ਕਮੇਟੀ ਦੇ ਕੁੱਝ ਮੈਂਬਰ ਥੌੜ੍ਹੀ ਦੂਰ ਖਲੋਤੇ ਵੇਖ ਰਹੇ ਸਨ। ਪੁੱਛਣ ਤੋਂ ਪਤਾ ਲੱਗਿਆ ਕਿ ਕੰਧ ਸਿੱਧੀ ਨਹੀਂ ਸੀ। ਕੰਧ ਦਾ ਝੁਕਾ ਬਾਹਰ ਵੱਲ ਹੋ ਗਿਆ ਸੀ। ਡਿੱਗਣ ਦਾ ਡਰ ਸੀ। ਬੋਰਡ ਦੇ ਇੱਕ ਮੈਂਬਰ ਨੇ ਦੱਸਿਆ ਕਿ ਰਾਮ ਸਿਘ ਨੇ ਸਮਾਂ ਬਚਾਉਣ ਦੀ ਕਾਹਲੀ ਵਿੱਚ ਧਿਆਨ ਨਹੀਂ ਦਿੱਤਾ। ਬਹੁਤ ਘੰਟਿਆਂ ਦੀ ਮਿਹਨਤ ਬੇਕਾਰ ਹੀ ਗਈ। ਜੀਵਨ ਨੂੰ ਵੀ ਰਾਮ ਸਿੰਘ ਦੀ ਕਾਰੀਗਰੀ ਤੇ ਸ਼æੱਕ ਪੈ ਗਿਆ। ਘਰ ਆ ਕੇ ਗੱਲ ਪਤਨੀ ਨਾਲ ਕੀਤੀ।"
ਪਤਨੀ ਹੈਰਾਨ ਹੋਈ ਪਰ ਤਰਸ ਖਾ ਬੋਲੀ," ਅਸੀਂ ਤਾਂ ਜੇ ਰਾਮ ਸਿੰਘ ਨੂੰ ਕੰਮ ਦਿੱਤਾ ਤਾਂ ਦਿਹਾੜੀ ਤੇ ਹੀ ਦਿਆਂਗੇ। ਰਾਮ ਸਿੰਘ ਦੇ ਪਿਉ ਨੂੰ ਵੀ ਪੁੱਛ ਹੀ ਲਵੋ। ਜੰਗਲਾ ਕੋਈ ਬਹੁਤ ਵੱਡਾ ਕੰਮ ਨਹੀਂ।"
" ਠੀਕ ਹੈ।" ਬੋਲ ਕੇ ਜੀਵਨ ਖੇਤਾਂ ਵੱਲ ਚਲਾ ਗਿਆ।
ਇੱਕ ਦਿਨ, ਜੀਵਨ ਦੀ ਪਤਨੀ, ਰਾਮ ਸਿੰਘ ਦੇ ਘਰ ਖਬਰ ਸਾਰ ਪੁੱਛਣ ਚਲੀ ਗਈ। ਅੰਦਰ ਪਤੀ ਪਤਨੀ ਦੀ ਬੜੇ ਜ਼ੋਰ ਨਾਲ ਲੜਾਈ ਭਖੀ ਹੋਈ ਸੀ। ਪਤਨੀ ਕੌੜੇ ਬੋਲ ਬੋਲ ਰਹੀ ਸੀ। " ਤੈਥੋਂ ਇੱਟਾਂ ਦੀ ਕੰਧ ਵੀ ਸਿੱਧੀ ਨਹੀਂ ਬਣ ਸਕਦੀ, ਰਾਜਾ ਕੰਮ ਸੁਆਹ ਕਰੇਂਗਾ। ਸ਼ਹਿਰ ਜਾ ਕੇ ਚਪੜਾਸੀ ਦੀ ਨੌਕਰੀ ਜਾਂ ਕੋਈ ਹੋਰ ਲੱਭ ਲੈ ਰੋਟੀ ਤਾਂ ਚਲੇਗੀ। ਆਹ ਜਿਹੜਾ ਜੁਆਕ ਜੰਮਿਆ ਐ ਇਹਨੁੰ ਪੜ੍ਹਾਉਣਾ ਵੀ ਐ। ਸਕੂਲ ਦੀ ਫੀਸ ਕਿਵੇਂ ਆਏਗੀ? ਅਪਣੇ ਬਾਪੂ ਨੂੰ ਵੀ ਕਹਿ ਉੱਠੇ ਤੇ ਕੁੱਝ ਕੰਮ ਕਰੇ। ਜੀਵਨ ਦੀ ਵਹੁਟੀ ਕਹਿੰਦੀ ਸੀ ਜੰਗਲਾ ਬਣਵਾਉਣਾ ਹੈ।" ਜੀਵਨ ਦੀ ਵਹੁਟੀ, ਜੋ ਮਿਲਣ ਆਈ ਸੀ, ਬਾਹਰੌਂ ਹੀ ਵਾਪਸ ਚਲੀ ਗਈ।
ਅੱਜ ਰਾਮ ਸਿੰਘ ਸਕੂਲ ਦਾ ਕੰਮ ਖਤਮ ਕਰਕੇ ਘਰ ਆਇਆ ਅਤੇ ਪਤਨੀ ਦੇ ਹੱਥ ਪੈਸੇ ਧਰੇ। ਪਤਨੀ ਨੇ ਹੈਰਾਨ ਹੋ ਬੋਲਿਆ," ਜਿੰਨੇ ਦਾ ਠੇਕਾ ਸੀ ਉਸ ਤੌਂ ਅੱਧੇ ਨੇ। ਬਾਕੀ ਦੇ ਕਿੱਥੇ ਗਏ?"
" ਦੋ ਮਜ਼ਦੂਰਾਂ ਨੂੰ ਵੀ ਤਾਂ ਵਿੱਚੋਂ ਹੀ ਦੇਣੇ ਸੀ। ਕੰਧ ਢਾਉਣ ਕਾਰਨ ਉਹਨਾਂ ਦੀ ਮਜ਼ਦੂਰੀ ਵੀ ਵਧ ਗਈ ਸੀ।"
" ਤੇਰੇ ਵਰਗੇ ਮੂਰਖ ਨਾਲ ਤਾਂ ਕੋਈ ਵਿਆਹ ਹੀ ਨਾ ਕਰਾਵੇ।। ਮੇਰੇ ਬਾਪੂ ਜੀ ਨੇ, ਪਤਾ ਨਹੀਂ ਐਥੇ ਕਿਹੜੀ ਖਾਸੀਅਤ ਵੇਖੀ ਸੀ?" ਰਾਮ ਸਿੰਘ ਚੁੱਪ ਚਾਪ ਬੈਠਾ ਰਿਹਾ ਸ਼ਾਇਦ ਮਨ ਉਦਾਸ ਹੋ ਗਿਆ। ਉਸ ਨੂੰ ਅਕਸਰ ਡਿਪਰੈਸ਼ਨ ਦਾ ਦੌਰਾ ਪੈ ਜਾਂਦਾ ਸੀ। ਕਈ ਵੇਰ ਘਰੋਂ ਬਾਹਰ ਜਾ ਕੇ ਦਿਲ ਬਹਿਲਾ ਲੈਂਦਾ ਸੀ।
ਕੁਝ ਦਿਨ ਹੋਰ ਨਿਕਲ ਗਏ। ਇੱਕ ਦਿਨ ਪਤਨੀ ਨੂੰ ਕਹਿਣ ਲਗਾ," ਦੁਪਿਹਰ ਦਾ ਭੋਜਨ ਲੜ ਬੰਨ੍ਹ ਦੇ। ਮੈਂ ਸ਼ਹਿਰ ਜਾ ਰਿਹਾ ਹਾਂ। ਮੇਰੇ ਦੋਸਤ ਨੇ ਨਵੀਆਂ ਨਿਕਲੀਆਂ ਨੋਕਰੀਆਂ ਵਾਰੇ ਦੱਸ ਪਾਈ ਐ।" ਬਚਨੀ ਨੇ ਪਰੌਂਠੇ ਬੰਨ੍ਹ ਕੇ ਤੋਰਿਆ।
ਸ਼ਾਮ ਦੇ ਛੇ ਵਜ ਗਏ, ਫੇਰ ਨੌਂ, ਫੇਰ ਅੱਧੀ ਰਾਤ ਹੋ ਗਈ ਪਰ ਰਾਮ ਸਿੰਘ ਘਰ ਨਾ ਪਹੁੰਚਿਆ। ਟੱਬਰ ਫਿਕਰਮੰਦ ਹੋ ਗਿਆ। ਬਚਨੀ ਨੇ ਅਪਣੇ ਸਹੁਰੇ ਨੂੰ ਗੱਲ ਸੁਣਾਈ। ਉਸ ਨੇ ਕਿਹਾ, " ਦੇਰ ਹੋ ਜਾਣ ਕਾਰਨ ਸ਼ਹਿਰ ਵਿੱਚ ਕਿਤੇ ਰੁਕ ਗਿਆ ਹੋਣਾ ਐ। ਓਥੇ ਕੱਈਆਂ ਨਾਲ ਜਾਣ ਪਹਿਚਾਣ ਵੀ ਹੈ। ਕੱਲ੍ਹ ਆ ਜਾਵੇਗਾ। ਕੋਈ ਬੱਚਾ ਤਾਂ ਉਹ ਹੈ ਨਹੀਂ।"
ਲਗਾਤਾਰ ਕਈ ਹਫਤੇ ਬੀਤ ਗਏ। ਰਾਮ ਸਿੰਘ ਦੀ ਕੋਈ ਖਬਰ ਨਾ ਮਿਲੀ। ਬਚਨ ਕੌਰ ਨੇ ਜਾ ਕੇ ਜੀਵਨ ਦੀ ਵਹੁਟੀ ਕੋਲ ਵੈਣ ਪਾਏ। ਅਰਜ਼ੋਈ ਕੀਤੀ," ਭੈਣੇ ਹੁਣ ਤੇ ਠਾਣੇ ਜਾ ਕੇ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਐ। ਮੈਂ ਇਕੱਲੀ ਠਾਣੇ ਜਾਣੋਂ ਡਰਦੀ ਆਂ। ਜੀਵਨ ਨੂੰ ਜਾਂ ਅਪਣੇ ਪੜ੍ਹੇ ਲਿਖੇ ਦਿਓਰ ਨੂੰ ਮੇਰੇ ਨਾਲ ਜਾਣ ਲਈ ਆਖ। ਮੋਟਰ ਸਾਇਕਲ ਤੇ ਜਾ ਕੇ ਇਹ ਕੰਮ ਕਰ ਆਵਾਂ।"
ਜੀਵਨ ਦੀ ਪਤਨੀ ਦਹਿਲ ਗਈ। ਫਰਿਆਦ ਕਰਤਾ ਰਹਿਮ ਦੀ ਹੱਕਦਾਰ ਸੀ। ਦਿਓਰ ਨੇ ਭਾਬੀ ਨੂੰ ਕਿਹਾ," ਇੱਕ ਦੋ ਦਿਨਾ ਵਿੱਚ ਜੇ ਰਾਮ ਸਿੰਘ ਨਾ ਅਇਆ ਤਾਂ ਮੈ ਇਹ ਕੰਮ ਕਰਵਾ ਦਿਆਂਗਾ।"
ਘਰ ਦਾ ਕਲੇਸ਼ ਆਖਰ ਠੰਡ੍ਹਾ ਤੇ ਹੋਣਾ ਹੀ ਸੀ। ਚੰਨਣ ਸਿੰਘ ਨੇ ਇੱਕ ਦਿਨ ਜੀਵਨ ਨੂੰ ਆਖ ਜੰਗਲਾ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ। ਬੁੜ੍ਹਾਪਾ ਹੋਵੇ, ਮਨ ਵਿੱਚ ਦੁਖ ਹੋਵੇ, ਸ਼ਰੀਰ ਨੂੰ ਕੰਬਣੀ ਲਗੀ ਹੋਵੇ ਭਾਰਾ ਕੰਮ ਇੱਟਾਂ ਦੀ ਚਣਾਈ ਵਰਗਾ ਕਰਨਾ ਅਤੀ ਔਖਾ ਕੰਮ ਹੈ। ਪਰ ਬਜ਼ੁਰਗ ਮਿਸਤਰੀ ਹੱਥ ਹੋਰ ਕੋਈ ਰਸਤਾ ਵੀ ਨਹੀਂ ਸੀ। ਜੋ ਕਮਾ ਸਕਦਾ ਸੀ ਕਮਾਉਣਾ ਹੀ ਪੈਣਾ ਸੀ। ਕੰਮ ਪੂਰਾ ਹੋ ਗਿਆ। ਅਪਣੇ ਔਜ਼ਾਰ ਬਟੋਰ ਰਿਹਾ, ਚੰਨਣ ਸਿੰਘ, ਤਸਲੇ ਤੇ ਪੈਰ ਟਿਕਣ ਕਾਰਨ ਡਿਗ ਪਿਆ। ਨਾਲ ਵਾਲੇ ਮਜ਼ਦੂਰ ਨੇ ਬੈਠਾ ਕੀਤਾ। ਰੌਲਾ ਪਾ ਕੇ ਜੀਵਨ ਦਾ ਟੱਬਰ ਸੱਦ ਲਿਆ। ਜੀਵਨ ਦਾ ਭਰਾ ਉਸ ਨੂੰ ਹਸਪਤਾਲ ਲੈ ਗਿਆ। ਲੱਤ ਵਿੱਚ ਛੋਟੀ ਤ੍ਰੇੜ ਆ ਜਾਣ ਕਾਰਨ ਭਰਤੀ ਕਰ ਲਿਆ। ਅਗਲੇ ਦਿਨ ਹੀ ਛੁੱਟੀ ਹੋ ਸਕਦੀ ਸੀ। ਬਚਨੀ ਰੋਣ ਲਗ ਪਈ। ਰਾਮ ਸਿੰਘ ਦਾ ਵੀ ਕੋਈ ਪਤਾ ਨਾ ਲੱਗਾ।
ਜੀਵਨ ਦਾ ਭਰਾ ਬਚਨੀ ਨੂੰ ਇੱਕ ਦਿਨ ਠਾਣੇ ਲੈ ਗਿਆ। ਰਪਟ ਲਿਖਵਾ ਕੇ ਠਾਣੇ ਤੋਂ ਬਾਹਰ ਆਏ ਤਾਂ ਬਚਨੀ ਨੇ ਬਾਂਹ ਫੜ ਕੇ ਮੁੰਡੇ ਨੂੰ ਸਾਹਮਣੇ ਖਿਲਾ੍ਹਰ ਲਿਆ। ਬੋਲੀ," ਤੇਰੀ ਭਾਬੀ ਨੇ ਰਾਸ਼ਨ ਆਦਿ ਦੇਣ ਦਾ ਵਾਹਦਾ ਤਾਂ ਕਰ ਦਿੱਤਾ ਹੈ। ਤੁਹਾਡੇ ਘਰ ਹੀ ਕੁੱਝ ਕੰਮ ਕਰ ਦਿਆ ਕਰਾਂਗੀ। ਘਰ ਦਾ ਖਰਚਾ ਅਜੇ ਪਤਾ ਨਹੀਂ। ਬਜੁਰਗ ਨੇ ਤਾਂ ਹੁਣ ਮੰਜਾ ਫੜ ਲੈਣਾ ਹੈ। ਉਹ ਵਿਚਾਰਾ ਕਮਾਈ ਕਰ ਨਹੀਂ ਸਕੇਗਾ। ਮੁੰਡੇ ਦੀ ਫੀਸ ਆਦਿ ਪਤਾ ਨਹੀਂ ਕਿੱਥੋਂ ਲੈ ਕੇ ਆਵਾਂਗੀ।"
" ਤੂੰ ਕੁੱਝ ਮਦਦ ਤਾਂ ਕਰ ਹੀ ਸਕਦਾ ਏਂ। ਮੇਰੇ ਮੁੰਡੇ ਨੂੰ ਧਿਆਨ ਨਾਲ ਵੇਖੀਂ। ਤੁਹਾਡੇ ਟੱਬਰ ਵਰਗਾ ਹੀ ਤੇ ਲਗਦਾ ਐ। ਵਿੱਚੇ ਰਲ ਮਿਲ ਜਾਵੇਗਾ। ਤੁਹਾਡੇ ਜੁਆਕਾਂ ਨਾਲ ਹੀ ਪੜ੍ਹ ਜਾਵੇਗਾ।"
" ਤੇਰਾ ਮਤਲਬ ਵੀਰੇ ਨੇ ---।"
" ਲੁਕ ਛਿਪ ਕੇ ਦੋ ਸਾਲ ਤੋਂ ਘਰ ਆ ਵੜਦਾ ਸੀ, ਤੇਰਾ ਵੀਰਾ। ਕੁੱਝ ਕਰਾਮਾਤ ਤਾਂ ਵਾਪਰਨੀ ਹੀ ਸੀ।" ਬਚਨ ਕੌਰ ਨਿਧੜਕ, ਨਿਡਰ ਹੋ ਅਪਣਾ ਹੱਕ ਮੰਗ ਰਹੀ ਸੀ।
" ਠੀਕ ਐ , ਠੀਕ ਐ। ਮੈਂ ਕੁਝ ਨਾ ਕੁੱਝ ਜੁਗਾੜ ਲਗਾ ਕੇ ਤੇਰਾ ਘਰ ਪੂਰਾ ਕਰਾਂਗਾ। ਧਿਆਨ ਰੱਖੀਂ, ਗੱਲ ਅੱਗੇ ਨਾ ਖਿਲਰੇ।"