ਗਿਟਾ ਮਚਕੋੜ ਹੋ ਜਾਏ ਲਤ ਕਿਤੋਂ ਟੁਟ ਜਾਏ
ਹੋਣ ਕਮਜ਼ੋਰ ਲਤਾਂ ਲੋੜੀਦੀਆਂ ਵਸਾਖੀਆਂ
ਨਾ ਆਪੂੰ ਚਲ ਸਕਣ ਨਾ ਬੰਦਾ ਕਲਾ ਚਲ ਸਕੇ
ਜ਼ਿੰਦਗੀ ਦਾ ਹਿਸਾ ਬਣ ਜਾਂਦੀਆਂ ਵਸਾਖੀਆਂ
ਮੋਟਰ ਤੇ ਚੜ੍ਹੋ ਤਾਂ ਵੀ ਨਾਲ ਚੜ੍ਹ ਬੈਹਿੰਦੀਆਂ ਨੇ
ਵਾਂਡੇ ਟੀਂਡੇ ਜਾਓ ਨਾਲ ਜਾਂਦੀਆਂ ਵਸਾਖੀਆਂ
ਬੈਠਣਾ ਜਾਂ ਹੋਵੇ ਜਾਂ ਫੇਰ ਉਠਣ ਦੀ ਲੋੜ ਪੈ ਜਾਏ
ਮਾਣ ਨਾਲ ਪੇਸ਼ ਕੀਤੀਆਂ ਜਾਂਦੀਆਂ ਵਸਾਖੀਆਂ
ਜ਼ਿੰਦਗੀ ਦਾ ਐਸਾ ਹਿਸਾ ਬਣ ਬਹਿੰਦੀਆਂ ਨੇ
ਹਰ ਲੋੜ ਸਮੇਂ ਕੰਮ ਆਓੁਂਦੀਆਂ ਵਸਾਖੀਆਂ
ਸਮੇਂ ਨਾਲ ਜਿਦਾਂ ਰੋਹ ਰੀਤਾਂ ਨੇ ਬਦਲਦੀਆਂ
ਸਮੇਂ ਨਾਲ ਹੀ ਬਦਲ ਗਈਆਂ ਨੇ ਵਸਾਖੀਆਂ
ਕਿਸੇ ਦੀ ਨਾ ਲਤ ਟੁਟੀ ਨਾ ਹੀ ਮਚਕੋੜ ਆਈ
ਚੰਗੇ ਭਲੇ ਲੀਡਰਾਂ ਨੇ ਮੰਗੀਆਂ ਵਸਾਖੀਆਂ
ਲੋਕਾਂ ਦੀ ਕਚੈਹਰੀ ‘ਚ ਪੇਸ਼ ਹੋਣੋ ਸ਼ਰਮ ਆਵੇ
ਜੰਤਾ ਨੂੰ ਲੁਭਾਉਣ ਲਈ ਲਭੀਆਂ ਵਸਾਖੀਆਂ
ਜਦ ਸੀ ਵਜ਼ੀਰੀਆਂ ਨਾ ਕਮ ਕੋਈ ਚੰਗਾ ਕੀਤਾ
ਵੋਟਾਂ ਸਿਰ ਆਈਆਂ ਤਾਂ ਲਭ ਲਈਆਂ ਨੇ ਵਸਾਖੀਆਂ
ਨਾਚੇ ਕੀਤੇ ਕੱਠੇ ਕਿਤੇ ਫਿਲਮੀ ਸਤਾਰੇ ਲੱਭੇ
ਇਕੀਵੀਂ ਸਦੀ ਦੀਆਂ ਇਹ ਨਵੀਆਂ ਵਸਾਖੀਆਂ
ਲਕ ਵੀ ਹਿਲਾਉਨੀਆਂ ਨੇ ਆਣ ਕੇ ਸਟੇਜਾਂ ਉਤੇ
ਫਿਲਮਾਂ ਵਾਂਗਰ ਭਾਸ਼ਨ ਵੀ ਸੁਣਾਓਂਦੀਆਂ ਵਸਾਖੀਆਂ
ਕੁਰੱਪਟ ਹੋਏ ਲੀਡਰਾਂ ਨੇ ਲੱਡੂ ਤੇ ਸ਼ਰਾਬ ਵੰਡੀ
ਮਤ ਹਥਿਆਉਣ ਲਈ ਵਰਤੀਆਂ ਵਸਾਖੀਆਂ
ਸਮੇ ਦੀ ਚਾਲ ਨਾਲ ਜੰਤਾ ਵੀ ਸਮਝ ਆ ਗਈ
ਲੀਡਰਾਂ ਦੀਆਂ ਇਹ ਸਭ ਚਾਲਾਂ ਨੇ ਵਸਾਖੀਆਂ
ਖਾਣਾ ਪੀਣਾ ਲਾਹੇ ਦਾ ਤੇ ਉਪਰੋਂ ਅਨੰਦ ਮਾਣੋ
ਮਨ ਸਾਡੇ ਕਿਦਾਂ ਬਦਲ ਸਕਦੀਆਂ ਵਸਾਖੀਆਂ
ਮਤ ਦੇਣ ਵੇਲੇ ਜਦ ਮਤ ਹੈ ਵਰਤ ਲੈਣੀ
ਲੀਡਰਾਂ ਦੀਆਂ ਕਮ ਨਹੀਂ ਆਉਦੀਆਂ ਵਸਾਖੀਆਂ
ਨਵਾਂ ਯੁਗ ਆਉਣ ਨਾਲ ਸਭ ਕੁਝ ਬਦਲ ਜਾਂਦਾ
ਨਾ ਬਦਲਣ ਵਾਲੀਆਂ ਵੀ ਬਦਲੀਆਂ ਵਸਾਖੀਆਂ
ਹਸਿਆ ਹੈ ਘੱਗ ਡਿਗੇ ਦੇਖ ਕੇ ਘਾਗ ਲੀਡਰ
ਪਾਰਲੀੰਮੈਂਟ ਵਿਚ ਸਜ ਬੈਠੀਆਂ ਵਸਾਖੀਆਂ