ਟਰਾਂਟੋ:- 'ਅਸੀਸ ਮੰਚ ਟਰਾਂਟੋ' ਵੱਲੋਂ ਬਰੈਂਪਟਨ ਵਿੱਚ ਹੋਏ ਸਮਾਗਮ ਨੂੰ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲ਼ਿਆ ਜਿਸ ਵਿੱਚ ਟਰਾਂਟੋ ਇਲਾਕੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ, ਮੈਂਬਰ, ਪੱਤਰਕਾਰ, ਅਤੇ ਸਾਹਿਤਕਾਰ ਸ਼ਾਮਿਲ ਹੋਏ।
ਦੁਪਹਿਰ ਤੋਂ ਸ਼ਾਮ ਤੱਕ ਚੱਲੇ ਇਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤਕਾਰ ਵਰਿਆਮ ਸਿੰਘ ਸੰਧੂ ਹੁਰਾਂ ਦਾ "ਸ੍ਰੀਮਤੀ ਨਿਰੰਜਨ ਕੌਰ ਅਵਾਰਡ" ਦੇ ਸਨਮਾਨ ਚਿੰਨ੍ਹ ਅਤੇ 2100 ਡਾਲਰ ਨਾਲ਼ ਸਨਮਾਨ ਕੀਤਾ ਗਿਆ।
ਇਸ ਅਵਾਰਡ ਦੀ ਸ਼ੁਰੂਆਤ ਦਾ ਕਾਰਨ ਦੱਸਦਿਆਂ ਤੀਰਥ ਦਿਓਲ ਨੇ ਦੱਸਿਆ ਕਿ ਪਰਮਜੀਤ ਅਤੇ ਉਨ੍ਹਾਂ ਦੇ ਪਰਵਾਰ ਦੀ ਚਿਰੋਕਣੀ ਰੀਝ ਸੀ ਕਿ ਵਧੀਆ ਸਾਹਿਤਕ ਰਚਨਾ ਕਰਨ ਵਾਲ਼ੇ ਸਾਹਿਤਕਾਰਾਂ ਤੋਂ ਇਲਾਵਾ ਉਨ੍ਹਾਂ ਹਸਤੀਆਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ ਜਾਵੇ ਜੋ ਸਮਾਜ-ਭਲਾਈ ਲਈ ਯੋਗਦਾਨ ਪਾ ਰਹੇ ਨੇ ਪਰ ਜਿਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਯਾਦ ਰਹੇ ਕਿ ਇਹ ਪਰਵਾਰ ਲੰਮੇਂ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ।
ਇਸ ਸਮੇਂ ਵਰਿਆਮ ਸਿੰਘ ਸੰਧੂ ਬਾਰੇ ਬੋਲਦਿਆਂ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ 'ਬਹੁ-ਪ੍ਰਤਿਭਾ' (10-ਇਨ-1) ਵਾਲ਼ੇ ਸਾਹਿਤਕਾਰ ਨੇ ਜੋ ਜਿੰਨੇ ਲੇਖਣੀ ਵਿੱਚ ਉੱਚੇ ਨੇ ਓਨੇ ਹੀ ਆਪਣੇ ਕਿਰਦਾਰ ਵਿੱਚ ਵੀ ਉੱਚੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਲੇਖਕ ਦੀ ਲਿਖਤ ਨੂੰ ਉਸਦੇ ਕਿਰਦਾਰ ਨਾਲ਼ੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਇੰਦਰਜੀਤ ਬੱਲ ਹੁਰਾਂ ਨੇ ਸੰਧੂ ਹੁਰਾਂ ਬਾਰੇ ਬੋਲਦਿਆਂ ਕਿਹਾ ਕਿ ਸੰਧੂ ਸਾਹਿਬ ਪੰਜਾਬੀ ਸਾਹਿਤ ਜਗਤ ਦਾ ਮਾਣ ਅਤੇ ਸਤਿਕਾਰਯੋਗ ਹਸਤੀ ਨੇ। ਪਰਮਜੀਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਰਮਜੀਤ ਦੇ ਪੇਕੇ ਪਰਵਾਰ ਅਤੇ ਸਹੁਰਾ ਪਰਵਾਰ ਨੂੰ ਨੇੜਿਓਂ ਜਾਣਦਿਆਂ ਹੋਇਆਂ ਉਹ ਜਾਣਦੇ ਨੇ ਕਿ ਇਸ ਕੁੜੀ ਨੇ ਕਿਨ੍ਹਾਂ ਹਾਲਤਾਂ ਦਾ ਸਾਹਮਣਾ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਸੁਰਜਨ ਜ਼ੀਰਵੀ ਹੁਰਾਂ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ਹੁਰਾਂ ਨੇ ਜਿਸ ਦਲੇਰੀ ਨਾਲ਼ ਪੰਜਾਬ ਦੇ ਖ਼ੂਨੀ ਮਾਹੌਲ ਦੌਰਾਨ ਲਿਖਿਆ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਗ਼ਦਰੀ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਉਸ ਲਈ ਉਹ ਸਨਮਾਨ ਦੇ ਪੂਰੇ ਹੱਕਦਾਰ ਨੇ।
ਇਸ ਮੌਕੇ ਬੋਲਦਿਆਂ ਵਰਿਆਮ ਸਿੰਘ ਸੰਧੂ ਹੁਰਾਂ ਕਿਹਾ ਕਿ ਪਰਮਜੀਤ ਦਿਓਲ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਉਸਨੇ ਸਾਰੀਆਂ ਹੀ ਜਥੇਬੰਦੀਆਂ ਅਤੇ ਸਾਹਿਤਕਾਰਾਂ ਨੂੰ ਇੱਕ ਪਲੈਟਫਾਰਮ 'ਤੇ ਇਕੱਠੇ ਕਰ ਲਿਆ ਹੈ।

ਦੂਸਰੇ ਪੜਾਅ ਵਿੱਚ ਪਰਮਜੀਤ ਦੀ ਕਿਤਾਬ 'ਮੈਂ ਇੱਕ ਰਿਸ਼ਮ' ਬਾਰੇ ਗੱਲਬਾਤ ਹੋਈ ਜਿਸ ਵਿੱਚ ਬ੍ਰਜਿੰਦਰ ਗੁਲਾਟੀ ਹੁਰਾਂ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਰਮਜੀਤ ਦੀ ਕਵਿਤਾ ਕਿਸੇ ਇੱਕ ਵਿਸ਼ੇ ਨਾਲ ਸੀਮਿਤ ਨਹੀਂ, ਉਹ ਜਿੱਥੇ ਕੁਦਰਤ ਦੇ ਵਰਤਾਰੇ ਨੂੰ ਲੈ ਕੇ ਗੱਲ ਕਰਦੀ ਹੈ ਉੱਥੇ ਹੀ ਜੀਵਨ ਵਿੱਚ ਹੁੰਦੇ ਲੋਕਾਂ ਦੇ ਵਰਤਾਰੇ ਦੀ ਗੱਲ ਵੀ ਕਰਦੀ ਹੈ ਅਤੇ ਸਮਾਜ ਦੇ ਬਦਲਦੇ ਰੂਪ ਦੀ ਵੀ ਝਲਕ ਮਿਲਦੀ ਹੈ ਉਸ ਦੀ ਕਵਿਤਾ ਵਿੱਚ। ਉਨ੍ਹਾਂ ਕਿਹਾ ਕਿ ਪਰਮਜੀਤ ਦੀਆਂ ਕਵਿਤਾਵਾਂ ਜ਼ਿਆਦਾਤਰ ਛੋਟੀਆਂ ਹੀ ਹਨ ਪਰ ਉਸ ਵਿੱਚ ਛੁਪੇ ਅਹਿਸਾਸ ਨੂੰ ਸਿੱਧੀਆਂ ਦਿਲ ਦੀ ਗਹਿਰਾਈ ਤੱਕ ਪਹੁੰਚਾ ਦਿੰਦੀਆਂ ਹਨ। ਕੁਲਵਿੰਦਰ ਖਹਿਰਾ ਨੇ ਕਿਹਾ ਕਿ 'ਮੈਂ ਇੱਕ ਰਿਸ਼ਮ' ਕਿਤਾਬ ਰਾਹੀਂ ਪਰਮਜੀਤ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਈ ਹੈ ਕਿਉਂਕਿ ਇਸ ਵਿਚਲੀਆਂ ਕਵਤਾਵਾਂ ਜਿੱਥੇ ਛੋਟੀਆਂ ਨਜ਼ਮਾਂ ਦੇ ਰੂਪ ਵਿੱਚ ਹਨ ਓਥੇ ਇਹ ਪਰਮਜੀਤ ਦੀ ਸਿਆਸੀ, ਸਮਾਜੀ, ਅਤੇ ਸੱਭਿਆਚਾਰਕ ਸੂਝ ਦੀ ਗਹਿਰਾਈ 'ਤੇ ਵੀ ਝਾਤ ਪਵਾਉਂਦੀਆਂ ਨੇ। ਉਨ੍ਹਾਂ ਕਿਹਾ ਕਿ ਪਰਮਜੀਤ ਦਾ ਆਮ ਪੱਧਰ ਦੀ ਜ਼ਿੰਦਗੀ ਨਾਲ਼ ਰਿਹਾ ਗੂੜ੍ਹਾ ਵਾਸਤਾ ਅਤੇ ਗਵਾਚਦੀ ਜਾ ਰਹੀ ਪੰਜਾਬੀ ਸ਼ਬਦਾਵਲੀ ਅਤੇ ਮੁਹਾਵਰਾਬੰਦੀ 'ਤੇ ਉਸਦੀ ਪਕੜ ਉਸਦੀ ਕਵਿਤਾ ਦੀ ਅਮੀਰੀ ਨੇ ਜੋ ਸ਼ਿਵ ਕੁਮਾਰ ਦੀ ਕਵਿਤਾ ਤੋਂ ਬਾਅਦ ਪਹਿਲੀ ਵਾਰ ਏਨੀ ਖੁੱਲ੍ਹੀ ਤਰ੍ਹਾਂ ਕਿਸੇ ਕਿਤਾਬ ਵਿੱਚ ਵੇਖਣ ਨੂੰ ਮਿਲ਼ੇ ਨੇ। ਵਰਿਆਮ ਸਿੰਘ ਸੰਧੂ ਹੁਰਾਂ ਕਿਹਾ ਕਿ ਜਿਸ ਅੰਦਾਜ਼ ਵਿੱਚ ਪਰਮਜੀਤ ਇਸ ਕਿਤਾਬ ਰਾਹੀਂ ਸਾਹਮਣੇ ਆਈ ਹੈ ਉਸਤੋਂ ਆਸ ਬੱਝਦੀ ਹੈ ਕਿ ਬਹੁਤ ਛੇਤੀ ਉਸਦਾ ਨਾਂ ਪੰਜਾਬੀ ਦੇ ਚੋਟੀ ਦੇ ਗਿਣਵੇਂ ਸ਼ਾਇਰਾਂ ਵਿੱਚ ਆ ਜਾਵੇਗਾ।
ਤੀਸਰੇ ਪੜਾਅ ਵਿੱਚ ਰਲੀਜ਼ ਕੀਤੀ ਗਈ ਪਰਮਜੀਤ ਦੀ ਕਿਤਾਬ 'ਤੂੰ ਕੱਤ ਬਿਰਹਾ' ਬਾਰੇ ਬੋਲਦਿਆਂ ਕੁਲਦੀਪ ਧਾਲੀਵਾਲ਼ ਨੇ ਵੀ ਪਰਮਜੀਤ ਦੀ ਸ਼ਾਇਰੀ ਵਿੱਚ ਵਰਤੇ ਗਏ ਪੰਜਾਬੀ ਬੋਲ-ਚਾਲ 'ਚੋਂ ਅਲੋਪ ਹੁੰਦੇ ਜਾ ਰਹੇ ਸ਼ਬਦਾਂ ਦੀ ਖੂਬ ਦਾਦ ਦਿੱਤੀ ਅਤੇ ਕਿਹਾ ਕਿ ਸਾਨੂੰ ਵੀ ਅਜਿਹੇ ਸ਼ਬਦਾਂ ਨੂੰ ਸੰਭਾਲਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਭੁਪਿੰਦਰ ਦੁਲੈ ਨੇ ਇਸ ਕਿਤਾਬ ਵਿੱਚੋਂ ਅਨੇਕਾਂ ਉਦਾਹਰਣਾਂ ਦੇ ਕੇ ਪਰਮਜੀਤ ਦੀ ਕਾਵਿਕ ਸੂਝ ਦੀ ਪ੍ਰਸੰਸਾ ਕੀਤੀ। ਗੁਰਬਖਸ਼ ਭੰਡਾਲ ਹੁਰਾਂ ਨੇ ਇਸ ਸੈਸ਼ਨ ਦੇ ਪ੍ਰਧਾਨਗੀ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਪਰਮਜੀਤ ਨੂੰ ਬਹੁਤ ਨੇੜਿਓਂ ਵੇਖਿਆ ਹੈ ਅਤੇ ਉਹ ਜਾਣਦੇ ਨੇ ਕਿ ਪਰਮਜੀਤ ਜ਼ਿੰਦਗੀ ਦੇ ਕਿਨ੍ਹਾਂ ਤਲਖ਼ ਤਜਰਬਿਆਂ 'ਚੋਂ ਲੰਘੀ ਹੈ ਤੇ ਕਿਸ ਤਰ੍ਹਾਂ ਉਸਦੇ ਸ਼ਬਦ-ਭੰਡਾਰ ਵਿੱਚ ਅਮੀਰੀ ਆਈ ਹੈ।
ਇਸ ਸਮੇਂ ਕਬੱਡੀ ਦੇ ਪ੍ਰਸਿੱਧ ਕੌਮੈਂਟੇਟਰ ਰੁਪਿੰਦਰ ਜਲਾਲ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਰਾਜ ਘੁੰਮਣ, ਇਕਬਾਲ ਬਰਾੜ, ਅਤੇ ਰਿੰਟੂ ਭਾਟੀਆ ਨੇ ਪਰਮਜੀਤ ਦੇ ਗੀਤ ਗਾਏ। ਸ਼ੌਕਤ ਅਲੀ ਦੇ ਬੇਟੇ ਮੋਹਿਸਨ ਨੇ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਡਾ. ਸਵਰਾਜ ਸੰਧੂ, ਡਾ. ਪਰਗਟ ਬੱਗਾ, ਜਸਪਾਲ ਢਿੱਲੋਂ, ਅਤੇ ਕੁਲਜੀਤ ਮਾਨ ਵੱਲੋਂ ਵਧਾਈ ਦਿੱਤੀ ਗਈ। ਸਟੇਜ ਦੀ ਜ਼ਿੰਮੇਂਵਾਰੀ ਪਿਆਰਾ ਸਿੰਘ ਕੁੱਦੋਵਾਲ਼ ਅਤੇ ਪਰਮਜੀਤ ਢਿੱਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ।
ਇਸ ਸਮੇਂ ਸਰਗਮ ਰੇਡੀਓ ਤੋਂ ਡਾ. ਬਲਵਿੰਦਰ, ਫ਼ੁਲਕਾਰੀ ਰੇਡੀਓ ਤੋਂ ਰਾਜ ਘੁੰਮਣ, ਪੰਜਾਬੀ ਟ੍ਰਿਬਿਊਨ ਤੋਂ ਪ੍ਰਤੀਕ,ਅਤੇ ਪੀ.ਟੀ.ਸੀ., ਹਮਦਰਦ, ਅਤੇ ਪੰਜਾਬੀ ਚੈਨਲ/ਜੀ.ਟੀ.ਵੀ. ਦੇ ਰੀਪੋਰਟਰ ਵੀ ਹਾਜ਼ਰ ਸਨ। ਪਰਮਜੀਤ ਵੱਲੋਂ ਆਪਣੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਿੱਚ ਸਿਮਰ ਸਿੱਧੂ, ਮਲਕੀਤ ਜੱਜ, ਮਨਪ੍ਰੀਤ ਦਿਓਲ, ਅਵਤਾਰ ਦਿਓਲ, ਸਰਬਜੀਤ ਸੰਘਾ, ਪਰਮਜੀਤ ਢਿੱਲੋਂ, ਮਨਪ੍ਰੀਤ ਸਿੱਧੂ, ਕੁਲਵਿੰਦਰ ਖਹਿਰਾ, ਅਤੇ ਰਿੰਟੂ ਭਾਟੀਆ, ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਬਲਬੀਰ ਕੌਰ ਸੰਘੇੜਾ, ਸੁਰਜੀਤ ਕੌਰ, ਸੈਂਡੀ ਗਿੱਲ, ਪਰਮ ਸਰਾਂ, ਗੁਰਦੇਵ ਮਾਨ, ਪੂਰਨ ਸਿੰਘ ਪਾਂਧੀ, ਸੰਤੋਖ ਸੰਧੂ, ਗਿਆਨ ਸਿੰਘ ਕੰਗ, ਬਲਰਾਜ ਚੀਮਾ, ਮਿੰਨੀ ਗਰੇਵਾਲ਼, ਸੁਰਿੰਦਰ ਸ਼ਿੰਦ, ਸੁਰਿੰਦਰਜੀਤ ਕੌਰ, ਬਲਦੇਵ ਦੂਹੜੇ, ਸੁੰਦਰਪਾਲ ਰਾਜਾਸਾਂਸੀ, ਪੰਮਾ ਦਿਓਲ, ਅਮਰ ਸਿੰਘ ਢੀਂਡਸਾ, ਵਕੀਲ ਕਲੇਰ, ਜਿੰਦੂ ਖਹਿਰਾ, ਗੁਰਮਿੰਦਰ ਆਹਲੂਵਾਲੀਆ, ਇੰਦਰਜੀਤ ਢਿੱਲੋਂ, ਰਾਜਵੰਤ ਕੌਰ ਸੰਧੂ, ਸੁਰਿੰਦਰ ਸੰਧੂ, ਬਲਜੀਤ ਧਾਲੀਵਾਲ, ਬਲਰਾਜ ਧਾਲੀਵਾਲ, ਹੀਰਾ ਰੰਧਾਵਾ, ਗੁਰਮੀਤ ਜੱਸੀ, ਨਾਹਰ ਔਜਲਾ, ਡਾ. ਜਗਮੋਹਨ ਸੰਘਾ, ਪਰਵੀਨ ਕੌਰ, ਆਦਿ ਸ਼ਾਮਲ ਸਨ। ਕਬੱਡੀ ਟੀਮ ਦੇ ਹੈਪੀ ਸਹੋਤਾ, ਲਾਡਾ ਸਹੋਤਾ, ਰਜਿੰਦਰ ਦਿਓਲ, ਬਲਜਿੰਦਰ ਥਿੰਦ ਸਮੇਤ ਓ.ਕੇ.ਸੀ. ਦੀ ਪੂਰੀ ਕਬੱਡੀ ਟੀਮ ਤੀਰਥ ਦਿਓਲ ਦੇ ਸੱਦੇ 'ਤੇ ਹਾਜ਼ਰ ਹੋਈ।