ਹਜ਼ਾਰਾਂ ਕੋਸ਼ਿਸ਼ਾਂ ਕਰਦਾ ਸਫਲ ਇਹ ਹੋਣ ਨਹੀਂ ਦੇਂਦਾ
ਖਿਆਲਾਂ ਵਿਚ ਤੇਰਾ ਚਿਹਰਾ ਹੀ ਨੀਂਦਰ ਆਉਣ ਨਹੀਂ ਦੇਂਦਾ
ਹੈ ਕੀਤੀ ਏਸ ਨੇ ਜਦ ਤੋਂ ਮੇਰੀ ਨਜ਼ਰਾਂ ਦੇ ਵਿਚ ਠਾਹਰ
ਕਰਾਂ ਬੇਸ਼ੱਕ ਯਤਨ ਮੁੜ ਮੁੜ ਅੱਖ ਝਪਕਾਉਣ ਨਹੀਂ ਦੇਂਦਾ
ਸਿਤਮਗਰ ਹੈ ਇਹ ਸ਼ੀਸ਼ਾ ਵੀ ਤੇਰੇ ਹੀ ਨਕਸ਼ ਵਿਖਲਾਵੇ
ਅਕਸ ਤੇਰਾ ਮੇਰੇ ਚਿਹਰੇ ਨੂੰ ਸਾਹਵੇਂ ਆਉਣ ਨਹੀਂ ਦੇਂਦਾ
ਖਬਤ ਐਸਾ ਕਿ ਤੈਨੂੰ ਡੀਕਲਾਂ ਇਕੋ ਹੀ ਸਾਹੇ ਮੈਂ
ਜਬਤ ਏਨਾ ਕਿ ਆਪਣਾ ਦਿਲ ਹੀ ਮੈਂ ਮਚਲਾਉਣ ਨਹੀਂ ਦੇਂਦਾ
ਇਹ ਚਿਰਦੇ ਰੁੱਖ ਵੀ ਇਨਸਾਨ ਦੀ ਹੋਣੀ ਤੇ ਝੁਰਦੇ ਨੇ
ਮੁਕਾਈ ਹੋਂਦ ਹੈ ਸਾਡੀ ਖੁਦ ਨੂੰ ਜਿਉਣ ਨਹੀਂ ਦੇਂਦਾ
ਕੀ ਹਾਕਮ ਦੇ ਨੇ ਮਨਸੂਬੇ ਪਤਾ ਛੇਤੀ ਹੀ ਲੱਗੇਗਾ
ਕਿਉਂ ਸਾਰਾ ਦਿਨ ਬਿਠਾ ਰੱਖਦਾ ਕਿਰਤ ਕਮਾਉਣ ਨਹੀਂ ਦੇਂਦਾ
ਕਿ ਘਰ ਨੂੰ ਮੁੜਦੇ ਹਾਂ ਇਹ ਸੋਚ ਘਰ ਵੀ ਤਾਂਘਦਾ ਹੋਣਾ
ਤੇ ਖਾਲੀ ਜੇਬ ਦਾ ਹਉਆ ਕਦਮ ਵਧਾਉਣ ਨਹੀਂ ਦੇਂਦਾ |