ਭਾਈ ਮੰਨਾ ਸਿੰਘ ਜੀ ਦਾ 88 ਵਾਂ ਜਨਮ ਦਿਨ ਮਨਾਇਆ
(ਖ਼ਬਰਸਾਰ)
ਗੁਰਦਾਸਪੁਰ -- ਨਟਾਲੀ ਰੰਗ ਮੰਚ (ਰਜਿ:), ਗੁਰਦਾਸਪੁਰ ਅਤੇ ਸਾਹਿਤ ਸਭਾ ਗੁਰਦਾਸਪੁਰ (ਰਜਿ:) ਵਲੋਂ ਵਿਸ਼ਵ ਪ੍ਰਸਿੱਧ ਸਿਰਮੌਰ ਨਾਟਕਕਾਰ, ਲੋਕ ਲਹਿਰਾਂ ਦੇ ਪਹਿਰੇਦਾਰ ਤੇ ਇਨਕਲਾਬੀ ਬਹੁਪੱਖੀ ਸ਼ਖਸੀਅਤ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਜੀ ਦਾ 88 ਵਾਂ ਜਨਮ ਦਿਨ ਜੇ ਪੀ ਟਾਵਰ ਗੁਰਦਾਸਪੁਰ ਵਿਚ ਮਨਾਇਆ ਗਿਆ। ਜਿਸ ਵਿਚ ਉਹਨਾ ਨੂੰ ਸਮਾਜਿਕ ਤਬਦੀਲੀ ਲਈ ਲੜੇ ਸ਼ੰਘਰਸ਼ ਅਤੇ ਕ੍ਰਿਤੀ ਜਮਾਤ ਦੀ ਭਲਾਈ ਲਈ ਪਾਏ ਅਣਮੁੱਲੇ ਯੋਗਦਾਨ ਲਈ ਯਾਦ ਕੀਤਾ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲੇਖਕ ਤੇ ਰੰਗਕਰਮੀ ਅਮਨ ਭੋਗਲ, ਜੀ ਐਸ ਪਾਹੜਾ ਪ੍ਰਧਾਨ ਨਟਾਲੀ ਰੰਗ ਮੰਚ, ਜੇ ਪੀ ਖਰਲਾਂਵਾਲਾ ਪ੍ਰਧਾਨ ਸਾਹਿਤ ਸਭਾ, ਰਜੇਸ਼ ਬੱਬੀ ਜਨਰਲ ਸਕੱਤਰ ਲੋਕ ਲਿਖਾਰੀ ਸਭਾ, ਰਛਪਾਲ ਸਿੰਘ ਘੁੰਮਣ, ਵਰਿੰਦਰ ਸਿੰਘ ਸੈਣੀ, ਅਮਰੀਕ ਸਿੰਘ ਚੌਹਾਨ, ਰਜਿੰਦਰ ਕੁਮਾਰ, ਜਗਦੀਪ ਕੁਮਾਰ ਤੋ ਸ੍ਰੀਮਤੀ ਰਾਜਿੰਦਰ ਕੁਮਾਰ ਹਾਜ਼ਰ ਹੋਏ । ਇਸ ਅਵਸਰ 'ਤੇ ਹੋਰਾਂ ਤੋਂ ਇਲਾਵਾ ਵਿਜੇ ਬੱਧਣ, ਅਮਰੀਕ ਸਿੰਘ ਧੂਤ, ਯੱਸ਼ਪਾਲ ਟੋਨੀ, ਉਮ ਪ੍ਰਕਾਸ਼ ਭਗਤ, ਰੌਕੀ ਸ਼ਹਿਰੀਆ, ਜਨਕ ਰਾਜ ਰਾਠੌਰ ਅਤੇ ਬੋਧ ਰਾਜ ਕੌਂਟਾ ਆਦਿ ਵੀ ਸਮਾਗਮ ਦੀ ਸ਼ੋਭਾ ਵਧਾਉਣ ਲਈ ਹਾਜ਼ਰ ਸਨ। ਹਾਜ਼ਰ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਫੈਸਲਾ ਕੀਤਾ ਕਿ 2 ਅਕਤੂਬਰ ਨੂੰ ਗੁਰਦਾਸਪੁਰ ਦੇ ਮਾਣ ਰੰਗਕਰਮੀ ਲੇਖਕ ਸਵਰਗਵਾਸੀ ਰਜਿੰਦਰ ਭੋਗਲ ਜੀ ਦੇ ਜਨਮ ਦਿਹਾੜੇ ਤੇ ਪੰਜਾਬੀ ਨਾਟਕ ਦੇ ਪਿਤਾਮਾ ਸ੍ਰੀ ਈਸ਼ਵਰ ਚੰਦਰ ਨੰਦਾ ਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਮ, ਨਾਟਕਾਂ ਦੀ ਇਕ ਸ਼ਾਮ, ਦਾ ਪ੍ਰੋਗਰਾਮ ਅਯੋਜਿਤ ਕੀਤਾ ਜਾਵੇਗਾ।
ਪ੍ਰੀਤਮ ਲੁਧਿਆਣਵੀ