ਵਿਨੀਪੈਗ ਵਿਚ ਲਗਾਈ ਪੁਸਤਕ ਪਰਦਸ਼ਣੀ (ਖ਼ਬਰਸਾਰ)


ਵਿਨੀਪੈਗ --   ) ਸਾਡੇ ਪੰਜਾਬੀ ਵਿਕਸਤ ਮੁਲਕਾਂ ਚ ਆ ਕੇ ਵੀ ਆਪਣੀ ਸੋਚ ਵਿਕਸਤ ਨਹੀਂ ਕਰਦੇ । ਉਹ ਪੁਰਾਣੇ ਰਸਮ ਰਿਵਾਜ ਅਤੇ ਅੰਧਵਿਸ਼ਵਾਸ਼ ਅੱਜ ਵੀ ਕੈਨੇਡਾ ਵਰਗੇ ਮੁਲਕਾਂ ਚ ਨਾਲ ਹੀ ਲਈ ਫਿਰਦੇ ਹਨ ਜਦੋਂ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਗੈਰ ਵਿਗਿਆਨਕ ਅਤੇ ਅੰਧਵਿਸ਼ਵਾਸੀ ਸੋਚ ਲਈ ਕੋਈ ਥਾਂ ਨਹੀਂ।  ਇਹ ਸ਼ਬਦ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ ਅਤੇ ਡੈਮੋਕਰੇਟਿਕ ਇਕੁਐਲਿਟੀ ਐੱਡ ਸੈਕੁਰਲਿਜ਼ਮ ਇਨ ਸਾਊਥ ਏਸ਼ੀਆ ( ਡੀ ਈ ਐਸ ਐਸ ਏ) ਵਲੋਂ ਮਾਂਡਲੇ ਰੋਡ ਦੇ ਬੈਂਕਟ ਹਾਲ ਸਾਹਮਣੇ ਲਾਈ ਅਗਾਂਹਵਧੂ ਪੁਸਤਕ ਪ੍ਰਦਰਸ਼ਨੀ ਸਮੇਂ  ਬੋਲਦਿਆਂ ਉਘੇ ਚਿੰਤਕ ਕਮਲ ਜੀ ਨੇ ਕਹੇ।ਉਹਨਾਂ ਕਿਹਾ ਕਿ ਵਿਗਿਆਨਕ ਸੋਚ ਅਪਣਾਏ ਬਿਨਾ ਕੋਈ ਵੀ ਸਮਾਜ ਤੰਦਰੁਸਤ ਅਤੇ ਨਰੋਆ ਸਮਾਜ ਨਹੀਂ ਬਣ ਸਕਦਾ । ਸਿਰਫ ਵਿਗਿਆਨਕ ਢੰਗ ਨਾਲ ਗ੍ਰਹਿਣ ਕੀਤੀ ਵਿਦਿਆ ( ਸਿੱਖਿਆ ) ਹੀ ਵਧੀਆ ਮਨੁੱਖ ਪੈਦਾ ਕਰਦੀ ਹੈ ਜੋ ਅਗੇ ਦੇਸ਼ ਦਾ ਨਿਰਮਾਣ ਕਰਦੇ ਹਨ ਪਰ ਭਾਰਤ ਦੇਸ਼  ਦਾ ਦੁਖਾਂਤ ਇਹ ਹੈ ਕਿ ਇਥੇ ਹਾਕਮ ਅਜੇ ਵੀ ਅਟਕਲਪੱਚੂ ਵਿਦਿਆ ਜੋਤਿਸ਼  ਪੜ੍ਹਾਉਣ ਤੇ ਜੋਰ ਦੇ ਰਹੇ ਹਨ ਅਤੇ  ਕਲਪਿਤ ਮਿਥਿਹਾਸ ਨੂੰ ਸੱਚ ਮੰਨੀ ਜਾ ਰਹੇ ਹਨ। ਉਥੋਂ ਆਉਣ ਵਾਲੇ ਭਾਰਤੀ ( ਪੰਜਾਬੀ )ਉਹਨਾਂ ਪੁਰਾਣੇ ਸੰਸਕਾਰਾਂ ਦਾ ਖਹਿੜਾ ਨਹੀਂ ਛੱਡ ਰਹੇ। ਉਹ ਪੁਰਾਣਾ ਵੇਲਾ ਵਿਹਾ ਚੁੱਕੀਆਂ ਰਸਮਾਂ ਨੂੰ ਹੀ ਆਪਣਾ ਸੱਭਿਆਚਾਰ ਮੰਨੀ ਜਾ ਰਹੇ ਹਨ ਜਦੋਂ ਕਿ ਸੱਭਿਆਚਾਰ ਹਮੇਸ਼ਾ ਤਬਦੀਲ ਹੁੰਦਾ ਰਹਿੰਦਾ ਹੈ। ਇਸ ਮੌਕੇ ਪੰਜਾਬ ਤੋਂ ਆਏ ਲੇਖਕ ਪੱਤਰਕਾਰ  ਅਮਰਜੀਤ ਢਿੱਲੋਂ ਦਬੜ੍ਹੀਖਾਨਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਚਾਰ ਮਹੀਨਿਆਂ ਦੇ ਕੈਨੈਡਾ ਪਰਵਾਸ ਸਮੇਂ ਇਥੋਂ ਦੇ ਲੋਕਾਂ ਤੋਂ ਅਨੁਸ਼ਾਸਨ ਵਿਚ ਰਹਿਣਾ ਅਤੇ ਇਕ ਦੂਜੇ ਦੀ ਮਦਦ ਕਰਨਾ ਸਿਖਿਆ ਹੈ। ਉਹਨਾਂ ਕਿਹਾ ਕਿ ਇਥੋਂ ਦੇ ਲੋਕਾਂ ਵਾਂਗ ਹੀ ਪੰਜਾਬੀਆਂ ਨੂੰ ਵੀ ਆਪਣੀ ਸੋਚ ਵਿਕਸਤ ਕਰਕੇ ਅਨੁਸ਼ਾਸਨ ਅਤੇ ਸਹਿਜ ਸੰਜਮ ਚ ਰਹਿਣਾ ਸਿਖਣਾ ਚਾਹੀਦਾ ਹੈ। ਪੁਰਾਣੇ ਅੰਧਵਿਸ਼ਵਾਸ਼ਾਂ ਅਤੇ ਝੂਠੇ ਧਾਰਮਿਕ ਵਿਸ਼ਵਾਸਾਂ ਨੂੰ ਛੱਡੇ ਬਿਨਾ ਪੰਜਾਬੀਆਂ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦੇ , ਉਂਜ ਪੈਸੇ ਪੱਖੋਂ ਭਾਵੇਂ ਉਹ ਕਿੰਨੇ ਵੀ ਅਮੀਰ ਕਿਉਂ ਨਾ ਹੋ ਜਾਣ ਪਰ ਮਾਨਸਿਕ ਗਰੀਬੀ ਉਹਨਾਂ ਦੇ ਅੰਗਸੰਗ ਰਹੇਗੀ।

ਇਸ ਮੌਕੇ ਪੰਜਾਬ ਦੇ ਪਿੰਡ ਢੁੱਡੀ ਕੇ ਤੋਂ ਆ ਕੇ ਵਸੇ ਪੁਰਾਣੇ ਕੈਨੇਡੀਅਨ  ਮੁਖਤਿਆਰ ਸਿੰਘ ਨੇ ਕਿਹਾ ਕਿ ਅਸੀਂ  ਜਿਹੜੇ ਵਿਕਸਤ ਦੇਸ਼ ਕੈਨੇਡਾ ਚ ਰਹਿੰਦੇ ਹਾਂ  ਇਹ ਸਰਮਾਏਦਾਰੀ ਦਾ ਇਕ ਸਫਲ ਤਜ਼ੱਰਬਾ ਮਾਡਲ ਹੈ। ਰੂਸ ਦੇ ਇਨਕਲਾਬ ਤੋਂ ਬਾਦ ਸਰਮਾਏਦਾਰੀ ਜਮਾਤ ਨੇ ਅਨੁਭਵ ਕੀਤਾ ਕਿ ਮਜ਼ਦੂਰ ਜਮਾਤ ਆਪਣੇ ਹੱਕ ਮੰਗਣ ਲਈ ਜਾਗਰੂਕ ਹੋ ਰਹੀ ਹੈ ਤਾਂ ਉਸਨੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਧਾਉਣ ਦੇ ਨਾਲ ਨਾਲ ਉਹਨਾਂ ਨੂੰ ਕੁਝ ਸੁਖ ਸਹੂਲਤਾਂ  ਵੀ ਦੇਣੀਆਂ ਸ਼ੁਰੂ ਕੀਤੀਆਂ । ਇਥੋਂ ਦਾ ਕਾਮਾ ਹੁਣ ਇਸ ਨੂੰ ਹੀ ਆਪਣੀ ਆਖਰੀ ਮੰਜ਼ਿਲ ਸਮਝ ਕੇ ਖੁਸ਼ ਹੈ। ਇਥੋਂ ਦੀ ਹਾਕਮ ਸਰਮਾਏਦਾਰ ਜਮਾਤ ਕਿਰਤ ਦੀ ਲੁੱਟ ਤਾਂ ਭਾਰਤ ਵਾਂਗ ਹੀ ਕਰਦੀ ਹੈ ਪਰ ਐਨੀ ਕੁ ਸੂਝਵਾਨ ਹੈ ਕਿ ਇਹ ਕਾਮਿਆਂ ਨੂੰ ਮਰਨ ਵੀ ਨਹੀਂ ਦਿੰਦੀ ਅਤੇ ਉਹਨਾਂ ਅੰਦਰ ਇਨਕਲਾਬ ਦਾ ਲਾਵਾ ਪੈਦਾ ਵੀ ਨਹੀਂ ਹੋਣ ਦਿੰਦੀ। ਪਟਵਾਰੀ ਮੰਗਤ ਸਿੰਘ ਸਹੋਤਾ ਨੇ ਕਿਹਾ ਇਥੇ ਮਨੁੱਖ ਇਕ ਮਸ਼ੀਨ ਦੀ ਨਿਆਈਂ ਹੈ । ਜਿਸਦਾ ਆਪਣਾ ਕੋਈ ਨਾਮ ਨਹੀਂ । ਸਿਰਫ ਘਰਾਂ ਦੇ ਨੰਬਰਾਂ ਅਨੁਸਾਰ ਹੀ ਲੋਕ ਆਪਣੀ ਕੰਮਕਾਜੀ ਜ਼ਿੰਦਗੀ ਇਕ ਰੋਬਟ ਵਾਂਗ ਜੀਅ ਰਹੇ ਹਨ ਉਹਨਾਂ ਕਿਹਾ ਕਿ  ਕੈਨੇਡਾ ਰਹਿੰਦੇ ਸਾਰੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਆਪਣੀ ਮਿਹਨਤ ਦੀ ਸਫਲਤਾ ਦੇ ਨਾਲ ਨਾਲ ਤਰਕਸ਼ੀਲਤਾ ਦਾ ਮਾਰਗ ਵੀ ਅਪਣਾਉਣਾ ਚਾਹੀਦਾ ਹੈ। ਇਸ ਲਈ ਜਰੂਰੀ ਹੈ ਕਿ ਤਰਕਸ਼ੀਲ ਕਿਤਾਬਾਂ ਪੜ੍ਹੀਆਂ ਜਾਣ। ਇਸੇ ਮਕਸਦ ਲਈ ਹੀ ਅਸੀਂ ਅਗਾਂਹਵਧੂ ਪੁਸਤਕ ਪਰਦਰਸ਼ਨੀਆਂ ਲਗਵਾ ਰਹੇ ਹਾਂ।  ਸਾਥੀ ਹਰਿੰਦਰ ਗਿੱਲ ਚੂਹੜਚੱਕ( ਮੋਗਾ )ਅਤੇ  ਕਾਮਰੇਡ ਦਰਸ਼ਨ  ਸਿੰਘ ਵਾਂਦਰ ਨੇ ਕਿਹਾ ਕਿ ਸਾਨੂੰ ਵਿਦੇਸ਼ਾਂ ਚ ਰਹਿੰਦੇ ਅਗਾਂਹਵਧੂ ਪੰਜਾਬੀਆਂ ਨੂੰ ਤਰਕਸ਼ੀਲਤਾ ਅਤੇ ਵਿਗਿਆਨਕ ਸੋਚ ਦਾ ਪਰਸਾਰ ਕਰ ਰਹੇ ਲੇਖਕਾਂ ਦੀ ਖੁੱਲ੍ਹ ਕੇ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸਲ ਚ ਖਾਲਿਸਤਾਨ ਦੇ ਨਾ ਤੇ ਵਿਦੇਸ਼ਾਂ ਚ ਸ਼ਰਨ ਲੈਕੇ ਬੈਠੇ ਕੁਝ ਲੋਕ ਹਮੇਸ਼ਾ ਲਈ ਨਾਮ –ਨਿਹਾਦ ਖਾਲਿਸਤਾਨ ਖਲਾਰਾ ਪਾਕੇ ਰੱਖਣਾ ਚਾਹੁੰਦੇ ਹਨ ਤਾਂ ਕਿ ਇਸ ਬੈਨਰ ਹੇਠ ਉਹ ਲੋਕਾਂ ਨੂੰ ਗੁਮਰਾਹ ਕਰਕੇ ਆਪਣੀ ਦੁਕਾਨ ਚਲਾਉਂਦੇ ਰਹਿਣ । ੳਹਨਾਂ ਕਿਹਾ ਕਿ ਇਸ ਮੌਕੇ ਮਸਲਾ ਕਿਸੇ ਨਾਮ-ਨਿਹਾਦ ਖਾਲਿਸਤਾਨ ਜਾਂ ਕੋਈ ਹੋਰ ਮੁਲਕ ਬਣਾਉਣ ਦਾ ਨਹੀਂ ਸਗੋਂ ਆਪਣੇ ਹੱਕ ਮੰਗਣ , ਬਰਾਬਰਤਾ ਅਤੇ ਕਿਰਤ ਦੀ ਲੁੱਟ ਰੋਕਣ ਦਾ ਹੇ।  ਇਸ ਮੌਕੇ ਹਰਨੇਕ ਸਿੰਘ ਧਾਲੀਵਾਲ  ਨੇ ਕਿਹਾ ਕਿ ਸਾਡੇ ਭਾਰਤੀਆਂ ਅਤੇ ਪੰਜਾਬੀਆਂ ਦੇ ਗੈਰ ਵਿਗਿਆਨਕ ਵਤੀਰੇ ਕਾਰਨ ਹੀ ਉਥੇ ਸਰਸੇ ਵਾਲੇ ਸਾਧ ਵਰਗੇ ਅਨੇਕਾਂ ਬਾਬੇ –ਸਾਧ ਪੈਦਾ ਹੋ ਕੇ ਲੋਕਾਂ ਦੀ ਸੋਚ ਖੁੰਢੀ ਕਰ ਰਹੇ ਹਨ। ਇਹਨਾਂ ਲੋਟੂਆਂ ਤੋਂ ਬਚਣ ਦਾ ਇਕੋ ਇਕ ਰਾਹ  ਤਰਕਸ਼ੀਲਤਾ ਅਤੇ ਵਿਗਿਆਨਕ ਸੋਚ ਦਾ ਪਸਾਰਾ ਹੈ। ਇਹ ਸਾਰੇ ਬਾਬੇ ਸਾਧ ਭਾਰਤੀਆਂ ਦੀ ਅੰਧ ਵਿਸ਼ਵਾਸ਼ੀ ਸੋਚ ਦਾ ਲਾਹਾ ਲੈ ਕੇ ਅਰਬਪਤੀ ਬਣ ਰਹੇ ਹਨ। ਹਾਕਮ ਜਮਾਤ ਵੋਟ ਬੈੱਕ ਦੀ ਰਾਜਨੀਤੀ ਕਾਰਨ ਇਹਨਾਂ ਨੂੰ ਉਤਸ਼ਹਿਤ ਕਰਦੀ ਹੈ। ਅਫਸਰਸ਼ਾਹੀ ,ਪਰੋਹਿਤ ਤੇ ਰਾਜਨੇਤਾ ਕਾਰਨ ਦੁੱਖਾਂ ਇਹੀਓ ਤਿਕੋਨ ਇਥੇ । ਭਾਰਤ ਚ ਇਹਨਾਂ ਤਿੰਨਾਂ ਤੋਂ ਬਚਣ ਦੀ ਜਰੂਰਤ ਹੈ। ਇਸ ਮੌਕੇ ਮੈਪਲਜ ( ਵਿਨੀਪੈਗ) ਦੇ ਵਿਧਾਇਕ ਮਹਿੰਦਰ ਸਿੰਘ ਸਰਾਂ ਨੇ ਵੀ ਹਾਜਰੀ ਭਰੀ ਅਤੇ ਪੁਸਤਕ ਪਰਦਸ਼ਣੀ ਲਾਉਣ ਲਈ ਸਮੂਹ ਸਾਥੀਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਭਾਰਤੀ ਖਾਸ ਕਰਕੇ ਪੰਜਾਬੀਆਂ ਨੂੰ ਜਾਗਰੂਰਕ ਕਰਨ ਦੇ ਲਈ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਖਣੇ ਚਾਹੀਦੇ ਹਨ।

ਅਮਰਜੀਤ ਢਿੱਲੋਂ