ਗਰੀਬੀ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾਕਟਰ ਨੇ ਮਾੜੀ ਮੋਟੀ ਚੈਕਿੰਗ ਕਰਨ ਤੋਂ ਬਾਅਦ ਦੀਪੇ ਨੂੰ ਇੱਕ ਪਰਚੀ ਲਿਖ ਕੇ ਦਿੰਦਿਆਂ ਕਿਹਾ, 'ਦੇਖ ਦੀਪੇ ! ਮੈਨੂੰ ਲੱਗਦਾ ਹੈ ਕਿ ਤੈਨੂੰ ਟੀ.ਬੀ. ਹੈ ਅਤੇ ਐਕਸ-ਰੇ ਦੀ ਲੋੜ ਹੈ । ਹਾਂ ਸਰਕਾਰੀ ਹਸਪਤਾਲ ਵਿੱਚ ਮੁੱਫਤ ਹੁੰਦਾ ਹੈ । ਟੈਮ ਤਾਂ ਲੱਗ ਜਾਵੇਗਾ ।'
"ਅੱਛਾ ਡਾਕਟਰ ਸਾਹਿਬ ਜੀ……।" ਦੀਪਾ ਡਾਕਟਰ ਕੋਲੋਂ ਪਰਚੀ ਫੜ੍ਹਦਾ ਬੋਲਿਆ । ਡਾਕਟਰ ਨੇ ਆਪਣੀ ਚੈਕਿੰਗਦੀ ਫੀਸ ਲੈ ਲਈ ।
ਦੀਪਾ ਡਾਕਟਰ ਕੋਲੋਂ ਤੁਰ ਪਿਆ । ਦਿਲ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਪਏ ਸਨ । ਉਹ ਮਜਬੂਰ ਬੰਦਾ ਹੈ, ਉੱਪਰੋਂ ਅਨਪੜ੍ਹ । ਕੰਮ ਵੀ ਕਰਦਾ ਹੈ ਪਰ ਦਿਹਾੜੀ ਲੱਗ ਗਈ ਤਾਂ ਠੀਕ, ਨਹੀਂ ਤਾਂ ਵਿਹਲਾ ਬੈਠਣਾ ਪੈਂਦਾ ਹੈ । ਵੈਸੇ ਵੀ ਵਿਹਲਾ ਤੇ ਗਰੀਬ ਬੰਦਾ ਅੱਧਾ ਕੁ ਤਾਂ ਉਂਝ ਹੀ ਬੀਮਾਰ ਰਹਿੰਦਾ ਹੈ । ਫਿਰ ਦੀਪੇ ਵਰਗੇ ਬੰਦੇ ਨੂੰ ਟੀ.ਬੀ. ਹੋਣੀ ਕੋਈ ਵੱਡੀ ਗੱਲ ਨਹੀਂ ਹੈ । ਖਾਂਸੀ ਹੀ ਕਈ ਵਾਰ ਟੀ.ਬੀ. ਦਾ ਰੂਪ ਧਾਰ ਲੈਂਦੀ ਹੈ । ਗਰੀਬ ਆਦਮੀ ਵੱਡੀ ਤੋਂ ਵੱਡੀ ਬੀਮਾਰੀ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ । ਦੀਪੇ ਦੇ ਘਰ ਤਿੰਨ ਨਿਆਣੇ ਹਨ । ਪੈਸੇ ਦੀ ਘਾਟ ਹੋਣ ਕਰਕੇ ਘਰ ਵਿੱਚ ਕਲੇਸ਼ ਹੋਣਾ ਆਮ ਜਿਹੀ ਗੱਲ ਬਣੀ ਸੀ ।
ਸੋਚਾਂ ਦੇ ਸਮੁੰਦਰਾਂ ਵਿੱਚ ਗੋਤੇ ਲਾਉਂਦਾ ਦੀਪਾ ਸਰਕਾਰੀ ਹਸਪਤਾਲ ਵਿੱਚ ਜਾ ਪੁੱਜਾ । ਹਸਪਤਾਲ ਵੀ ਕੀ ਸੀ, ਬੱਸ ਰੱਬ ਦਾ ਹੀ ਨਾਮ ਸੀ । ਹਰ ਕਿਸੇ ਨੂੰ ਆਪੋ-ਧਾਪੀ ਪਈ ਹੋਈ ਸੀ । ਕਿਸੇ ਕੋਲ ਵੀ ਕਿਸੇ ਦੀ ਗੱਲ ਸੁਨਣ ਲਈ ਸਮਾਂ ਨਹੀਂ ਸੀ । ਡਾਕਟਰ, ਨਰਸਾਂ, ਹੋਰ ਮਲਾਜ਼ਮ ਆਪੋ-ਆਪਣੀ ਦੋੜ ਪਏ ਦੋੜਦੇ ਸਨ । ਮਰੀਜ਼ ਕੁਰਲਾ ਰਹੇ ਸਨ ।
"ਭਾਅ ਜੀ, ਐਕਸ-ਰੇ ਕਿੱਥੇ ਹੁੰਦੇ ਹਨ ….?" ਜਿਸ ਕੋਲੋਂ ਦੀਪੇ ਨੇ ਪੁਛਿਆ, ਉਹ ਬੰਦਾ ਕਾਫੀ ਸਾਊ ਲੱਗਦਾ ਸੀ । ਅੱਗੋਂ ਉਸ ਬੰਦੇ ਨੇ ਦੀਪੇ ਨੂੰ ਜਵਾਬ ਦਿੱਤਾ । "ਭਾਅ ਜੀ ਜ਼ਰਾ ਬਾਹਰ ਚੱਲੋ, ਇਸ ਬਾਰੇ ਜ਼ਰਾ ਖੁੱਲ ਕੇ ਗੱਲ ਕਰਦੇ ਹਾਂ ……।"
"ਅੱਛਾ ਜੀ !" ਆਖ ਕੇ ਦੀਪਾ ਉਸ ਆਦਮੀ ਦੇ ਮਗਰ-ਮਗਰ ਤੁਰ ਪਿਆ । ਹਸਪਤਾਲ ਦੀ ਪਾਰਕ ਵਿੱਚ ਜਾ ਕੇ ਦੋਵੇਂ ਬੈਠ ਗਏ ।
"ਭਾਅ ਜੀ, ਤੁਸੀਂ ਮੈਨੂੰ ਵੇਖਣ ਤੋਂ ਤਾਂ ਹਮਾਤੜ ਸਾਥੀ ਲਗਦੇ ਹੈ । ਹਸਪਤਾਲ ਤਾਂ ਚੰਗੇ ਭਲੇ ਬੰਦੇ ਨੂੰ ਮਰੀਜ਼ ਬਣਾ ਦਿੰਦਾ ਹੈ………." ਅੱਗੋਂ ਦੀਪਾ ਹੌਕਾ ਜਿਹਾ ਭਰ ਕੇ ਬੋਲਿਆ, ਤੁਸੀਂ ਠੀਕ ਕਹਿੰਦੇ ਹੋ, ਪਰ ਅਸੀਂ ਗਰੀਬੜੇ ਜਾ ਵੀ ਕਿੱਥੇ ਸਕਦੇ ਹਾਂ…..? ਬੰਦਾ ਜਾਵੇ ਤਾਂ ਜਾਵੇ ਕਿੱਥੇ ? ਪ੍ਰਾਈਵੇਟ ਡਾਕਟਰਾਂ ਨੇ ਤਾਂ ਮੂੰਹ ਹੀ ਬਹੁੱਤ ਅੱਡੇ ਹੋਏ ਹਨ । ਵੀਹ ਵੀਹ, ਪੰਜਾਨ-ਪੰਜਾਹ ਰੁਪਏ ਫੀਸ ਹੀ ਹੈ, ਅੱਗੋਂ ਦਵਾਈਆਂ ਦਾ ਖਰਚਾ ਅਲੱਗ । ਸਾਥੋਂ ਤਾਂ ਰੋਟੀ-ਟੁੱਕ ਹੀ ਨਹੀਂ ਚੱਲਦਾ । ਇੰਨ੍ਹਾ ਖਰਚਾ ਝੱਲਣਾ ਸਾਡੇ ਵੱਸ ਦਾ ਰੋਗ ਨਹੀਂ ।
"ਗੱਲ ਤਾਂ ਤੁਹਾਡੀ ਠੀਕ ਹੈ……। ਪਰ ਤੈਨੂੰ ਇੱਕ ਗੱਲ ਦੱਸ ਦਿੰਦਾ ਹਾਂ । ਇੱਥੇ ਧੱਕੇ ਖਾਣ ਦਾ ਕੋਈ ਫਾਇਦਾ ਨਹੀਂ । ਵਾਰੀ ਤਾਂ ਤੁਹਾਡੀ ਨਹੀਂ, ਪਰ ਜੇ ਆ ਵੀ ਗਈ ਤਾਂ ਕੁੱਝ ਨਹੀਂ ਹੋਣਾ । ਸੌ ਨਖਰੇ ਕਰਨੇ ਆ, ਡਾਕਟਰਾਂ ਨੇ । ਡਾਕਟਰਾਂ ਦੀਆਂ ਤਾਂ ਆਪਣੀਆਂ ਗੱਲਾਂ ਹੀ ਨਹੀਂ ਮੁਕਦੀਆਂ ……।"
ਬੰਦਾ ਕਿਹੜੇ ਖੂਹ 'ਚ ਡਿੱਗੇ ? ਦੁੱਖ ਨੇ ਤਾਂ ਮੇਰੀ ਜਾਨ ਕੱਢ ਲਈ ਹੈ । ਹੁਣ ਤਾਂ ਇੱਥੇ ਹੀ ਇਲਾਜ ਕਰਵਾਉਣਾ ਪੈਣਾ ਹੈ । ਅੱਗੇ ਜੋ ਰੱਬ ਨੂੰ ਭਾਵੇ ਜਾਂ ਫਿਰ ਜੋ ਸਾਡੇ ਭਾਗਾਂ ਵਿੱਚ ਲਿਖਿਆ…..।"
"ਭਾਗਾਂ ਵਿੱਚ ….?" ਇਹ ਸੱਭ ਬਕਵਾਸ ਹੈ ….। ਭਾਗਾਂ ਗਰੀਬਾਂ ਦਾ ਹੀ ਮਾੜੇ ਹੋਏ ਆ । ਇਹਨਾਂ ਮੋਟਿਆਂ ਢਿੱਡਾਂ ਵਾਲਿਆਂ ਦੇ ਨਹੀਂ …। ਬੰਦਾ ਬੰਦੇ ਦਾ ਖੂਨ ਪੀਂਦਾ ਪਿਆ ਹੈ । ਚੰਗਾ ਫਿਰ ਭਾਅ ਜੀ, ਜਿੱਦਾਂ ਤੁਹਾਡੀ ਮਰਜ਼ੀ…..?" ਵੈਸੇ ਵੀ ਗਰੀਬ ਬੰਦੇ ਨੂੰ ਰੱਬ ਤੋਂ ਛੁੱਟ ਹੋਰ ਕਿਸੇ ਦੀ ਆਸ ਨਹੀਂ ਹੁੰਦੀ ….।"
"ਚੰਗਾ ਭਾਅ ਜੀ, ਸਤਿ ਸ੍ਰੀ ਅਕਾਲ ……। " ਦੀਪੇ ਨੇ ਦੋਵੇਂ ਹੱਥ ਜੋੜ ਕੇ ਉਸ ਬੰਦੇ ਨੂੰ ਕਿਹਾ । ਤੇ ਫਿਰ ਦੀਪਾ ਆਪਣੇ ਰਸਤੇ ਪੈ ਗਿਆ ਅਤੇ ਉਹ ਬੰਦਾ ਆਪਣੇ ਰਸਤੇ ਪੈ ਗਿਆ ।
ਦੀਪੇ ਨੇ ਹਸਪਤਾਲ ਦੇ ਅੰਦਰ ਜਾ ਕੇ ਵੇਖਿਆ ਤਾਂ ਉਸ ਬੰਦੇ ਦੀ ਗੱਲ ਸੱਚੀ ਲੱਗੀ । ਬੜੀ ਵੱਡੀ ਕਤਾਰ ਮਰੀਜ਼ਾਂ ਦੀ ਲੱਗੀ ਹੋਈ ਸੀ । ਉਹ ਵੀ ਪਰਚੀ ਬਣਾਉਣ ਲਈ ਕਤਾਰ ਵਿੱਚ ਜਾ ਲੱਗਾ । ਗਰਮੀ ਨਾਲ ਚਿੱਤ ਕਾਹਲਾ ਪੈਂਦਾ ਸੀ । ਪਰਚੀ ਬਣਾਉਣ ਵਾਲਾ ਵੀ ਬੜਾ ਕਾਹਲਾ ਪਿਆ ਹੋਇਆ ਸੀ । ਦੁਪਿਹਰ ਦਾ ਇੱਕ ਵੱਜ ਗਿਆ ਤੇ ਦੀਪੇ ਦੀ ਵਾਰੀ ਆ ਹੀ ਗਈ । ਪਰਚੀ ਬਣਾਉਣ ਵਾਲਾ ਹਰ ਇੱਕ ਦੇ ਗਲ ਪੈਂਦਾ ਪਿਆ ਸੀ, ਬਾਹਰ ਲੋਕ ਵੀ ਖੜ੍ਹੇ ਕਾਹਲੇ ਪਏ ਹੋਏ ਸਨ । ਉਹ ਪਰਚੀ ਬਣਾਉਣ ਵੇਲੇ ਪੰਜਾਹ ਪੈਸੇ ਦੀ ਥਾਂ ਰੁਪਿਆ ਹੀ ਬਟੋਰੀ ਜਾ ਰਿਹਾ ਸੀ । 
"ਕੀ ਨਾਂ ਹੈ ਤੇਰਾ…?"
"ਸਾਹਿਬ ਜੀ ਦੀਪ …..।"
"ਪਿਉ ਦਾ ਨਾਮ…..?"
"ਜੀ ਰਾਮ ਸਿੰਘ…..।"
ਪਰਚੀ ਵਾਲੇ ਨੇ ਦੀਪੇ ਦੀ ਪਰਚੀ ਬਣਾ ਦਿੱਤੀ । ਪਰਚੀ ਵਾਲੇ ਬਨੇ ਡਾਕਟਰ ਦੇ ਕਮਰੇ ਵੱਲ ਇਸ਼ਾਰਾ ਕੀਤਾ ।
ਡਾਕਟਰ ਦੇ ਕਮਰੇ ਦੇ ਬਾਹਰ ਵੀ ਕਾਫੀ ਭੀੜ ਜਮ੍ਹਾਂ ਹੋਈ ਸੀ । ਬਿਮਾਰੀ ਨੇ ਦੀਪੇ ਦਾ ਹਾਲ ਬੂਰਾ ਕੀਤਾ ਹੋਇਆ ਸੀ । ਦੂਸਰਾ ਥਕਾਵਟ ਨੇ ਬੜੇ ਵੱਟ ਕੱਢੇ ਹੋਏ ਸਨ । ਭੀੜ ਵਿਚ ਹਰ ਕੋਈ ਇਕ ਦੂਜੇ ਨੂੰ ਮਾਰਨ ਵੱਡਣ ਨੂੰ ਪੈਂਦਾ ਪਿਆ ਸੀ । ਤਕਰੀਬਨ ਬਹੁਤ ਸਾਰੇ ਟੀ. ਬੀ. ਦੇ ਹੀ ਮਰੀਜ਼ ਸਨ । ਇਸ ਤਰ੍ਹਾਂ ਕਾਫੀ ਸਮਾਂ ਬਤੀਤ ਹੋਇਆ । ਇਕ ਬੰਦਾ ਕਮਰੇ ਵਿਚੋਂ ਬਾਹਰ ਆਇਆ ਤੇ ਕਹਿਣ ਲੱਗ ।
"ਡਾਕਟਰ ਸਾਹਿਬ ਦਾ ਟਾਇਮ ਖਤਮ ਹੋ ਗਿਆ । ਜਿਹੜੇ ਲੋਕੀ ਕਾਫੀ ਚੀਰ ਤੋਂ ਖੜੇ ਸਨ, ਸਭ ਦੇ ਚਿਹਰੇ ਬੁੱਝ ਗਏ ਪਰ ਸਭ ਬੇਬਸ ਸਨ । ਸਾਰੇ ਹੀ ਮਜਬੂਰ ਇੱਧਰ-ਉਧਰ ਚੱਲੇ ਗਏ ।"
"ਬਾਹਰ ਨਿਕਲਦਿਆ ਦੀਪੇ ਵੇਖਿਆ ਕਿ ਬਹੁਤ ਸਾਰੀਆਂ ਦੁਕਾਨਾਂ ਬੰਦਾ ਹੋ ਚੁੱਕੀਆਂ ਸਨ । ਲੋਕੀ ਕਾਹਲੀ-ਕਾਹਲੀ ਇੱਧਰ-ਉਧਰ ਦੌੜ ਰਹੇ ਸਨ । ਦੀਪਾ ਘਬਰਾ ਗਿਆ ਤੇ ਕਿਸੇ ਤੋਂ ਪੁੱਛਿਆ ਅੱਗੋਂ ਉੱਤਰ ਮਿਲਿਆ ।"
"ਕਿਸੇ ਵੱਡੇ ਲੀਡਰ ਦਾ ਕਤਲ ਹੋ ਗਿਆ ਹੈ । ਇਸ ਕਾਰਨ ਸ਼ਹਿਰ ਕਾਫੀ ਗੜਬੜ ਹੋ ਗਈ ਹੈ । ਇਸ ਕਾਰਨ ਸ਼ਹਿਰ ਵਿਚ ਕਰਫਿਊ ਲੱਗ ਗਿਆ ।"
"ਇਨ੍ਹੇ ਸਮੇਂ ਵਿਚ ਤਿੰਨ ਸਿਪਾਹੀ ਆਏ ਉਨਾਂ੍ਹ ਵਿਚੋਂ ਇਕ ਸਿਪਾਹੀ ਦੀਪੇ ਨੂੰ ਥੱਪੜ ਮਾਰਦਾ ਹੋਇਆ ਬੋਲਿਆ, "……… ਸਾਲਿਆ ਬਿਜੂੱਆ ਜਾ ! ਤੈਨੂੰ ਨਹੀਂ ਪਤਾ ਕਰਫਿਊ ਲੱਗਾ ਹੈ……।" ਦੀਪੇ ਨੂੰ ਅੱਗੋਂ ਕੋਈ ਜਵਾਬ ਨਾ ਆਇਆ । ਸਿਪਾਹੀਆਂ ਨੇ ਉਸਨੂੰ ਅਵਾਰਾਗਰਦੀ ਦੇ ਕੇਸ ਵਿੱਚ ਥਾਣੇ 'ਚ ਬੰਦ ਕਰ ਦਿੱਤਾ ।
ਦੀਪੇ ਵੱਲ ਸਿਪਾਹੀ ਇਸ਼ਾਰਾ ਕਰਦਾ ਹੋਇਆ ਬੋਲਿਆ, ਦੀਪੇ ਨੂੰ ਖਿੱਚ ਕੇ ਬਾਹਰ ਲਿਆਂਦਾ ਗਿਆ । 
"ਤੂੰ ਸਾਡੇ ਵੱਲ ਅੱਖਾਂ ਪਾੜ-ਪਾੜ੍ਹ ਕੇ ਕਿਵੇਂ ਦੇਖ ਰਿਹਾ ਹੈਂ……..? ਤੈਨੂੰ ਬੰਦੇ ਦਾ ਪੁੱਤ ਬਣਾਉਂਦੇ ਹਾਂ………।"  ਪਹਿਲੇ ਸਿਪਾਹੀ ਦੀ ਗੱਲ ਮੁੱਕੀ ਹੀ ਸੀ ਕਿ ਦੂਜੇ ਸਿਪਾਹੀ ਨੇ ਘਸੁੰਨ ਜੜ੍ਹ ਦਿੱਤਾ ।"
"ਹਰਾਮਜ਼ਾਦਿਆ ਅਸੀਂ ਤੇਰੇ ਪਿਉ ਦਾ ਕੁੱਝ ਚੁਕਿਆ ਹੈ………? ਕਿੰਝ ਸਾਡੇ ਵੱਲ ਵੇਖਦਾ ਪਿਆ ਹੈਂ ।" ਦੀਪਾ ਅੱਗੇ ਹੀ ਮੁਸੀਬਤ ਦਾ ਮਾਰਿਆ ਸੀ । ਇੱਕ ਬਿਮਾਰੀ ਦੂਜਾ ਜਾਲਮਾਂ ਨੇ ਬੁਰੀ ਤਰ੍ਹਾਂ ਕੁੱਟ ਦਿੱਤਾ । ਉਹ ਦੁੱਖ ਨਾਲ ਉੱਚੀ-ਉੱਚੀ ਰੌਣ ਲੱਗ ਪਿਆ ।
ਛੁੱਪ ਉਏ ਖੋਤੇ ਦੇ ਬੱਚਿਆ …… ! ਕਿੱਦਾਂ ਬੱਚਿਆਂ ਵਾਂਗ ਰੋਂਦਾ ਹੈਂ ….। ਕਹਿੰਦਿਆਂ ਨਾਲ ਹੀ ਸਿਪਾਹੀ ਨੇ ਉਸਦੇ ਖੀਸੇ ਵਿੱਚ ਹੱਥ ਪਾਇਆ । ਉਸਦਾ ਟੁੱਟਾ ਜਿਹਾ ਬਟੂਆ ਕੱਢਿਆ । ਜਿਸ ਵਿੱਚ ਕੁੱਝ ਰੁਪਏ ਸਨ । ਰੁਪਏ ਦੇਖ ਕੇ ਸਿਪਾਹੀਆਂ ਦੀਆਂ ਅੱਖਾਂ ਚਮਕ ਪਈਆਂ ।
"ਹਰਾਮਜ਼ਾਦਿਆ ਆਹ ਪੈਸੇ ਕਿੱਥੋਂ ਆਏ ….?"  ਸਾਹਿਬ…… ਸਾਹਿਬ ਜੀ……। ਬੱਸ ਇੰਨੇ ਕੁ ਲਫਜ਼ ਉਸਦੇ ਮੂੰਹ ਵਿੱਚੋਂ ਨਿਕਲੇ ।
"ਸਿਪਾਹੀਆਂ ਦਾ ਕੰਮ ਹੋ ਗਿਆ । ਬੋਤਲ ਅਤੇ ਖਾਣ-ਪੀਣ ਦਾ ਇੰਤਜਾਮ ਕਰ ਲਿਆ । ਸ਼ਰਾਬ ਪੀਂਦੇ ਰਹੇ ਅਤੇ ਗੱਲਾਂ ਕਰਦਿਆਂ ਰਾਤ ਬੀਤ ਗਈ । ਇੱਕ ਸਿਪਾਹੀ ਫਿਰ ਬੋਲਿਆ, "ਆ ਬਈ ਇੱਧਰ ਆ….।" ਸਿਪਾਹੀ ਕੁੱਝ ਨਰਮ ਹੋ ਕੇ ਬੋਲਿਆ ਦੀਪਾ ਡਰਦਾ-ਡਰਦਾ ਸਿਪਾਹੀ ਕੋਲ ਆਇਆ ।
ਸਿਪਾਹੀ ਬੋਲਿਆ, "ਤੈਨੂੰ ਛੱਡ ਦਿੰਦੇ ਹਾਂ…….। ਅੱਗੋਂ ਤੋਂ ਖਿਆਲ ਰੱਖੀਂ…..। ਵੈਸੇ ਅਸੀਂ ਕਿਸੇ ਨੂੰ ਛੱਡਦੇ ਨਹੀਂ ……। ਪਰ ਤੇਰੇ ਤੇ ਤਰਸ ਖਾ ਕੇ ਛੱਡ ਦੇਨੇ ਆਂ ।
ਦੀਪਾ ਕੁੱਝ ਨਾ ਬੋਲਿਆ, ਬੱਸ ਸਿਪਾਹੀਆਂ ਵੱਲ ਬਿਟਰ-ਬਿਟਰ ਵੇਖਦਾ ਰਿਹਾ । ਇੱਕ ਸਿਪਾਹੀ ਤੱਤਾ ਹੋ ਕੇ ਬੋਲਿਆ, "ਸਾਡੇ ਵੱਲ ਕੀ ਵੇਖਦਾ ਪਿਆ ਏਂ…….?" ਜਾ ਦਫਾ ਹੋ ਜਾ ।
ਡਰਦਾ-ਡਰਦਾ ਦੀਪਾ ਥਾਣੇ ਵਿੱਚੋਂ ਬਾਹਰ ਨਿਕਲ ਗਿਆ ਅਤੇ ਸੋਚਦਾ ਗਿਆ । ਗਰੀਬੀ ਕਿੰਨੀ ਜ਼ਾਲਮ ਹੈ । ਦੀਪੇ ਦੇ ਜਾਣ ਮਗਰੋਂ ਖਿੜ-ਖਿੜ ਕੇ ਹੱਸ ਪਏ ।