ਸੁਣਿਆਂ ਰੱਬ ਦੇ ਨਾਂਮ ਤੇ ਪੱਥਰ ਤਰਦੇ ਨੇ
ਫਿਰ ਵੀ ਤੀਰਥ ਯਾਤਰੀ ਡੁੱਬ ਕੇ ਮਰਦੇ ਨੇ
ਸੁਣਿਆਂ ਰੱਬ ਰਿਜ਼ਕ ਹੈ ਦੇਦਾਂ ਦੁਨੀਆਂ ਨੂੰ
ਫਿਰ ਕਿਉਂ ਮਾੜੇ ਮੰਗਤੇ ਮਿੰਨਤਾ ਕਰਦੇ ਨੇ
ਸੁਣਿਆਂ ਰੱਬ ਧਿਆ ਕੇ ਦੁਖੜੇ ਟੁੱਟਦੇ ਨੇ
ਧਰਮੀ ਬੰਦੇ ਫਿਰ ਕਿਉਂ ਪੀਡ਼ਾਂ ਜਰਦੇ ਨੇ
ਸੁਣਿਆਂ ਰੱਬ ਪਿਓ ਹੈ ਸਾਰੀ ਦੁਨੀਆਂ ਦਾ
ਨਾਮ ਰੱਟਣ ਦੀ ਲੋਡ਼ ਕਿ ਕਾਹਤੋਂ ਡਰਦੇ ਨੇ
ਸੁਣਿਆ ਰੱਬ ਹੈ ਰਾਜੀ ਸੱਚ ਅਹਿਸਾਂ ਵਿੱਚ
ਸ਼ੇਰ ਸੱਪ ਨਾ ਬਾਜ ਕਦੀ ਘਾਹ ਚਰਦੇ ਨੇ
ਸੁਣਿਆ ਰੱਬ ਬਰਾਬਰ ਸੋਚੇ ਸਭਨਾ ਲਈ
ਮਹਿਲਾਂ ਤੇ ਫੁੱਲ,ਕੁਲੀਆਂ ਤੇ ਗੜੇ ਵਰਦੇ ਨੇ
ਸੁਣਿਆਂ ਰੱਬ ਦਾ ਕੋਈ ਵੀ ਰੰਗ ਰੂਪ ਨਹੀ
ਰੱਬ ਵੰਡ ਕੇ ਕਿਉਂ ਫਿਰ ਲੋਕੀ ਲੜਦੇ ਨੇ
ਸੁਣਿਅਾਂ ਰੱਬ ਕਦਰ ਹੈ ਕਰਦਾ ਕਿਰਤੀ ਦੀ
ਜਿੰਦਗੀ ਭਰ ਪਰ ਕਿਰਤੀ ਦੁਖੜੇ ਭਰਦੇ ਨੇ
ਸੁਣਿਆਂ ਰੱਬ ਨੇ ਧਰਤੀ ਉੱਤੇ ਅਾਉਣਾ ਏ
ਬਿੰਦਰਾ ਮਨਾਂ ਤੇ ਛਾਏ ਝੂਠ ਦੇ ਪਰਦੇ ਨੇ