ਅਧਖੜ ਉਮਰ ਦੀ ਚੰਦ ਕੌਰ ਆਪਣੇ ਪਤੀ ਦੇਬੂ ਨਾਲ ਆਪਣੀ ਧੀ ਨੂੰ ਮਿਲਣ ਵਾਸਤੇ ਆਈ। ਧੀ ਸੁੱਖ ਨਾਲ ਚੰਗੇ ਘਰਾਣੇ 'ਚ ਵਿਆਹੀ ਹੋਈ। ਸੋਹਣਾ ਪਰਿਵਾਰ ਤੇ ਮਹਿਲਾਂ ਦੇ ਮਾਲਕ। ਜਿਹੋ ਜਿਹਾ ਉੱਚਾ ਘਰਾਣਾ, ਉਹੋ ਜਿਹੀ ਉੱਚੀ ਤੇ ਨੇਕ ਸੋਚ ਉਸਦੇ ਸਹੁਰੇ ਪਰਿਵਾਰ ਦੀ। ਰਾਣੀਆਂ ਵਾਂਗ ਜਿੰਦਗੀ ਬਸਰ ਕਰਦੀ ਸੀ ਚੰਦ ਕੌਰ ਦੀ ਧੀ ਸਿਮਰਤ। ਨੂੰਹ ਸੱਸ ਦਾ ਰਿਸ਼ਤਾ ਵੀ ਮਾਵਾਂ ਧੀਆਂ ਵਾਂਗ ਸੀ। ਚੰਦ ਕੌਰ ਤੇ ਦੇਬੂ ਦੀ ਚੰਗੀ ਖ਼ਾਤਰਦਾਰੀ ਕੀਤੀ ਤੇ ਗੱਲਾਂ ਬਾਤਾਂ ਸ਼ੁਰੂ ਹੋਈਆਂ ਕਬੀਲਦਾਰੀ ਬਾਰੇ। ਚੰਦ ਕੌਰ ਲੱਗੀ ਬਾਹਾਂ ਮਾਰ-ਮਾਰ ਗੱਲਾਂ ਕਰਨ ਕਿ ਮੈਂ ਵੀ ਆਪਣੀ ਨੂੰਹ ਨੂੰ ਧੀਆਂ ਵਾਂਗ ਰੱਖਦੀ ਹਾਂ। ਬੜਾ ਹੀ ਗੂੜਾ ਪਿਆਰ ਹੈ ਮੇਰਾ ਉਸਦੇ ਨਾਲ। ਸਾਡੀ ਸਾਰੇ ਪਰਿਵਾਰ ਦੀ ਖੁਸ਼ੀ ਤਾਂ ਸਾਡੀ ਨੂੰਹ ਰਾਣੀ ਹੀ ਹੈ। ਸਿਮਰਤ ਦਾ ਪਤੀ ਗੁਰਮੀਤ ਬੜਾ ਖੁਸ਼ ਹੋਇਆ ਆਪਣੀ ਸੱਸ ਦੀ ਨੇਕਦਿਲੀ ਉਪਰ। ਅਚਾਨਕ ਹੀ ਗੁਰਮੀਤ ਨੂੰ ਚੰਦ ਕੌਰ ਦੀ ਨੂੰਹ ਦਾ ਫ਼ੋਨ ਆਇਆ ਤੇ ਕੁਰਲਾ ਰਹੀ ਸੀ ਵਿਚਾਰੀ 'ਮੈਂ ਬੜੀ ਦੁਖ਼ੀ ਹਾਂ ਵੀਰਾ ਇਹਨਾਂ ਦੇ ਘਰ'। ਤਨਖ਼ਾਹ ਮੇਰੀ ਆਪ ਸਾਂਭ ਲੈਂਦਾ ਸਾਰਾ ਟੱਬਰ ਤੇ ਮੇਰੇ ਨਾਲ ਗਾਲੀ ਗਲੋਚ, ਨਘੋਚਾਂ ਇਥੋਂ ਤੱਕ ਕਿ ਮੇਰੀ ਮਾਂ ਨੂੰ ਵੀ ਇਜਾਜ਼ਤ ਨਹੀਂ ਮੈਨੂੰ ਮਿਲਣ ਦੀ। ਗੁਰਮੀਤ ਦੀਆਂ ਅੱਖਾਂ ਨਮ ਹੋ ਗਈਆਂ। ਸੋਚਣ ਲੱਗਾ ਔਰਤ ਦੀ ਅਜ਼ਾਦੀ ਦੇ ਬੜੇ ਵੱਡੇ ਦਾਅਵੇ ਕਰਦੇ ਨੇ ਲੋਕ ਪਰ ਇਥੇ ਤਾਂ ਆਪ ਕਮਾਉਣ ਵਾਲੀ ਪੜ੍ਹੀ ਲਿਖੀ ਔਰਤ ਵੀ ਕੈਦ ਕੱਟ ਰਹੀ ਹੈ ਅਜਿਹੇ ਪਰਿਵਾਰਾਂ ਵਿੱਚ।