ਲੱਖੀ ਮਾਸਟਰ (ਪਿਛਲ ਝਾਤ )

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ   1947 ਦੀ ਵੰਡ  ਤੋਂ ਪਹਿਲੇ ਸਿਆਲਕੋਟ ਦੀ ਹੈ | ਸਾਡੇ ਘਰ ਵਿੱਚ  ਉਸਨੂੰ  ਲੱਖੀ ਮਾਸਟਰ ਦੇ ਨਾਂ ਨਾਲ  ਜਾਣਿਆਂ ਜਾਂਦਾ ਸੀ | ਉਹ   ਸ਼ਹਿਰ  ਦੀ ਮੁਨਿਸਪ੍ਲ ਕਮੇਟੀ  ਵਲੋਂ ਚਲਾਇਆ ਜਾਂਦਾ  ਸਕੂਲ ਸੀ , ਜਿੱਥੇ ਮੈਨੂੰ ਪਹਿਲੀ ਜਮਾਤ ਦਾਖਿਲ ਕਰਵਾਇਆ ਗਿਆ ,  ਉਸ ਸਕੂਲ ਵਿੱਚ ਲੱਖੀ ਮਾਸਟਰ  ਪੜਾਉਂਦਾ ਸੀ | ਉਸ ਦਾ ਪੂਰਾ ਨਾਂ ਮੈਂ ਨਹੀਂ  ਜਾਣਦਾ | ਸਕੂਲ ਘਰ  ਤੋਂ ਦੂਰ ਨਹੀਂ ਸੀ , ਸਾਡੇ ਘਰ ਵਾਲੀ ਗਲੀ ਲੰਘ ਕੇ , ਐਬਕ ਸਾਹਿਬ ਦੀ ਕੋਠੀ ਕੋਲੋਂ ਸੜਕ ਪਾਰ ਕਰਕੇ , ਸੜਕ ਦੇ ਨਾਲ ਨਾਲ   ਐਕ  (ਨਹਿਰ ) ਚਲਦੀ ਸੀ , ਬਸ ਥੋੜੀ ਹੀ ਦੂਰ ਸੜਕ ਕੰਢੇ  ਉਹ ਸਕੂਲ ਸੀ  | ਬਾਕੀ ਸਕੂਲ  ਬਾਰੇ  ਕੁਝ ਯਾਦ ਨਹੀਂ , ਉਹ ਕਿੰਝ ਦਾ ਸੀ , ਕਿਹੜੇ ਕਮਰੇ ਵਿੱਚ ਮੈਂ ਪੜਦਾ ਸੀ , ਕੀ ਪੜਦਾ ਸੀ  ਅਤੇ ਕੌਣ ਪੜਾਉਂਦਾ ਸੀ | ਲੱਖੀ ਮਾਸਟਰ ਦਾ  ਕੁਝ ਯਾਦ ਜਿਹਾ ਆਉਂਦਾ ਹੈ , ਸ਼ਾਇਦ  ਉਹ ਜਮਾਤ ਵਿੱਚ ਕੁਰਸੀ ‘ਤੇ ਬੈਠਾ ਹੁੰਦਾ ਸੀ | ਇਹ ਯਾਦ ਹੈ ਕਿ ਮੇਰੀ ਨਾਨੀ ਜੋ ਸਾਡੇ ਨਾਲ ਰਹਿੰਦੀ ਸੀ , ਮੈਨੂੰ ਸਕੂਲੇ ਛੱਡ ਆਉਂਦੀ ਸੀ ਅਤੇ ਛੁੱਟੀ ਹੋਣ ‘ਤੇ  ਸਕੂਲੋਂ ਲੈ ਆਉਂਦੀ ਸੀ | ਕਦੋਂ ਅਤੇ ਕਿੰਝ ਮੈਨੂੰ ਪਹਿਲੀ ਜਮਾਤ ਤੋਂ ਦੂਸਰੀ ਵਿੱਚ ਕਰ ਦਿੱਤਾ , ਮੈਨੂੰ  ਚੇਤੇ  ਨਹੀਂ , ਕਿਉਂ ਕਿ ਉਸ ਸਮੇਂ ਮੈਂ  ਕੀ ਪੜਿਆ  ,   ਮੈਨੂੰ  ਯਾਦ ਹੀ ਨਹੀਂ ਰਿਹਾ  | ਦੂਸਰੀ  ਜਮਾਤ ਪੂਰੀ ਨਹੀਂ ਹੋਈ ਸੀ ਕਿ ,ਦੇਸ਼ ਦੀ ਵੰਡ ਹੋ ਗਈ , ਨਹਿਰੂ  ਅਤੇ ਜਿੰਨਾਹ ਜੋ ਚਾਉਂਦੇ  ਸੀ ਉਹਨਾਂ ਨੂੰ ਮਿਲ ਗਿਆ ਅਤੇ ਸਾਡੇ ਵਰਗੇ  ਲੱਖਾਂ  ਲੋਗਾਂ  ਕੋਲ ਜੋ ਸੀ , ਸਭ ਕੁਝ ਗਵਾ ਲਿਆ |
ਲੱਖੀ ਮਾਸਟਰ  ਕੁੜਤਾ , ਪਜਾਮਾ  ਪਾਉਂਦਾ ਸੀ , ਅਧਖੜ  ਉਮਰ ਦਾ ਲਗਦਾ ਸੀ , ਸਿੱਦਾ  ਜਿਹਾ , ਗਰੀਬੜਾ ਜਿਹਾ | ਵੱਡੇ ਹੋਏ ਤਾਂ ਜਾ ਕੇ ਪੱਤਾ ਲੱਗਾ ਕਿ  ਉਸ ਸਮੇਂ ਮਾਸਟਰਾਂ ਦੀ ਆਰਥਿਕ  ਹਾਲਤ ਬੜੀ ਮਾੜੀ ਹੁੰਦੀ ਸੀ  ਅਤੇ ਤਨਖਾ  ਬਹੁਤ ਮਾਮੂਲੀ ਜਹੀ | ਉਹ ਰੋਜ਼ ਸ਼ਾਮ ਨੂੰ ਸਾਡੇ  ਘਰ ਆਉਂਦਾ  , ਉਸਦੇ ਹਥ ਵਿਚ ਇੱਕ ਗੜਵੀ  ਹੁੰਦੀ ਸੀ , ਮੇਰੇ ਘਰ ਵਾਲੇ ਉਸਨੂੰ ਬੈਠਕ ਵਿੱਚ ਬਿਠਾਉਂਦੇ , ਉਹ ਮੈਨੂੰ ਆਵਾਜ਼ ਮਾਰਦਾ , ਮੈਂ  ਕਿਤਾਬ /ਕਾਇਦਾ  ਲੈ ਕੇ ਉਸ ਕੋਲ ਆ  ਖੜਾ ਹੁੰਦਾ |  ਮੈਨੂੰ  ਕੁਝ ਸਮੇਂ  ਪੜਾਉਂਦਾ , ਮੈਂ  ਕੀ ਪੜਦਾ ਅਤੇ ਉਹ ਕੀ  ਪੜਾਉਂਦਾ  ,ਮੇਰੇ ਦਿਮਾਗ ਵਿੱਚੋਂ ਸਭ ਮਿੱਟ ਚੁੱਕਿਆ ਹੈ। ਬਸ ਇਹਨਾਂ ਯਾਦ ਹੈ ਕਿ  ਮੇਰੇ ਘਰ ਵਾਲੇ ਉਸ ਸਾਹਮਣੇਂ  ਇੱਕ ਲੱਸੀ  ਦਾ  ਵੱਡਾ  ਗਲਾਸ   ਰੱਖਦੇ , ਜੋ ਉਹ  ਪੀ ਜਾਂਦਾ  ਅਤੇ ਨਾਲ ਲਿਆਂਦੀ ਗੜਵੀ  ਲੱਸੀ ਨਾਲ ਭਰਵਾ ਕੇ ਲੈ ਜਾਂਦਾ । ਇਹ ਉਸਦਾ ,ਘਰ ਆਕੇ ਮੈਨੂੰ ਪੜਾਉਣ ਦਾ ਅਤੇ ਸਕੂਲ ਵਿੱਚ ਮੇਰਾ ਲਿਹਾਜ਼ ਅਤੇ ਖਿਆਲ ਰੱਖਣ ਦਾ ਮਿਹਨਤਾਨਾ  ਸੀ । ਜੋ ਵੀ ਮੈਂ ਦੇਸ਼ ਦੀ ਵੰਡ ਤੋਂ ਪਹਿਲੇ ਪੜਿਆ ,ਸਭ ਵੰਡ ਦੇ ਨਾਲ ਹੀ ਨਸ਼ਟ  ਹੋ ਗਿਆ  ਕਿਉਂ ਕੇ ਸ਼ਰਨਾਰਥੀ  ਬਨਣ ਤੋਂ ਬਾਅਦ ਮੈਂ ਫਿਰ ਪਹਿਲੀ ਜਮਾਤ  ਵਿੱਚ ਹੀ ਦਾਖਿਲ ਹੋਇਆ । ਲੱਖੀ ਮਾਸਟਰ ਅਤੇ ਉਸਦੀ ਲੱਸੀ  ਅਜੇ ਤੱਕ ਯਾਦ ਹੈ ।