ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਸੇ ਪਹਿਲੇ,
ਖੁਦਾ ਬੰਦੇ ਸੇ ਪੂਛੇ
ਯਹ ਬਤਾ ਤੇਰੀ ਰਜ਼ਾ ਕਿਆ ਹੈ। ਇਕਬਾਲ
ਪ੍ਰਮਾਤਮਾ ਨੇ ਮਨੁੱਖ ਨੂੰ ਤੀਖਣ ਬੁੱਧੀ, ਭਾਸ਼ਾ ਦੀ ਸੁਗਾਤ ਅਤੇ ਹੋਰ ਬਹੁਤ ਸਾਰੀ ਸ਼ਕਤੀ, ਸਿਆਣਪ ਅਤੇ ਸਾਧਨ ਦੇ ਕੇ ਇਸ ਧਰਤੀ ਤੇ ਭੇਜਿਆ ਹੈ। ਇਹ ਸਭ ਦਾਤਾਂ ਮਨੁੱਖ ਨੂੰ ਦੂਸਰੇ ਜੀਵਾਂ ਤੋਂ ਉੱਤਮ ਅਤੇ ਅੱਡਰਾ ਦਰਸਾਉਂਦੀਆਂ ਹਨ। ਇਸ ਤੋਂ ਇਲਾਵਾ ਹਰ ਮਨੁੱਖ ਨੂੰ ਕੋਈ ਨਾ ਕੋਈ ਵਿਲੱਖਣ ਗੁਣ ਵੀ ਦਿੱਤਾ ਹੈ, ਜਿਸ ਨਾਲ ਉਹ ਇਸ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾ ਸੱਕਦਾ ਹੈ। ਪਰਮਾਤਮਾ ਨੇ ਹਰ ਮਨੁੱਖ ਨੂੰ ਹੀਰਾ ਬਣਾਇਆ ਹੈ ਪਰ ਚਮਕਦਾ ਉਹ ਹੀ ਹੈ ਜੋ ਤਰਾਸ਼ੇ ਜਾਣ ਦੀ ਹੱਦ ਵਿਚੋਂ ਗੁਜ਼ਰਦਾ ਹੈ।ਮੁਸ਼ਕਲ ਇਹ ਹੈ ਕਿ ਮਨੁੱਖ ਨੂੰ ਆਪਣੇ ਆਪ ਤੇ ਹੀ ਭਰੋਸਾ ਨਹੀਂ। ਜੇ ਉਹ ਆਪਣੇ ਆਪ ਤੇ ਭਰੋਸਾ ਰੱਖੇ ਤਾਂ ਕਈ ਕ੍ਰਿਸ਼ਮੇ ਕਰ ਕੇ ਦਿਖਾ ਸੱਕਦਾ ਹੈ।ਸਫ਼ਲ ਮਨੁੱਖ ਉਹ ਹੀ ਹੈ ਜੋ ਲਗਾਤਾਰ ਆਪਣਾ ਮੁਲਅੰਕਣ ਕਰ ਕੇ ਆਪਣਾ ਸੁਧਾਰ ਕਰਦਾ ਰਹਿੰਦਾ ਹੈ। ਸਭ ਤੋਂ ਦੁਖੀ ਮਨੁੱਖ ਉਹ ਹੈ ਜੋ ਲਗਾਤਾਰ ਦੂਜੇ ਦਾ ਮੁਲਅੰਕਣ ਕਰ ਕੇ ਉਸ ਦੀਆਂ ਗਲਤੀਆਂ ਕਢਦਾ ਰਹਿੰਦਾ ਹੈ। ਦੂਸਰੇ ਬਾਰੇ ਚੰਗੀ ਜਾਂ ਮਾੜੀ ਰਾਇ ਬਣਾਉਣ ਤੋਂ ਪਹਿਲਾਂ ਖੁਦ ਨੂੰ ਸਮਝਣਾ ਚਾਹੀਦਾ ਹੈ। ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲੈਣਾ ਚਾਹੀਦਾ ਹੈ ਕਿ ਅਸੀਂ ਖੁਦ ਕਿੰਨੇ ਕੁ ਚੰਗੇ ਜਾਂ ਮਾੜੇ ਹਾਂ।
ਕਈ ਮਨੁੱਖ ਹਰ ਔਖੀ ਘੜੀ ਵਿਚ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ। ਉਹ ਚੰਗੀ ਕਿਸਮਤ ਦੀ ਆਸ ਵਿਚ ਸਾਰੀ ਉਮਰ ਹਨੇਰਾ ਹੀ ਢੋਂਦੇ ਰਹਿੰਦੇ ਹਨ। ਉਹ ਕਿਸੇ ਸਵਰਗ ਦੀ ਆਸ ਵਿਚ ਆਪਣਾ ਵਰਤਮਾਨ ਵੀ ਨਰਕ ਬਣਾ ਲੈਂਦੇ ਹਨ।ਪਰ ਕਿਸਮਤ ਉਨ੍ਹਾਂ ਦੀ ਹੀ ਸਾਥ ਦਿੰਦੀ ਹੈ ਜੋ ਆਪਣੇ ਆਤਮ-ਬਲ ਤੇ ਵਿਸ਼ਵਾਸ਼ ਰੱਖਦੇ ਹਨ ਅਤੇ ਹੌਸਲੇ ਨਾਲ ਸੰਕਟ ਦਾ ਸਾਹਮਣਾ ਕਰਦੇ ਹਨ ਅਤੇ ਆਪਣੀ ਮੰਜ਼ਿਲ ਵਲ ਵਧਦੇ ਹਨ। ਹੌਸਲੇ ਵਾਲਾ ਮਨੁੱਖ ਕਦੀ ਬਦਕਿਸਮਤ ਨਹੀਂ ਹੋ ਸੱਕਦਾ। ਉਹ ਹਰ ਤੂਫ਼ਾਨ ਵਿਚੋਂ ਆਪਣਾ ਰਸਤਾ ਬਣਾ ਹੀ ਲੈਂਦਾ ਹੈ। ਜ਼ਿੰਦਗੀ ਕਦੀ ਕਿਸੇ ਦੀ ਵੀ ਆਸਾਨ ਨਹੀਂ ਹੁੰਦੀ। ਜ਼ਿੰਦਗੀ ਨੂੰ ਆਸਾਨ ਬਣਾਉਣਾ ਪੈਂਦਾ ਹੈ, ਕੁਝ ਨਜ਼ਰ ਅੰਦਾਜ਼ ਕਰਕੇ, ਕੁਝ ਬਰਦਾਸ਼ਤ ਕਰ ਕੇ ਅਤੇ ਸਹੀ ਸਮੇਂ ਸਹੀ ਫ਼ੈਸਲੇ ਲੈ ਕੇ। ਸਾਨੂੰ ਜ਼ਿੰਦਗੀ ਵਿਚ ਬਹੁਤ ਸੋਹਲ, ਡਰਪੋਕ ਜਾਂ ਵਹਿਮੀ ਨਹੀਂ ਹੋਣਾ ਚਾਹੀਦਾ।ਹਰ ਸਮੇਂ ਕਿਸੇ ਆਉਣ ਵਾਲੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।
ਕੋਈ ਨਵਾਂ ਕੰਮ ਕਰਨ ਲੱਗੇ ਅਸਫ਼ਲਤਾ ਜਾਂ ਮੁਸ਼ਕਲਾਂ ਤੋਂ ਨਹੀਂ ਡਰਨਾ ਚਾਹੀਦਾ। ਕਾਮਯਾਬ ਲੋਕਾਂ ਦੀ ਸਾਰੇ ਕਦਰ ਕਰਦੇ ਹਨ। ਉਨ੍ਹਾਂ ਦੇ ਗੁਣ ਗਾਉਂਦੇ ਹਨ ਅਤੇ ਉਨ੍ਹਾਂ ਦੀ ਤਰ੍ਹਾਂ ਹੀ ਜ਼ਿੰਦਗੀ ਵਿਚ ਸਫ਼ਲ ਹੋਣਾ ਚਾਹੁੰਦੇ ਹਨ ਪਰ ਕਈ ਲੋਕ ਅਸਫ਼ਲਤਾ ਜਾਂ ਮਿਹਨਤ ਤੋਂ ਘਭਰਾਉਂਦੇ ਹਨ। ਯਾਦ ਰੱਖੋ ਕਿ ਹਰ ਅਧਿਆਪਕ ਕਦੀ ਵਿਦਿਆਰਥੀ ਹੀ ਸੀ। ਹਰ ਜੇਤੂ ਪਹਿਲਾਂ ਹਾਰਨ ਵਾਲਾ ਹੀ ਸੀ। ਹਰ ਪ੍ਰਵੀਨ ਬੰਦਾ ਪਹਿਲਾਂ ਸਿਖਾਂਦੜੂ ਹੀ ਸੀ। ਸਾਰਿਆਂ ਨੇ ਪਹਿਲਾਂ 'ਸਿਖਿਆਰਥੀ' ਦਾ ਪੁੱਲ ਪਾਰ ਕੀਤਾ ਤਾਂ ਹੀ ਉਹ ਅੱਜ ਵਾਲੇ ਸਥਾਨ ਤੇ ਬਿਰਾਜਮਾਨ ਹੋਏ। ਹਰ ਨਵੇਂ ਕੰਮ ਨੂੰ ਕੋਈ ਨਾ ਕੋਈ ਪਹਿਲੀ ਵਾਰੀ ਸ਼ਰੂ ਕਰਦਾ ਹੀ ਹੈ। ਹਮੇਸ਼ਾਂ ਆਪਣੇ ਆਤਮ-ਬਲ ਤੇ ਹੀ ਭਰੋਸਾ ਰੱਖੋ। ਦੂਸਰਿਆਂ ਦੇ ਮੁਥਾਜ ਨਾ ਰਹੋ। ਆਪਣੀ ਅੰਦਰਲੀ ਸ਼ਕਤੀ ਨੂੰ ਪਛਾਣੋ। ਉਸ ਨੂੰ ਇਕੱਠਾ ਕਰੋ ਅਤੇ ਮੁਸੀਬਤ ਦਾ ਡਟ ਕੇ ਮੁਕਾਬਲਾ ਕਰੋ। ਪ੍ਰਮਾਤਮਾ ਵੀ ਤੁਹਾਡਾ ਸਾਥ ਦੇਵੇਗਾ ਅਤੇ ਤੁਸੀਂ ਮੁਸੀਬਤ ਵਿਚੋਂ ਜੇਤੂ ਬਣ ਕੇ ਨਿਕਲੋਗੇ।
ਜ਼ਿੰਦਗੀ ਵਿਚ ਆਪਣੀਆਂ ਇੱਛਾਵਾਂ ਆਪਣੀ ਯੋਗਤਾ ਅਤੇ ਸਾਧਨਾ ਅਨੁਸਾਰ ਹੀ ਰੱਖੋ। ਨਹੀਂ ਤੇ ਤੁਹਾਡੀਆਂ ਇਛਾਵਾਂ ਕਦੀ ਪੂਰੀਆਂ ਨਹੀਂ ਹੋ ਸੱਕਣਗੀਆਂ। ਅੰਤ ਤੁਹਾਡੇ ਪੱਲੇ ਨਿਰਸ਼ਾ ਹੀ ਪਵੇਗੀ। ਜ਼ਰੂਰਤਾ ਕਿਸੇ ਦੀਆਂ ਵੀ ਪੂਰੀਆਂ ਹੋ ਸਕੱਦੀਆਂ ਹਨ ਪਰ ਤ੍ਰਿਸ਼ਨਾ ਇਕ ਰਾਜੇ ਦੀ ਵੀ ਅਧੂਰੀ ਰਹਿ ਸੱਕਦੀ ਹੈ। ਕਦੀ ਕਿਸਮਤ ਜਾਂ ਪਰਾਈ ਆਸ ਦੇ ਭਰੋਸੇ ਨਾ ਰਹੋ। ਤੁਹਾਡਾ ਕਰਮ ਹੀ ਤੁਹਾਡੀ ਕਿਸਮਤ ਬਣਾਉਂਦਾ ਹੈ। ਕਦੀ ਇਹ ਨਾ ਸੋਚੋ ਕਿ ਕੋਈ ਕ੍ਰਿਸ਼ਮਾ ਹੋਵੇਗਾ ਅਤੇ ਰਾਤੋ ਰਾਤ ਤੁਹਾਡੀ ਕਿਸਮਤ ਬਦਲ ਜਾਵੇਗੀ ਅਤੇ ਤੁਸੀਂ ਧਨਵਾਨ ਬਣ ਜਾਵੋਗੇ ਅਤੇ ਸਭ ਸੁੱਖ ਸਹੂਲਤਾਂ ਤੁਹਾਡੇ ਪੈਰਾਂ ਹੇਠਾਂ ਹੋਣਗੀਆਂ। ਦੂਸਰਿਆਂ ਦੇ ਆਸਰੇ ਜ਼ਿੰਦਗੀ ਜੀਣਾ ਛੱਡੋ। ਦੁਸਰਿਆਂ ਤੇ ਨਿਰਭਰ ਰਹਿਣ ਨਾਲ ਆਪਣਾ ਆਤਮ-ਬਲ ਕਮਜ਼ੋਰ ਹੁੰਦਾ ਹੈ। ਹੋ ਸੱਕਦਾ ਹੈ ਅਗਲਾ ਤੁਹਾਨੂੰ ਉੱਪਰ ਚਾੜ੍ਹ ਕੇ ਥੱਲਿਓ ਪੌੜੀ ਖਿੱਚ ਲਏ। ਇਸ ਲਈ ਆਪਣੀ ਮਦਦ ਆਪ ਕਰਨਾ ਸਿੱਖੋ। ਆਪਣੀ ਜ਼ਿੰਦਗੀ ਦੀ ਕਿਸ਼ਤੀ ਦੇ ਮਲਾਹ ਆਪ ਬਣੋ। ਦੂਜਾ ਮਲਾਹ ਮੰਝਧਾਰ ਵਿਚ ਲਿਜਾ ਕੇ ਤੁਹਾਡੀ ਬੇੜੀ ਡੋਬ ਵੀ ਸੱਕਦਾ ਹੈ। ਉਹ ਤੁਹਾਨੂੰ ਅੱਧਵਾਟੇ ਦਗਾ ਵੀ ਦੇ ਸੱਕਦਾ ਹੈ। ਦੂਸਰੇ ਦੇ ਮੋਢੇ ਦਾ ਸਹਾਰਾ ਲੈਣਾ ਛੱਡ ਦਿਓ।ਪਰਾਈ ਸ਼ਕਤੀ ਨਾਲ ਤੁਸੀਂ ਕਦੀ ਜ਼ਿੰਦਗੀ ਦੀ ਦੌੜ ਨਹੀਂ ਜਿੱਤ ਸੱਕਦੇ। ਜੇ ਤੁਸੀਂ ਖ਼ੁਦ ਖਾਵੋਗੇ ਤਾਂ ਹੀ ਤੁਹਾਡੀ ਭੁੱਖ ਮਿਟੇਗੀ। ਦੂਸਰੇ ਦੇ ਖਾਣ ਨਾਲ ਤੁਹਾਡੀ ਭੁੱਖ ਨਹੀਂ ਮਿਟਣੀ।ਇਸ ਲਈ ਆਪਣੇ ਚਾਣਨ ਮੁਨਾਰੇ ਆਪ ਬਣੋ। ਤੁਹਾਨੂੰ ਆਪਣੇ ਹਨੇਰੇ ਆਪ ਹੀ ਦੂਰ ਕਰਨੇ ਪੈਣਗੇ। ਇਸ ਸੱਚਾਈ ਨੂੰ ਸਮਝੋਗੇ ਤਾਂ ਹੀ ਤੁਹਾਨੂੰ ਰੋਸ਼ਨੀ ਮਿਲੇਗੀ ਅਤੇ ਤੁਹਾਨੂੰ ਅਗਲਾ ਰਸਤਾ ਨਜ਼ਰ ਆਵੇਗਾ, ਨਹੀਂ ਤੇ ਤੁਸੀਂ ਹਨੇਰੇ ਵਿਚ ਹੀ ਭਟਕਦੇ ਰਹੋਗੇ। ਜੋ ਖ਼ੁਸ਼ੀ ਤੁਹਾਨੂੰ ਆਪਣੇ ਫੈਸਲੇ ਨਾਲ ਪ੍ਰਾਪਤ ਕੀਤੀ ਹੋਈ ਸਫ਼ਲਤਾ ਨਾਲ ਮਿਲ ਸੱਕਦੀ ਹ ੈਉਹ ਦੂਸਰੇ ਦੇ ਫੈਸਲੇ ਜਾਂ ਦੂਸਰੇ ਦੀ ਸਫ਼ਲਤਾ ਨਾਲ ਨਹੀਂ ਮਿਲ ਸੱਕਦੀ। ਦੂਸਰੇ ਤੇ ਕੋਈ ਉਮੀਦ ਰੱਖਣ ਤੋਂ ਪਹਿਲਾਂ ਦੂਸਰੇ ਦੀਆਂ ਉਮੀਦਾਂ ਤੇ ਖਰਾ ਉਤਰਨਾ ਵੀ ਸਿੱਖੋ।
ਜਦ ਅਸੀਂ ਰੱਬ ਅੱਗੇ ਆਪਣੇ ਦੁੱਖ ਦੂਰ ਕਰਨ ਦੀ ਅਰਦਾਸ ਕਰਦੇ ਹਾਂ ਤਾਂ ਇਕ ਤਰ੍ਹਾਂ ਅਸੀਂ ਆਪਣੇ ਅੰਦਰ ਉਸ ਦੁੱਖ ਨਾਲ ਜਾਂ ਔਖੀ ਘੜੀ ਨਾਲ ਨਿਪਟਣ ਦੀ ਊਰਜਾ ਇਕੱਠੀ ਕਰ ਰਹੇ ਹੁੰਦੇ ਹਾਂ। ਭਾਵ ਆਪਣੇ ਅੰਦਰ ਸੰਕਟ ਦੀ ਘੜੀ ਨਾਲ ਨਿਪਟਣ ਦਾ ਹੌਸਲਾ ਪੈਦਾ ਕਰ ਰਹੇ ਹੁੰਦੇ ਹਾਂ। ਰੱਬ ਕਦੀ ਵੀ ਆਪ ਸਾਡੀ ਮਦਦ ਕਰਨ ਲਈ ਸਿੱਧਾ ਸਾਹਮਣੇ ਨਹੀਂ ਆਉਂਦਾ। ਉਹ ਜੋ ਵੀ ਕੰਮ ਕਰਦਾ ਹੈ ਬੰਦਿਆਂ ਰਾਹੀਂ ਹੀ ਕਰਦਾ ਹੈ। ਉਹ ਹੀ ਸਾਡੇ ਅੰਦਰ ਔਖੀ ਘੜੀ ਨੂੰ ਨਿਪਟਣ ਦੀ ਸ਼ਕਤੀ ਪੈਦਾ ਕਰਦਾ ਹੈ ਜਾਂ ਸਾਡੀ ਮਦਦ ਲਈ ਕਿਸੇ ਦੂਸਰੇ ਬੰਦੇ ਨੂੰ ਭੇਜਦਾ ਹੈ ਜਾਂ ਕੋਈ ਹੋਰ ਵਸੀਲਾ ਬਣਾਉਂਦਾ ਹੈ।ਬੇਸ਼ੱਕ ਦੂਸਰੇ ਦੇ ਹੌਸਲਾ ਦੇਣ ਨਾਲ ਜਾਂ ਮਦਦ ਕਰਨ ਨਾਲ ਸਾਡੇ ਅੰਦਰ ਦੁੱਖ ਸਹਿਣ ਦੀ ਸ਼ਕਤੀ ਮਿਲਦੀ ਹੈ। ਅਸੀਂ ਅਸਾਨੀ ਨਾਲ ਉਸ ਔਖੀ ਘੜੀ ਵਿਚੋਂ ਗੁਜ਼ਰ ਜਾਂਦੇ ਹਾਂ ਪਰ ਜੇ ਸਾਡੇ ਉੱਤੇ ਕੋਈ ਕਸ਼ਟ ਆਇਆ ਹੈ ਜਾਂ ਕੋਈ ਸੱਟ ਲੱਗੀ ਹੈ ਤਾਂ ਉਸ ਦਾ ਦਰਦ ਸਾਨੂੰ ਆਪਣੇ ਪਿੰਡੇ ਤੇ ਹੀ ਭੁਗਤਨਾ ਪੈਂਦਾ ਹੈ।
ਪਰਾਇਆ ਗਹਿਣਾ ਪਾਇਆ ਅਤੇ ਆਪਣਾ ਰੂਪ ਗਵਾਇਆ। ਝੂਠੀ ਸ਼ਾਨ ਦਿਖਾਣਾ ਅਤੇ ਉਧਾਰ ਚੁੱਕ ਕੇ ਫ਼ਾਲਤੂ ਖਰਚੇ ਕਰਨੇ ਗਲਤ ਹੈ। ਆਪਣੇ ਸਾਧਨਾ ਨਾਲ ਹੀ ਆਪਣਾ ਕੰਮ ਸਵਾਰੋ। ਚਾਦਰ ਦੇਖ ਕੇ ਪੈਰ ਪਸਾਰੋ, ਨਹੀਂ ਤਾਂ ਕੱਲ ਨੂੰ ਮੁਸ਼ਕਲ ਬਣੇਗੀ । ਇਕ ਵਾਰੀ ਕਰਜ਼ੇ ਹੇਠ ਦੱਬੇ ਇਨਸਾਨ ਲਈ ਫਿਰ ਤੋਂ ਉੱਠਣਾ ਮੁਸ਼ਕਲ ਹੁੰਦਾ ਹੈ।ਜਿੰਨ੍ਹਾਂ ਉਹ ਇਸ ਭਾਰ ਹੇਠੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਉਨੀ ਹੀ ਕਰਜ਼ੇ ਦੀ ਪੰਡ ਦਿਨ ਬਦਿਨ ਭਾਰੀ ਹੁੰਦੀ ਜਾਂਦੀ ਹੈ। ਕਰਜ਼ਈ ਮਨੁੱਖ ਕਦੀ ਸਿਰ ਚੁੱਕ ਕੇ ਇਜ਼ੱਤ ਨਾਲ ਸਮਾਜ ਵਿਚ ਨਹੀਂ ਵਿਚਰ ਸੱਕਦਾ।
ਜੇ ਤੁਸੀਂ ਬਾਲਗ ਹੋ ਗਏ ਹੋ ਤਾਂ ਆਪਣੀਆਂ ਜ਼ਿਮੇਵਾਰੀਆਂ ਆਪ ਚੁੱਕਣੀਆਂ ਸਿੱਖੋ। ਆਪਣਾ ਭਾਰ ਆਪਣਿਆਂ ਮੋਢਿਆਂ ਤੇ ਚੁੱਕੋ।ਹਰ ਸਮੇਂ ਆਪਣੇ ਆਪ ਨੂੰ ਛੋਟਾ ਸਮਝ ਕੇ ਕੰਮ ਤੋਂ ਕੰਨੀ ਨਾ ਕਤਰਾਉਂਦੇ ਰਹੋ। ਆਪਣੇ ਫੈਸਲੇ ਆਪ ਕਰਨਾ ਸਿੱਖੋ ਇਸ ਨਾਲ ਤੁਹਾਡਾ ਆਤਮ ਬਲ ਵਧੇਗਾ। ਜੇ ਕਿਧਰੇ ਕੋਈ ਨਤੀਜਾ ਗਲਤ ਵੀ ਹੋ ਗਿਆ ਤਾਂ ਵੀ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰੋ। ਕਿਉਂਕਿ ਇਹ ਤੁਹਾਡੇ ਆਪਣੇ ਫੈਸਲੇ ਦਾ ਨਤੀਜਾ ਹੈ। ਜ਼ਿੰਦਗੀ ਵਿਚ ਘਾਟੇ ਵਾਧੇ ਤਾਂ ਚਲਦੇ ਹੀ ਰਹਿੰਦੇ ਹਨ। ਜੋ ਘਾਟਾ ਸਹਿਣਾ ਨਹੀਂ ਜਾਣਦਾ ਉਹ ਜ਼ਿੰਦਗੀ ਵਿਚ ਵਾਧੇ ਦਾ ਵੀ ਆਨੰਦ ਨਹੀਂ ਮਾਣ ਸੱਕਦਾ। ਬੱਚਾ ਡਿੱਗ ਡਿੱਗ ਕੇ ਹੀ ਵੱਡਾ ਹੁੰਦਾ ਹੈ। ਬੰਦਾ ਬਦਾਮ ਖਾਣ ਨਾਲ ਸਿਆਣਾ ਨਹੀਂ ਬਣਦਾ, ਸਗੋਂ ਠੋਕ੍ਹਰਾਂ ਖਾ ਕੇ ਸਿਆਣਾ ਬਣਦਾ ਹੈ। ਤੁਸੀਂ ਵੀ ਇਕ ਦਿਨ ਸਿਆਣੇ ਬਣ ਜਾਵੋਗੇ। ਉਮਰ ਦੇ ਨਾਲ ਤੁਹਾਡਾ ਤਜ਼ਰਬਾ ਵੀ ਵਧੇਗਾ ਅਤੇ ਤੁਹਾਡੀ ਸਿਆਣਪ ਵਿਚ ਵਾਧਾ ਹੋਵੇਗਾ। ਬਜ਼ੁਰਗੀ ਤਕ ਪਹੁੰਚਦਿਆਂ ਤੁਹਾਡੇ ਕੋਲ ਤਜ਼ਰਬੇ ਦਾ ਅਥਾਹ ਖ਼ਜ਼ਾਨਾ ਹੋਵੇਗਾ। ਆਉਣ ਵਾਲੀ ਪੀੜ੍ਹੀ ਤੁਹਾਡੇ ਤੋਂ ਲਾਭ ਉਠਾਵੁਗੀ ਅਤੇ ਤੁਹਾਡੀ ਇੱਜ਼ਤ ਵਧੇਗੀ। ਤੁਸੀਂ ਆਪਣੇ ਪਰਿਵਾਰ ਅਤੇ ਸਮਾਜ ਵਿਚ ਫੌਜ ਦੇ ਕਮਾਂਡਰ ਦੀ ਤਰ੍ਹਾਂ ਵਿਚਰੋਗੇ।
ਬਾਲਗ ਹੋਣ ਤੇ ਪਹਿਲਾਂ ਇਹ ਫੈਸਲਾ ਕਰੋ ਕਿ ਤੁਹਾਡੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ। ਫਿਰ ਦੇਖੋ ਕਿ ਕੀ ਗ਼ਲਤ ਅਤੇ ਕੀ ਠੀਕ ਹੈ। ਉਸ ਹਿਸਾਬ ਸਿਰ ਹੀ ਆਪਣੀ ਜ਼ਿੰਦਗੀ ਖ਼ੁਦ ਜੀਓ। ਐਂਵੇਂ ਐਧਰ ਉੱਧਰ ਹੀ ਨਾ ਭਟਕਦੇ ਰਹੋ। ਜੋ ਐਧਰ ਉੱਧਰ ਭਟਕਦੇ ਹਨ ਉਹ ਕਿਧਰੇ ਵੀ ਨਹੀਂ ਪਹੁੰਚਦੇ। ਉਹ ਰਸਤੇ ਦੇ ਵਿਚਕਾਰ ਹੀ ਗੁਆਚ ਜਾਂਦੇ ਹਨ । ਉਹ ਦੁਨੀਆਂ ਵਿਚ ਹੋਏ ਨਾ ਹੋਏ ਇਕ ਬਰਾਬਰ ਹੀ ਹਨ। ਤੁਸੀਂ ਸਿੱਧਾ ਆਪਣੇ ਨਿਸ਼ਾਨੇ ਵਲ ਵਧੋ ਅਤੇ ਜ਼ਿੰਦਗੀ ਵਿਚ ਕੁਝ ਕਰ ਕੇ ਦਿਖਾਓ ਤਾਂ ਹੀ ਤੁਹਾਡੀ ਜ਼ਿੰਦਗੀ ਸਫ਼ਲ ਹੋਵੇਗੀ।
ਪੰਛੀ ਉਤਨਾ ਹੀ ਉੱਪਰ ਉੱਡ ਸੱਕਦਾ ਹੈ ਜਿੰਨੀ ਉਸ ਦੇ ਖੰਭਾਂ ਵਿਚ ਜਾਨ ਹੈ। ਇਕ ਵਾਰੀ ਇਕ ਗਿੱਦੜ ਨੇ ਕਿਹਾ-ਮਾਂ ਮੈਂ ਮੀਟ ਖਾਣਾ ਹੈ। ਮਾਂ ਨੇ ਕਿਹਾ-ਪਹਿਲਾਂ ਆਪਣਾ ਤਾਂ ਬਚਾ ਲੈ। ਕਈ ਲੋਕ ਆਪਣੀ ਕਾਬਲੀਅਤ ਅਤੇ ਸ਼ਕਤੀ ਦੀਆਂ ਬਹੁਤ ਫ਼ੜ੍ਹਾਂ ਮਾਰਦੇ ਹਨ ਪਰ ਜਦ ਕੋਈ ਚੁਣੌਤੀ ਸਾਹਮਣੇ ਆਉਂਦੀ ਹੈ ਤਾਂ ਚਲਾਕੀਆਂ ਕਰਨ ਲੱਗ ਪੈਂਦੇ ਹਨ। ਮੁਆਫੀ ਗਲਤੀਆਂ ਦੀ ਹੁੰਦੀ ਹੈ, ਚਲਾਕੀਆਂ ਦੀ ਨਹੀਂ। ਇਸ ਲਈ ਹਮੇਸ਼ਾਂ ਆਪਣੀ ਔਕਾਤ ਦੇਖ ਕੇ ਗਲ ਕਰੋ। ਬਹੁਤੀਆਂ ਫੜ੍ਹਾਂ ਨਾ ਮਾਰੋ, ਨਹੀਂ ਤੇ ਲੋਕ ਤੁਹਾਡੇ ਤੇ ਹੱਸਣਗੇ। ਉਨ੍ਹਾਂ ਦਾ ਤੁਹਾਡੇ ਉੱਤੋਂ ਵਿਸ਼ਵਾਸ਼ ਉੱਠ ਜਾਵੇਗਾ।ਹਮੇਸ਼ਾਂ ਕਰਮਯੋਗੀ ਬਣੋ। ਵਹਿਮ ਅਤੇ ਅੰਧ ਵਿਸ਼ਵਾਸ਼ ਦੇ ਹਨੇਰੇ ਵਿਚ ਨਾ ਭਟਕੋ। ਹੱਥ ਦੀਆਂ ਲਕੀਰਾਂ ਨਾਲ ਜ਼ਿੰਦਗੀ ਨਹੀ ਚਲਦੀ। ਜ਼ਿੰਦਗੀ ਸਫ਼ਲ ਬਣਾਉਣ ਵਿਚ ਸਾਡਾ ਆਪਣਾ ਵੀ ਬਹੁਤ ਹੱਥ ਹੁੰਦਾ ਹੈ। ਕਈ ਵਾਰੀ ਅਸੀਂ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਸ਼ੁਭ ਸਥਾਨ ਦੇਖਦੇ ਹਾਂ ਅਤੇ ਉਸ ਲਈ ਸ਼ੁਭ ਸਮੇਂ ਦਾ ਮਹੂਰਤ ਕਢਾ ਕੇ ਵੀ ਸ਼ੁਰੂ ਕਰਦੇ ਹਾਂ ਫਿਰ ਵੀ ਉਹ ਕੰਮ ਅਧੂਰਾ ਹੀ ਰਹਿ ਜਾਂਦਾ ਹੈ ਜਾਂ ਸਫ਼ਲਤਾ ਪੂਰਕ ਨੇਪਰੇ ਨਹੀਂ ਚੜ੍ਹਦਾ। ਉੱਥੇ ਸਾਡਾ ਸ਼ੁਭ ਸਥਾਨ ਅਤੇ ਸ਼ੁਭ ਮਹੁਰਤ ਬੇਕਾਰ ਹੀ ਜਾਂਦਾ ਹੈ। ਕਿਉਂ? ਕਿਉਂਕਿ ਸਾਡੇ ਕੋਲ ਹੌਸਲੇ ਜਾਂ ਇੱਛਾ ਸ਼ਕਤੀ ਦਾ ਘਾਟ ਹੁੰਦੀ ਹੈ ਜਾਂ ਉਸ ਕੰਮ ਨੂੰ ਕਰਨ ਲਈ ਸਾਡੇ ਕੋਲ ਪੂਰੀ ਸਮਰਥਾ ਅਤੇ ਸਾਧਨ ਨਹੀਂ ਹੁੰਦੇ। ਇਸੇ ਤਰ੍ਹਾਂ ਜਦ ਲੜਕੇ ਲੜਕੀ ਦਾ ਵਿਆਹ ਤਹਿ ਕਰਨਾ ਹੁੰਦਾ ਹੈ ਤਾਂ ਕਈ ਲੋਕ ਪਹਿਲਾਂ ਉਨ੍ਹਾਂ ਦੀਆਂ ਕੁੰਡਲੀਆਂ ਮਿਲਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਤਲਾਕ ਹੋ ਜਾਂਦੇ ਹਨ। ਕਿਉਂ? ਕਿਉਂਕਿ ਅਸੀਂ ਕੇਵਲ ਕੁੰਡਲੀਆਂ ਹੀ ਮਿਲਾਉਂਦੇ ਹਾਂ ਪਰ ਉਨ੍ਹਾਂ ਦੇ ਦਿਲ ਨਹੀਂ ਮਿਲਦੇ। ਉਨ੍ਹਾਂ ਦੇ ਸਭਾਅ ਅਤੇ ਆਦਤਾਂ ਅਲੱਗ ਅਲੱਗ ਹੁੰਦੀਆਂ ਹਨ। ਉਨ੍ਹਾਂ ਵਿਚ ਸਹਿਣ ਸ਼ਕਤੀ ਨਹੀਂ ਹੁੰਦੀ। ਇਸ ਲਈ ਕੁੰਡਲੀਆਂ ਮਿਲਾਨ ਅਤੇ ਸ਼ੁਭ ਮਹੁਰਤ ਤੇ ਕੀਤੇ ਹੋਏ ਵਿਆਹ ਵੀ ਅਸਫ਼ਲ ਹੋ ਜਾਂਦੇ ਹਨ।
ਉਸਾਰੂ ਸੋਚ ਦਾ ਹੋਣਾ ਤਦ ਤੱਕ ਕੁਝ ਮਾਇਨੇ ਨਹੀਂ ਰੱਖਦਾ ਜਦ ਤੱਕ ਤੁਸੀਂ ਉਸ ਤੇ ਅਮਲ ਨਹੀਂ ਕਰਦੇ।ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਆਪ ਲੇਖਕ ਹੋ। ਤੁਸੀਂ ਖੁਦ ਉਸ ਪ੍ਰੀਵਰਤਨ ਦੇ ਰੱਥਵਾਨ ਬਣੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਸਫ਼ਲਤਾ ਤੇ ਕਿਸੇ ਦੀ ਇਜ਼ਾਰੇਦਾਰੀ ਨਹੀਂ। ਕੋਈ ਵੀ ਆਦਮੀ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸਫ਼ਲ ਹੋ ਸੱਕਦਾ ਹੈ। ਜੇ ਕਿਸੇ ਕੰਮ ਵਿਚ ਅਸਫ਼ਲ ਵੀ ਹੋ ਜਾਓ ਤਾਂ ਇਹ ਤੁਹਾਡੀ ਅੰਤਮ ਹਾਰ ਨਹੀਂ ਹੁੰਦੀ। ਤੁਹਾਡੀ ਅੰਤਮ ਹਾਰ ਤਾਂ ਹੁੰਦੀ ਹੈ ਜਦ ਤੁਸੀਂ ਦਿਲ ਛੱਡ ਜਾਂਦੇ ਹੋ ਅਤੇ ਅਗੋਂ ਜਿੱਤ ਲਈ ਯਤਨ ਕਰਨ ਤੋਂ ਨਾਂਹ ਕਰ ਦਿੰਦੇ ਹੋ।ਯਾਦ ਰੱਖੋ ਹਾਰਦਾ ਉਹ ਹੀ ਹੈ ਜੋ ਅੱਗੋਂ ਲੜਨ ਤੋਂ ਇਨਕਾਰ ਕਰ ਦਿੰਦਾ ਹੈ।ਜੇ ਬੰਦੇ ਦੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ। ਹਰ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਨਿਕਲ ਹੀ ਆਉਂਦਾ ਹੈ। ਜਿਸ ਆਦਮੀ ਵਿਚ ਆਤਮ ਵਿਸ਼ਵਾਸ਼ ਹੋਵੇ ਉਸ ਦੇ ਹੌਸਲੇ ਬੁਲੰਦ ਹੁੰਦੇ ਹਨ। ਉਹ ਖ਼ਤਰੇ ਨੂੰ ਦੇਖ ਕੇ ਕਦੀ ਘਬਰਾਉਂਦਾ ਨਹੀਂ, ਨਾ ਹੀ ਉਹ ਕਿਸੇ ਅਸਫ਼ਲਤਾ ਦੀ ਜ਼ਿੰਮੇਵਾਰੀ ਲੈਣ ਤੋਂ ਪਿੱਛੇ ਹਟਦਾ ਹੈ। ਉਸ ਦੇ ਸਵੈਮਾਨ ਨੂੰ ਵੀ ਕਿਸੇ ਤਰ੍ਹਾਂ ਦਾ ਵੱਟਾ ਨਹੀਂ ਲੱਗਦਾ। ਲੋਕਾਂ ਵਿਚ ਉਸ ਤੇ ਭਰੋਸਾ ਵਧਦਾ ਹੈ ਅਤੇ ਲੋਕ ਉਸ ਆਦਮੀ ਵਿਚ ਫਿਰ ਤੋਂ ਭਰੋਸਾ ਕਰ ਕੇ ਉਸ ਦੇ ਮਗਰ ਲੱਗਦੇ ਹਨ। ਲੋਕ ਉਸ ਆਦਮੀ ਨੂੰ ਆਪਣਾ ਨੇਤਾ ਮੰਨ ਕੇ ਫਿਰ ਉਸ ਦੇ ਹੱਥ ਆਪਣੀ ਵਾਗਡੋਰ ਸੋਂਪਦੇ ਹਨ।ਖੁਦੀ ਕੋ ਕਰ ਬੁਲੰਦ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਅੰਦਰ ਇਤਨੀ ਸ਼ਕਤੀ ਪੈਦਾ ਕਰੋ ਕਿ ਤੁਹਾਨੂੰ ਸਾਹਮਣੇ ਵਾਲੀ ਚੁਣੌਤੀ ਬਹੁਤ ਛੋਟੀ ਲੱਗੇ। ਫਿਰ ਤੁਹਾਡੇ ਸੰਗਰਸ਼ ਦਾ ਨਤੀਜਾ ਤੁਹਾਡੀ ਮਰਜ਼ੀ ਮੁਤਾਬਕ ਹੀ ਹੋਵੇਗਾ। ਤੁਸੀਂ ਹਾਰੋਗੇ ਨਹੀਂ। ਤੁਹਾਡਾ ਹੌਸਲਾ ਵਧੇਗਾ। ਤੁਸੀਂ ਇਸ ਅੱਗੇ ਤੋਂ ਇਸ ਤੋਂ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੱਸ ਕੇ ਕਰਨ ਯੋਗ ਹੋਵੋਗੇ। ਕੋਈ ਕੰਮ ਕਰਨ ਤੋਂ ਪਹਿਲਾਂ ਆਪਣੇ ਅੰਦਰ ਦੀ ਦੁੱਬਿਧਾ ਦੂਰ ਕਰੋ। ਕਦੀ ਇਹ ਨਾ ਸੋਚੋ ਕਿ ਮੈਂ ਇਹ ਕੰਮ ਨਹੀਂ ਕਰ ਸੱਕਦਾ। ਜੇ ਤੁਸੀਂ ਜਿਤਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦ੍ਰਿੜ ਨਿਸਚਾ ਹੋਣਾ ਚਾਹੀਦਾ ਹੈ ਕਿ ਤੁਸੀਂ ਜ਼ਰੂਰ ਜਿਤੋਗੇ। ਹੌਸਲਾ ਰੱਖੋ। ਆਪਣੇ ਆਤਮ-ਬਲ ਤੇ ਭਰੋਸੇ ਨਾਲ ਅੱਗੇ ਵਧੋ। ਭੀੜ ਦੇ ਪਿੱਛੇ ਲੱਗਣ ਨਾਲੋਂ ਅੱਗੇ ਲੱਗੋ ਅਤੇ ਇਕ ਕਮਾਂਡਰ ਦੀ ਤਰਾਂ ਕਾਫ਼ਲੇ ਦੀ ਅਗੁਵਾਈ ਕਰੋ।