ਅਮਨ ਦਾ ਪੈਗਾਮ ਦਿੰਦਾ ਕਹਾਣੀ ਸੰਗ੍ਰਹਿ – ਘੁੱਗੀ ਦੀ ਵਾਪਸੀ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ –ਘੁੱਗੀ ਦੀ ਵਾਪਸੀ
ਲੇਖਕ –ਬਿਕਰਮਜੀਤ ਨੂਰ
ਪ੍ਰਕਾਸ਼ਕ –ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ ---80   ਮੁਲ  --140 ਰੁਪਏ

ਬਹੁਪਖੀ ਲੇਖਕ ਬਿਕਰਮਜੀਤ ਨੂਰ ਦੀ ਇਹ ਉਨੀਵੀਂ ਪੁਸਤਕ ਹੈ। ਜਿਸ ਵਿਚ ਲੇਖਕ ਦੀਆ ਦਸ ਕਹਾਣੀਆਂ ਹਨ   ।  ਇਸ ਤੋਂ ਪਹਿਲਾਂ ਉਸ ਦੀਆਂ ਲਿਖੀਆਂ ਕਿਤਾਬਾਂ ਵਿਚ ਸੱਤ ਮਿੰਨੀ ਕਹਾਣੀ ਸੰਗ੍ਰਹਿ ,ਚਾਰ ਨਾਵਲ ਦੋ ਕਾਵਿ ਸੰਗ੍ਰਹਿ ਇਕ ਕਿਤਾਬ ਬਾਲ ਸਾਹਿਤ ਦੀ ਇਕਤੀ ਦਿਨ ਤੇ ਸਵੈ ਜੀਵਨੀ ਉਹ ਤੇਰਾ ਸਾਲ ਹੈ ।  ਇਸ ਤੋਂ ਇਲਾਵਾ ਸੰਪਾਦਨਾ ਦਾ ਜ਼ਿਕਰ ਯੋਗ ਕਾਰਜ ਹੈ ।  ਸਮੀਖਿਆਕਾਰ ਵਜੋਂ ਵੀ ਨੂਰ ਨੇ ਕੋਈ 450 ਕਿਤਾਬਾਂ ਤੇ ਆਲੋਚਨਾਤਮਕ ਕੰਮ ਕੀਤਾ ਹੈ ।  ਰੇਡਿਓ ਤੇ ਦੂਰਦਰਸ਼ਨ ਤੋਂ ਵੀ ਉਸ ਦੀਆਂ ਰਚਨਾਵਾਂ ਪੜ੍ਹੀਆਂ ਗਈਆਂ ਹਨ ।  ਤ੍ਰੈਮਾਸਿਕ ਮਿੰਨੀ  ਕਹਾਣੀਆ ਦੇ ਪ੍ਰਮੁਖ ਮੈਗਜ਼ੀਨ ਮਿੰਨੀ ਦਾ ਉਹ ਸਹਿ ਸੰਪਾਦਕ ਹੈ ।ਨੂਰ ਦਾ ਕਾਫੀ ਲੰਮਾ ਚੌੜਾ ਸਾਹਿਤਕ ਦਾਇਰਾ ਹੈ ਪਰ ਉਸ ਦੀ ਪਛਾਣ ਪਾਠਕਾਂ ਵਿਚ ਮਿੰਨੀ ਕਹਾਣੀਕਾਰ ਵਜੋਂ ਹੀ ਬਣੀ ਹੈ ।ਉਸ ਦੀਆਂ ਬਾਕੀ ਲਿਖਤਾਂ ਦਾ ਬਹੁਤ ਘਟ ਨੋਟਿਸ ਸਾਡੇ ਆਲੋਚਕਾਂ ਵਲੋਂ ਲਿਆ ਗਿਆ ਹੈ ।  ਸ਼ਾਂਇਦ ਪੰਜਾਬੀ ਆਲੋਚਕਾਂ ਵਿਚਲੀ ਗੁਟਬੰਦੀ ਕਰਕੇ । 
 ਹਥਲੀ ਪੁਸਤਕ ਦੀਆਂ ਕਹਾਣੀਆਂ ਦਾ ਅਧਿਐਨ ਕਰਨ ਤੇ ਉਸ ਦੀ ਕਹਾਣੀ ਸਿਰਜਣਾ ਬਾਰੇ ਕਈ ਗਲਾਂ ਦਾ ਪਤਾ ਲਗਦਾ ਹੈ ।ਉਂਜ ਮਿੰਨੀ ਕਹਾਣੀਕਾਰ ਵਿਚ ਕਥਾਂ ਕਹਿਣ ਦੀ ਜੁਗਤ ਤਾਂ ਹੁੰਦੀ ਹੀ ਹੈ ।  ਫਰਕ ਸਿਰਫ ਦੋਨੋੰ ਵਿਧਾਂਵਾਂ ਵਿਚ ਸ਼ਬਦਾਂ ਦੀ ਜੜਤ ,ਆਕਾਰ ਤੇ ਪਾਤਰਾਂ ਦੀ ਗਿਣਤੀ ਦਾ ਹੈ ।ਮਿੰਨੀ ਕਹਾਣੀ ਬਹੁਤਾ ਵਿਸਥਾਂਰ ਵਿਚ ਨਹੀਂ ਜਾਂਦੀ ।  ਇਕ ਝਲਕਾਰਾ ਮਾਤਰ ਹੈ ।ਪਰ ਕਹਾਣੀ ਵਿਚ ਲੇਖਕ ਕੋਲ ਕੁਝ ਵਿਸਥਾਂਰ ਦੀ ਗੁੰਜਾਇਸ਼ ਹੁੰਦੀ ਹੈ ।  ਜਦੋਂ ਇਸ ਕਿਤਾਬ ਦੀਆ ਕਹਾਣੀਆ ਪੜ੍ਹਦੇ ਹਾਂ ਤਾਂ ਦੋ ਕਹਾਣੀਆਂ   ਵਿਚ ਵਿਦਥਾਰ ਲੋੜ ਤੋਂ ਵਧ  ਲਗਦਾ ਹੈ ਉਹ ਕਹਾਣੀਆਂ ਨੇ –ਦੋ ਰੋਟੀਆਂ ਤੇ ਚਾਚੀ ਵਿਸ਼ਨੀ   ।ਇਨ੍ਹਾਂ ਵਿਚ ਪਾਤਰਾਂ ਦੀ ਵਧੇਰੇ ਗਿਣਤੀ ਹੋਣ ਕਰਕੇ ਲੇਖਕ ਇਕੋ ਵੇਲੇ ਕਥਾ ਦੀਆਂ ਕਈ ਪਰਤਾਂ ਛੋਹ ਲੈਂਦਾ ਹੈ ।ਇਸ ਦਾ ਕਾਰਨ ਸ਼ਾਂਇਦ ਲੇਖਕ ਦਾ ਨਾਵਲਕਾਰ ਹੋਣਾ ਹੈ ।  ਦੋ ਰੋਟੀਆਂ ਵਿਚ ਗਲ ਤਾਂ ਸਿਰਫ ਹੈ ਦੋ ਭਰਾਵਾਂ ਦੀ ਆਪਸੀ ਜਾਇਦਾਦ ਵੰਡ ਦੀ ਪਰ ਸੁਖਦੇਵ ਸਿੰਘ ਤੇ ਉਸ ਦੇ ਭਰਾ ਹਰਪਾਲ ਦੇ ਪਰਿਵਾਰ ਜੀਆਂ ਦਾ ਬਾਕੀ ਵੇਰਵਾ ਕਹਾਣੀ ਦੀ ਕਥਾਂ ਨੂੰ ਲੰਮੇਰਾ ਕਰ ਦਿੰਦਾ ਹੈ ।ਇਸੇ ਤਰਾ ਹੀ ਚਾਚੀ ਵਿਸ਼ਨੀ ਵਿਚ ਪਾਤਰਾਂ ਦਾ ਖਿਲਾਰਾ ਵਧੇਰੇ ਹੈ ।ਇਸ ਕਹਾਣੀ ਦੀ ਦੇਸ਼ ਵੰਡ ਨਾਲ ਜੁੜਦੀ ਹੈ ।ਇਸ ਵਿਸ਼ੇ ਤੇ ਲੇਖਕ ਦਾ ਨਾਵਲ ਸੰਨ ਸੰਤਾਲੀ ਤੋਂ ਬਾਅਦ ਵੀ ਪਹਿਲਾਂ ਆ ਚੁਕਾ ਹੈਡ। ਸਿਰਲੇਖ ਵਾਲੀ ਕਹਾਣੀ ਅੰਤਰਰਾਸ਼ਟਰੀ ਮਸਲੇ ਦੀ ਹੈ ।ਇਸ ਕਹਾਣੀ ਵਿਚ ਲੇਖਕ ਨੇ ਸਦਾਮ ਹੁਸੈਨ ਤੇ ਅਮਰੀਕੀ ਰਾਸ਼ਟਰਸ਼ਪਤੀ ਵਿਚਕਾਰ ਜੰਗੀ ਦ੍ਰਿਸ਼ਾਂ ਨੂੰ ਲੈਕੇ ਸਾਰਾ ਮਾਹੌਲ ਸਿਰਜਿਆ ਹੈ ।ਲੋਕ ਦੁਖੀ ਹਨ ।ਇਨ੍ਹਾ ਸ਼ਾਂਸਕਾਂ ਦੇ ਜ਼ੁਲਮਾ ਤੋੰ ਇਸ ਦੌਰਾਨ ਇਕ ਘੁਗੀ ਅਮਨ ਸ਼ਾਤੀ ਦੀ ਮੰਗ ਲੈਕੇ ਰੱਬ ਦੇ ਦਰਬਾਰ ਵਿਚ ਪੇਸ਼ ਹੁੰਦੀ ਹੈ ।ਰੱਬ ਤੇ ਘੁਗੀ ਦਾ ਸੰਵਾਦ ਬਹੁਤ ਪਿਆਰਾ ਹੈ। ਘੁੱਗੀ ਦੀ ਸਾਰੀ ਗਲ ਸੁਣ ਕੇ ਰੱਬ ਕਹਿੰਦਾ ਹੈ ।--ਬੇਟਾ ਮੈਂ ਅਸ਼ਮਰਥ ਹਾਂ ,ਮੈਂ ਮਜ਼ਬੂਰ ਹਾ ,ਇਸ ਇਨਸਾਨ ਦੇ ਬਚੇ -----।(ਪੰਨਾ 40)  ਘੁੱਗੀ ਫੁਟ ਫੁਟ ਕੇ ਰੋਣ ਲਗੀ।  ਉਸ ਨੇ ਹੰਝੂਆਂ ਭਿਜਾ ਬੇਨਤੀ ਪਤਰ ਉਥੇ ਹੀ ਰਹਿਣ ਦਿਤਾ। ਕਲਪਨਾ ਦੀ ਜੁਗਤ ਨਾਲ ਲਿਖੀ ਇਹ ਰਚਨਾ ਅਮਨ ਸ਼ਾਂਤੀ ਦਾ ਪੈਗਾਮ ਦੇ ਜਾਂਦੀ ਹੈ ।ਇਹ ਲੇਖਕ ਦੀ ਅਹਿਮ ਪ੍ਰਾਪਤੀ ਹੈ। ਘੁਗੀ ਵੈਸੇ ਵੀ ਅਮਨ ਸਾਂਤੀ  ਦਾ ਚਿਨ੍ਹ ਹੈ। ਸਾਹਿਤ ਵਿਚ ਪੰਛੀਆ ਦੇ ਚਿਂਨ੍ਹਾਂ ਦੀ ਵਰਤੋਂ ਕਰਨੀ ਲੇਖਕਾਂ ਦੀ ਮਨਭਾਉਂਦੀ ਜੁਗਤ ਹੈ। ਕਹਾਣੀ ਤਸਵੀਰ ਵਿਚ ਕਲਾਕਾਰ ਤਸਵੀਰਾਂ ਦੀ ਪਰਦਰਸ਼ਨੀ ਲਾਉਂਦੇ ਹਨ। ਇਕ ਮੁਟਿਆਰ ਦੀ ਸੋਹਣੀ ਜਿਹੀ ਤਸਵੀਰ ਇਕ ਚਿਤਰਕਾਰ ਬਣਾ ਕੇ ਲਿਆਉਂਦਾ ਹੈ। ਰਾਜਾ ਉਸ ਤਸਵੀਰ ਵਾਲੀ ਮੁਟਿਆਰ ਤੇ ਲਟੂ ਹੋ ਜਾਂਦਾ ਹੈ। ਸਿਪਾਹੀਆਂ ਨੂੰ ਕਹਿੰਦਾ ਹੈ ਕਿ ਇਹ ਮੁਟਿਆਰ ਹਰ ਹਾਲਤ ਵਿਚ ਪੇਸ਼ ਕੀਤੀ ਜਾਵੇ ।  ਕਲਾਕਾਰ ਕਹਿੰਦਾ ਹੈ ਕਿ ਇਹ ਅਸਲ ਮੁਟਿਆਰ ਨਹੀ ਹੈ ਇਹ ਮੇਰੀ ਕਲਪਨਾ ਹੈ ।  ਰਾਜੇ ਦੀ ਮੂਰਖਤਾ ਵੇਖੋ ਕਹਿੰਦਾ ਇਹ ਕਲਪਨਾ ਹੀ ਲੈਕੇ ਆਓ। ॥ 
ਕਮਲੀਆਂ ਕਹਾਣੀ ਵਿਚ ਤਿੰਨ ਭੈਣਾ ਦੇ ਵਿਆਹ ਨਹੀਂ ਹੁੰਦੇ ਕਿਉਂ ਕਿ ਬਾਪ ਦਾਜ ਨਹੀਂ ਦੇ ਸਕਦਾ ।ਉਨ੍ਹਾ ਦਾ ਇਕ ਭਰਾ ਵੀ ਵਿਆਹ ਤੋਂ  ਸਖਣਾ  ਰਹਿ ਜਾਂਦਾ ਹੈ ।ਲੇਖਕ ਨੇ ਇਸ ਬਦਕਿਸਮਤ ਪਰਿਵਾਰ ਦਾ ਪੂਰਾ ਨਕਸ਼ਾ ਕਹਾਣੀ ਵਿਚ ਚਿਤਰਿਆ ਹੈ । ਤਿੰਨਾਂ ਭੈਣਾ ਦੀ ਮਨੋਵਿਗਿਆਨਕ ਹਾਲਤ ਦਾ ਜ਼ਿਕਰ ਕਹਾਣੀ ਵਿਚ ਲੇਖਕ ਨੇ ਬਹੁਤ ਪ੍ਰਭਾਵਸ਼ਾਂਲੀ ਵਿਧਾ ਵਿਚ ਕੀਤਾ ਹੈ ।  ਪਰਿਵਾਰ ਦੀਆਂ ਆਰਥਿਕ  ਮਜ਼ਬੂਰੀਆਂ ਨੂ ਮੌਲਿਕ ਅੰਦਾਜ਼ ਵਿਚ ਕਹਾਣੀ ਰੂਪ ਦਿਤਾ ਹੈ ।  ਅੰਨ੍ਹਾ ਆਦਮੀ ਦਾ ਪਾਤਰ ਸੁਖਮੰਦਰ ਅੱਖਾਂ ਤੋਂ ਅਂਨ੍ਹਾ ਹੈ ।ਸਕੂਲ ਵਿਚ ਤਬਲਾ ਅਧਿਆਪਕ ਹੈ । ਸਟਾਫ ਨਾਲ ਉਸ ਦੇ ਚੰਗੇ ਸੰਬੰਧ ਹਨ ।।ਇਕ ਭੇਣ ਹੈ ਉਸ ਦਾ ਵਿਆਹ ਕਰਦਾ ਹੈ ।ਇਕ ਸਟਾਫ ਮੈੰਬਰ ਦੀ ਮਦਦ ਨਾਲ ਉਸ ਦਾ ਵਿਆਹ  ਵੀ ਹੋ ਜਾਂਦਾ ਹੈ ।ਬੱਚੇ ਹੁੰਦੇ ਹਨ ਪਰ ਇਕ ਦਿਨ ਕਿਸੇ ਡਾਕਟਰ ਕੋਲੋਂ ਅੱਖਾਂ ਦਾ ਇਲਾਜ ਕਰਵਾ ਕੇ ਅਖਾਂ ਦੀ ਰੌਸ਼ਨੀ ਆ ਜਾਂਦੀ ਹੈ ।ਪਰ ਹੁਣ ਉਹ ਜੋ ਕੁਝ ਆਪਣੇ ਆਲੇ ਦੁਆਲੇ ਵੇਖਦਾ ਹੈ ਉਸ ਦਾ ਯਕੀਨ ਟੁਟ ਜਾਂਦਾ ਹੈ ਜਿਨ੍ਹਾਂ ਬੰਦਿਆਂ ਦਾ ਅਕਸ ਉਸ ਦੇ ਅੰਦਰ ਜੋ ਵੀ ਬਣਿਆ ਹੁੰਦਾ ਹੈ ਉਹ ਇਕ ਦਮ ਟੁਟ ਜਾਂਦਾ ਹੈ ।  ਉਹ ਸੋਚਦਾ ਹੈ ਇਹਦੇ ਨਾਲੋਂ ਤਾਂ ਉਹ ਪਹਿਲਾਂ ਹੀ ਚੰਗਾ ਸੀ। ਸੰਗ੍ਰਹਿ ਦੀਆਂ ਕਹਾਣੀਆਂ ਕਮਰਾ ,ਕਪੁਤ ,ਮਨਬਚਨੀ, ਜ਼ਮੀਨ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨੂੰ ਕਲਾਤਮਕ ਢੰਗ ਨਾਲ ਸਿਰਜਦੀਆਂ ਹਨ । ਕਹਾਣੀਆਂ ਦੇ ਪਾਤਰ ਆਪਣੀ ਗਹਿਰੀ ਛਾਪ ਪਾਠਕਾਂ ਤੇ ਛਡ ਜਾਂਦੇ ਹਨ । ਕਹਾਣੀਕਾਰ ਦੀ ਇਹ ਮਹਤਵਪੂਰਨ ਪ੍ਰਾਪਤੀ ਹੈ । ਪੁਸਤਕ ਦਾ ਟਾਈਟਲ ਬਹੁਤ ਆਕਰਸ਼ਕ ਹੈ। ਘੁਗੀ ਦੀ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ। ਕਹਾਣੀ ਸੰਗ੍ਰਹਿ ਨਾਲ ਲੇਖਕ ਦਾ ਸਾਹਿਤਕ ਕੱਦ ਨਿਸ਼ਚੇ ਹੀ ਉਚਾ ਹੋਇਆ ਹੈ। ਪੁਸਤਕ ਦਾ ਸਵਾਗਤ ਹੈ ।