ਚਾਰ ਮਿੰਨੀ ਕਹਾਣੀਆਂ (ਕਹਾਣੀ)

ਬਲਦੇਵ ਸਿੰਘ ਖਹਿਰਾ (ਡਾ:   

Address:
12573 , 70 ਏ, ਸਰੀ, British Columbia Canada
ਬਲਦੇਵ ਸਿੰਘ ਖਹਿਰਾ (ਡਾ: ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁੱਛ-ਪੜਤਾਲ                               
            ਅੱੱਧੀ ਕੁ ਰਾਤ ਵੇਲੇ ਕਾਹਲੀ ਕਾਹਲੀ ਜਾਂਦੀ ਜਾਂਦੀ ਇਕ ਔਰਤ ਨੂੰ ਗਸ਼ਤੀ ਸਿਪਾਹੀਆਂ ਨੇ ਰੋਕ ਲਿਆ।
          " ਵੇ ਵੀਰਾ!ਸ਼ਰਾਬ ਪੀ ਕੇ ਮੇਰੇ ਆਦਮੀ ਨੇ ਮੈਨੂੰ ਕੁੱਟ ਕੁੱਟ ਘਰੋਂ ਕੱਢ'ਤਾ, ਮੈਂ ਤਾਂ ਆਪਣੀ ਭੈਣ ਦੇ ਘਰ ਗਲੀ ਨੰਬਰ ਅੱਠ ਚੱਲੀ ਆਂ।
           ਉਹਨੂੰ ਬਾਹੋਂ ਫੜਦਿਆਂ ਕਾਨੂੰਨ ਦੇ ਰਖਵਾਲੇ ਨੇ ਆਪਣੇ ਸਾਥੀ ਤੋਂ ਪੁੱਛਿਆ, " ਤੈਨੂੰ ਚਾਹੀਦੀ ਐ? ਜਾਂ ਮੈਂ ਠਾਣੇ ਲਿਜਾ ਕੇ ਇਹਦੀ ਪੁੱਛ-ਪੜਤਾਲ ਕਰਾਂ?"
        

          ਗਿਆਨੀ ਲੋਕ
            ਨੱਕੋ ਨੱਕ ਭਰੀ ਬੱਸ ਪੇਂਡੂ ਅੱਡੇ ਤੋਂ ਤੁਰਨ ਲੱਗੀ ਤਾਂ ਇਕ ਗਰਭਵਤੀ ਬੀਬੀ ਆਪਣੀ ਗਠੜੀ ਤੇ ਬੱਚੇ ਨੂੰ ਉਂਗਲ ਲਾਈ ਜਿਵੇਂ ਤਿਵੇਂ ਬੱਸ ਚੜ੍ਹ ਹੀ ਗਈ।ਨਿੱਕ-ਸੁੱਕ ਸੰਭਾਲਦੀ ਉਹ ਸਾਹੋ-ਸਾਹ ਹੋਈ ਖੜ੍ਹੀ ਸੀ।ਲਾਗੇ ਬੈਠੀ ਇਕ ਮਾਈ ਨੇ ਖਿੜਕੀ ਵੱਲ ਬੈਠੇ ਚਿੱਟੀ ਦਾੜ੍ਹੀ ਵਾਲੇ ਸੱਜਣ ਨੂੰ ਤਰਲਾ ਜਿਹਾ ਮਾਰਿਆ," ਵੇ ਵੀਰਾ! ਪਾਸਾ ਵੱਟੀਂ,ਆਹ ਬੀਬੀ ਨੂੰ ਮਾੜਾ ਜਿਹਾ ਬਿਠਾ ਲਈਏ" 
            ਉਹਨੇ ਘੂਰ ਕੇ ਪਹਿਲਾਂ ਮਾਈ ਵੱਲ ਤੇ ਫਿਰ ਉਸ ਬੀਬੀ ਵੱਲ ਤੱਕਿਆ," ਤੈਨੂੰ ਦੀਂਹਦਾ ਨਹੀਂ?
ਮੈਂ ਪਾਠ ਕਰ ਰਿਹਾਂ " ਤੇ ਗੁਟਕੇ ਵੱਲ ਦੇਖਦੇ ਹੋਏ ਅੱਖਾਂ ਬੰਦ ਕਰ ਲਈਆਂ।ਵਿਚਾਲੇ ਬੈਠੇ ਬਜ਼ੁਰਗ ਨੇ ਮਾਈ ਦੇ ਕੰਨ ਵਿੱਚ ਕਿਹਾ, "ਪੁਰਾਣੇ ਸਮਿਆਂ 'ਚ ਤਾਂ ਲੋਕ ਐਵੇਂ ਜੰਗਲਾਂ ਬੀਆਬਾਨਾਂ ਵਿਚ ਰੱਬ ਦਾ ਨਾਂ ਜਪਣ ਲਈ ਇਕਾਗਰਤਾ ਭਾਲਦੇ ਸੀ,ਹੁਣ ਤਾਂ ਬੰਦਾ ਬੜਾ ਗਿਆਨੀ ਹੋ ਗਿਐ"


          ਮਹਿਲਾ-ਦਿਵਸ
            ਬਜ਼ਾਰ ਵਿਚੋਂ ਲੰਘ ਰਹੀ ਮੰਗਤੀ ਨੂੰ ਉਹਦੇ ਬੱਚੇ ਨੇ ਟੀ.ਵੀ ਦੀ ਦੁਕਾਨ ਅੱਗੇ ਰੋਕ ਲਿਆ।ਉਹ ਵੀ ਖੜ੍ਹੀ ਹੋ ਕੇ ਟੀ.ਵੀ. ਦੇਖਣ ਲੱਗੀ,ਖ਼ਬਰਾਂ ਪੜ੍ਹੀਆਂ ਜਾ ਰਹੀਆਂ ਸਨ, " ਅੱਜ ਸਾਰੇ ਭਾਰਤ ਵਿੱਚ ਮਹਿਲਾ-ਦਿਵਸ ਬਹੁਤ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ,ਬਹੁਤ ਸਾਰੇ ਮਹਿਲਾ ਕਲਿਆਣ ਪ੍ਰੋਗਰਾਮ ਸ਼ੁਰੂ ਕੀਤੇ ਗਏ " 
          ਇਹ ਸੁਣ ਕੇ ਉਹਨੂੰ ਅਜੀਬ ਜਿਹਾ ਅਹਿਸਾਸ ਹੋਇਆ, "ਕੀ ਕਦੀ ਏਦਾਂ ਵੀ ਹੋ ਸਕਦੈ ਕਿ ਕੋਈ ਪ੍ਰੋਗਰਾਮ ਉਹਦਾ ਤੇ ਉਹਦੇ ਬੱਚੇ ਦਾ ਪੇਟ ਪਾਲਣ ਵਿਚ ਸਹਾਇਕ ਹੋਵੇ?ਉਹਦੀ ਵੀ ਇੱਜ਼ਤ..."
          ਉਦੋਂ ਹੀ ਦੁਕਾਨਦਾਰ ਗਰਜਿਆ, " ਚੱਲ ਚੱਲ ਤੁਰ ਏਥੋਂ,ਖੜ੍ਹੀ ਐ ਜਿਵੇਂ ਪਿਓ ਦੀ ਦੁਕਾਨ ਹੋਵੇ " ਤੇ ਉਹ ਅੱਖਾਂ ਵਿਚ ਹੰਝੂ ਲਈ ਆਪਣੇ ਬੱਚੇ ਨੂੰ ਖਿੱਚਦੀ ਹੋਈ ਅੱਗੇ ਵੱਲ ਤੁਰ ਪਈ।


         ਬੇਈਮਾਨ ਕੌਣ?
          ਉਹ ਮਿਹਨਤ ਦੀ ਰੋਟੀ ਖਾਣ ਵਾਲਾ ਰਿਕਸ਼ਾ ਚਾਲਕ ਸੀ ਪਰ ਫਿਰ ਵੀ ਲੋਕ ਉਹਨੂੰ ਰੁਪਏ ਧੇਲੀ ਵਾਸਤੇ ਲਾਲਚੀ ਕਹਿ ਜਾਂਦੇ ਸਨ। ਉਹਨੇ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਬਾਰੇ ਸੋਚ ਕੇ ਰਿਕਸ਼ੇ ਦੀ ਪੈਰ ਰੱਖਣ ਵਾਲੀ ਥਾਂ 'ਤੇ ਇਕ ਰੁਪਏ ਦਾ ਸਿੱਕਾ ਵੈਲਡਿੰਗ ਕਰਵਾ ਦਿੱਤਾ।ਸਵਾਰੀ ਜਦੋਂ ਚੋਰੀ ਚੋਰੀ ਉਹ ਰੁਪਇਆ ਚੁੱਕਣ ਲੱਗਦੀ ਤਾਂ ਰਿਕਸ਼ੇ ਵਾਲਾ ਮੁਸਕੜੀਏ ਹੱਸਦਾ। ਕਿਸੇ ਕਿਸੇ ਬੇਧਿਆਨ ਬੰਦੇ ਤੋਂ ਜਦੋਂ ਉਹਨੇ ਪੁੱਛਿਆ, 
" ਇਹ ਰੁਪਿਆ ਤੁਹਾਡਾ ਤਾਂ ਨਹੀਂ?'
          ਤੇ ਅਗਲਾ, " ਹਾਂ,ਮੇਰਾ ਈ ਐ" ਕਹਿ ਕੇ ਸਿੱਕਾ ਚੁੱਕਣ ਲੱਗਦਾ ਤਾਂ ਉਹਦਾ ਨਮੋਸ਼ੀ ਮਾਰਿਆ ਚਿਹਰਾ ਦੇਖਣ ਵਾਲਾ ਹੁੰਦਾ।ਹੁਣ ਰਿਕਸ਼ੇ ਵਾਲਾ ਖੁਸ਼ ਸੀ,ਕੋਈ ਉਹਨੂੰ ਲਾਲਚੀ,ਬੇਈਮਾਨ ਕਹਿ ਕੇ ਆਪ ਇਮਾਨਦਾਰ ਨਹੀਂ ਬਣ ਸਕਦਾ ਸੀ।