'ਜਿੱਥੇ ਦੁਨੀਆ ਮੁਕਦੀ ਹੈ ' ਰਿਲੀਜ਼ ਸਮਾਰੋਹ
(ਖ਼ਬਰਸਾਰ)
ਬਾਜਾਖਾਨਾ -- ਅਮਰਜੀਤ ਢਿੱਲੋਂ ਦਬੜ੍ਹੀਖਾਨਾ ਦੀ ਕੈਨੇਡਾ ਫੇਰੀ ਬਾਰੇ ਲਿਖੀ ਸਚਿੱਤਰ ਕਿਤਾਬ 'ਜਿੱਥੇ ਦੁਨੀਆ ਮੁਕਦੀ ਹੈ' ਰਿਲੀਜ਼ ਸਮਾਗਮ ਅਤੇ ਨਾਵਲਕਾਰ ਬਲਦੇਵ ਸਿੰਘ (ਸੜਕਨਾਮਾ) ਮੋਗਾ ਨਾਲ ਰੂ-ਬ-ਰੂ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਹੰਸ ਰਾਜ ਵਿਦਿਅਕ ਸੰਸਥਾ ਬਾਜਾਖਾਨਾ ਵਿਖੇ ਹੋਏ ਇਸ ਪ੍ਰੋਗ੍ਰਾਮ ਦੀ ਸ਼ੁਰੂਆਤ ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਸ਼੍ਰੀ ਵਾਸਦੇਵ ਸ਼ਰਮਾ ਦੇ ਜੀ ਆਇਆਂ ਕਹਿਣ ਨਾਲ ਹੋਈ। ਇਸ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ: ਹਰਜਿੰਦਰ ਸੂਰੇਵਾਲੀਆ ਨੇ ਕਿਤਾਬ ' ਜਿੱਥੇ ਦੁਨੀਆ ਮੁਕਦੀ ਹੈ ' ਬਾਰੇ ਭਾਵਪੂਰਤ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਸ਼੍ਰੀ ਢਿੱਲੋਂ ਨੇ ਇਸ ਕਿਤਾਬ ਵਿਚ ਵਿਗਿਆਨਕ ਸੋਚ ਅਪਣਾਉਂਦਿਆਂ ਉਤਰੀ ਧਰੁੱਵ ਦੇ ਦੇਸ਼ ਕੈਨੇਡਾ ਬਾਰੇ ਬਹੁਤ ਹੀ ਕਮਾਲ ਦੀ ਜਾਣਕਾਰੀ ਦਿੱਤੀ ਹੈ। ਪੁਸਤਕ ਵਿਚਲੀਆਂ ਰੰਗਦਾਰ ਤਸਵੀਰਾਂ ਇਸ ਪੁਸਤਕ ਦੀ ਸੋਭਾ 'ਚ ਹੋਰ ਵੀ ਵਾਧਾ ਕਰਦੀਆਂ ਹਨ। ਉਸ ਤੋਂ ਬਾਦ ਉਹਨਾਂ ਬਲਦੇਵ ਸਿੰਘ ਸੜਕਨਾਮਾ ਨੂੰ ਆਪਣੇ ਸਾਹਿਤਕ ਸਫਰ ਅਤੇ ਜ਼ਿੰਦਗੀ ਦੇ ਤਲਖ ਤਜ਼ੱਰਬੇ ਦਰਸ਼ਕਾਂ ਨਾਲ ਸਾਂਝ ਕਰਨ ਲਈ ਕਿਹਾ। ਬਲਦੇਵ ਸਿੰਘ ਨੇ ਕਿਹਾ ਕਿ ਕੁਦਰਤ ਵਿਚ ਕਦੇ ਚਮਤਕਾਰ ਨਹੀਂ ਹੁੰਦੇ, ਸਿਰਫ ਘਟਨਾਵਾਂ ਵਾਪਰਦੀਆਂ ਹਨ ਅਤੇ ਹਰ ਘਟਨਾ ਦੇ ਵਾਪਰਨ ਦਾ ਕੋਈ ਕਾਰਨ ਹੁੰਦਾ ਹੈ। ਕਾਰਨ ਅਤੇ ਕਾਰਜ ਦਾ ਨਿਯਮ ਅਟੱਲ ਹੈ। ਉਹਨਾਂ ਘਰ ਦੀ ਗਰੀਬੀ ਨਾਲ ਜੂਝਦਿਆਂ ਅਧਿਆਪਕ ਤੋਂ ਟਰੱਕ ਡਰਾਈਵਰ ਅਤੇ ਫਿਰ ਕਲਕੱਤਾ ਮਹਾਂਨਗਰ 'ਚ ਜਾ ਕੇ ਟਰੱਕ ਮਾਲਕ ਬਨਣ ਤੋਂ ਬਾਦ ਆਪਣੀ ਲਿਖਣ ਪ੍ਰਕ੍ਰਿਆ ਪਾਠਕਾਂ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਅੰ੍ਿਰਮਤਾ ਪ੍ਰੀਤਮ ਦੇ ਮੈਗਜ਼ੀਨ 'ਨਾਗਮਣੀ ' 'ਚ ਜਦ ਉਹਨਾਂ ਦਾ ਕਾਲਮ ਸੜਕਨਾਮਾ ਛਪਣਾ ਸ਼ੁਰੂ ਹੋਇਆ ਤਾਂ ਉਸ ਅੰਦਰ ਸੁੱਤੇ ਪਏ ਲੇਖਕ ਨੇ ਅੰਗੜਾਈ ਭਰੀ। ਉਹਨਾਂ ਕਲਕੱਤਾ ਮਹਾਂਨਗਰ ਦੀ ਲਾਇਬ੍ਰੇਰੀ 'ਚ ਐਨੀਆਂ ਪੁਸਤਕਾਂ ਪੜ੍ਹੀਆਂ ਕਿ ਉਸਦਾ ਗਿਆਨ ਵਿਸ਼ਾਲ ਹੁੰਦਾ ਗਿਆ ਅਤੇ ਉਹ ਵਿਗਿਆਨਕ ਸੋਚ ਦੇ ਧਾਰਨੀ ਬਣਦੇ ਗਏ।
ਬਲਦੇਵ ਸਿੰਘ ਨੇ ਕਿਹਾ ਜਦ ਸਮਾਜਿਕ ਨਾਵਲਾਂ ਕਾਰਨ ਉਹਨਾਂ ਦਾ ਨਾਮ ਪੰਜਾਬੀ ਸਾਹਿਤ ਵਿਚ ਸਥਾਪਤ ਹੋ ਗਿਆ ਤਾਂ ਪੰਜਾਬੀ ਦੇ ਪ੍ਰਸਿਧ ਅਲੋਚਕ ਡਾ: ਟੀ ਆਰ ਵਿਨੋਦ ਨੇ ਉਹਨਾਂ ਨੂੰ ਭਾਈ ਜੈਤਾ( ਬਾਬਾ ਜੀਵਨ ਸਿੰਘ) ਜੀ ਬਾਰੇ ਇਤਿਹਾਸਕ ਨਾਵਲ ਲਿਖਣ ਦਾ ਚੈਲਿੰਗ ਪੇਸ਼ ਕੀਤਾ। ਇਸ ਸਬੰਧੀ ਲਿਖਿਆ ਇਤਿਹਾਸਕ ਨਾਵਲ ਜਦ ' ਪੰਜਵਾਂ ਸਾਹਿਬਜ਼ਾਦਾ ' ਛਪਿਆ ਤਾਂ ਲੋਕਾਂ ਨੇ ਇਸ ਨੂੰ ਮੁੱਲ ਲੈ ਕੇ ਵੰਡਣਾ ਸ਼ੁਰੂ ਕੀਤਾ ਅਤੇ ਇਸਦੀਆਂ ਛੇ ਐਡੀਸ਼ਨਾ ਧੜਾ ਧੜ ਵਿਕ ਗਈਆਂ । ਇਸ ਤੋਂ ਬਾਦ ਹੀ ਉਹਨਾਂ ਦਾ ਇਤਿਹਸਾਕ ਨਾਵਲ ਲਿਖਣ ਦਾ ਸਫਰ ਸ਼ੁਰੂ ਹੋਇਆ । ਉਹਨਾਂ ਤਿਹਾਸਕ ਨਾਵਲ ਮਹਾਂਬਲੀ ਸੂਰਾ,ਤੇ ਸਤਿਲੁਜ ਵਹਿੰਦਾ ਰਿਹਾ,ਢਾਵਾਂ ਦਿੱਲੀ ਦੇ ਕਿੰਗਰੇ ਅਤੇ ਸੂਰਜ ਦੀ ਅੱਖ ਲਿਖੇ।' ਸੂਰਜ ਦੀ ਅੱਖ ' ਬਾਰੇ ਉਹਨਾਂ ਕਿਹਾ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਸਾਰਾ ਕੁਝ ਤੱਥਾਂ 'ਤੇ ਅਧਾਰਤ ਲਿਖਿਆ ਹੈ ਪਰ ਧਰਮ ਦੀ ਵਲਗਣ 'ਚ ਵਲੇ ਲੋਕ ਕਈ ਵਾਰਾਂ ਭਾਵਾਂ ਦੇ ਵਹਿਣ 'ਚ ਵਹਿ ਕੇ ਨਿਰਆਧਾਰ ਅਲੋਚਨਾ ਕਰਨ ਲੱਗ ਜਾਂਦੇ ਹਨ ਜਦੋਂ ਕਿ ਸਾਨੂੰ ਅਸਲੀਅਤ ਨੂੰ ਮੰਨ ਲੈਣਾ ਚਾਹੀਦਾ ਹੈ। ਸਾਡਾ ਪੰਜਾਬੀਆਂ ਦਾ ਦੁਖਾਂਤ ਹੈ ਕਿ ਅਸੀਂ ਵਿਅੱਕਤੀ ਪੂਜਕ ਹਾਂ ਅਤੇ ਕਿਸੇ ਵੀ ਕਲਪਿਤ ਹੀਰੋ ਦੀ ਅਲੋਚਨਾ ਨਹੀਂ ਸੁਣ ਸਕਦੇ। ਇਸ ਮੌਕੇ ਉਹਨਾਂ ਹਾਜਰ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਵਿਸਥਾਰ ਸਹਿਤ ਦਿੱਤੇ।

ਅਖੀਰ ਵਿਚ ਅਮਰਜੀਤ ਦਬੜ੍ਹੀਖਾਨਾ ਦਾ ਕੈਨੇਡਾ ਸਫਰਨਾਮਾ ' ਜਿੱਥੇ ਦੁਨੀਆ ਮੁਕਦੀ ਹੈ ' ਕਿਤਾਬ ਰਿਲੀਜ਼ ਕਰਨ ਦੀ ਰਸਮ ਅਦਾ ਬਲਦੇਵ ਸਿੰਘ ਵਲੋਂ ਕੀਤੀ ਗਈ ,ਜਿਸ ਵਿਚ ਸੰੰਸਥਾ ਦੇ ਚੇਅਰਮੈਨ ਸ਼੍ਰੀ ਦਰਸ਼ਨਪਾਲ ਸ਼ਰਮਾ ,ਡਾ: ਹਰਜਿੰਦਰ ਸੂਰੇਵਾਲੀਆ,ਗੁਰਮੇਲ ਸਿੰਘ ਮੋਗਾ ,ਗੁਰਦਰਸ਼ਨ ਸਿੰਘ ਢਿੱਲੋਂ ਚੇਅਰਮੈਨ ਚੈਨਾ ,ਮਾ: ਉਜਾਗਰ ਢਿੱਲੋਂ ਭਗਤਾ, ਕੇਵਲ ਕ੍ਰਿਸ਼ਨ ਜੀਦਾ , ਜੰਗਪਾਲ ਸਿੰਘ ਬਰਾੜ ਕੋਟਕਪੂਰਾ, ਅਜਾਇਬ ਸਿੰਘ ਹਮੀਰਗੜ,ਅਮਰਜੀਤ ਸਿੱਧੂ ਨਥਾਣਾ,ਦਰਸ਼ਨ ਸਿੰਘ ਬਲ੍ਹਾੜੀਆ ,ਮੇਘ ਰਾਜ ਸ਼ਰਮਾ ਕੋਟਕਪੂਰਾ,ਪੂਰਨ ਸਿੰਘ ਗੁੰਮਟੀ ਅਤੇ ਸ਼ਾ,ਗੁਰਜੰਟ ਸਿੰਘ ਪੁੰਨੀ ਸ਼ਾਮਿਲ ਹੋਏ। ਇਸ ਮੌਕੇ ਗੀਤਕਾਰ ਗੁਰਾਂਦਿਤਾ ਸੰਧੂ, ਜੀਤ ਗਿੱਲ ਡੋਡ,ਡਾ: ਜਰਨੈਲ ਡੋਡ ਗੁਰਪ੍ਰੀਤ ਮਾਨ ਮੌੜ,ਗੁਰਮੀਤ ਬਰਾੜ ਜੈਤੋ ਗੁਰਮੇਲ ਸਿੰਘ ਢਿੱਲੋਂ,ਇਦਰਜੀਤ ਸ਼ਰਮੋ,ਰਾਜਕਰਨ ਨਿਆਮੀ ਵਾਲਾ,ਰਜਿੰਦਰ ਸਿੰਘ ਮਰਾਹੜ,ਨਵਦੀਪ ਦਬੜ੍ਹੀਖਾਨਾ, ਅਤੇ ਮਾ: ਸੁਰਜੀਤ ਭਗਤਾ ਆਦਿ ਹਾਜਰ ਸਨ। ਸੰਸਥਾ ਦੇ ਐਮ. ਡੀ ਉਪਿੰਦਰ ਸ਼ਰਮਾ ਨੇ ਅੰਤ ਵਿਚ ਸਾਰੀਆਂ ਅਹਿਮ ਸ਼ਖਸੀਅਤਾਂ ਦਾ ਧੰਨਵਾਦ ਕੀਤਾ।