15 ਭਗਤ 500 ਸਵਾਲ
(ਪੁਸਤਕ ਪੜਚੋਲ )
ਪੁਸਤਕ ---15 ਭਗਤ 500 ਸਵਾਲ
ਲੇਖਕ ----ਬਲਵਿੰਦਰ ਸਿੰਘ ਕੋਟਕਪੂਰਾ
ਪ੍ਰਕਾਸ਼ਕ ----ਸਮਤਲ ਪ੍ਰਿੰਟਿਗ ਪ੍ਰੈਸ ਕੋਟਕਪੂਰਾ
ਪੰਨੇ ---56 ---ਮੁਲ ----40 ਰੁਪਏ
.jpg)
ਬਲਵਿੰਦਰ ਸਿੰਘ ਕੋਟਕਪੂਰਾ ਦੀਆਂ ਸਿੱਖ ਧਰਮ ਇਤਿਹਾਸ ਤੇ ਗੁਰਮਤਿ ਵਿਸ਼ਿਆਂ ਤੇ ਪ੍ਰਸ਼ੋਨਤਰੀ ਪੁਸਤਕਾਂ ਦੀ ਚਰਚਾ ਪੰਜਾਬੀ ਪਾਠਕਾਂ ਵਿਚ ਕੁਝ ਸਮੇਂ ਤੋਂ ਬਹੁਤ ਉਤਸ਼ਾਹ ਨਾਲ ਹੋ ਰਹੀ ਹੈ ।ਇਸ ਪੁਸਤਕ ਤੋਂ ਪਹਿਲਾਂ ਲੇਖਕ ਨੇ ਬਾਬਾ ਫਰੀਦ , ਗੁਰਮਤਿ ਵਿਸ਼ਿਆਂ ਤੇ 350 ਸਵਾਲ, ਬਾਬਾ ਬੰਦਾ ਸਿੰਘ ਬਹਾਦਰ ਦੇ ਅਲੋਕਿਕ ਜੀਵਨ ਨਾਲ ਸੰਬੰਧਤ ਪ੍ਰਸ਼ੋਨਤਰੀ ਕਿਤਾਬਾਂ ਪਾਠਕਾਂ ਨੂੰ ਦਿਤੀਆਂ ਹਨ ।ਇਸ ਤੋਂ ਇਲਾਵਾ ਵਿਸ਼ਵ ਪ੍ਰਸਿਧ ਕਥਨ ,ਖਾਲਸਾ ਪ੍ਰਮਾਤਮ ਕੀ ਮੌਜ ,ਮਾਂ ,ਮਾਂ ਤੇ ਛਾਂ ਕਾਵਿ ਸੰਗ੍ਰਹਿ ਨਾਲ ਸਾਹਿਤਕ ਪਿੜ ਵਿਚ ਨਾਮ ਕਮਾਇਆ ਹੈ । ਚਰਚਾ ਅਧੀਨ ਪੁਸਤਕ ਵਿਚ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸ਼ੁਸ਼ੋਭਿਤ ਪੰਦਰਾਂ ਭਗਤ ਸਾਹਿਬਾਨ ਦੀ ਬਾਣੀ, ਜੀਵਨ ਤੇ ਸਮੁਚੀ ਪਰਿਵਾਰਕ ਤਸਵੀਰ ਸਵਾਲਾਂ ਦੇ ਰੂਪ ਵਿਚ ਪੇਸ਼ ਕੀਤੀ ਹੇ । ਇਨ੍ਹਾਂ ਭਗਤਾਂ ਵਿਚ ਸ਼ਰੋਮਣੀ ਭਗਤ ਕਬੀਰ ਜੀ ਬਾਰੇ ਸਵਾਲ 15-82 ਤਕ ਹਨ। ਇਹ ਸਵਾਲ ਜਾਣਕਾਰੀ ਭਰਪੂਰ ਤੇ ਆਮ ਵਿਅਕਤੀ ਦੀ ਜਗਿਆਸਾ ਨੂੰ ਸੰਤੁਸ਼ਟ ਕਰਨ ਵਾਲੇ ਹਨ । ਲੇਖਕ ਦੀ ਖੌਜ ਹੈ ਕਿ ਕਬੀਰ ਸ਼ਬਦ ਫਾਰਸੀ ਦਾ ਹੈ ਜਿਸ ਦਾ ਅਰਥ ਹੈ ਵਡੇ ਤੋਂ ਵਡਾ (।ਸਵਾਲ 63)ਕਬੀਰ ਜੀ ਦੀ ਸੰਸਾਰਕ ਆਯੂ 120 ਸਾਲ ਸੀ ।ਤੇ ਪੂਰਾ ਨਾਮ ਕਬੀਰ ਦਾਸ ਸੀ । 1398 ਵਿਚ ਕਬੀਰ ਜੀ ਦਾ ਜਨਮ ਬਨਾਰਸ ਕਾਂਸ਼ੀ ਵਿਖੇ ਹੋਇਆ ਸੀ ।ਉਂਨ੍ਹਾ ਦੇ ਦੋ ਬੱਚੇ ਸਨ –ਪੁਤਰ ਕਮਾਲ ਤੇ ਧੀ ਕਮਾਲੀ । ਭਗਤ ਕਬੀਰ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ 17 ਰਾਗਾਂ ਵਿਚ ਹੈ । ਤੇ ਕੁਲ ਸ਼ਬਦ 541 ਹਨ । ਸਵਾਲ ਨੰਬਰ 76—82 ਵਿਚ ਕਬੀਰ ਜੀ ਦੇ ਉਂਨ੍ਹਾ ਸ਼ਬਦਾਂ ਦਾ ਜ਼ਿਕਰ ਹੈ ਜੋ ਗੁਰੂ ਗਰੰਥ ਸਾਹਿਬ ਵਿਚ ਸ਼ਬਦਾਂ ਦੇ ਮਾਮੂਲੀ ਫਰਕ ਨਾਲ ਦੋ ਦੋ ਵਾਰੀ ਆਏ ਹਨ । ਗੁਰੂ ਗਰੰਥ ਸਾਹਿਬ ਵਿਚ ਇਹ ਸ਼ਬਦ ਹਨ –ਅੰਗ 325-1161 , ਅੰਗ 509----1367 , ਅੰਗ 555---1364 , ਅੰਗ 947 ---1367 , ਅੰਗ 948 --1366 ਤੇ ਦਰਜ ਹਨ । ਸ਼ਬਦ ਮਰਤਾ ਮਰਤਾ ਜਗੁ ਮੁਆ ਬਿਹਾਗੜਾ ਕੀ ਵਾਰ ਵਿਚ ਵੀ ਹੈ ਤੇ ਸਲੋਕ ਕਬੀਰ ਜੀ ਵਿਚ ਵੀ । ਇਨ੍ਹਾਂ ਵਿਚ ਲਗ ਮਾਤਰ ਦਾ ਫਰਕ ਹੈ ਜੋ ਕਿ ਗੁਰਬਾਣੀ ਵਿਆਕਰਨ ਅਨੁਸਾਰ ਹੈ । ਪਾਠਕ ਇਨ੍ਹਾਂ ਸਬਦਾਂ ਦਾ ਅਧਿਐਨ ਪੁਸਤਕ ਵਿਚੋਂ ਕਰ ਸਕਦੇ ਹਨ ।
ਸਵਾਲ ਨੰਬਰ 33 ---209 ਬਾਬਾ ਫਰੀਦ ਜੀਂ ਦੀ ਬਾਣੀ ਤੇ ਬਾਬਾ ਜੀ ਦੇ ਜੀਵਨ ਤੇ ਅਧਾਂਰਿਤ ਹਨ । ਬਾਬਾ ਫਰੀਦ ਜੀ ਦੇ ਲਿਖੇ 4 ਸ਼ਬਦ ਤੇ 112 ਸਲੋਕਾਂ ਦਾ ਜ਼ਿਕਰ ਹੈ । ਇਨ੍ਹਾ ਸਲੋਕਾਂ ਨਾਲ ਲਿਖੇ ਗੁਰੂ ਸਾਹਿਬਾਨ ਦੇ ਸਲੋਕਾ ਦਾ ਪੂਰਾ ਵੇਰਵਾ ਹੈ ਗੂਰੂ ਸਾਹਿਬਾਨ ਦੇ ਉਚਾਰੇ 18 ਸ਼ਬਦ ਹਨ । ਇਸ ਤਰਾਂ ਕੁਲ ਸਲੋਕ 130 ਹਨ । ਬਾਬਾ ਫਰੀਦ ਜੀ ਦੇ ਦੋ ਸ਼ਬਦ ਰਾਗ ਆਸਾ ਵਿਚ ਤੇ ਦੋ ਸ਼ਬਦ ਰਾਗ ਸੂਹੀ ਵਿਚ ਹਨ । ਬਾਬਾ ਫਰੀਦ ਜੀ ਦੇ ਖਲੀਫਿਆਂ ਦੀ ਗਿਣਤੀ 50842 ਹੈ । ਫਰੀਦ ਜੀ ਦੀ ਬਾਣੀ ਮਾਤਿਰਕ ਛੰਦ ਵਿਚ ਹੈ । ਇਹ ਵੇਰਵਾ ਸਵਾਲ 201—209 ਵਿਚ ਹੈ । ਇਸ ਤੋਂ ਅਗੇ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਬਾਰੇ ਸਵਾਲ 210—254 ਭਗਤ ਰਵਿਦਾਸ ਜੀ 255—288 ਭਗਤ ਤਰਲੋਚਨ ਜੀ 283—303 ,ਭਗਤ ਬੇਣੀ ਜੀ 304—315 ,ਭਗਤ ਭੀਖਣ ਜੀ 316—327 , ਭਗਤ ਧੰਨਾ ਜੀ 328—337 , ਭਗਤ ਜੈਦੇਵ ਜੀ 338---361 ਭਘਤ ਪੀਪਾ ਜੀ 362—381 , ਭਗਤ ਸੈਣ ਜੀ ਸਵਾਲ 382—395 ਹਨ ।ਭਗਤ ਸਧਨਾ ਜੀ 396—406 ,ਭਗਤ ਪਰਮਾਨੰਦ ਜੀ 407—421 ਭਗਤ ਸੂਰਦਾਸ ਜੀ 422—439 , ਭਗਤ ਰਾਮਾ ਨੰਦ ਜੀ 440—456 ਤਕ ਸ਼ਾਮਲ ਹਨ ।ਫਿਰ ਗੁਰਬਾਣੀ ਨਾਲ ਜੁੜੇ ਖੌਜ ਭਰਪੂਰ ਫੁਟਕਲ ਸਵਾਲ ਹਨ ।ਇਸ ਤਰਾ ਪਹਿਲੇ ਚੋਦਾਂ ਸਵਾਲ ਵੀ ਗੁਰੂ ਗਰੰਥ ਸਾਹਿਬ ਬਾਰੇ ਬਹੁਤ ਮਹਤਵ ਪੂਰਨ ਹਨ । ਕਈ ਸਵਾਲ ਬਹੁਤ ਦਿਲਚਸਪ ਤੇ ਜਾਣਕਾਰੀ ਵਿਚ ਵਾਧਾਂ ਕਰਨ ਵਾਲੇ ਹਨ । ਜਿਨ੍ਹਾਂ ਦਾ ਵਿਦਿਆਰਥੀ ਤੇ ਸਾਧਾਰਣ ਮਨੁਖ ਨੂੰ ਬੌਧਿਕ ਪ੍ਰਸੰਗ ਵਿਚ ਬਹੁਤ ਲਾਭ ਹੈ । ਜਿਵੇਂ ਭਗਤ ਰਵਿਦਾਸ ਜੀ ਦੀ ਬਾਣੀ 16 ਰਾਗਾਂ ਵਿਚ ਹੈ । ਭਗਤ ਰਵਿਦਾਸ ਜੀ ਦੀ ਉਮਰ 151 ਸਾਲ ਸੀ। (1376 ---1527 ) ਭਗਤ ਜੈਦੇਵ ਜੀ ਦੇ ਰਾਗ ਗੂਜਰੀ ਤੇ ਤੇ ਰਾਗ ਮਾਰੂ ਵਿਚ ਹਨ । ਭਗਤ ਰਾਮਾ ਨੰਦ ਜੀ ਦੇ ਪੰਜ ਸ਼ਿਸ਼ ਭਗਤ ਸਨ ਇਨ੍ਹਾ ਵਿਚ ਭਗਤ ਕਬੀਰ ਜੀ, ,ਭਗਤ ਸੈਣ ਜੀ, ਭਗਤ ਰਵਿਦਾਸ ਜੀ ,ਭਗਤ ਪੀਪਾ ਜੀ ਤੇ ਭਗਤ ਧੰਨਾ ਜੀ ਸਨ । ਭਗਤ ਰਾਮਾ ਨੰਦ ਜੀ ਦਾ ਆਪਣਾ ਲਿਖਿਆ ਇਕ ਸ਼ਬਦ ਬਸੰਤ ਰਾਗ ਵਿਚ ਹੈ ।
ਇਨ੍ਹਾਂ ਸਾਰੇ ਭਗਤਾਂ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਭਾਰਤ ਦੇ ਵਖ ਵਖ ਪ੍ਰਾਂਤਾ ਵਿਚ ਜਾ ਕੇ ਇਕਠੀ ਕੀਤੀ ।ਇਕ ਸਵਾਲ (434) ਭਗਤ ਸੂਰਦਾਸ ਜੀ ਦੀਆਂ ਅੱਖਾਂ ਦੀ ਜੋਤ ਚਲੇ ਜਾਣ ਬਾਰੇ ਹੈ ।ਭਗਤ ਸੂਰਦਾਸ ਜੀ ਦਾ ਇਕ ਸ਼ਬਦ ਸਾਰੰਗ ਰਾਗ ਵਿਚ ਹੈ । ਟਾਈਟਲ ਤੇ ਪੰਦਰਾਂ ਭਗਤਾਂ ਦੀਆ ਦੁਰਲਭ ਤਸਵੀਰਾਂ ਹਨ । ਲੇਖਕ ਨੇ ਇਨ੍ਹਾਂ ਤਸਵੀਰਾਂ ਦਾ ਸਰੋਤ ਨਹੀਂ ਦਸਿਆ। ਪੁਸਤਕ ਵਿਚ ਭਗਤਾਂ ਦਾ ਜਨਮ ਸਥਾਨ ,ਪਰਿਵਾਰਕ ਜਾਣਕਾਰੀ ,ਰਚੀ ਬਾਣੀ ਦੀ ਖੌਜ ਪੜਤਾਲ ਤੇ ਹੋਰ ਬਹੁਤ ਕੁਝ ਹੈ । ਜਿਸ ਤੋਂ ਲੇਖਕ ਦੀ ਮਿਹਨਤ ਦਾ ਪਤਾ ਲਗਦਾ ਹੈ । ਪੁਸਤਕ ਭਗਤ ਕਬੀਰ ਜੀ ਦੀ 2018 ਵਿਚ ਆਉਣ ਵਾਲੀ 500 ਸਾਲਾ ਪ੍ਰਲੋਕ ਗਮਨ ਸ਼ਤਾਬਦੀ ਤੇ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਦੀ ਸਮਾਪਤੀ ਤੇ ਚੌਥੀ ਉਦਾਸੀ ਦੀ ਅਰੰਭਤਾ ਦੇ ਪੰਜ ਸੌ ਸਾਲਾ ਸ਼ਤਾਬਦੀ ਨੂੰ ਸਮਰਪਿਤ ਹੈ । ਪੁਸਤਕ ਦੀ ਪ੍ਰਕਾਸ਼ਨਾ ਤੇ ਸਮਗਰੀ ਦੀ ਖੋਜ ਪਿਛੇ ਪ੍ਰਸਿਧ ਗੁਰਮਤਿ ਲੇਖਕ ਸਰਦਾਰ ਕਰਨੈਲ ਸਿੰਘ ਐੱਮ ਏ ਦੀ ਉਤਸ਼ਾਂਹਮਈ ਪ੍ਰੇਰਨਾ ਹੈ ਤੇ ਬਹੁਮੁਲਾ ਸਹਿਯੋਗ ਹੈ । ਗੁਰਮਤਿ ਮਾਰਗ ਦੇ ਜਗਿਆਸੂ ਪਾਠਕਾਂ ਤੇ ਵਿਦਿਆਰਥੀ ਵਰਗ ਲਈ ਪੁਸਤਕ ਬਹੁਤ ਲਾਹੇਵੰਦ ਹੈ । ਕੀਮਤ ਵੀ ਵਾਜਬ ਹੈ । ਲੇਖਕ ਦਾ ਉਦਮ ਅਜੋਕੇ ਪਦਾਰਥਕ ਸਮੇਂ ਵਿਚ ਸ਼ਲਾਘਾ ਯੋਗ ਹੈ । ਆਸ ਕੀਤੀ ਜਾਂਦੀ ਹੈ ਕਿ ਲੇਖਕ ਇਸ ਕਿਸਮ ਦੀਆਂ ਹੋਰ ਕਿਤਾਬਾਂ ਲਿਖ ਕੇ ਗੁਰਮਤਿ ਸਾਹਿਤ ਦਾ ਖਜਾਨਾ ਭਰਦਾ ਰਹੇਗਾ । ਕਿਉਂ ਕਿ ਗੁਰਬਾਣੀ ਗਿਆਨ ਦਾ ਅਨਮੋਲ ਖਜਾਨਾ ਹੈ ਤੇ ਜੀਵਨ ਜਾਚ ਦਾ ਸਰੋਤ ਵੀ ।