ਹਰਮੇਲ ਤੇ ਗੁਰਮੇਲ ਦੋਵੇਂ ਹਰ ਰੋਜ਼ ਸਵੇਰੇ-ਸਵੇਰੇ ਗੁਰੂ ਘਰ ਕੱਠੇ ਮੱਥਾ ਟੇਕਣ ਜਾਇਆ ਕਰਦੇ ਸਨ। ਇਕ ਦਿਨ ਹਰਮੇਲ ਨੇ ਗੁਰਮੇਲ ਨੂੰ ਪੁੱਛਿਆ, 'ਯਾਰ ਤੂੰ ਕੀ ਮੰਗਦਾ ਸੱਚੇ ਰੱਬ ਕੋਲੋਂ।' ਕਹਿਣ ਲੱਗਾ, 'ਮੈਂ ਤਾਂ ਜੇ ਸੌ ਰੁਪਏ ਦੀ ਮੰਗ ਰੱਖਦਾ ਹਾਂ ਤਾਂ ਲੱਖ ਦਾ ਫ਼ਾਇਦਾ ਕਰਵਾ ਦਿੰਦਾ ਹੈ ਪ੍ਰਮਾਤਮਾ।' ਤੂੰ ਕੀ ਮੰਗਦਾ ਪ੍ਰਭੂ ਤੋਂ ਹਰ ਰੋਜ਼? ਹਰਮੇਲ ਬੋਲਿਆ, 'ਮੈਂ ਤਾਂ ਤੰਦਰੁਸਤੀ ਤੇ ਸਬਰ ਹੀ ਮੰਗਦਾ ਹਾਂ।' ਸਮਾਂ ਬੀਤਦਾ ਗਿਆ। ਗੁਰਮੇਲ ਅਚਾਨਕ ਬਿਮਾਰ ਪੈ ਗਿਆ। ਡਾਕਟਰ ਨੇ ਕਿਹਾ ਇਸ ਬਿਮਾਰੀ ਦਾ ਕੋਈ ਲਾਜ ਨਹੀਂ ਭਾਂਵੇ ਜਿੰਨ੍ਹਾਂ ਮਰਜ਼ੀ ਪੈਸਾ ਖਰਚ ਕਰ ਲਵੋ। ਇਕ ਦਿਨ ਹਰਮੇਲ ਆਪਣੇ ਜਿਗਰੀ ਦੋਸਤ ਦਾ ਪਤਾ ਲੈਣ ਵਾਸਤੇ ਆਇਆ। ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਗੁਰਮੇਲ ਦੇ ਤੇ ਕਹਿਣ ਲੱਗਾ, 'ਤੰਦਰੁਸਤੀ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਹੈ ਭਰਾਵਾ।'