ਆਓ ਆਪਣੀ ਕਾਰਜ ਸ਼ਕਤੀ ਵਧਾਈਏ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁੱਖਾਂ ਭਰੀ ਜ਼ਿੰਦਗੀ  ਹਰ ਮਨੁੱਖ ਦੀ ਖਾਹਿਸ਼ ਹੁੰਦੀ ਹੈ। ਇਸ ਲਈ ਉਸ ਨੂੰ ਜ਼ਰੂਰਤ ਹੁੰਦੀ ਹੈ ਆਰਥਿਕ ਖ਼ੁਸ਼ਹਾਲੀ, ਤੰਦਰੁਸਤੀ, ਪਿਆਰ ਭਰੇ ਰਿਸ਼ਤਿਆਂ ਦਾ ਆਨੰਦ ਅਤੇ ਉੱਚਾ ਅਹੁਦਾ ਭਾਵ ਮਾਣ ਸਨਮਾਨ ਅਤੇ ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ। ਇਸੇ ਆਸ਼ੇ ਨੂੰ ਲੈ ਕੇ ਉਹ ਜ਼ਿੰਦਗੀ ਭਰ ਜਦੋਜਹਿਦ ਕਰਦਾ ਰਹਿੰਦਾ ਹੈ। ਇਸ ਲਈ ਉਹ ਕਈ ਸੁਪਨੇ ਵੀ ਸਿਰਜਦਾ ਹੈ। ਇਹ ਸੁਪਨੇ ਬਹੁਤ ਹੀ ਰੰਗੀਨ ਹੁੰਦੇ ਹਨ। ਇਹ ਸੁਪਨੇ ਹਕੀਕਤ ਤੋਂ ਦੂਰ ਨਹੀਂ ਹੋਣੇ ਚਾਹੀਦੇ। ਤੁਸੀਂ ਵੀ ਅਜਿਹੇ ਸੁਪਨੇ ਦੇਖ ਸਕਦੇ ਹੋ ਅਤੇ ਉਨ੍ਹਾਂ ਨੂੰ ਸੱਚ ਕਰ ਸਕਦੇ ਹੋ। ਆਪਣੇ ਜੀਵਨ ਨੂੰ ਸੁੱਖੀ ਕਰਨ ਦਾ ਅਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਇਕ ਹੀ ਤਰੀਕਾ ਹੈ-ਆਲਸ ਛੱਡੋ, ਮਿਹਨਤ ਕਰੋ ਅਤੇ ਆਪਣੀ ਕਾਰਜ ਸ਼ਕਤੀ ਵਧਾਓ। ਤੁਹਾਡੇ ਸਰੀਰ ਦੇ ਸਾਰੇ ਗਿਆਨ ਤੇ ਕਰਮ ਇੰਦਰੇ ਭਾਵ ਹੱਥ, ਪੈਰ, ਨੱਕ, ਮੂੰਹ ਅਤੇ ਦਿਮਾਗ ਆਦਿ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸਮੇਂ ਹੁਸ਼ਿਆਰ ਬੰਦਿਆਂ ਦੀ ਤਰ੍ਹਾਂ ਤਿਆਰ ਬਰ ਤਿਆਰ ਰਹਿਣੇ ਚਾਹੀਦੇ ਹਨ। 
ਤੁਸੀਂ ਦਿਸਹੱਦਿਆਂ ਤੋਂ ਵੀ ਪਾਰ ਜਾਣ ਦੀ ਸ਼ਕਤੀ ਰੱਖਦੇ ਹੋ। ਐਵੇਂ ਤਾਂ ਰੱਬ ਨੇ ਤੁਹਾਨੂੰ ਮਨੁੱਖ ਨਹੀਂ ਬਣਾਇਆ। ਮਨੁੱਖ ਪ੍ਰਮਾਤਮਾ ਦੀ ਸਰਵ ਸ੍ਰੇਸ਼ਟ ਰਚਨਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਨੇ ਮਨੁੱਖ ਨੂੰ ਆਪਣਾ ਰੂਪ ਦੇ ਕੇ ਹੀ ਇਸ ਧਰਤੀ ਤੇ ਭੇਜਿਆ ਹੈ (ਬੇਸ਼ੱਕ ਕਹਿੰਦੇ ਹਨ ਕਿ ਰੱਬ ਦਾ ਕੋਈ ਰੂਪ ਰੰਗ ਅਤੇ ਆਕਾਰ ਨਹੀਂ ਹੁੰਦਾ)। ਇਸ ਲਈ ਜਦ ਵੀ ਸ਼ੀਸ਼ੇ ਵਿਚ ਆਪਣਾ ਅਕਸ ਵੇਖੋ ਤਾਂ ਮੁਸਕਰਾ ਕੇ ਵੇਖੋ। ਜਦ ਕਿਸੇ ਦੂਜੇ ਬੰਦੇ ਨੂੰ ਮਿਲੋ ਤਾਂ ਵੀ ਮੁਸਕਰਾ ਕੇ ਪੂਰੇ ਜੋਸ਼ ਨਾਲ ਮਿਲੋ।ਪ੍ਰਮਾਤਮਾ ਨੇ ਮਨੁੱਖ ਨੂੰ ਬਹੁਤ ਸਾਰੀ ਸਿਰਜਕ ਸ਼ਕਤੀ ਬਖਸ਼ੀ ਹੈ ਪਰ ਇਹ ਕਰਮ ਨਾਲ ਹੀ ਪ੍ਰਗਟ ਹੁੰਦੀ ਹੈ।ਜਿਉਂ ਜਿਉਂ ਤੁਸੀ ਮਿਹਨਤ ਕਰ ਕੇ ਅੱਗੇ ਵਧਦੇ ਜਾਓਗੇ ਤੁਹਾਨੂੰ ਆਪਣੀ ਮੰਜ਼ਿਲ ਸਪਸ਼ਟ ਨਜ਼ਰ ਆਉਂਦੀ ਜਾਏਗੀ। ਤੁਸੀਂ ਆਪਣੇ ਰਸਤੇ ਤੋਂ ਕਦੀ ਨਾ ਭਟਕੋ। ਢਹਿੰਦੀਆਂ ਕਲਾਂ ਵਿਚੋਂ ਨਿਕਲ ਕੇ ਚੜ੍ਹਦੀਆਂ ਕਲਾਂ ਵਿਚ ਆਓ।ਜਦ ਵੀ ਮੌਕਾ ਮਿਲੇ ਚੰਗੀ ਗੱਲ ਨੂੰ ਆਪਣੇ ਅੰਦਰ ਸਮੋ ਲਓ। ਨਹੀਂ ਤੇ ਸਮਾਂ ਪੈਣ ਤੇ ਚੰਗਾ ਵਿਚਾਰ ਤੁਹਾਡੀ ਯਾਦਾਸ਼ਤ ਦੇ ਪਰਦੇ ਤੋਂ ਜਲਦੀ ਹੀ ਅਲੋਪ ਹੋ ਜਾਏਗਾ। ਇਸ ਲਈ ਅੱਜ ਦਾ ਕੰਮ ਕਦੀ ਕੱਲ੍ਹ ਤੇ ਨਾ ਟਾਲੋ। ਤੁਹਾਡੀ ਜ਼ਿੰਦਗੀ ਦੇ ਛੋਟੇ ਛੋਟੇ ਸੁਧਾਰ ਤੁਹਾਨੂੰ ਕਾਮਯਾਬੀ ਵਲ ਤੋਰ ਲੈਣਗੇ। ਤੁਸੀਂ ਕਦਮ ਕਦਮ ਕਰ ਕੇ ਆਪਣੀ ਮੰਜ਼ਿਲ ਵਲ ਵਧਦੇ ਜਾਓਗੇ ਅਤੇ ਪੌੜੀ ਪੌੜੀ ਕਰ ਕੇ ਬੋਧਿਕ ਤੌਰ ਤੇ ਵੀ ਉੱਪਰ ਉੱਠਦੇ ਜਾਓਗੇ।ਜ਼ਿੰਦਗੀ ਦਾ ਸਫ਼ਰ ਬਹੁਤ ਕਠਿਨ ਅਤੇ ਚੁਣੌਤੀਆਂ ਭਰਪੂਰ ਹੁੰਦਾ ਹੈ। ਇਸ ਸਬੰਧ ਵਿਚ ਪ੍ਰਸਿਧ ਗੀਤਕਾਰ ਗੁਲਜ਼ਾਰ ਜੀ ਲਿਖਦੇ ਹਨ:
ਵੈਸੇ ਤਾਂ ਜ਼ਿੰਦਗੀ ਤੇਰੇ ਸਫ਼ਰ ਵਿਚ ਸ਼ਿਕਾਇਤਾਂ ਬਹੁਤ ਸਨ,
ਪਰ ਜਦ ਦਰਜ਼ ਕਰਾਉਣ ਪਹੁੰਚੇ ਤਾਂ ਕਤਾਰਾਂ ਬਹੁਤ ਸਨ।

ਸਾਡੀਆਂ ਇਹ ਸ਼ਿਕਾਇਤਾਂ ਕਿਸੇ ਬਾਹਰਲੇ ਬੰਦੇ ਨੇ ਦੂਰ ਨਹੀਂ ਕਰਨੀਆਂ। ਇਨ੍ਹਾਂ ਦਾ ਇਲਾਜ ਸਾਨੂੰ ਆਪ ਨੂੰ ਹੀ ਕਰਨਾ ਪੈਣਾ ਹੈ ਕਿਉਂਕਿ ਕਾਮਯਾਬੀ ਤੱਕ ਜਾਣ ਵਾਲੇ ਰਸਤੇ ਕਦੀ ਸਿੱਧੇ ਨਹੀਂ ਹੁੰਦੇ ਪਰ ਕਾਮਯਾਬੀ ਮਿਲਨ ਤੋਂ ਬਾਅਦ ਸਭ ਰਸਤੇ ਸਿੱਧੇ ਹੋ ਜਾਂਦੇ ਹਨ। ਆਮ ਤੋਰ ਤੇ ਜ਼ਿੰਦਗੀ ਦੇ ਸਫ਼ਰ ਵਿਚ ਬਹੁਤ ਮੁਸੀਬਤਾਂ, ਸਿਰਦਰਦੀਆਂ, ਦੁਰਘਟਨਾਵਾਂ, ਨਾਪਸੰਦਗੀਆਂ, ਨੁਕਤਾਚੀਨੀਆਂ ਅਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਕੇ ਹੀ ਸਫ਼ਲਤਾ ਦਾ ਰਸਤਾ ਖੁਲ੍ਹਦਾ ਹੈ। 
ਹਰ ਮਨੁੱਖ ਸਵੇਰੇ ਸਵੇਰੇ ਜ਼ਿੰਦਗੀ ਦੀ ਜੰਗ ਲੜ੍ਹਨ ਲਈ ਤਿਆਰ ਹੁੰਦਾ ਹੈ। ਮਹਾਂ ਭਾਰਤ ਦੇ ਅਰਜੁਨ ਦੀ ਤਰ੍ਹਾਂ ਉਸ ਨੂੰ ਕਈ ਦੁਸ਼ਵਾਰੀਆਂ ਅਤੇ ਦੁਬਿਧਾਵਾਂ ਦਾ ਟਾਕਰਾ ਕਰਨਾ ਪੈਂਦਾ ਹੈ। ਅੰਤ ਹਾਰ ਕੇ ਉਹ ਰਾਤ ਨੂੰ ਥੱਕ ਕੇ ਨੀਂਦ ਦੀ ਮਿੱਠੀ ਗੋਦ ਵਿਚ ਸੌਂ ਜਾਂਦਾ ਹੈ। ਨੀਂਦ ਥੋੜ੍ਹੇ ਸਮੇਂ ਦੀ ਮੌਤ ਹੁੰਦੀ ਹੈ ਤਾਂ ਕੇ ਬੰਦਾ ਦਿਨ ਦੇ ਗਮਾਂ ਨੂੰ ਕੁਝ ਸਮੇਂ ਲ਼ਈ ਭੁੱਲ ਜਾਏ। ਉਸ ਦੀ ਥਕਾਵਟ ਦੂਰ ਹੋ ਜਾਏ ਅਤੇ ਉਹ ਅਗਲੇ ਦਿਨ ਕੰਮ ਕਰਨ ਲਈ ਨਵੀਂ ਊਰਜ਼ਾ ਨਾਲ ਲੈਸ ਹੋ ਜਾਏ।ਨੀਂਦ ਉਸ ਨੂੰ ਮਾਂ ਦੀ ਤਰ੍ਹਾਂ ਆਪਣੀ ਨਿੱਘੀ ਬੁੱਕਲ ਵਿਚ ਸਮੋ ਲੈਂਦੀ ਹੈ। ਪਰ ਕਈ ਦੁੱਖ ਅਤੇ ਦੁਸ਼ਵਾਰੀਆਂ ਮਨੁੱਖ ਤੇ ਬਹੁਤ ਹਾਵੀ ਹੋ ਜਾਂਦੀਆਂ ਹਨ। ਉਹ ਬੰਦੇ ਨੂੰ ਨੀਂਦ ਨਹੀਂ ਆਉਣ ਦਿੰਦੀਆਂ। ਬੰਦਾ ਚਿੰਤਾ ਵਿਚ ਡੁੱਬਿਆ ਹੋਇਆ ਸਾਰੀ ਰਾਤ ਤੜਫ਼ਦਾ ਰਹਿੰਦਾ ਹੈ। ਬੰਦੇ ਦੀ ਇਹ ਹਾਲਤ ਬਹੁਤ ਦੁੱਖਦਾਈ ਹੁੰਦੀ ਹੈ। ਫਿਰ ਵੀ ਹੌਸਲਾ ਰੱਖਣਾ ਹੀ ਪੈਂਦਾ ਹੈ। ਜੇ ਵਾਹਿਗੁਰੂ ਨੇ ਕੋਈ ਸਮੱਸਿਆ ਖੜੀ ਕੀਤੀ ਹੈ ਤਾਂ ਉਸ ਦਾ ਕੋਈ ਨਾ ਕੋਈ ਹੱਲ ਵੀ ਹੈ। ਬੇਸ਼ੱਕ ਇਸ ਦੁੱਖ ਦੀ ਔਖੀ ਘੜੀ ਵਿਚ ਆਪਣੇ ਆਪ ਨੂੰ ਕਾਇਮ ਰੱਖਣਾ ਬਹੁਤ ਕਠਿਨ ਹੁੰਦਾ ਹੈ। । ਉਸ ਸਮੇਂ ਸਾਨੂੰ ਕਿਸੇ ਧਰਵਾਸ ਦੀ ਜ਼ਰੂਰਤ ਹੁੰਦੀ ਹੈ। ਉਸ ਸਮੇਂ ਸਾਨੂੰ ਪ੍ਰਮਾਤਮਾ ਤੋਂ ਸਿਵਾ ਕੋਈ ਵੀ ਸਹਾਰਾ ਨਜ਼ਰ ਨਹੀਂ ਆਉਂਦਾ ਜੋ ਸਾਨੂੰ ਦੁੱਖਾਂ ਦੇ ਸਮੁੰਦਰ ਵਿਚੋਂ ਸਹੀ ਸਲਾਮਤ ਬਾਹਰ ਕੱਢ ਲਏ। ਜੇ ਕੋਈ ਮਾੜੀ ਘਟਨਾ ਵਾਪਰ ਵੀ ਜਾਏ ਤਾਂ ਵੀ ਸਾਨੂੰ ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਹੈ। ਕਹਿੰਦੇ ਹਨ ਕਿ ਡੁਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ। ਜੇ ਸਾਨੂੰ ਪ੍ਰਮਾਤਮਾ ਦਾ ਸਹਾਰਾ ਮਿਲ ਜਾਏ ਤਾਂ ਮਨ ਕੁਝ ਕਾਇਮ ਹੁੰਦਾ ਹੈ।ਮੁਸੀਬਤ ਅਤੇ ਮੁਸ਼ਕਲਾਂ ਨੂੰ ਸਾਹਮਣੇ ਦੇਖ ਕੇ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰਨ ਨਾਲ ਕੁਝ ਨਹੀਂ ਬਣਦਾ। ਨਹੀਂ ਤੇ ਬਿੱਲੀ ਨੇ ਤਾਂ ਝਪੱਟਾ ਮਾਰ ਕੇ ਕਬੂਤਰ ਨੂੰ ਖਾ ਹੀ ਜਾਣਾ ਹੈ। ਮਰਦ ਬਣੋ। ਕਈ ਵਾਰੀ ਤਾਂ ਅਜਿਹੇ ਨਿਡੱਰ ਯੋਧਿਆਂ ਤੋਂ ਮੌਤ ਵੀ ਹਾਰ ਜਾਂਦੀ ਹੈ। ਤੁਸੀਂ ਮਨੁੱਖ ਹੋ ਫਿਰ ਡਰ ਕਾਹਦਾ? ਹੋਣ ਦਿਓ ਜੋ ਹੁੰਦਾ ਹੈ। ਇਸ ਨੂੰ ਰੱਬ ਦੀ ਰਜ਼ਾ ਸਮਝੋ। ਮਨੁੱਖਾਂ ਦੀ ਤਰ੍ਹਾਂ ਸ਼ਾਨ ਨਾਲ ਜੀਓ ਅਤੇ ਮਨੁੱਖਾਂ ਦੀ ਤਰ੍ਹਾਂ ਹੀ ਸ਼ਾਨ ਨਾਲ ਮਰੋ। ਮਨੁੱਖ ਲਈ ਸਭ ਤੋਂ ਕੀਮਤੀ ਉਸ ਦੀ ਜ਼ਿੰਦਗੀ ਹੈ ਪਰ ਸਭ ਇਹ ਵੀ ਜਾਣਦੇ ਹਨ ਕਿ ਜ਼ਿੰਦਗੀ ਮੌਤ ਦੀ ਅਮਾਨਤ ਹੈ । ਇਕ ਦਿਨ ਤਾਂ ਸਭ ਨੇ ਮਰਨਾ ਹੀ ਹੈ। ਇਸ ਲਈ ਜੇ ਕੋਈ ਬੰਦਾ ਮਰ ਵੀ ਜਾਏ ਤਾਂ ਐਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਉਸ ਬੰਦੇ ਦੇ ਜਿਉਂਦੇ ਹੋਏ ਉਸ ਦੇ ਅੰਦਰੋਂ ਕੁਝ ਮਰਨ ਨਾਲ ਹੁੰਦਾ ਹੈ। ਜੇ ਉਸ ਅੰਦਰੋਂ ਮਨੁੱਖਤਾ ਹੀ ਮਰ ਜਾਏ ਜਾਂ ਉਸ ਦੀ ਜਿਉਣ ਦੀ ਇੱਛਾ ਹੀ ਮਰ ਜਾਏ ਤਾਂ ਬਹੁਤ ਨੁਕਸਾਨ ਹੁੰਦਾ ਹੈ। ਬੰਦੇ ਅੰਦਰ ਜੀਵਨ ਦੀ ਚਿਣਗ ਲੱਟ ਲੱਟ ਕਰ ਕੇ ਮੱਚਦੀ ਰਹਿਣੀ ਚਾਹੀਦੀ ਹੈ। ਜਿਸ ਬੰਦੇ ਅੰਦਰੋਂ ਇਹ ਚਿਣਗ ਬੁੱਝ ਗਈ, ਸਮਝੋ ਉਹ ਆਪਣੀ ਬਾਕੀ ਸਾਰੀ ਉਮਰ ਆਪਣੇ ਮੁਰਦਾ ਸਰੀਰ ਦਾ ਭਾਰ ਹੀ ਢੋਂਦਾ ਰਹਿੰਦਾ ਹੈ।
ਕਦੀ ਸਮਾਂ ਅਜਾਈਂ ਨਾ ਕਰੋ। ਘੜੀ ਦੀ ਟਿੱਕ ਟਿੱਕ ਨੂੰ ਐਵੇਂ ਨਾ ਸਮਝੋ। ਇਹ ਤਾਂ ਤੁਹਾਡੀ ਜ਼ਿੰਦਗੀ ਦੇ ਦਰਖ਼ਤ ਉਤੇ ਕੁਹਾੜੇ ਦੀਆਂ ਚੋਟਾਂ ਹਨ। ਪਲ ਪਲ ਕਰ ਕੇ ਤੁਹਾਡੀ ਜ਼ਿੰਦਗੀ ਘਟ ਰਹੀ ਹੈ। ਤੁਹਾਡੀ ਜ਼ਿੰਦਗੀ ਦਾ ਹਰ ਪਲ, ਹਰ ਮਿੰਟ ਅਤੇ ਹਰ ਸਕਿੰਟ ਕੀਮਤੀ ਹੈ। ਆਪਣੇ ਆਪ ਨੂੰ ਸਦਾ ਕਿਸੇ ਉਸਾਰੂ ਕੰਮ ਵਿਚ ਰੁੱਝੇ ਰੱਖੋ। ਕੰਮ ਨਾਲ ਕੋਈ ਨਹੀਂ ਮਰਦਾ। ਕੰਮ ਨਾਲ ਤੰਦਰੁਸਤੀ ਮਿਲਦੀ ਹੈ ਅਤੇ ਸਮਰੱਥਾ ਵਧਦੀ ਹੈ। ਇਸ ਤਰ੍ਹਾਂ ਖੁਸ਼ਹਾਲੀ ਆਉਂਦੀ ਹੈ। ਬੰਦੇ ਦਾ ਸਮਾਜਿਕ ਦਾਇਰਾ ਵੀ ਮੋਕਲਾ ਹੁੰਦਾ ਹੈ ਅਤੇ ਇਜ਼ੱਤ ਵਧਦੀ ਹੈ। ਦੂਜੇ ਪਾਸੇ ਵਿਹਲੇ ਬੰਦਿਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਅਜਿਹੇ ਬੰਦੇ ਹਰ ਸਮੇਂ ਆਪਣੇ ਚਿਹਰੇ ਤੇ ਬਦਕਿਸਮਤੀ ਦਾ ਮੁਖੌਟਾ ਲਾਈ ਰੱਖਦੇ ਹਨ। ਉਹ ਆਮ ਤੌਰ ਤੇ ਨਸ਼ਿਆਂ ਅਤੇ ਭੈੜੀਆਂ ਆਦਤਾਂ ਦੀ ਗ੍ਰਿਫ਼ਤ ਵਿਚ ਜਕੜੇ ਜਾਂਦੇ ਹਨ। ਘਰ ਦੇ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਅਜਿਹੇ ਬੰਦੇ ਦੇਸ਼ ਅਤੇ ਸਮਾਜ ਤੇ ਬੋਝ ਹੁੰਦੇ ਹਨ। ਉਹ ਨਿਰਾਸ਼ਾ ਵਿਚ ਆ ਕੇ ਐਲਜ਼ਾਈਮਰ ਨਾਮ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਫਿਰ ਉਹ ਜਲਦੀ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਆਲਸ ਕਰ ਕੇ ਅਤੇ ਵਿਹਲੇ ਰਹਿ ਕੇ ਅਨਮੋਲ ਜ਼ਿੰਦਗੀ ਨਸ਼ਟ ਕਰਨ ਦਾ ਕੋਈ ਲਾਭ ਨਹੀਂ। ਇਹ ਰਸਤਾ ਸਿੱਧਾ ਮੌਤ ਵਲ ਜਾਂਦਾ ਹੈ। ਆਪਣੀ ਕਾਰਜ ਸ਼ਕਤੀ ਵਧਾਓ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ।
ਵਹਿਮਾ, ਭਰਮਾ, ਚਮਤਕਾਰਾਂ ਅਤੇ ਵਰ ਜਾਂ ਸਰਾਪ ਵਿਚ ਕਦੀ ਵਿਸ਼ਵਾਸ ਨਾ ਰੱਖੋ। ਆਪਣੇ ਕਰਮ ਨਾਲ ਆਪਣੀ ਕਿਸਮਤ ਬਣਾਓ। ਦੁੱਖ ਸੁੱਖ ਵੀ ਬੰਦੇ ਦੇ ਆਪਣੇ ਕਰਮਾਂ ਦਾ ਹੀ ਨਤੀਜਾ ਹੁੰਦੇ ਹਨ। ਨਸ਼ੇ, ਈਰਖਾ, ਦਵੈਸ਼, ਨਿੰਦਿਆ, ਕਾਮ, ਕਰੋਧ, ਲੋਭ, ਮੋਹ, ਹੰਕਾਰ, ਭ੍ਰਿਸ਼ਟਾਚਾਰ, ਬੇਈਮਾਨੀ, ਧੋਖਾ ਆਦਿ ਸਰੀਰ ਨੂੰ ਗਾਲਦੇ ਹਨ ਅਤੇ ਉਮਰ ਘਟਾਉਂਦੇ ਹਨ। ਇਮਾਨਦਾਰੀ, ਸਹਿਜ, ਖੁਲਦਿਲੀ, ਅਤੇ ਦਇਆ ਅਦਿ ਮਨ ਨੂੰ ਸ਼ਾਂਤੀ ਦਿੰਦੇ ਹਨ ਅਤੇ ਤੁਹਾਡੀ ਸ਼ੱਖਸ਼ੀਅਤ ਨੂੰ ਨਿਖਾਰਦੇ ਹਨ। ਸਮਾਜ ਵਿਚ ਤੁਹਾਡੀ ਇੱਜ਼ਤ ਵਧਦੀ ਹੈ। ਤੁਹਾਡੇ ਅੰਦਰ ਖ਼ੁਸ਼ਹਾਲੀ ਅਤੇ ਤੰਦਰੁਸਤੀ ਆਉਂਦੀ ਹੈ ਜਿਸ ਨਾਲ ਤੁਸੀਂ ਸਹਿਜਮਈ, ਸੁਖੀ ਅਤੇ ਲੰਮੀ ਉਮਰ ਭੋਗ ਸਕਦੇ ਹੋ।
ਰੱਬ ਨੇ ਸਾਨੂੰ ਬਹੁਤ ਗਿਆਨ, ਗੁਣ ਅਤੇ ਸ਼ਕਤੀ ਦੇ ਕੇ ਹੀ ਮਨੁੱਖ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ। ਇਸ ਲਈ ਉਸ ਨੇ ਸਾਨੂੰ ਸਰੀਰ ਦੇ ਨਰੋਏ ਅੰਗ ਅਤੇ ਉੱਤਮ ਗਿਆਨ ਤੇ ਕਰਮ ਇੰਦਰੇ ਦਿੱਤੇ ਹਨ ਪਰ ਅਸੀ ਇਨ੍ਹਾਂ ਤੋਂ ਪੂਰਾ ਕੰਮ ਨਹੀਂ ਲੈਂਦੇ। ਅਸੀਂ ਜੋ ਵੀ ਕੰਮ ਕਰਦੇ ਹਾਂ ਬੇਧਿਆਨੇ ਹੀ ਕਰਦੇ ਹਾਂ ਅਸੀਂ ਕੰਮ ਕੋਈ ਕਰ ਰਹੇ ਹੁੰਦੇ ਹਾਂ ਪਰ ਸਾਡਾ ਧਿਆਨ ਕਿਧਰੇ ਹੋਰ ਹੁੰਦਾ ਹੈ। ਇਸ ਲਈ ਸਾਡੇ ਕੀਤੇ ਹੋਏ ਕੰਮਾਂ ਦੇ ਉਹ ਨਤੀਜੇ ਨਹੀਂ ਨਿਕਲਦੇ ਜੋ ਨਿਕਲਨੇ ਚਾਹੀਦੇ ਹਨ। 
ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਕੰਮ ਕਰਦੇ ਸਮੇਂ ਸਧਾਰਣ ਮਨੁੱਖ ਆਪਣੀ ਬੁੱਧੀ (ਇਕਾਗਰਤਾ) ਦਾ ਕੇਵਲ ੧੨-੧੩ ਪ੍ਰਤੀਸ਼ਤ ਹੀ ਇਸਤੇਮਾਲ ਕਰਦਾ ਹੈ ਅਤੇ ਤੀਖਣ ਬੁੱਧੀ ਵਾਲੇ ਵਿਦਿਆਰਥੀ ੧੬-੧੭ % ਹੀ ਇਸਤੇਮਾਲ ਕਰਦੇ ਹਨ ਅਤੇ ਉਹ ਸਭ ਤੋਂ ਅੱਗੇ ਨਿਕਲ ਜਾਂਦੇ ਹਨ। ਉਹ ਇਕ ਸਫ਼ਲ ਜ਼ਿੰਦਗੀ ਜਿਉਂਦੇ ਹਨ। ਜ਼ਰਾ ਸੋਚੋ ਕਿ ਕੇਵਲ ੧੨-੧੩% ਜਾਂ ੧੬-੧੭% ਬੁੱਧੀ ਦਾ ਇਸਤੇਮਾਲ ਕਰ ਕੇ ਹੀ ਮਨੁੱਖ ਵਿਕਾਸ ਦੀਆਂ ਕਿੰਨੀਆਂ ਬੁਲੰਦੀਆਂ ਤੇ ਪਹੁੰਚ ਗਿਆ ਹੈ! ਇਹ ਜੋ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਅਸੀਂ ਮਾਣ ਰਹੇ ਹਾਂ ਇਹ ਸਭ ਇਸ ਦਾ ਹੀ ਪ੍ਰਤਾਪ ਹੈ। ਇਹ ਸਕੂਟਰ, ਮੋਟਰਸਾਕਿਲ, ਕਾਰਾਂ, ਹਵਾਈ ਜਹਾਜ, ਰਾਕਟ, ਬਿਜਲੀ, ਮੌਬਾਇਲ, ਇੰਟਰਨੈਟ, ਟੈਲੀਵੀਜ਼ਨ ਅਤੇ ਏਅਰ ਕੰਡੀਸ਼ਨ ਮਨੁੱਖ ਦੀ ਤੁੱਛ ਬੁੱਧੀ ਦਾ ਹੀ ਪ੍ਰਤਾਪ ਹੈ। ਜੇ ਅਸੀਂ ਮਨ ਨੂੰ ਹੋਰ ਇਕਾਗਰ ਕਰ ਕੇ ਬੁੱਧੀ ਦਾ ਚਾਰ ਪੰਜ ਪ੍ਰਤੀਸ਼ਤ ਹੋਰ ਇਸਤੇਮਾਲ ਕਰੀਏ ਤਾਂ ਮਨੁੱਖ ਵਿਕਾਸ ਦੀਆਂ ਹੋਰ ਕਿੰਨੀਆਂ ਬੁਲੰਦੀਆਂ ਨੂੰ ਛੁਹ ਸਕਦਾ ਹੈ। ਉਹ ਕੁਦਰਤ ਦੇ ਗੁੱਝੇ ਭੇਦਾਂ ਤੋਂ ਹੋਰ ਵੀ ਪਰਦਾ ਚੁੱਕ ਸਕਦਾ ਹੈ। ਉਹ ਗੰਭੀਰ ਅਤੇ ਮਾਰੂ ਬਿਮਾਰੀਆਂ ਦਾ ਇਲਾਜ ਲੱਭ ਸਕਦਾ ਹੈ। ਇਸ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਹੋਰ ਸ਼ਾਨਦਾਰ, ਸੁਖਾਲੀ ਅਤੇ ਸੁੱਖਮਈ ਹੋ ਸਕਦੀ ਹੈ ਅਤੇ ਉਸ ਦੇ ਸੁਪਨੇ ਸੱਚੇ ਹੋ ਸਕਦੇ ਹਨ। ਪਰ ਇਸ ਲਈ ਤੁਹਾਨੂੰ ਕਿਧਰੇ ਹੋਰ ਭਟਕਣ ਦੀ ਲੋੜ ਨਹੀਂ। ਤੁਸੀਂ ਆਪਣੇ ਪੇਸ਼ੇ ਵਿਚ, ਆਪਣੇ ਹੱਥਲੇ ਕੰਮ ਵਿਚ ਵੀ ਹੋਰ ਪ੍ਰਵੀਨਤਾ ਲਿਆ ਸਕਦੇ ਹੋ ਅਤੇ ਨਵੀਂਆਂ ਸਿਖਰਾਂ ਛੂਹ ਕੇ ਦੁਨੀਆਂ ਨੂੰ ਹੈਰਾਨ ਕਰ ਸਕਦੇ ਹੋ।ਸਮਾਜ ਦੀ ਉਨਤੀ ਵਿਚ ਇਹ ਹੀ ਤੁਹਾਡਾ ਯੋਗਦਾਨ ਹੋਵੇਗਾ।
ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੀ ਉਮਰ ਕਿਸੇ ਮ੍ਰਿਗ ਤ੍ਰਿਸ਼ਨਾ ਮਗਰ ਹੀ ਭੱਜਦੇ ਰਹੋ ਅਤੇ ਹਮੇਸ਼ਾਂ ਤਣਾਅ ਵਿਚ ਰਹੋ। ਤੁਸੀਂ ਹਕੀਕਤ ਵਿਚ ਵਿਚਰੋ ਅਤੇ ਆਪਣੀ ਸੂਝ ਬੂਝ ਅਤੇ ਬਾਕੀ ਸ਼ਕਤੀਆਂ ਦਾ ਪ੍ਰਯੋਗ ਕਰ ਕੇ ਉਹ ਸਥਾਨ ਹਾਸਿਲ ਕਰੋ ਜਿਸ ਦੇ ਤੁਸੀਂ ਕਾਬਲ ਹੋ। ਆਪਣੇ ਆਪ ਨੂੰ ਕਦੀ ਛੋਟਾ, ਹੀਣਾ ਅਤੇ ਲਾਚਾਰ ਸਮਝ ਕੇ ਕਦੀ ਦੁਨੀਆਂ ਵਿਚ ਨਾ ਵਿਚਰੋ। ਆਪਣਾ ਤੀਸਰਾ ਨੇਤਰ ਖੋਲ੍ਹੋ ਅਤੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੁਨੀਆਂ ਦੇਖੋ। ਤੁਸੀਂ ਖੂਹ ਦੇ ਡੱਡੂ ਨਾ ਬਣੋ। ਆਪਣੇ ਦਾਇਰੇ ਵਿਚੋਂ ਬਾਹਰ ਨਿਕਲੋ। ਤੁਹਾਡੀ ਆਪਣੀ ਦੁਨੀਆਂ ਤੋਂ ਬਾਹਰ ਵੀ ਹੋਰ ਬਹੁਤ ਕੁਝ ਹੈ। ਉਸ ਨੂੰ ਦੇਖੋ ਅਤੇ ਸਮਝੋ। ਇਸ ਤਰ੍ਹਾਂ ਤੁਹਾਨੂੰ ਇਕ ਨਵੀਂ ਰੋਸ਼ਨੀ ਨਜ਼ਰ ਆਏਗੀ ਅਤੇ ਤੁਹਾਡੇ ਗਿਆਨ ਦੇ ਦਰਵਾਜ਼ੇ ਖੁਲ੍ਹਣਗੇ। ਹੌਸਲਾ ਕਰੋ ਅਤੇ ਵਿਕਾਸ ਲਈ ਕਦਮ ਪੁੱਟੋ। ਆਪਣੇ ਡਰ ਨੂੰ ਦੂਰ ਕਰੋ। ਇਹ ਸੋਚੋ ਕਿ ਤੁਹਾਡੇ ਬਜ਼ੁਰਗਾਂ ਦੀਆਂ ਅਣਥੱਕ ਘਾਲਣਾ ਕਾਰਨ ਹੀ ਇਸ ਧਰਤੀ ਤੇ ਇਤਨਾ ਵਿਕਾਸ ਹੋਇਆ ਹੈ ਜਿਸ ਦਾ ਅੱਜ ਤੁਸੀਂ ਸੁੱਖ ਮਾਣ ਰਹੇ ਹੋ। ਤੁਸੀਂ ਆਪ ਸਮਾਜ ਦੀ ਭਲਾਈ ਅਤੇ ਉਨਤੀ ਲਈ ਕੀ ਯੋਗਦਾਨ ਦੇ ਰਹੇ ਹੋ? ਤੁਹਾਨੂੰ ਇਹ ਸੋਚਣ ਦੀ ਅਤੇ ਕੁਝ ਉਸਾਰੂ ਕੰਮ ਕਰਨ ਦੀ ਲੋੜ ਹੈ। ਕੁਝ ਚੰਗਾ ਕੰਮ ਕਰ ਕੇ ਦਿਖਾਓ ਅਤੇ ਯਸ਼ ਪਾਓ।
ਜਿਵੇਂ ਇਲਾਸਟਿਕ ਨੂੰ ਕੁਝ ਹੱਦ ਤੱਕ ਖਿਚ ਕੇ ਲੰਬਾ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਜੇ ਅਸੀ ਸਰੀਰ ਦੇ ਅੰਗਾਂ ਤੋਂ ਕੁਝ ਹੋਰ ਕੰਮ ਲੈ ਕੇ ਅਤੇ ਆਪਣੀਆਂ ਸੂਖਮ ਗਿਆਨ ਇੰਦਰਿਆਂ ਨੂੰ ਚੇਤੰਨ ਰੱਖ ਕੇ ਆਪਣੀ ਕਾਰਜ ਸ਼ਕਤੀ ਨੂੰ ਕੁਝ ਵਧਾ ਸਕਦੇ ਹਾਂ। ਇਸ ਨਾਲ ਸਾਡੀ ਯੋਗਤਾ ਵਧੇਗੀ। ਸਾਡੀ ਆਰਥਿਕ ਖ਼ੁਸ਼ਹਾਲੀ, ਤੰਦਰੁਸਤੀ ਅਤੇ ਮਾਨ ਸਨਮਾਨ ਵੀ ਵਧੇਗਾ। ਸਾਡੇ ਆਪਸੀ ਰਿਸ਼ਤੇ ਵੀ ਸਨੇਹ ਅਤੇ ਪਿਆਰ ਭਰੇ ਹੋਣਗੇ ਅਤੇ ਸਾਡੀ ਸੁੱਖਾਂ ਭਰੀ ਜ਼ਿੰਦਗੀ ਦੇ ਸੁਪਨੇ ਸਾਕਾਰ ਹੋਣਗੇ।
ਹਰ ਸਮੇਂ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਅੰਦਰ ਝਾਤੀ ਮਾਰੋ। ਆਪਣੀਆ ਕਮਜੋਰੀਆਂ ਨੂੰ ਪਛਾਣੋ ਅਤੇ ਉਨ੍ਹਾਂ ਨੂੰ ਦੂਰ ਕਰੋ। ਤੁਹਾਡੀ ਜ਼ਿੰਦਗੀ ਵਿਚ ਕੀਤੇ ਹੋਏ ਛੋਟੇ ਛੋਟੇ ਸੁਧਾਰ ਤੁਹਾਡੀ ਜ਼ਿੰਦਗੀ ਵਿਚ ਮਹਾਨ ਤਬਦੀਲੀ ਲਿਆ ਸਕਦੇ ਹਨ। ਫੋਕੀਆਂ ਫੜ੍ਹਾਂ ਨਾ ਮਾਰੋ। ਆਪਣੇ ਗੁਣਾਂ ਨੂੰ ਆਪਣੇ ਕੰਮਾਂ ਦੁਆਰਾ ਪ੍ਰਗਟ ਹੋਣ ਦਿਓ।ਇਸ ਧਰਤੀ ਤੇ ਤੁਹਾਡਾ ਜਨਮ ਐਵੇਂ ਨਹੀਂ ਹੋਇਆ। ਕਿਸੇ ਖਾਸ ਮਕਸਦ ਲਈ ਹੋਇਆ ਹੈ। ਜੇ ਤੁਸੀਂ ਇਸ ਦੁਨੀਆਂ ਵਿਚ ਮਨੁੱਖਾ ਜਨਮ ਲੈ ਕੇ ਆਏ ਹੋ ਤਾਂ ਕੁਝ ਖਾਸ ਕਰ ਕੇ ਦਿਖਾਓ ਤਾਂ ਕਿ ਤੁਹਾਡੇ ਬਾਅਦ ਵੀ ਲੋਕਾਂ ਤੇ ਤੁਹਾਡੀ ਸੁੰਦਰ ਛਵੀ ਬਣੀ ਰਹੇ।