ਸਾਂਢੂ ਦੀ ਸਕੀਰੀ ਤੇ ਤੇਲ ਦੀ ਪੰਜੀਰੀ
(ਲੇਖ )
ਕਹਿੰਦੇ ਸਾਂਢੂ ਦੀ ਕੋਈ ਸਕੀਰੀ ਨਹੀ ਹੁੰਦੀ ਤੇ ਤੇਲ ਦੀ ਕੋਈ ਪੰਜੀਰੋ ਨਹੀ ਹੁੰਦੀ। ਇਸ ਗੱਲ ਦੀ ਤਹਿ ਤੱਕ ਜਾਣ ਲਈ ਸਾਂਢੂ ਦੀ ਸਕੀਰੀ ਅਤੇ ਤੇਲ ਦੀ ਪੰਜੀਰੀ ਦੀ ਚਰਚਾ ਕਰਨੀ ਲਾਜਮੀ ਹੈ। ਮੋਹ ਮਾਇਆ ਦੀਆਂ ਤੰਦਾ ਤਾਂ ਇਨਸਾਨ ਤੋ ਇਲਾਵਾ ਜੀਵ ਜੰਤੂਆਂ ਪਸ਼ੂਆਂ ਪੰਛੀਆਂ ਵਿੱਚ ਵੀ ਪਾਈਆਂ ਜਾਂਦੀਆਂ ਹਨ।ਪਰ ਰਿਸ਼ਤਿਆਂ ਦਾ ਝੰਮੇਲਾ ਤਾਂ ਸਾLਇਦ ਇਨਸਾਨ ਦੀ ਹੀ ਦੇਣ ਹੈ।ਇੰਸਾਨੀ ਫਿਤਰਤ ਅਨੁਸਾਰ ਇਸ ਨੇ ਆਪਣੇ ਰਿਸ਼ਤੇਨਾਤੇ ਕਾਇਮ ਕੀਤੇ ਹਨ। ਅਤੇ ਸ੍ਰਮਾਜਿਕ ਪ੍ਰਾਣੀ ਹੋਣ ਨਾਤੇ ਉਹ ਉਮਰਭਰ ਰਿਸ਼ਤਿਆਂ ਦੇ ਮੱਕੜਜਾਲ ਵਿੱਚ ਉਲਝਿਆ ਰਹਿੰਦਾ ਹੈ।ਇਹਨਾ ਰਿਸ਼ਤਿਆਂ ਦਾ ਸੰਸਾਰ ਇੰਨਾ ਵੱਡਾ ਹੈ ਕਿ ਕਈ ਵਾਰੀ ਆਮ ਆਦਮੀ ਨੂੰ ਇਹ ਨਹੀ ਪਤਾ ਚਲਦਾ ਕਿ ਉਹ ਉਸ ਦਾ ਕੀ ਲੱਗਿਆ।ਇਸ ਰਿਸ਼ਤੇਦਾਰੀ ਨੂੰ ਕੀ ਨਾਮ ਦਿੰਦੇ ਹਨ। ਪੰਜਾਬੀ ਵਿੱਚ ਤਾਂ ਇਹਨਾ ਰਿਸ਼ਤਿਆਂ ਦੀ ਤਾਣੀ ਹੋਰ ਵੀ ਗੁੰਝਲਦਾਰ ਹੈ। ਅੰਗਰੇਜਾਂ ਨੇ ਤਾਂ ਅੰਕਲ ਆਂਟੀ ਅਤੇ ਕਜ਼ਨ ਵਰਗੇ ਸਰਵਵਿਆਪੀ ਸ਼ਬਦ ਬਣਾਕੇ ਬਹੁਤੇ ਰਿਸ਼ਤਿਆਂ ਨੂੰ ਇੱਕ ਸਬਦ ਵਿੱਚ ਪਰੋ ਦਿੱਤਾ।ਪਰ ਸਾਡੇ ਇੱਥੇ ਅਜਿਹਾ ਕੁਝ ਨਹੀ ਚਲਦਾ। ਹਰ ਰਿਸ਼ਤੇ ਦੀ ਅਹਿਮੀਅਤ ਵੱਖਰੀ ਹੁੰਦੀ ਹੈ। ਦੂਰ ਦੇ ਰਿਸ਼ਤੇ ਵੀ ਆਪਣਾ ਰੁਤਬਾ ਰੱਖਦੇ ਹਨ। ਜੇ ਮਾਂ ਦੀ ਸਕੀ ਭੈਣ ਮਾਸੀ ਹੈ ਤਾਂ ਭੈਣ ਜਾ ਭਰਾ ਦੀ ਸੱਸ ਨੂੰ ਵੀ ਮਾਸੀ ਆਖਿਆ ਜਾਂਦਾ ਹੈ। ਜਿੱਥੇ ਮਾਸੀ ਦਾ ਅਰਥ ਮਾਂ ਜੈਸੀ ਹੈ ਉਥੇ ਮਾਸੜ ਦਾ ਉਹ ਸਥਾਨ ਨਹੀ ਹੁੰਦਾ। ਰਿਸ਼ਤਿਆਂ ਦੇ ਇਸ ਤਾਣੇ ਬਾਣੇ ਵਿੱਚ ਦੋ ਭੈਣਾਂ ਦੇ ਪਤੀ ਆਪਸ ਵਿੱਚ ਸਾਂਢੂ ਹੁੰਦੇ ਹਨ।ਉਂਜ ਇਹ ਵੀ ਕੋਈ ਦੂਰ ਦਾ ਰਿਸ਼ਤਾ ਨਹੀ ਹੁੰਦਾ। ਜਦੋ ਦੋ ਭੈਣਾਂ ਦਾ ਆਪਸੀ ਪਿਆਰ ਲਾਜਬਾਬ ਹੁੰਦਾ ਹੈ ਤਾਂ ਉਹਨਾ ਦੇ ਪਤੀਆਂ ਦਾ ਵੀ ਆਪਸ ਵਿੱਚ ਪਿਆਰ ਹੋ ਸਕਦਾ ਹੈ। ਬਹੁਤੇ ਵਾਰੀ ਉਹਨਾ ਭੈਣਾ ਦੇ ਪਤੀ ਵੀ ਭਰਾਵਾਂ ਵਾਂੰਗੂ ਆਪਸ ਵਿੱਚ ਵਰਤਦੇ ਹਨ।ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਬਣਦੇ ਹਨ। ਪਰ ਸਮਾਜ ਦਾ ਇੱਕ ਤਬਕਾ ਅਜਿਹਾ ਵੀ ਹੈ ਜੋ ਸਾਂਢੂ ਦੀ ਰਿਸ਼ਤੇਦਾਰੀ ਨੂੰ ਕੋਈ ਰਿਸ਼ਤੇਦਾਰੀ ਹੀ ਨਹੀ ਸਮਝਦਾ। ਉਹਨਾ ਵਿਚਲੇ ਸਬੰਧਾਂ ਨੂੰ ਉਹ ਕੋਈ ਅਹਿਮੀਅਤ ਨਹੀ ਦਿੰਦਾ। ਕਿਉਕਿ ਉਹਨਾ ਅਨੁਸਾਰ ਸਾਂਢੂਆਂ ਦੀ ਰਿਸ਼ਤੇਦਾਰੀ ਦਾ ਆਧਾਰ ਕੰਮਜੋਰ ਹੈ। ਪਰ ਗੱਲ ਇਹ ਵੀ ਨਹੀ ਹੁੰਦੀ। ਇਸ ਤੋ ਵੱਧ ਮਜਬੂਤ ਆਧਾਰ ਕੀ ਹੋ ਸਕਦਾ ਹੈ ਜਦੋ ਉਹਨਾ ਦੀਆਂ ਘਰਵਾਲੀਆਂ ਆਪਸ ਵਿੱਚ ਭੈਣਾਂ ਹਨ। ਜੇ ਦੋ ਅੋਰਤਾਂ ਦੇ ਘਰਵਾਲੇ ਆਪਸ ਵਿੱਚ ਭਰਾ ਹੋਣ ਤਾਂ ਉਹ ਦਰਾਣੀਆਂ ਜੇਠਾਣੀਆਂ ਹੁੰਦੀਆਂ ਹਨ। ਦਰਾਣੀ ਜੇਠਾਣੀ ਦੀ ਰਿਸ਼ਤੇਦਾਰੀ ਨੂੰ ਸਮਾਜ ਵਿੱਚ ਬਹੁਤ ਵਧੀਆ ਰਿਸ਼ਤੇਦਾਰੀ ਮੰਨਿਆ ਗਿਆ ਹੈ। ਫਿਰ ਸਾਂਢੂ ਦੀ ਇਸ ਸ਼ਕੀਰੀ ਨੂੰ ਸਕੀਰੀ ਕਿਉ ਨਹੀ ਮੰਨਿਆ ਜਾਂਦਾ। ਜਦੋ ਕਿ ਬਹੁਤੇ ਸਾਂਢੂ ਭਰਾਵਾਂ ਵਰਗਾ ਰੋਲ ਅਦਾ ਕਰਦੇ ਹਨ।ਕਈ ਵਾਰੀ ਭਰਾ ਸਰੀਕੇ ਦਾ ਰੂਪ ਲੈ ਲੈਂਦੇ ਹਨ। ਪਰ ਸਾਂਢੂ ਹਰ ਸੁੱਖ ਦੁੱਖ ਤੇ ਸਾਥ ਨਿਭਾਉਂਦਾ ਹੈ।ਅਸਲ ਵਿੱਚ ਤਾ ਰਿਸ਼ਤੇ ਵਰਤ ਵਰਤੇਵੇ ਦੇ ਹੀ ਹੁੰਦੇ ਹਨ। ਜੇ ਸਬੰਧ ਸਹੀ ਹੋਣ ਤਾਂ ਹਰ ਰਿਸ਼ਤਾ ਵਧੀਆ ਹੁੰਦਾ ਹੈ ਤੇ ਜੇ ਵਿਗੜ ਜਾਵੇ ਤਾਂ ਕੋਈ ਵੀ ਰਿਸ਼ਤਾ ਚੰਗਾ ਨਹੀ ਹੁੰਦਾ। ਪਿਉ ਪੁੱਤ ਪਤੀ ਪਤਨੀ ਦੇ ਰਿਸ਼ਤੇ ਵੀ ਸੱLਕ ਦੇ ਦਾਇਰੇ ਵਿੱਚ ਹੁੰਦੇ ਹਨ।ਫਿਰ ਇਹ ਉਗਲੀ ਸਾਂਢੂ ਦੀ ਰਿਸ਼ਤੇਦਾਰੀ ਤੇ ਹੀ ਕਿਉ?
ਦੂਜੀ ਗੱਲ ਤੇਲ ਦੀ ਪੰਜੀਰੀ ਦੀ ਹੈ। ਵਧੀਆ ਦੇਸ਼ ਘਿਓ ਵਿੱਚ ਸੁੱਕੇ ਮੇਵੇ ਗੂੰਦ ਖਸ਼ਖਸ਼ ਅਤੇ ਹੋਰ ਦਵਾਈਆਂ ਪਾਕੇ ਸਰਦੀਆਂ ਵਿੱਚ ਪੰਜੀਰੀ ਬਣਾਈ ਜਾਂਦੀ ਹੈ। ਹਰ ਉਮਰ ਦੇ ਲੋਕਾਂ ਲਈ ਤਾਕਤ ਦੇਣ ਅਤੇ ਸਰਦੀ ਤੋ ਬਚਾਉਣ ਲਈ ਪੰਜੀਰੀ ਨੂੰ ਰਾਮਬਾਣ ਮੰਨਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀ ਜਣੇਪੇ ਦੀ ਕੰਮਜੋਰੀ ਅਤੇ ਦਰਦਾਂ ਤੋ ਰਾਹਤ ਪਾਉਣ ਲਈ ਅੋਰਤਾਂ ਨੂੰ ਦੇਸੀ ਘਿਉ ਦੀ ਪੰਜੀਰੀ ਖਵਾਈ ਜਾਂਦੀ ਹੈ। ਬਹੁਤੇ ਲੋਕ ਹੱਡ ਗੋਢਿਆਂ ਦੇ ਦਰਦਾਂ ਤੋ ਬਚਨ ਲਈ ਮੇਥੇ ਰਲਾਕੇ ਖਾਂਦੇ ਹਨ। ਦੇਸੀ ਘਿਉ ਦੀ ਪੰਜੀਰੀ ਬਣਾਕੇ ਮੇਥੇ ਜਾ ਮੇਥੀ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਹਨ। ਬਜੁਰਗ ਲੋਕ ਤਾਂ ਆਮ ਹੀ ਘਰਾਂ ਵਿੱਚ ਬਣਾਉੰਦੇ ਹਨ। ਇਸ ਬਹਾਨੇ ਦੇਸੀ ਘਿਉ ਵੀ ਖਾਧਾ ਜਾਂਦਾ ਹੈ ਤੇ ਨਾਲ ਹੀ ਮੇਥੀ ਕਮਰਕਸ ਗੂੰਦ ਕਾਲੀ ਮਿਰਚ ਵਰਗੀਆਂ ਦਵਾਈਆਂ ਤੇ ਸੁੱਕੇ ਮੇਵੇ ਵੀ ਸਰੀਰ ਨੂੰ ਤੁੰਦਰੁਸਤੀ ਦਿੰਦੇ ਹਨ। ਪਰ ਦੇਸੀ ਘਿਉ ਨੂੰ ਪਚਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਦੇਸੀ ਘਿਉ ਖਾਣ ਨਾਲ ਦਿਲ ਦੀਆਂ ਬੀਮਾਰੀਆਂ, ਬਲੱਡ ਪ੍ਰੈਸ਼ਰ ਅਤੇ ਹੋਰ ਕਈ ਰੋਗ ਚੁੰਬੜ ਜਾਂਦੇ ਹਨ। ਸੋ ਹਰ ਕੋਈ ਦੇਸੀ ਘਿਉ ਤੋ ਪਰਹੇਜ ਕਰਦਾ ਹੈ। ਦੇਸੀ ਘਿਉ ਨੂੰ ਹਾਜਮ ਕਰਨ ਲਈ ਪੂਰੀ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ। ਜੋ ਅੱਜ ਦੇ ਜਮਾਨੇ ਵਿੱਚ ਕੋਈ ਕਰਦਾ ਨਹੀ। ਮੇਹਨਤ ਅਤੇ ਵਰਜਿਸ਼ ਨਾਲ ਹੀ ਦੇਸੀ ਘਿਉ ਨੂੰ ਹਜ਼ਮ ਕੀਤਾ ਜਾ ਸਕਦਾ ਹੈ। ਸੋ ਲੋਕਾਂ ਨੇ ਤੇਲ ਦੀ ਪੰਜੀਰੀ ਬਣਾਉਣੀ ਸੁਰੂ ਕਰ ਦਿੱਤੀ। ਚਾਹੇ ਤੇਲ ਦੀ ਪੰਜੀਰੀ ਉੰਨੀ ਤਾਕਤ ਦੇਣ ਵਾਲੀ ਨਹੀ ਹੁੰਦੀ ਪਰ ਇਸ ਨਾਲ ਦੇਸੀ ਘਿਉ ਦੇ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ। ਚਾਹੇ ਘਿਉ ਅਤੇ ਤੇਲ ਚਰਬੀ ਬਣਾਉਂਦੇ ਹਨ ਪਰ ਫਿਰ ਵੀ ਤੇਲ ਨੁਕਸਾਨ ਘੱਟ ਕਰਦਾ ਹੈ। ਪਰ ਗੁਣਾਂ ਪੱਖੋ ਤੇਲ ਦੀ ਪੰਜੀਰੀ ਕੁਝ ਵੀ ਨਹੀ ਹੁੰਦੀ। ਅਖੇ ਮਰਦਾ ਕੀ ਨਾ ਕਰਦਾ। ਘਿਉ ਹਜ਼ਮ ਨਹੀ ਹੁੰਦਾ ਤੇ ਤੇਲ ਦੀ ਪੰਜੀਰੀ ਹੀ ਬਣਾਉਣੀ ਪੈੱਦੀ ਹੈ।ਇਸ ਯੁੱਗ ਨੇ ਪੁਰਾਣੀ ਕਹਾਵਤ ਨੁੰ ਝੂਠਾ ਸਿੱਧ ਕਰ ਦਿੱਤਾ। ਬੇਸੱਕ ਲੋਕ ਕਹਿੰਦੇ ਹਨ ਕਿ ਸਾਂਢੂ ਦੀ ਕੋਈ ਸਕੀਰੀ ਨਹੀ ਹੁੰਦੀ ਤੇ ਤੇਲ ਦੀ ਕੋਈ ਪੰਜੀਰੀ ਨਹੀ ਹੁੰਦੀ ਪਰ ਸਭ ਚਲਦਾ ਹੈ ਅੱਜ ਦੇ ਜਮਾਨੇ ਵਿੱਚ।