ਪਤੀ ਪਤਨੀ ਦਾ ਪਿਆਰ ਏਨਾ ਹੋ ਜਾਂਦਾ ਹੈ ਕਿ ਪਤਨੀ ਲਈ ਪਤੀ ਮਸਾਂ ਹੀ ਸ਼ਾਮ ਨੂੰ ਘਰ ਪਹੁੰਚਦਾ ਹੈ । ਪਤੀ ਲਈ ਪਤਨੀ ਸ਼ਾਮ ਨੂੰ ਮਸਾਂ ਹੀ ਘਰ ਪਹੁੰਚਦੀ ਹੈ ਜੋ ਸਰਵਿਸ ਕਰਦੇ ਹਨ ਇਕ ਦੂਸਰੇ ਦੀ ਉਡੀਕ ਬੇਸਬਰੀ ਨਾਲ ਕੀਤੀ ਜਾਂਦੀ ਹੈ ਪਰ ਜਿਸ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਬਣਿਆ ਹੋਵੇ ਉਨਾਂ ਲਈ ਹੀ ਇਹ ਗੱਲ ਢੁਕਦੀ ਹੈ । ਜਿੰਨਾਂ ਦਾ ਆਪਸ ਵਿਚ ਪਿਆਰ ਹੀ ਨਹੀਂ ਉਸ ਪਤੀ ਪਤਨੀ ਨੂੰ ਇਕ ਦੂਸਰੇ ਦੀ ਉਡੀਕ ਘੱਟ ਹੀ ਹੁੰਦੀ ਹੈ। ਜੇ ਪਤਨੀ ਇਕ ਹਫਤੇ ਲਈ ਦੱਸਕੇ ਪੇਕੇ ਚਲੀ ਜਾਵੇ ਤਾਂ ਆਦਮੀ ਲਈ ਦਿਨ ਲੰਘਾਉਣੇ ਬਹੁਤ ਮੁਸ਼ਕਲ ਹੁੰਦੇ ਹੈ ਕਿਉਕਿ
ਜਿਸਨੇ ਕਦੇ ਚਾਹ ਵੀ ਨਾ ਬਣਾਈ ਹੋਵੇ ਉਸਨੂੰ ਤਾਂ ਉਸ ਤੋਂ ਵੀ ਔਖਿਆਈ ਜਿਆਦਾ ਹੁੰਦੀ ਹੈ। ਜੇ ਪਤੀ ਕਿਸੇ ਕੰਮ ਭਾਂਵੇ ਇਕ ਮਹੀਨੇ ਲਈ ਚਲਾ ਜਾਵੇ ਔਰਤ ਨੂੰ ਸਮਾਂ ਜਲਦੀ ਬੀਤ ਜਾਂਦਾ ਹੈ ਕਿਉਂਕਿ ਔਰਤ ਘਰ ਦੇ ਕੰਮਾਂ ਵਿਚ ਅਤੇ ਬੱਚਿਆਂ ਵਿਚ ਰੁਝ ਜਾਂਦੀ ਹੈ। ਸਮੇਂ ਦੇ ਲੰਘਣ ਦਾ ਪਤਾ ਹੀ ਨਹੀਂ ਲੱਗਦਾ। ਜਦੋਂ ਔਰਤ ਜਾਂ ਆਦਮੀ ਇਕ ਦੂਸਰੇ ਨੂੰ ਦੱਸੇ ਤੋਂ ਬਿਨਾ ਕਿਤ ਚਲੇ ਜਾਣ ਤਾਂ ਇਕ ਦੂਸਰੇ ਮਨ ਕਾਹਲਾ ਪੈਣ ਲੱਗ ਜਾਂਦਾ ਹੈ ਕਿਉਂ ਕਿ ਦੱਸੇ ਤੋਂ ਬਿਨਾਂ ਅੱਗੇਂ ਤਾਂ ਕਦੇ ਹੋਇਆ ਨਹੀਂ। ਕਈ ਘਰਾਂ ਵਿਚ ਹੁੰਦਾ ਹੈ ਕੋਈ ਕਿਤੇ ਜਾਵੇ ਦੱਸਣ ਤੋਂ ਬਿਨਾ ਹੀ ਚਲੇ ਜਾਣਾ ਨਾਂ ਘਰਦਿਆਂ ਨੂੰ ਪਰਵਾਹ ਨਾਂ ਜਾਣ ਵਾਲੇ ਨੂੰ ਫਿਕਰ ਕਿ ਕਿੱਥੇ ਗਏ ਹੈ ਕਦੋਂ ਮੁੜਣਾ ਹੈ।ਪਰ ਸਾਡੇ ਪੇਕਿਆਂ ਚ ਵੀ ਤੇ ਸਹੁਰਿਆਂ ਵਿਚ ਵੀ ਕਿਤੇ ਵੀ ਜਾਣਾ ਹੋਵੇ ਦੱਸਕੇ ਹੀ ਜਾਈਦਾ ਹੈ।
ਮੈਂ ਗੱਲ ਕਰ ਰਹੀ ਸੀ 1976-77 ਦੀ। ਮੈਂ ਬਲਮਗੜ ਜਿਲਾ ਮੁਕਤਸਰ ਤੋਂ ਹਰ ਰੋਜ ਭਾਗਸਰ ਜਾਣਾ ਹੁੰਦਾ ਸੀ। ਮੇਰੇ ਪਤੀ ਜਗਜੀਤ ਸਿੰਘ ਬਾਵਰਾ ਜੀ ਅੱਧੀ ਵਾਟ ਭਾਵ ਕਿ ਦੋ ਕੁ ਮੀਲ ਸਾਈਕਲ ਤੇ ਮੈਂਨੂੰ ਛੱਡ ਆਂਉਂਦੇ ਸੀ।ਬਾਦ ਵਿੱਚ ਆਪਦੇ ਸਕੂਲ ਵੀ ਡਿਉਟੀ ਸਮੇਂ ਸਿਰ ਦੇਣੀ ਹੁੰਦੀ ਸੀ।ਅਗਲੀ ਦੋ ਕੁ ਮੀਲ ਵਾਟ ਮੈਂ ਤੁਰਕੇ ਚਲੀ ਜਾਂਦੀ ਸੀ। ਥਕਾਵਟ ਤਾਂ ਮੈਂਥੋਂ ਕੋਹਾਂ ਵਾਟ ਰਹਿੰਦੀ ਸੀ। ਥਕਾਵਟ ਲਫਜ ਤਾਂ ਮੇਰੇ ਮੂੰਹ ਤੇ ਹੀ ਨਹੀਂ ਆਉਂਦਾ ਸੀ। ਅੱਜ ਵੀ ਮੇਰੀ ਉਮਰ ਅਨੁਸਾਰ ਮੇਰੇ ਮੂਹੋਂ ਕਦੇ ਥਕਾਵਟ ਦਾ ਲਫਜ ਹੀ ਨਹੀਂ ਨਿਕਲਦਾ।
ਸਾਰੀ ਛੁੱਟੀ ਉਸ ਸਮੇਂ ਹਾਈ ਤੇ ਪ੍ਰਾਇਮਰੀ ਸਕੂਲ ਨੂੰ ਇਕੱਠੀ ਇਕੋ ਸਮੇਂ ਹੁੰਦੀ ਸੀ। ਮੈਂਛੁੱਟੀ ਹੋਣ ਤੇ ਹੀਤੁਰ ਪੈਂਦੀ ਸੀ ਉਧਰੋਂ ਬਾਵਰਾ ਜੀ ਸਾਈਕਲ ਮਾਰਚ ਸ਼ੁਰੂ ਕਰ ਦਿੰਦੇ ਸੀ । ਜਿੱਥੇ ਕੁ ਮੈਂ ਮਿਲ ਜਾਂਦੀ ਮੈਂ ਵੀ ਬਾਵਰਾ ਜੀ ਨਾਲ ਸਾਈਕਲ ਦੀ ਪਿਛਲੀ ਕਾਠੀ ਤੇ ਬੈਠ ਜਾਣਾ ਤੇ ਘਰ ਪਹੁੰਚ ਜਾਣਾ। ਬੇਟੀ ਪ੍ਰੀਤ ਜਿਥੇ ਕਿਸੇ ਦੇ ਘਰ ਛੱਡੀ ਹੁੰਦੀ ਸੀ ਲੈ ਆਈਦਾ ਸੀ।
ਇਕ ਦਿਨ ਕੀ ਹੋਇਆ ਸਾਨੂੰ ਦਸ ਮਿੰਟ ਪਹਿਲਾਂ ਛੁੱਟੀ ਹੋ ਗਈ ਮੈਂ ਭਾਗਸਰ ਪਿੰਡ ਤੋਂ ਚਾਰ ਕੁ ਮੀਲ ਤੁਰਕੇ ਹੀ ਬਲਮਗੜ ਆ ਕੇ ਬੇਟੀ ਨੂੰ ਗੁਆਢੀਆਂ ਦੇ ਘਰੋਂ ਲੈਣ ਚਲੀ ਗਈ। ਥੋੜੇ ਜਿਹੇ ਫਰਕ ਨਾਲ ਬਾਵਰਾ ਜੀ ਆਪਦੀ ਰਫਤਾਰ ਵਿੱਚ ਸਾਈਕਲ ਚਲਾਉਂਦੇ ਉਥੋਂ ਦੀ ਲੰਘ ਗਏ। ਮੈਂ ਰਸਤੇ ਵਿੱਚ ਕਿਤੇ ਨਾ ਮਿਲੀ ਕਿਉਕਿ ਮੈਂ ਦਸ ਮਿੰਟ ਪਹਿਲਾਂ ਤੁਰਨ ਕਰਕੇ ਸਾਡਾ ਮੇਲ ਆਪਸ ਵਿੱਚ ਨਾ ਹੋਇਆ। ਮੇਰੇ ਵੀ ਅਣਭੋਲ ਮਨ ਵਿੱਚ ਨਾਂ ਆਇਆ ਕਿ ਮੈਂ ਕਿਤੇ ਖੜਕੇ ਦੱਸ ਦੇਵਾਂ ਕਿ ਮੈਂ ਆ ਗਈ। ਉਸ ਸਮੇਂ ਫੋਨ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ। ਪਰ ਮੇਰੇ ਪਤੀ ਬਾਵਰਾ ਜੀ ਨੂੰ ਮੇਰਾ ਮੇਲ ਨਾ ਹੋਣ ਕਰਕੇ ਬਾਵਰਾ ਜੀ ਬਹੁਤ ਪਰੇਸ਼ਾਨ ਹੋਏ । ਇਥੋਂ ਤੱਕ ਕਿ ਮੇਰੀਆਂ ਪੈੜਾਂ ਦੇ ਨਿਸ਼ਾਨ ਸਾਰੇ ਰਾਹ ਦੇਖਦੇ ਆਏ। ਸੋਚਦੇ ਆਏ ਕਿ ਅੱਜ ਬੂਟ ਪਾਏ ਸੀ ਜਾਂ ਚੱਪਲ। ਉਹੋ ਜਿਹੀ ਕੋਈ ਪੈੜ ਬਾਵਰਾ ਜੀ ਨੂੰ ਨਾਂ ਦਿਸੀ। ਸਾਡਾ ਆਪਸ ਵਿਚ ਨਾਂ ਮੇਲ ਹੋਣ ਤੇ ਬਾਵਰਾ ਜੀ ਜਦੋਂ ਘਰ ਪਹੁੰਚੇ ਤਾਂ ਮੈਂਨੂੰ ਘਰ ਦੇਖਕੇ ਬਾਵਰਾ ਜੀ ਦੇ ਮਨ ਨੂੰ ਸ਼ਾਂਤੀ ਆ ਗਈ। ਘਰ ਆ ਕੇ ਬਾਵਰਾ ਜੀ ਨੇ ਮੈਂਨੂੰ ਪੁਛਿਆ ਕਿ ਤੂੰ ਕਿਧਰ ਦੀ ਆ ਗਈ। ਮੈਂ ਹਾਸੇ ਵਿੱਚ ਕਿਹਾ ਕਿ ਮੈਂ ਗੁਆਚੀ ਤਾਂ ਨਹੀ ਸੀ। ਇਹ ਸੀ ਪਤੀ ਪਤਨੀ ਦਾ ਪਿਆਰ। ਪਰਮਾਤਮਾ ਸਭ ਪਤੀ ਪਤਨੀ ਦਾ ਪਿਆਰ ਬਣਾਈ ਰੱਖੇ।