ਕਹਾਣੀ- ਸੰਗ੍ਰਹਿ 'ਉਮਰੋਂ ਲੰਮੀ ਉਡੀਕ' ਲੋਕ- ਅਰਪਣ (ਖ਼ਬਰਸਾਰ)


ਕੁਰੂਕਸ਼ੇਤਰ, ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵੱਜੋਂ ਤੈਨਾਤ ਡਾ. ਨਿਸ਼ਾਨ ਸਿੰਘ ਰਾਠੌਰ ਦੇ ਕਹਾਣੀ- ਸੰਗ੍ਰਹਿ 'ਉਮਰੋਂ ਲੰਮੀ ਉਡੀਕ' ਨੂੰ ਅੱਜ ਇਕ ਸਾਦੇ ਸਮਾਗਮ ਵਿੱਚ ਲੋਕ- ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਨਿਸ਼ਾਨ ਸਿੰਘ ਰਾਠੌਰ ਦੀ ਇਹ ਤੀਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਇਕ ਆਲੋਚਨਾ ਦੀ ਪੁਸਤਕ ਅਤੇ ਇਕ ਕਾਵਿ- ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁਕੇ ਹਨ। ਖ਼ਾਸ ਗੱਲ ਇਹ ਹੈ ਕਿ ਉਹਨਾਂ ਨੇ ਆਪਣੇ ਕਹਾਣੀ- ਸੰਗ੍ਰਹਿ ਨੂੰ ਸਥਾਨਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਗੁਰੂ ਚਰਨਾਂ ਵਿਚ ਰੱਖ ਕੇ ਲੋਕ- ਅਰਪਣ ਕੀਤਾ। ਉਹਨਾਂ ਆਪਣੀ ਪੁਸਤਕ ਦੀ ਸਭ ਤੋਂ ਪਹਿਲੀ ਕਾਪੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਅਮਰਿੰਦਰ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਪਰਿਵਾਰਕ ਮੈਂਬਰ ਗਿਆਨੀ ਅਮਰੀਕ ਸਿੰਘ ਸਾਬਕਾ ਹੈੱਡ ਗ੍ਰੰਥੀ, ਅਸ਼ਨੂਰ ਸਿੰਘ, ਪਵਨੂਰ ਸਿੰਘ, ਮਾਤਾ ਜਸਬੀਰ ਕੋਰ ਅਤੇ ਚਰਨਜੀਤ ਕੌਰ ਵੀ ਮੌਜੂਦ ਸਨ।
ਡਾ. ਨਿਸ਼ਾਨ ਸਿੰਘ ਰਾਠੌਰ ਨੇ ਕਿਹਾ ਕਿ ਫ਼ੌਜ ਦੀ ਸਖ਼ਤ ਅਨੁਸ਼ਾਸ਼ਨ ਵਾਲੀ ਡਿਊਟੀ ਕਰਦਿਆਂ ਸਾਹਿਤ ਨਾਲ ਜੁੜਣਾ ਵੱਡੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਅਤੇ ਇਹ ਬਹੁਤ ਘੱਟ ਲੋਕਾਂ ਦੇ ਜੀਵਨ ਵਿਚ ਹੁੰਦਾ ਹੈ। ਉਨ੍ਹਾਂ ਕਿਹਾ ਕਿ 'ਉਮਰੋਂ ਲੰਮੀ ਉਡੀਕ' ਵਿਚ ਆਮ ਜਨ- ਜੀਵਨ ਵਿਚ ਵਾਪਰਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਕਹਾਣੀ ਸਿਰਜਣਾ ਕੀਤੀ ਗਈ ਹੈ। ਇਹਨਾਂ ਕਹਾਣੀਆਂ ਦਾ ਮੂਲ ਮਨੁੱਖ ਵਿੱਚੋਂ ਮਨੁੱਖਤਾ ਦਾ ਖ਼ਤਮ ਹੋਣਾ ਸਿਰਜਿਆ ਗਿਆ ਹੈ। ਮਨੁੱਖ ਨੂੰ ਹੋਰ ਜੀਵਾਂ ਤੋਂ ਉਸਦਾ ਮਨੁੱਖਤਾ ਵਾਲਾ ਗੁਣ ਹੀ ਵੱਖ ਕਰਦਾ ਹੈ ਪਰ, ਅਜੋਕੇ ਸਮੇਂ ਮਨੁੱਖ ਵਿੱਚੋਂ ਮਨੁੱਖਤਾ ਵਾਲਾ ਗੁਣ ਅਲੋਪ ਹੁੰਦਾ ਜਾ ਰਿਹਾ ਹੈ। ਪ੍ਰੇਮ- ਪਿਆਰ, ਭਾਈਚਾਰੇ ਦੀ ਭਾਵਨਾ, ਸਹਿਯੋਗ ਅਤੇ ਭਾਵਾਤਮਕਤਾ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। 
ਡਾ. ਨਿਸ਼ਾਨ ਸਿੰਘ ਰਾਠੌਰ ਨੇ ਕਿਹਾ ਕਿ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਪੜ੍ਹਨ/ਨੌਕਰੀ ਕਰਨ ਦੇ ਰਾਹ ਤੁਰੇ ਹੋਏ ਹਨ ਪਰ ਜਦੋਂ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਕੋਈ ਉਹਨਾਂ ਦੀ ਸਾਰ ਨਹੀਂ ਲੈਂਦਾ। ਨਾ ਤਾਂ ਸਰਕਾਰ ਦੇ ਦਰ 'ਤੇ ਕੋਈ ਸੁਣਵਾਈ ਹੁੰਦੀ ਹੈ ਅਤੇ ਨਾ ਹੀ ਸਮਾਜ ਵਿੱਚ ਕੋਈ ਮਦਦ ਲਈ ਅੱਗੇ ਆਉਂਦਾ ਹੈ। ਇਸੇ ਵਿਸ਼ੇ ਨੂੰ ਆਧਾਰ ਬਣਾ ਕੇ 'ਉਮਰੋਂ ਲੰਮੀ ਉਡੀਕ' ਕਹਾਣੀ ਸਿਰਜੀ ਗਈ ਹੈ। 'ਦੇਵ ਪੁਰਸ਼' ਕਹਾਣੀ ਵਿੱਚ ਭ੍ਰਿਸ਼ਟ ਪੁਲਿਸ ਵਿਵਸਥਾ ਉੱਪਰ ਵਿਅੰਗ ਕੀਤਾ ਗਿਆ ਹੈ। ਅਜੋਕੇ ਸਮੇਂ ਮਨੁੱਖ ਕਿਸੇ ਵੀ ਥਾਂ 'ਤੇ ਸੁਰੱਖਿਅਤ ਨਹੀਂ ਹੈ। ਇਹਨਾਂ ਸਮਾਜਿਕ ਮੁੱਦਿਆਂ ਨੂੰ ਮੇਰੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਗਿਆ ਹੈ। ਕਹਾਣੀ- ਸੰਗ੍ਰਹਿ ਪਾਠਕਾਂ ਦੇ ਹੱਥਾਂ ਵਿੱਚ ਹੈ ਹੁਣ ਪਾਠਕ ਹੀ ਇਹ ਦੱਸ ਸਕਦੇ ਹਨ ਕਿ ਮੈਂ ਆਪਣੀ ਗੱਲ ਕਹਿਣ ਵਿੱਚ ਕਿੰਨਾ ਸਫ਼ਲ ਹੋ ਸਕਿਆ ਹਾਂ?
ਗਿਆਨੀ ਅਮਰੀਕ ਸਿੰਘ ਨੇ ਕਿਹਾ ਕਿ ਡਾ. ਨਿਸ਼ਾਨ ਸਿੰਘ ਰਾਠੌਰ ਦੀਆਂ ਕਹਾਣੀਆਂ ਮਨੁੱਖ ਨੂੰ ਸਮਾਜਕ ਕਦਰਾਂ- ਕੀਮਤਾਂ ਨਾਲ ਜੁੜਣ ਲਈ ਪ੍ਰੇਰਿਤ ਕਰਦੀਆਂ ਹਨ। ਇਹਨਾਂ ਕਹਾਣੀਆਂ ਦੇ ਪਾਠ ਉਪਰੰਤ ਇਹ ਅਹਿਸਾਸ ਹੁੰਦਾ ਹੈ ਕਿ ਫ਼ੌਜ ਵਿਚ ਰਹਿੰਦਿਆਂ ਵੀ ਡਾ. ਨਿਸ਼ਾਨ ਸਿੰਘ ਰਾਠੌਰ ਦੀ ਸਮਾਜਿਕ ਮੁੱਦਿਆਂ ਉੱਪਰ ਤਿੱਖੀ ਨਜ਼ਰ ਹੈ। ਲੇਖਕਾਂ, ਸਾਹਿਤਕਾਰਾਂ ਦਾ ਇਹ ਮੁੱਢਲਾ ਫ਼ਰਜ਼ ਹੈ ਕਿ ਉਹ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਵਿਚ ਆਪਣੀ ਕਲਮ ਦਾ ਪ੍ਰਯੋਗ ਕਰਨ। ਡਾ. ਨਿਸ਼ਾਨ ਸਿੰਘ ਰਾਠੌਰ ਇਸ ਗੱਲੋਂ ਵਧਾਈ ਦਾ ਪਾਤਰ ਹੈ ਜਿਨ੍ਹਾਂ ਆਪਣੀ ਕਲਮ ਦੁਆਰਾ ਸਮਾਜ ਸੁਧਾਰ ਲਈ ਉੱਪਰਾਲਾ ਕੀਤਾ ਹੈ। ਮੈਨੂੰ ਆਸ ਹੈ ਕਿ ਉਹ ਭੱਵਿਖ ਵਿੱਚ ਵੀ ਆਪਣੀ ਸਾਹਿਤਕ ਯਾਤਰਾ ਨੂੰ ਜਾਰੀ ਰੱਖੇਗਾ। 
ਿਸ ਮੌਕੇ ਸਹਾਇਕ ਮੈਨੇਜਰ ਗੁਰਮੁਖ ਸਿੰਘ, ਸਿੱਖ ਮਿਸ਼ਨ ਹਰਿਆਣਾ ਦੇ ਇਚਾਰਜ ਗਿਆਨੀ ਮੰਗਪ੍ਰੀਤ ਸਿੰਘ, ਅਦਬੀ ਮਹਿਫ਼ਿਲ ਦੇ ਪ੍ਰਧਾਨ ਕੁਲਵੰਤ ਸਿੰਘ ਚਾਵਲਾ, ਇਦਰਜੀਤ ਸਿੰਘ, ਨਰੇਸ਼ ਕੁਮਾਰ, ਮਨਜੀਤ ਸਿੰਘ ਅਤੇ ਡਾ. ਦਵਿੰਦਰ ਬੀਬੀਪੁਰੀਆ ਤੋਂ ਇਲਾਵਾ ਕਈ ਸਾਹਿਤਕਾਰ ਮੌਜੂਦ ਸਨ।