ਅੱਜ ਉਸਦਾ ਮੋਟਰਸਾਈਕਲ ਕਾਫੀ ਤੇਜ ਜਾ ਰਿਹਾ ਸੀ। ਆਮ ਤੌਰ ਤੇ ਉਹ 40ਦੀ ਸਪੀਡ ਤੋਂ ਉੱਤੇ ਨਹੀਂ ਚਲਾਉਂਦਾ ਸੀ ਅਤੇ ਗੋਲ ਸਪੀਡੋਮੀਟਰ ਵਿੱਚ ਬਣੀ ਹਰੀ ਪੱਟੀ ਵਿੱਚੋਂ ਰੇਸ ਦੀ ਸੂਈ ਨੂੰ ਬਾਹਰ ਨਹੀਂ ਸੀ ਜਾਣ ਦਿੰਦਾ। ਅੱਜ ਦਲਜੀਤ ਸਕੂਲੋਂ ਲੇਟ ਸੀ। ਛੇ ਸਾਲ ਦੀ ਸਰਵਿਸ ਵਿੱਚ ਉਹ ਗਿਣੇ ਚੁਣੇ ਮੌਕਿਆਂ ਤੇ ਹੀ ਸਕੂਲੋਂ ਲੇਟ ਹੋਇਆ ਸੀ। ਦਲਜੀਤ ਕੋਸ਼ਿਸ਼ ਕਰਦਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇ। ਚਾਪਲੂਸੀ ਕਰਕੇ ਛੁੱਟੀਆਂ ਨੂੰ ਅਡਜਸਟ ਕਰਵਾਉਣਾ ਜਾਂ ਫਰਲੋ ਮਾਰਨੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਠੇਕੇ ਦਾ ਮੁਲਾਜ਼ਮ ਹੋਣ ਕਰਕੇ ਸਾਲ ਦੀਆਂ 15 ਛੁੱਟੀਆਂ ਹੀ ਮਿਲਦੀਆਂ ਸਨ। ਰੈਗੂਲਰ ਮੁਲਾਜ਼ਮਾਂ ਵਾਂਗ ਨਾ ਕਮਾਈ ਛੁੱਟੀ ਮਿਲਦੀ ਨਾ ਕੋਈ ਮੈਡੀਕਲ ਛੁੱਟੀ ਮਿਲਦੀ। "ਸਾਲਾ ਠੇਕੇ ਤੇ ਲੱਗੇ ਮਾਸਟਰ ਤਾਂ ਬਿਮਾਰ ਈ ਨੀ ਹੁੰਦੇ।" ਥੁੱਕ ਨੂੰ ਬਾਹਰ ਸਿੱਟਦਾ ਅੱਜ ਉਹ ਰੇਸ ਨੂੰ ਮਰੋੜੀ ਜਾ ਰਿਹਾ ਸੀ। ਉਸਦੇ ਕੋਲ ਸਿਰਫ ਪੰਦਰਾਂ ਮਿੰਟ ਸਨ ਸਕੂਲ ਪਹੁੰਚਣ ਲਈ ਤੇ ਸਕੂਲ ਤੋਂ ਉਹ ਲੇਟ ਹੋਣਾ ਨਹੀਂ ਸੀ ਚਾਹੁੰਦਾ। ਉਹਨੇ ਰੇਸ 60 ਤੇ ਕਰ ਦਿੱਤੀ। ਮੋਟਰਸਾਈਕਲ ਦਾ ਹੈਂਡਲ ਕੰਬਣ ਲੱਗ ਪਿਆ। ਸਫਰ ਹਾਲੇ ਵੀ ਕਾਫੀ ਸੀ। ਉਹਨੇ ਰੇਸ 80ਤੇ ਕਰ ਦਿੱਤੀ। ਮੋਟਰਸਾਈਕਲ ਦਾ ਹੈਂਡਲ ਪੂਰੀ ਤਰ੍ਹਾਂ ਕੰਬਣ ਲੱਗ ਪਿਆ। ਅੱਖਾਂ ਵਿੱਚ ਹਵਾ ਵੱਜਣ ਕਰਕੇ ਪਾਣੀ ਡਿੱਗੀ ਜਾਂਦਾ ਸੀ। ਤੇਜ ਹੋਣ ਕਰਕੇ ਮੋਟਰਸਾਈਕਲ ਹਵਾ ਨੂੰ ਗੰਡਾ ਦਿੰਦਾ ਜਾ ਰਿਹਾ ਸੀ। ਅਚਾਨਕ ਉਸਦੀ ਨਜ਼ਰ ਅਜਿਹੇ ਬੋਰਡ ਤੇ ਪਈ ਜਿਸਨੇ ਦਲਜੀਤ ਦੀ ਰੇਸ ਦੀ ਸੂਈ 40 ਤੇ ਹਰੀ ਪੱਟੀ ਵਿੱਚ ਕਰ ਦਿੱਤੀ। ਬੋਰਡ ਤੇ ਲਿਖਿਆ ਸੀ ਕਦੇ ਨਾ ਪਹੁੰਚਣ ਨਾਲੋਂ ਦੇਰ ਭਲੀ।